ਜ਼ਮਾਨਤ ਦੇ ਬਾਵਜੂਦ ਅਦਾਲਤੀ ਅੜਿਕਿਆਂ ਕਾਰਨ ਲੰਮਾ ਅਟਕੇਗੀ ਭਾਈ ਰੇਸ਼ਮ ਸਿੰਘ ਦੀ ਘਰ ਵਾਪਸੀ

ਜ਼ਮਾਨਤ ਦੇ ਬਾਵਜੂਦ ਅਦਾਲਤੀ ਅੜਿਕਿਆਂ ਕਾਰਨ ਲੰਮਾ ਅਟਕੇਗੀ ਭਾਈ ਰੇਸ਼ਮ ਸਿੰਘ ਦੀ ਘਰ ਵਾਪਸੀ

ਨਿਊਯਾਰਕ/ਬਿਊਰੋ ਨਿਊਜ਼:
ਸਰਬਤ ਖਾਲਸਾ ਸਮਾਗਮ ਵਿੱਚ ਭਾਗ ਲੈਣ ਲਈ ਪੰਜਾਬ ਗਏ ਅਮਰੀਕੀ ਸਿੱਖ ਆਗੂ ਭਾਈ ਰੇਸ਼ਮ ਸਿੰਘ ਦੀ ਭਾਵੇਂ ਭਾਰਤੀ ਜੇਲ੍ਹ ਦੀਆਂ ਸੀਖਾਂ ‘ਚੋਂ ਆਜ਼ਾਦੀ ਸੰਭਵ ਹੋਣਾ ਪਹਿਲਾ ਪੜਾਅ ਹੈ। ਪਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਅਮਰੀਕਾ ਇਕਾਈ ਦੇ ਸੀਨੀਅਰ ਆਗੂ ਨੂੰ ਉਸਦੀ ਜ਼ਮਾਨਤ ਉੱਤੇ ਰਿਹਾਈ ਲਈ ਪੰਜਾਬ ਹਰਿਆਣਾ ਹਾਈਕੋਰਟ ਦੇ ਹੁਕਮਾਂ ਦੇ ਬਾਵਜੂਦ ਉਸ ਲਈ ਵਾਪਸ ਕੈਲੀਫੋਰਨੀਆ ਅਪਣੇ ਪਰਿਵਾਰ ਕੋਲ ਪੁੱਜਣ ਲਈ ਪਤਾ ਨਹੀਂ ਕਿੰਨਾ ਸਮਾਂ ਹੋਰ ਖਜ਼ਲ ਖੁਆਰ ਹੋਣਾ ਪਵੇਗਾ।
ਲਗਭਗ ਇੱਕ ਮਹੀਨਾ ਭਾਰਤੀ ਜੇਲ੍ਹਾਂ ਵਿੱਚ ਨਜ਼ਰਬੰਦ ਰੱਖੇ ਗਏ ਭਾਈ ਰੇਸ਼ਮ ਸਿੰਘ ਦੀ ਗ੍ਰਿਫਤਾਰੀ ਵਿਰੁਧ ਮਨੁੱਖੀ ਅਧਿਕਾਰ ਜਥੇਬੰਦੀਆਂ ਵਲੋਂ ਕੌਮਾਂਤਰੀ ਪੱਧਰ ਉੱਤੇ ਆਵਾਜ਼ ਬੁਲੰਦ ਕੀਤੇ ਜਾਣ ਬਾਅਦ ਹੀ ਜ਼ਮਾਨਤ ਸੰਭਵ ਹੋਈ ਸੀ। ਪੰਜਾਬ ਵਿਚਲੇ ਸੀਨੀਅਰ ਪਾਰਟੀ ਆਗੂਆਂ ਅਤੇ ਉੱਘੇ ਵਕੀਲਾਂ ਦੀ ਟੀਮ ਨੇ ਅਮਰੀਕੀ ਸਿੱਖ ਆਗੂ ਦੀ ਜ਼ਮਾਨਤ ਲਈ ਕਾਨੂੰਨੀ ਲੜਾਈ ਲੜੀ।
ਇਸਦੇ ਨਾਲ ਹੀ ‘ਵਾਇਸ ਫਾਰ ਫਰੀਡਮ’ ਦੀ ਅਮਰੀਕਨ ਇਕਾਈ ਨੇ ਇਸ ਸਬੰਧ ਵਿੱਚ  ਵ੍ਹਾਈਟ ਹਾਊਸ ਵਿਖੇ ਪਟੀਸ਼ਨ ਦਾਇਰ ਕਰਕੇ ਦਲੀਲ ਦਿੱਤੀ ਸੀ ਕਿ ਕਿਸੇ ਵੀ ਅਮਰੀਕੀ ਨਾਗਰਿਕ ਦੀ ਬਿਨ੍ਹਾਂ ਕਿਸੇ ਅਪਰਾਧ ਦੇ ਗ੍ਰਿਫ਼ਤਾਰੀ ਗੈਰ ਕਾਨੂੰਨੀ ਹੈ।
ਵਰਨਣਯੋਗ ਹੈ ਕਿ ਭਾਈ ਰੇਸ਼ਮ ਸਿੰਘ ਦੇ ਖ਼ਿਲਾਫ਼ ਅੰਮ੍ਰਿਤਸਰ ਦੇ ਚੱਬਾ ਪਿੰਡ ਵਿਚ 10 ਨਵੰਬਰ 2015 ਨੂੰ ਸਰਬੱਤ ਖ਼ਾਲਸਾ ਦੇ ਸਬੰਧ ਵਿਚ ਪੰਜਾਬ ਪੁਲੀਸ ਨੇ ਕੇਸ ਦਰਜ ਕੀਤਾ ਸੀ। ਇਹ ਕੇਸ ਅੰਮ੍ਰਿਤਸਰ ਜਿਲ੍ਹੇ ਦੇ ਚਾਟੀਵਿੰਡ ਪੁਲੀਸ ਥਾਣੇ ਵਿਚ ਦਰਜ ਕੀਤਾ ਗਿਆ ਸੀ। ਭਾਈ ਰੇਸ਼ਮ ਸਿੰਘ ਉੱਘੇ ਸਿੱਖ ਆਗੂ ਭਾਈ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਵਾਲੇ ਅਕਾਲੀ ਦਲ ਅੰਮ੍ਰਿਤਸਰ ਦਾ ਕੈਲੀਫੋਰਨੀਆ ਤੋਂ ਸੀਨੀਅਰ ਆਗੂ ਹਨ। ਉਹ ਸਰਬੱਤ ਖ਼ਾਲਸਾ ਵਿਚ ਸ਼ਿਰਕਤ ਕਰਨ ਲਈ 4 ਨਵੰਬਰ ਨੂੰ ਦਿੱਲੀ ਹਵਾਈ ਅੱਡੇ ਪੁੱਜੇ ਸਨ।
ਹਾਈਕੋਰਟ ਨੇ ਭਾਈ ਰੇਸ਼ਮ ਸਿੰਘ ਦੀ ਜ਼ਮਾਨਤ ਮਨਜ਼ੂਰ ਕਰਨ ਸਮੇਂ ਸ਼ਰਤ ਰੱਖੀ ਹੈ ਕਿ ਉਹ ਉਨ੍ਹਾਂ ਵਿਰੁਧ ਦਰਜ ਮੁਕੱਦਮੇ ਦੀ ਸੁਣਵਾਈ ਸਮੇਂ ਹਾਜ਼ਰ ਹੋਇਆ ਕਰਨਗੇ। ਕੇਸ ਦੀ ਪੈਰਵੀ ਕਰ ਰਹੇ ਵਕੀਲਾਂ ਅਨੁਸਾਰ ਅਜਿਹੇ ਮੁਕੱਦਮਿਆਂ ਦਾ ਨਿਬੇੜਾ ਤਾਂ ਪਤਾ ਨਹੀਂ ਕਦੋਂ ਹੋਵੇ ਕੇਸ ਦੀ ਬਕਾਇਦਾ ਸੁਣਵਾਈ ਸ਼ੁਰੂ ਕਰਨ ਦੇ ਕੰਮ ਵਿੱਚ ਵੀ ਕਈ ਮਹੀਨੇ ਲੱਗ ਜਾਂਦੇ ਹਨ।
ਅਦਾਲਤ ਨੇ ਅਜੇ ਇਹ ਫੈਸਲਾ ਕਰਨਾ ਹੈ ਕਿ ਭਾਈ ਰੇਸ਼ਮ ਸਿੰਘ ਦਾ ਪੰਜਾਬ ਪੁਲੀਸ ਵਲੋਂ ਜ਼ਬਤ ਕੀਤਾ ਪਾਸਪੋਰਟ ਉਸਨੂੰ ਵਾਪਸ ਕੀਤਾ ਜਾਵੇ ਜਾਂ ਨਾ।
ਸਿੱਖ ਹੱਕਾਂ ਲਈ ਸੰਘਰਸ਼ ਕਰ ਰਹੀ ਜਥੇਬੰਦੀ ਯੁਨਾਈਟਿਡ ਸਿੱਖਸ ਦੀ ਕਾਨੂੰਨੀ ਟੀਮ ਦੀ ਕੌਮੀ ਡਾਇਰੈਕਟਰ ਵਾਂਡਾ ਸੰਚੇਜ਼ ਡੇਅ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ, ਪੁਲੀਸ ਅਤੇ ਇੱਥੋਂ ਤੱਕ ਕਿ ਅਦਾਲਤਾਂ ਲਈ ਇਹ ਗੱਲ ਬੇਆਮਨਾ ਹੈ ਕਿ ਭਾਈ ਰੇਸ਼ਮ ਸਿੰਘ ਪਰਿਵਾਰ ਦਾ ਮੋਹਰੀ, ਜ਼ੁੰਮੇਵਾਰ ਪਿਤਾ ਹੋਣ ਤੋਂ ਧਾਰਮਿਕ ਆਗੂ ਅਤੇ ਅਪਣੇ ਭਾਈਚਾਰੇ ਦਾ ਪਤਵੰਤਾ ਹੈ। ਜਦੋਂ ਕਿ ਪੰਜਾਬ ਦੀ ਬਾਦਲ ਸਰਕਾਰ ਅਤੇ ਉਸਦੀ ਰਖ਼ੇਲ ਪੁਲੀਸ ਉਸਨੂੰ ਬਿਨਾਂ ਵਜ਼੍ਹਾ ਖ਼ਤਰਨਾਕ ਅਤਿਵਾਦੀ ਵਜੋਂ ਪੇਸ਼ ਕਰਕੇ ਵਿਦਰੋਹ ਵਾਲੀ ਰਾਜਸੀ ਆਵਾਜ਼ ਬੰਦ ਕਰਨ ਲਈ ਤੁਲੀ ਹੋਈ ਹੈ।
ਯੁਨਾਈਟਿਡ ਸਿੱਖਸ ਦੇ ਇੰਟਰਨੈਸ਼ਨਲ ਸਿਵਲ ਐਂਡ ਹਿਊਮਨ ਰਾਈਟਸ ਐਡਵੋਕੇਸੀ ਦੇ ਡਾਇਰੈਕਟਰ ਭਾਈ ਮਨਵਿੰਦਰ ਸਿੰਘ ਵਲੋਂ ਜਾਰੀ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਸਭਨਾਂ ਨੂੰ ਭਾਈ ਰੇਸ਼ਮ ਸਿੰਘ ਨੂੰ ਇਨਸਾਫ਼ ਦਿਵਾਉਣ ਅਤੇ ਉਸ ਵਿਰੁਧ ਭਾਰਤ ਵਿੱਚ ਦਰਜ਼ ਝੂਠੇ ਕੇਸ ਬਿਨਾਂ ਸ਼ਰਤ ਵਾਪਸ ਕਰਾਉਣ ਦੀ ਮੁਹਿੰਮ ਜਾਰੀ ਰੱਖਣ ਲਈ ਵਾਈਟ ਹਾਊਸ ਪਟੀਸ਼ਨ ਉੱਤੇ ਦਸਤਖ਼ਤ ਕਰਨ ਦੀ ਅਪੀਲ ਕੀਤੀ ਹੈ। ਭਾਈ ਮਨਵਿੰਦਰ ਸਿੰਘ ਨਾਲ ਸੰਪਰਕ ਲਈ ਫੋਨ ਨੰਬਰ 1-646-688-3525 ਅਤੇ ਈਮੇਲ
Email: law-usa@unitedsikhs.org | contact@unitedsikhs.org

ਭਾਈ ਰੇਸ਼ਮ ਸਿੰਘ ਵਿਰੁਧ ਝੂਠੇ ਕੇਸ ਵਾਪਸ ਹੋਣ
ਨਿਊਯਾਰਕ/ਬਿਊਰੋ ਨਿਊਜ਼:
ਸ਼੍ਰੋਮਣੀ ਅਕਾਲੀ ਦਲ, ਅੰਮ੍ਰਿਤਸਰ ਦੀ ਅਮਰੀਕਾ ਇਕਾਈ ਨੇ ਪਾਰਟੀ ਦੇ ਸੀਨੀਅਰ ਆਗੂ ਭਾਈ ਰੇਸ਼ਮ ਸਿੰਘ ਦੀ ਜ਼ਮਾਨਤ ਉੱਤੇ ਰਿਹਾਈ ਦਾ ਸਵਾਗਤ ਕਰਦਿਆਂ ਜ਼ੋਰ ਦੇ ਕੇ ਕਿਹਾ ਹੈ ਕਿ ਉਸ ਵਿਰੁਧ ਸਾਰੇ ਝੂਠੇ ਤੁਰੰਤ ਬਿਨਾਂ ਸ਼ਰਤ ਵਾਪਸ ਲਏ ਜਾਣ। ਪਾਰਟੀ ਵਲੋਂ ਇੱਥੇ ਜਾਰੀ ਕੀਤੇ ਇੱਕ ਲਿਖਤੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਭਾਈ ਰੇਸ਼ਮ ਸਿੰਘ ਨੂੰ ਪੰਜਾਬ ਦੀ ਅਖੌਤੀ ਅਕਾਲੀ ਸਰਕਾਰ ਨੇ ਸਿੱਖਾਂ ਦੀ ਹੱਕ ਸੱਚ ਦੀ ਅਵਾਜ਼ ਬੰਦ ਕਰਾਉਣ ਲਈ ਝੂਠੇ ਕੇਸਾਂ ਵਿੱਚ ਫਸਾਇਆ ਗਿਆ ਹੈ। ਪਾਰਟੀ ਨੇ ਕਿਹਾ ਕਿ ਕੀ ਸਿੱਖਾਂ ਵਲੋਂ ਆਪਣੇ ਧਾਰਮਿਕ ਸਮਾਗਮਾਂ ‘ਚ ਹਿੱਸਾ ਲੈਣਾ ਦੇਸ਼ ਧ੍ਰੋਹ ਹੈ। ਇਸਦੇ ਨਾਲ ਹੀ ਵਿਦੇਸ਼ਾਂ ਦੀਆਂ ਸੰਗਤਾਂ ਵਲੋਂ ਸਿੱਖਾਂ ਦੀਆਂ ਲਾਸ਼ਾਂ ‘ਤੇ ਰਾਜਭਾਗ ਕਰਨ ਵਾਲੇ ਕੌਮ ਦੇ ਅਕ੍ਰਿਤਘਣ ਡੋਗਰਿਆਂ ਨੂੰ ਸਖ਼ਤ ਤਾੜਨਾ ਕੀਤੀ ਗਈ ਹੈ ਕਿ ਕੌਮ ਨਾਲ ਏਨਾ ਵੱਡਾ ਧ੍ਰੋਹ ਨਾ ਕਰੋ।
ਪਾਰਟੀ ਵਲੋਂ ਭਾਈ ਰੇਸ਼ਮ ਸਿੰਘ ਦੀ ਨਜਾਇਜ਼ ਨਜ਼ਰਬੰਦੀ ਦੇ ਵਿਰੁਧ ਅਤੇ ਤੁਰੰਤ ਬਿਨਾਂ ਸ਼ਰਤ ਲਈ ਵਿਸ਼ਵ ਪੱਧਰ ਉੱਤੇ ਮਸਲਾ ਉਭਾਰਨ ਵਾਸਤੇ ਇੱਕ ਪਟੀਸ਼ਨ ਤਿਆਰ ਕੀਤੀ ਗਈ । ਇਸ ਪਟੀਸ਼ਨ ਰਾਹੀਂ ਸਭਨਾਂ ਨੂੰ ਸੱਦਾ ਦਿੱਤਾ ਗਿਆ ਹੈ ਕਿ ਆਉ ਅਮਰੀਕਨ ਸਿੱਖ ਆਗੂ ਅਤੇ ਖ਼ਾਲਸਾ ਪੰਥ ਦੇ ਨਿਸ਼ਕਾਮ ਸੇਵਕ ਭਾਈ ਰੇਸ਼ਮ ਸਿੰਘ ਵਿਰੁਧ ਝੂਠੇ ਮੁਕੱਦਮੇ ਵਾਪਸ ਕਰਾਉਣ ਅਤੇ ਬਿਨਾਂ ਸ਼ਰਤ ਅਮਰੀਕਾ ਘਰ ਵਾਪਸੀ ਯਕੀਨੀ ਬਣਾਉਣ ਲਈ ਪਟੀਸ਼ਨ ਉੱਤੇ ਵੱਧ ਤੋਂ ਵੱਧ ਗਿਣਤੀ ਵਿੱਚ ਦਸਤਖ਼ਤ ਕੀਤੇ ਜਾਣ।
ਪਟੀਸ਼ਨ ਸਬੰਧੀ ਵੈਬਸਾਈਟ https://wh.gov/iehtx