ਨਿਊਯਾਰਕ ਪੁਲੀਸ ਵਿਚ ਸਿੱਖ ਅਫ਼ਸਰਾਂ ਨੂੰ ਦਸਤਾਰ ਸਜਾਉਣ ਤੇ ਡੇਢ ਇੰਚ ਤਕ ਦਾੜ੍ਹੀ ਰੱਖਣ ਦੀ ਇਜਾਜ਼ਤ

ਨਿਊਯਾਰਕ ਪੁਲੀਸ ਵਿਚ ਸਿੱਖ ਅਫ਼ਸਰਾਂ ਨੂੰ ਦਸਤਾਰ ਸਜਾਉਣ ਤੇ ਡੇਢ ਇੰਚ ਤਕ ਦਾੜ੍ਹੀ ਰੱਖਣ ਦੀ ਇਜਾਜ਼ਤ

ਕੈਪਸ਼ਨ-ਨਿਊ ਯਾਰਕ ਪੁਲੀਸ ਵਿਭਾਗ ਦੇ ਕਮਿਸ਼ਨਰ ਜੇਮਜ਼ ਓ ਨੀਲ ਨਾਲ ਨਜ਼ਰ ਆ ਰਹੇ ਨਵੇਂ ਭਰਤੀ ਹੋਏ ਸਿੱਖ ਅਫ਼ਸਰ।
ਨਿਊ ਯਾਰਕ/ਬਿਊਰੋ ਨਿਊਜ਼ :
ਨਿਊ ਯਾਰਕ ਪੁਲੀਸ ਵਿਭਾਗ ਨੇ ਵਰਦੀ ਸਬੰਧੀ ਨੀਤੀ ਵਿੱਚ ਨਰਮੀ ਵਰਤਦਿਆਂ ਸਿੱਖ ਅਫ਼ਸਰਾਂ ਨੂੰ ਪਗੜੀ ਬੰਨ੍ਹਣ ਅਤੇ ਦਾੜ੍ਹੀ ਰੱਖਣ ਦੀ ਖੁੱਲ੍ਹ ਦੇ ਦਿੱਤੀ ਹੈ। ਨਿਊ ਯਾਰਕ ਪੁਲੀਸ ਕਮਿਸ਼ਨਰ ਜੇਮਜ਼ ਓ ਨੀਲ ਨੇ ਨਵੇਂ ਭਰਤੀ ਹੋਏ ਰੰਗਰੂਟਾਂ ਦੇ ਪੁਲੀਸ ਵਿੱਚ ਦਾਖ਼ਲੇ ਲਈ ਕੀਤੇ ਸਮਾਰੋਹ ਵਿੱਚ ਧਾਰਮਿਕ ਚਿੰਨ੍ਹਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਕਦਮਾਂ ਦਾ ਐਲਾਨ ਕੀਤਾ। ਸੋਧੀ ਨੀਤੀ ਤਹਿਤ ਸਿੱਖ ਅਫਸਰਾਂ ਨੂੰ ਡੇਢ ਇੰਚ ਤੱਕ ਦਾੜ੍ਹੀ ਵਧਾਉਣ ਦੀ ਇਜਾਜ਼ਤ ਹੋਵੇਗੀ। ਸਮਾਰੋਹ ਮਗਰੋਂ ਸਿੱਖ ਅਫ਼ਸਰਾਂ ਨਾਲ ਖੜ੍ਹੇ ਓ ਨੀਲ ਨੇ ਕਿਹਾ ਕਿ ਇਨ੍ਹਾਂ ਕਦਮਾਂ ਦਾ ਮੰਤਵ ਨਿਊ ਯਾਰਕ ਪੁਲੀਸ ਵਿਭਾਗ ਵਿੱਚ ਵੰਨ-ਸੁਵੰਨਤਾ ਲਿਆਉਣਾ ਹੈ। ਨਿਊ ਯਾਰਕ ਪੋਸਟ ਨੇ ਉਨ੍ਹਾਂ ਦੇ ਹਵਾਲੇ ਨਾਲ ਕਿਹਾ ਕਿ ਇਸ ਸਮੇਂ 160 ਸਿੱਖ ਪੁਲੀਸ ਅਫ਼ਸਰ ਹਨ ਅਤੇ ਉਨ੍ਹਾਂ ਦੀ ਗਿਣਤੀ ਵਧਾਉਣ ਦੀ ਯੋਜਨਾ ਹੈ। ਅਫਸਰ ਨੀਲੀ ਦਸਤਾਰ ਬੰਨ ਸਕਣਗੇ ਅਤੇ ਇਸ ਉਪਰ ਇਕ ਖਾਸ ਤਰ੍ਹਾਂ ਦਾ ਟੋਪ (ਹੈਟ) ਹੋਵੇਗਾ। ਉਨ੍ਹਾਂ ਨੂੰ ਪੁਲੀਸ ਦੀ ਰਵਾਇਤੀ ਟੋਪੀ ਨਹੀਂ ਪਹਿਨਣੀ ਪਵੇਗੀ। ਉਨ੍ਹਾਂ ਕਿਹਾ ਕਿ ਅਸੀਂ ਇਹ ਤਬਦੀਲੀ ਇਸ ਲਈ ਕਰ ਰਹੇ ਹਾਂ ਕਿ ਇਹ ਯਕੀਨੀ ਬਣਾਇਆ ਜਾ ਸਕੇ ਨਿਊਯਾਰਕ ਵਿਚ ਰਹਿੰਦੇ ਸਭ ਭਾਈਚਾਰਿਆਂ ਦੇ ਲੋਕਾਂ ਨੂੰ ਨਿਊਯਾਰਕ ਪੁਲੀਸ ਵਿਭਾਗ ਵਿਚ ਸੇਵਾ ਕਰਨ ਦਾ ਮੌਕਾ ਮਿਲੇ। ਅਸੀ ਚਾਹੁੰਦੇ ਹਾਂ ਕਿ ਘੱਟ ਗਿਣਤੀ ਭਾਈਚਾਰੇ ਦੇ ਵੱਧ ਤੋਂ ਵੱਧ ਲੋਕ ਨਿਊਯਾਰਕ ਪੁਲੀਸ ਵਿਭਾਗ ਵਿਚ ਭਰਤੀ ਹੋਣ ਇਸ ਦੇ ਲਈ ਕੋਸ਼ਿਸ਼ਾਂ ਵੀ ਜਾਰੀ ਹਨ। ਧਾਰਮਿਕ ਆਜ਼ਾਦੀ ਲੋਕਾਂ ਵਿਚ ਪੁਲੀਸ ਵਿਭਾਗ ਵਿਚ ਭਰਤੀ ਹੋਣ ਲਈ ਵਿਸ਼ਵਾਸ਼ ਪੈਦਾ ਕਰੇਗੀ। ਉਨ੍ਹਾਂ ਕਿਹਾ ਕਿ ਅਸੀਂ ਨਿਊਯਾਰਕ ਪੁਲੀਸ ਵਿਭਾਗ ਨੂੰ ਜਿੰਨਾ ਸੰਭਵ ਹੋ ਸਕੇ, ਓਨਾ ਵਿਭਿੰਨਤਾ ਪੂਰਨ ਬਣਾਉਣਾ ਚਾਹੁੰਦੇ ਹਾਂ ਅਤੇ ਸਾਡਾ ਮੰਨਣਾ ਹੈ ਇਹ ਕਦਮ ਇਸ ਵਿਚ ਸਾਡੀ ਮਦਦ ਕਰੇਗਾ। ਪੁਲੀਸ ਅਕੈਡਮੀ ਤੋਂ ਗ੍ਰੈਜੂਏਟ ਹੋਏ 557 ਰੰਗਰੂਟਾਂ ਵਿਚ 33 ਮੁਸਲਮਾਨ ਅਤੇ ਦੋ ਸਿੱਖ ਅਫਸਰ ਹਨ। ਸਿੱਖ ਅਫਸਰਾਂ ਦੀ ਸੰਸਥਾ ਨੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ। ਉਨ੍ਹਾਂ ਟਵੀਟ ਕਰਦਿਆਂ ਨਿਊਯਾਰਕ ਪੁਲੀਸ ਵਿਭਾਗ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਹ ਸਿੱਖ ਭਾਈਚਾਰੇ ਲਈ ਮਾਣ ਵਾਲਾ ਪਲ ਹੈ।’ ਸਿੱਖ ਐਡਵੋਕੇਸੀ ਗਰੁੱਪ ਸਿੱਖ ਕੋਲੀਜ਼ਨ ਨੇ ਨਿਊਯਾਰਕ ਪੁਲੀਸ ਦੇ ਇਸ ਫੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ, ‘ਇਸ ਨਾਲ ਸਿੱਖ ਭਾਈਚਾਰੇ ਨੂੰ ਨਾ ਸਿਰਫ ਸਨਮਾਨ ਮਿਲਿਆ ਹੈ, ਬਲਕਿ ਉਨ੍ਹਾਂ ਦਾ ਹੌਸਲਾ ਵੀ ਵਧਿਆ ਹੈ।’ ਇਸ ਨਾਲ ਇਹ ਸੰਦੇਸ਼ ਸਾਫ ਤੌਰ ‘ਤੇ ਜਾਵੇਗਾ ਕਿ ਸਿੱਖ ਭਾਈਚਾਰੇ ਦਾ ਅਮਰੀਕਾ ਵਿਚ ਅਹਿਮ ਯੋਗਦਾਨ ਹੈ ਅਤੇ ਉਨ੍ਹਾਂ ਨਾਲ ਭੇਦ ਭਾਵ ਨਹੀਂ ਕੀਤਾ ਜਾ ਸਕਦਾ। ‘ਸਿੱਖ ਆਫਿਸਰਜ਼ ਐਸੋਸੀਏਸ਼ਨ’ ਨੇ ਟਵਿੱਟਰ ਉਤੇ ਇਸ ਕਦਮ ਦੀ ਸ਼ਲਾਘਾ ਕੀਤੀ।