ਏਜੀਪੀਸੀ ਨੇ ਸ੍ਰੀ ਅਕਾਲ ਤਖ਼ਤ ਨੂੰ ਅਕਾਲੀ ਮੰਤਰੀ ਮਲੂਕਾ ਵੱਲੋਂ ਕੀਤੀ ਅਰਦਾਸ ਦੀ ਬੇਅਦਬੀ ਸਬੰਧੀ ਠੋਸ ਫੈਸਲਾ ਲੈਣ ਦੀ ਕੀਤੀ ਅਪੀਲ

ਏਜੀਪੀਸੀ ਨੇ ਸ੍ਰੀ ਅਕਾਲ ਤਖ਼ਤ ਨੂੰ ਅਕਾਲੀ ਮੰਤਰੀ ਮਲੂਕਾ ਵੱਲੋਂ ਕੀਤੀ ਅਰਦਾਸ ਦੀ ਬੇਅਦਬੀ ਸਬੰਧੀ ਠੋਸ ਫੈਸਲਾ ਲੈਣ ਦੀ ਕੀਤੀ ਅਪੀਲ

ਵਾਸਿੰਗਟਨ ਡੀ. ਸੀ./ਬਿਊਰੋ ਨਿਊਜ਼:
ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ (ਏਜੀਪੀਸੀ) ਨੇ ਸਿੱਖਾਂ ਦੀ ਸਰਵਉੱਚ ਧਾਰਮਿਕ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੂੰ ਜਾਰੀ ਅਪੀਲ ‘ਚ ਬਾਦਲ ਸਰਕਾਰ ਦੇ ਸੀਨੀਅਰ ਸਿਕੰਦਰ ਸਿੰਘ ਮਲੂਕਾ ਵੱਲੋਂ ਆਪਣੇ ਦਫਤਰ ਦੇ ਉਦਘਾਟਨ ਮੌਕੇ ਕੀਤੀ ਗਈ ਅਰਦਾਸ ਦੀ ਬੇਅਦਬੀ ਸਬੰਧੀ ਠੋਸ ਕਦਮ ਉਠਾਉਣ ਲਈ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਉਹ ਮੰਤਰੀ ਜੋ ਆਪਣੇ-ਆਪ ਨੂੰ ਅਖੌਤੀ ਪੰਥਕ ਨੇਤਾ ਅਖਵਾਉਂਦੇ ਹਨ, ਦਾ ਅਸਲੀ ਕਿਰਦਾਰ ਵੀ ਇਸ ਘਟਨਾ ਉਪਰੰਤ ਜੱਗ ਜਾਹਿਰ ਹੋਇਆ ਹੈ ਕਿ ਕਿਸ ਤਰ੍ਹਾਂ ਉਹ ਸਿੱਖੀ ਰਵਾਇਤਾਂ ਨੂੰ ਢਾਹ ਲਾ ਰਹੇ ਹਨ।
ਏਜੀਪੀਸੀ ਦੇ ਪ੍ਰਧਾਨ ਸ. ਜਸਵੰਤ ਸਿੰਘ ਹੋਠੀ ਅਤੇ ਕੋਆਰਡੀਨੇਟਰ ਡਾ. ਪ੍ਰਿਤਪਾਲ ਸਿੰਘ ਨੇ ਕਿਹਾ ਕਿ ਇਸ ਤੋਂ ਪਹਿਲਾਂ ਇਸੇ ਸਰਕਾਰ ਦੌਰਾਨ ਬਰਗਾੜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੋਈ ਬੇਅਦਬੀ ਅਤੇ ਉਸ ਤੋਂ ਬਾਅਦ ਜਗ੍ਹਾ-ਜਗ੍ਹਾ ‘ਤੇ ਸ੍ਰੀ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਅਪਵਿੱਤਰਤਾ ਸਬੰਧੀ ਹੋਈਆਂ ਘਟਨਾਵਾਂ ਵੀ ਇਸ ਗੱਲ ਦੀਆਂ ਗਵਾਹ ਹਨ ਕਿ ਅਖੌਤੀ ਅਕਾਲੀ ਸਰਕਾਰ ਸਿੱਖ ਸਿਧਾਂਤਾਂ ਦੇ ਉਲਟ ਕਾਰਜ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਅਕਾਲੀ ਆਗੂਆਂ ਵੱਲੋਂ ਕੀਤੇ ਜਾ ਰਹੇ ਸਿੱਖ ਸਿਧਾਂਤਾਂ ਦੇ ਘਾਣ ਨੂੰ ਠੱਲ੍ਹ ਪਾਉਣ ਲਈ ਲੋਕਾਂ ਨੂੰ ਇਕਜੁਟ ਹੋਣਾ ਚਾਹੀਦਾ ਹੈ।
ਅਮਰੀਕਨ ਸਿੱਖ ਆਗੂਆਂ ਨੇ ਇਹ ਵੀ ਕਿਹਾ ਕਿ ਜਥੇਦਾਰ ਸਾਹਿਬ ਨੂੰ ਜਲਦ ਤੋਂ ਜਲਦ ਠੋਸ ਫੈਸਲਾ ਲੈ ਕੇ ਸ: ਮਲੂਕਾ ਦੇ ਖਿਲਾਫ਼ ਧਾਰਮਿਕ ਕਾਰਵਾਈ ਕਰਦਿਆਂ ਉਸਨੂੰ ਸਖ਼ਤ ਸਜ਼ਾ ਦੇਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਸ ਘਟਨਾ ਤੋਂ ਇਹ ਸਾਬਿਤ ਹੁੰਦਾ ਹੈ ਕਿ ਰਾਜਨੀਤਿਕ ਖੇਤਰ ‘ਚ ਇੰਨਾ ਨਿਘਾਰ ਆ ਚੁੱਕਾ ਹੈ ਕਿ ਉਨ੍ਹਾਂ ਨੂੰ ਧਾਰਮਿਕ ਰਵਾਇਤਾਂ ਨਾਲ ਖਿਲਵਾੜ ਕਰਨ ‘ਚ ਕੋਈ ਝਿਜਕ ਨਹੀਂ ਹੁੰਦੀ। ਜਿਸ ਕਰਕੇ ਆਏ ਦਿਨ ਅਜਿਹੇ ਸਿੱਖ ਵਿਰੋਧੀ ਅਨਸਰਾਂ ਵਲੋਂ ਭੜਕਾਊ ਅਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀਆਂ ਕਾਰਵਾਈਆਂ ਸ਼ਰਾਰਤੀ ਅਨਸਰਾਂ ਵੱਲੋਂ ਬੇਖੌਫ਼ ਜਾਰੀ ਹਨ।