ਸਿੱਖ ਮਨੁੱਖੀ ਵਿਕਾਸ ਫਾਊਂਡੇਸ਼ਨ ਨੇ ਵਿਦਿਆਰਥੀਆਂ ਦੀ ਵਿੱਤੀ ਮਦਦ ਲਈ ਜੁਟਾਏ ਢਾਈ ਲੱਖ ਡਾਲਰ

ਸਿੱਖ ਮਨੁੱਖੀ ਵਿਕਾਸ ਫਾਊਂਡੇਸ਼ਨ ਨੇ ਵਿਦਿਆਰਥੀਆਂ ਦੀ ਵਿੱਤੀ ਮਦਦ ਲਈ ਜੁਟਾਏ ਢਾਈ ਲੱਖ ਡਾਲਰ

ਕੈਪਸ਼ਨ-ਫਾਊਂਡੇਸ਼ਨ ਦੇ ਸਮਾਗਮ ਦੌਰਾਨ ਇਕ ਵਿਦਿਆਰਥੀ ਨੂੰ ਵਜ਼ੀਫਾ ਦਿੱਤੇ ਜਾਣ ਦੀ ਝਲਕ।
ਵਾਸ਼ਿੰਗਟਨ/ਬਿਊਰੋ ਨਿਊਜ਼ :
ਸਿੱਖਾਂ ਨਾਲ ਜੁੜੀ ਇਕ ਸੰਸਥਾ ਨੇ ਇਥੇ ਸਮਾਗਮ ਕਰਕੇ ਢਾਈ ਲੱਖ ਅਮਰੀਕੀ ਡਾਲਰ ਦੀ ਰਾਸ਼ੀ ਇਕੱਤਰ ਕੀਤੀ, ਜੋ ਕੇ ਪੰਜਾਬ ਤੇ ਗੁਆਂਢੀ ਸੂਬਿਆਂ ਵਿਚ ਵਿੱਤੀ ਪੱਖੋਂ ਕਮਜ਼ੋਰ ਵਿਦਿਆਰਥੀਆਂ ਨੂੰ ਵਜ਼ੀਫ਼ੇ ਵਜੋਂ ਦਿੱਤੀ ਜਾਵੇਗੀ। ਸਿੱਖ ਮਨੁੱਖੀ ਵਿਕਾਸ ਫਾਊਂਡੇਸ਼ਨ (ਐਸਐਚਡੀਐਫ਼) ਨਾਂ ਦੀ ਜਥੇਬੰਦੀ  ਵੱਲੋਂ ਜਾਰੀ ਬਿਆਨ ਮੁਤਾਬਕ ਉਪਰੋਕਤ ਰਾਸ਼ੀ ਉਨ੍ਹਾਂ 700 ਹੋਣਹਾਰ ਵਿਦਿਆਰਥੀਆਂ ਨੂੰ ਵਜ਼ੀਫ਼ੇ ਵਜੋਂ ਮੁਹੱਈਆ ਕਰਵਾਈ ਜਾਵੇਗੀ, ਜੋ ਕਿ ਪੈਸੇ ਦੀ ਘਾਟ ਕਰਕੇ ਅੱਗੇ ਪੜ੍ਹਾਈ ਕਰਨ ਦੇ ਸਮਰੱਥ ਨਹੀਂ ਹਨ।
ਜਥੇਬੰਦੀ ਦੇ ਬੋਰਡ ਮੈਂਬਰ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਪਿਛਲੇ 17 ਸਾਲਾਂ ਤੋਂ ਇਹ ਕੰਮ ਕਰ ਰਹੇ ਹਨ। ਇਸ ਸਾਲ ਹੁਣ ਤਕ 539 ਵਿਦਿਆਰਥੀਆਂ ਨੂੰ ਵਜ਼ੀਫ਼ੇ ਦਿੱਤੇ ਜਾ ਚੁੱਕੇ ਹਨ ਤੇ ਇਨ੍ਹਾਂ ਵਿੱਚੋਂ 65 ਫੀਸਦ ਤੋਂ ਵੱਧ ਵਿਦਿਆਰਥੀ ਪੰਜਾਬ ਦੇ ਪੇਂਡੂ ਖੇਤਰਾਂ ਨਾਲ ਸਬੰਧਤ ਹਨ। ਇਨ੍ਹਾਂ ਵਿਚ ਲੜਕੀਆਂ ਦੀ ਗਿਣਤੀ 74 ਫੀਸਦ ਦੇ ਕਰੀਬ ਹੈ। ਐਸਐਚਡੀਐਫ਼ ਦੇ ਚੇਅਰਮੈਨ ਗਜਿੰਦਰ ਸਿੰਘ ਨੇ ਕਿਹਾ, ‘ਜਥੇਬੰਦੀ ਹੁਣ ਤਕ 4500 ਤੋਂ ਵੱਧ ਵਜ਼ੀਫ਼ੇ ਤਕਸੀਮ ਕੀਤੇ ਜਾ ਚੁੱਕੇ ਹਨ ਤੇ 2200 ਤੋਂ ਵੱਧ ਵਿਦਿਆਰਥੀ ਆਪਣੀ ਗਰੈਜੂਏਸ਼ਨ ਪੱਧਰ ਦੀ ਪੜ੍ਹਾਈ ਮੁਕੰਮਲ ਕਰਨ ਮਗਰੋਂ ਚੰਗੀਆਂ ਨੌਕਰੀਆਂ ਕਰ ਰਹੇ ਹਨ।’ ਯੂ.ਕੇ. ਦੇ ਇਕ ਵੱਡੇ ਉਦਯੋਗਪਤੀ ਤੇ ਸਮਾਗਮ ਦੇ ਮੁੱਖ ਮਹਿਮਾਨ ਸਤਿੰਦਰ ਸਿੰਘ ਚੱਢਾ ਨੇ ਕਿਹਾ, ‘ਲੋੜਵੰਦ ਬੱਚਿਆਂ ਲਈ ਉੱਚ ਸਿੱਖਿਆ ਸਭ ਤੋਂ ਵੱਡਾ ਤੋਹਫ਼ਾ ਹੈ, ਜੋ ਅਸੀਂ ਉਨ੍ਹਾਂ ਨੂੰ ਦੇ ਸਕਦੇ ਹਾਂ। ਮਨੁੱਖਤਾ ਦੀ ਭਲਾਈ ਕਰਨ ਦਾ ਇਹ ਵੱਡਾ ਜ਼ਰੀਆ ਹੈ, ਜਿਸ ਨਾਲ ਅਸੀਂ ਕਈਆਂ ਦੀ ਜ਼ਿੰਦਗੀ ਵਿਚ ਖ਼ੁਸ਼ਹਾਲੀ ਲਿਆ ਸਕਦੇ ਹਾਂ।’ ਇਸ ਮੌਕੇ ਉਨ੍ਹਾਂ ਆਪਣੇ ਵੱਲੋਂ 25 ਹਜ਼ਾਰ ਡਾਲਰ ਦਾ ਚੰਦਾ ਦੇਣ ਦਾ ਵੀ ਐਲਾਨ ਕੀਤਾ। ਫਾਊਂਡੇਸ਼ਨ ਦੇ ਡਾਇਰੈਕਟਰ ਰਾਜਵੰਤ ਸਿੰਘ ਨੇ ਕਿਹਾ ਅਜੇ ਇਸ ਪਾਸੇ ਹੋਰ ਬਹੁਤ ਕੁਝ ਕੀਤੇ ਜਾਣ ਦੀ ਲੋੜ ਹੈ।
ਜ਼ਿਕਰਯੋਗ ਹੈ ਕਿ ਸਿੱਖ ਮਨੁੱਖੀ ਵਿਕਾਸ ਫਾਊਂਡੇਸ਼ਨ ਦਾ ਗਠਨ ਸਿੱਖ ਧਰਮ ਦੇ ਸੇਵਾ ਦੇ ਸੰਕਲਪ ਤੋਂ ਪ੍ਰੇਰਿਤ ਹੋ ਕੇ ਕੀਤਾ ਗਿਆ ਸੀ। ਅਮਰੀਕਾ ਅਧਾਰਤ ਇਸ ਸੰਸਥਾ ਦਾ ਕਿਸੇ ਸਿਆਸੀ ਜਥੇਬੰਦੀ ਨਾਲ ਕੋਈ ਲਾਗਾ ਦੇਗਾ ਨਹੀਂ ਤੇ ਸੰਸਥਾ ਨੂੰ ਬਿਨਾਂ ਮੁਨਾਫ਼ੇ ਦੇ ਚਲਾਇਆ ਜਾਂਦਾ ਹੈ। ਸੰਸਥਾ ਵੱਲੋਂ ਜਿਨ੍ਹਾਂ ਵਿਦਿਆਰਥੀਆਂ ਨੂੰ ਵਜ਼ੀਫ਼ੇ ਦਿੱਤੇ ਗਏ ਹਨ, ਉਨ੍ਹਾਂ ਵਿੱਚੋਂ ਵੱਡੀ ਗਿਣਤੀ ਇੰਫੋਸਿਸ ਤੇ ਅਮੈਰੀਕਨ ਐਕਸਪ੍ਰੈਸ ਵਰਗੀਆਂ ਮਲਟੀਨੈਸ਼ਨਲ ਕੰਪਨੀਆਂ ਸਮੇਤ ਐਸਬੀਆਈ, ਮਰਚੈਂਟ ਨੇਵੀ ਤੇ ਇੰਡੀਅਨ ਏਅਰਫੋਰਸ ਜਿਹੇ ਅਦਾਰਿਆਂ ਵਿੱਚ ਤਾਇਨਾਤ ਹਨ।