ਅਮਰੀਕੀ ਕਾਂਗਰਸ ਨੇ ਭਾਰਤ ਨੂੰ ਅਹਿਮ ਰੱਖਿਆ ਭਾਈਵਾਲ ਬਣਾਉਣ ਲਈ ਰਾਹ ਪੱਧਰਾ ਕੀਤਾ

ਅਮਰੀਕੀ ਕਾਂਗਰਸ ਨੇ ਭਾਰਤ ਨੂੰ ਅਹਿਮ ਰੱਖਿਆ ਭਾਈਵਾਲ ਬਣਾਉਣ ਲਈ ਰਾਹ ਪੱਧਰਾ ਕੀਤਾ

ਵਾਸ਼ਿੰਗਟਨ/ਬਿਊਰੋ ਨਿਊਜ਼ :
ਅਮਰੀਕੀ ਕਾਂਗਰਸ ਨੇ ਭਾਰਤ ਨੂੰ ਅਹਿਮ ਰੱਖਿਆ ਭਾਈਵਾਲ ਬਣਾਉਣ ਲਈ ਰਾਹ ਪੱਧਰਾ ਕਰ ਦਿੱਤਾ ਹੈ। ਸੈਨੇਟ ਨੇ ਸਾਲ 2017 ਲਈ ਅਮਰੀਕਾ ਦੇ 618 ਅਰਬ ਡਾਲਰ ਦੇ ਰੱਖਿਆ ਬਜਟ-2017 ਨੂੰ ਪਾਸ ਕਰਦਿਆਂ ‘ਦਿ 2017 ਨੇਸ਼ਨ ਡਿਫੈਂਸ ਆਥੋਰਾਈਜ਼ੇਸ਼ਨ ਐਕਟ’ (ਐਨਡੀਏਏ) ਨੂੰ ਸੱਤ ਦੇ ਮੁਕਾਬਲੇ 92 ਵੋਟਾਂ ਨਾਲ ਪਾਸ ਕੀਤਾ ਹੈ।
ਐਨਡੀਏਏ 2017 ਵਿੱਚ ਰੱਖਿਆ ਮੰਤਰੀ ਅਤੇ ਵਿਦੇਸ਼ ਮੰਤਰੀ ਨੂੰ ਭਾਰਤ ਅਤੇ ਅਮਰੀਕਾ ਨੂੰ ਅਹਿਮ ਰੱਖਿਆ ਭਾਈਵਾਲ ਬਣਾਉਣ ਅਤੇ ਉਹਦੇ ਜ਼ਰੀਏ ਦੁਵੱਲੇ ਰੱਖਿਆ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਜ਼ਰੂਰੀ ਕਦਮ ਚੁੱਕਣ ਲਈ ਕਿਹਾ ਗਿਆ ਹੈ। ਇਸ ਤੋਂ ਪਹਿਲਾਂ ਇਸ ਨੂੰ ਅਮਰੀਕੀ ਪ੍ਰਤੀਨਿਧ ਸਭਾ ਨੇ 34 ਮੁਕਾਬਲੇ 375 ਵੋਟਾਂ ਨਾਲ ਪਾਸ ਕੀਤਾ ਸੀ ਅਤੇ ਹੁਣ ਕਾਨੂੰਨ ਦਾ ਰੂਪ ਦੇਣ ਲਈ ਵ੍ਹਾਈਟ ਹਾਊਸ ਵਿੱਚ ਰਾਸ਼ਟਰਪਤੀ ਬਰਾਕ ਓਬਾਮਾ ਕੋਲ ਹਸਤਾਖ਼ਰਾਂ ਲਈ ਘੱਲਿਆ ਜਾਵੇਗਾ।
ਸੈਨੇਟ ਇੰਡੀਆ ਕਾਕਸ ਦੇ ਸਹਿ ਚੇਅਰਮੈਨ ਸੈਨੇਟਰ ਮਾਰਕ ਵਾਰਨਰ ਨੇ ਸੈਨੇਟ ਵੱਲੋਂ ਬਿਲ ਪਾਸ ਕੀਤੇ ਜਾਣ ਤੋਂ ਬਾਅਦ ਕਿਹਾ, ‘ਭਾਰਤ ਨਾਲ ਦੁਵੱਲੇ ਰੱਖਿਆ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਚੁੱਕੇ ਗਏ ਕਦਮਾਂ ਦੀ ਮੈਂ ਸ਼ਲਾਘਾ ਕਰਦਾ ਹਾਂ। ਇਸ ਵਿੱਚ ਫ਼ੌਜਾਂ ਦੇ ਮੇਲਜੋਲ ਦਾ ਵਿਸਥਾਰ ਕਰਨਾ, ਰੱਖਿਆ ਕਾਰੋਬਾਰ ਨੂੰ ਉਤਸ਼ਾਹਤ ਕਰਨਾ ਅਤੇ ਤਕਨੀਕੀ ਵਿਕਾਸ ਲਈ ਸਹਿਯੋਗ ਵਧਾਉਣਾ ਸ਼ਾਮਲ ਹੈ।’ ਸ੍ਰੀ ਵਾਰਨਰ 115ਵੀਂ ਕਾਂਗਰਸ ਵਿੱਚ ਸੈਨੇਟ ਇੰਟੈਲੀਜੈਂਸ ਕਮੇਟੀ ਦੇ ਉਪ ਚੇਅਰਮੈਨ ਦਾ ਅਹੁਦਾ ਸੰਭਾਲਣਗੇ। ਉਨ੍ਹਾਂ ਆਖਿਆ, ‘ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਭਾਰਤ ਨਾਲ ਅਮਰੀਕੀ ਰਣਨੀਤਕ ਹਿੱਤ ਲਗਾਤਾਰ ਜੁੜ ਰਹੇ ਹਨ ਅਤੇ ਭਾਰਤ ਆਰਥਿਕ ਵਿਕਾਸ ਅਤੇ ਆਲਮੀ ਰੱਖਿਆ ਨੂੰ ਵਧਾਉਣ ਸਬੰਧੀ ਅਹਿਮ ਸਹਿਯੋਗੀ ਹੈ।’
ਐਨਡੀਏਏ ਦੀ ਧਾਰਾ 1292 ਦਾ ਸਿਰਲੇਖ ‘ਭਾਰਤ ਨਾਲ ਰੱਖਿਆ ਅਤੇ ਸੁਰੱਖਿਆ ਸਹਿਯੋਗ ਵਧਾਉਣਾ’ ਹੈ। ਉਸ ਵਿੱਚ ਰੱਖਿਆ ਮੰਤਰੀ ਅਤੇ ਵਿਦੇਸ਼ ਮੰਤਰੀ ਨੂੰ ਭਾਰਤ ਅਤੇ ਅਮਰੀਕਾ ਦਾ ਅਹਿਮ ਭਾਈਵਾਲ ਬਣਾਉਣ ਲਈ ਜ਼ਰੂਰੀ ਕਦਮ ਚੁੱਕਣ ਲਈ ਕਿਹਾ ਗਿਆ ਹੈ। ਇਸ ਧਾਰਾ ਵਿੱਚ ਪ੍ਰਸ਼ਾਸਨ ਨੂੰ ਇਹ ਹੀ ਕਿਹਾ ਗਿਆ ਹੈ ਕਿ ਕਾਰਜਕਾਰਨੀ ਬ੍ਰਾਂਚ ਦੀ ਜ਼ਿੰਮੇਵਾਰੀ ਕਿਸੇ ਅਜਿਹੇ ਵਿਅਕਤੀ ਨੂੰ ਸੌਂਪੇ, ਜਿਸ ਨੂੰ ਰੱਖਿਆ ਅਤੇ ਤਕਨੀਕ ਦਾ ਤਜਰਬਾ ਹੋਵੇ ਤਾਂ ਜੋ ਉਹ ਅੰਤਰ ਏਜੰਸੀ ਪਾਲਿਸੀ ਕੋਆਰਡੀਨੇਸ਼ਨ ਜ਼ਰੀਏ ਭਾਰਤ-ਅਮਰੀਕਾ ਰੱਖਿਆ ਸਬੰਧਾਂ ਦੀ ਰੂਪ-ਰੇਖਾ ਦੀ ਸਫ਼ਲਤਾ ਯਕੀਨੀ ਬਣਾ ਸਕੇ। ਨਾਲ ਹੀ ਭਾਰਤ-ਅਮਰੀਕਾ ਰੱਖਿਆ ਕਾਰੋਬਾਰ, ਰੱਖਿਆ ਸਹਿਯੋਗ ਅਤੇ ਮੌਕਿਆਂ ਦੇ ਸਹਿ ਨਿਰਮਾਣ ਅਤੇ ਸਹਿ ਵਿਕਾਸ ਸਬੰਧੀ ਬਕਾਇਆ ਮਸਲਿਆਂ ਨੂੰ ਹੱਲ ਕਰ ਸਕੇ।