ਆਪਣੇ ਵਾਅਦਿਆਂ ਤੋਂ ਪਿਛੇ ਹਟ ਰਹੇ ਹਨ ਡੋਨਲਡ ਟਰੰਪ

ਆਪਣੇ ਵਾਅਦਿਆਂ ਤੋਂ ਪਿਛੇ ਹਟ ਰਹੇ ਹਨ ਡੋਨਲਡ ਟਰੰਪ

ਵਾਸ਼ਿੰਗਟਨ/ਬਿਊਰੋ ਨਿਊਜ਼ :
ਅਣਕਿਆਸੇ ਢੰਗ ਨਾਲ ਅਮਰੀਕੀ ਸਦਰ ਦੀ ਚੋਣ ਜਿੱਤਣ ਤੋਂ ਦੋ ਹਫ਼ਤਿਆਂ ਬਾਅਦ ਹੀ ਰਿਪਬਲਿਕਨ ਆਗੂ ਡੋਨਲਡ ਟਰੰਪ ਆਪਣੇ ਮੁੱਖ ਚੋਣ ਵਾਅਦਿਆਂ ਤੇ ਵੱਡੇ-ਵੱਡੇ ਐਲਾਨਾਂ ਤੋਂ ਪੈਰ ਪਿਛਾਂਹ ਖਿੱਚਣ ਲੱਗ ਪਏ ਹਨ। ਇਨ੍ਹਾਂ ਵਿੱਚ ਵਾਤਾਵਰਣ ਤਬਦੀਲੀ ਦੇ ਮੁੱਦੇ ਉਤੇ ਅਪਣਾਇਆ ਗਿਆ ਸਖ਼ਤ ਰੁਖ਼, ਬੰਦੀਆਂ ਉਤੇ ਤਸ਼ੱਦਦ ਤੇ ਆਪਣੀ ਵਿਰੋਧੀ ਬੀਬੀ ਹਿਲੇਰੀ ਕਲਿੰਟਨ ਨੂੰ ਜੇਲ੍ਹ ਵਿੱਚ ਸੁੱਟਣ ਸਬੰਧੀ ਉਨ੍ਹਾਂ ਦੇ ਐਲਾਨ ਸ਼ਾਮਲ ਹਨ।
ਰੋਜ਼ਨਾਮਾ ‘ਨਿਊਯਾਰਕ ਟਾਈਮਜ਼’ ਦੇ ਰਿਪੋਰਟਰਾਂ ਤੇ ਸੰਪਾਦਕਾਂ ਨਾਲ ਇਕ ਇੰਟਰਵਿਊ ਦੌਰਾਨ ਉਨ੍ਹਾਂ ਇਸ ਗੱਲ ਦੇ ਭਰਵੇਂ ਸੰਕੇਤ ਦਿੱਤੇ ਕਿ ਆਪਣੇ ਕਾਰੋਬਾਰ ਤੋਂ ਲਾਂਭੇ ਹੋਣ, ਪਰਿਵਾਰਕ ਮੈਂਬਰਾਂ ਤੋਂ ਸਲਾਹ ਲੈਣ ਅਤੇ ਪ੍ਰੈੱਸ ਨਾਲ ਰਿਸ਼ਤਿਆਂ ਦੇ ਮਾਮਲੇ ਵਿੱਚ ਉਹ ਪਿਛਲੀਆਂ ਰਵਾਇਤਾਂ ਉਤੇ ਨਹੀਂ ਚੱਲਣਗੇ। ਉਨ੍ਹਾਂ ਇਸ ਮੌਕੇ ਬੀਬੀ ਹਿਲੇਰੀ ਦੇ ਈਮੇਲ ਮਾਮਲੇ ਦੀ ਜਾਂਚ ਵਿਸ਼ੇਸ਼ ਪ੍ਰਾਸੀਕਿਊਟਰ ਰਾਹੀਂ ਕਰਵਾਉਣ ਦੇ ਆਪਣੇ ਪਹਿਲੇ ਐਲਾਨ ਨੂੰ ਅਮਲਾ ਜਾਮਾ ਪਹਿਨਾਉਣ ਤੋਂ ਨਾਂਹ ਕਰ ਦਿੱਤੀ। ਉਨ੍ਹਾਂ ਕਿਹਾ, ”ਮੈਂ ਕਲਿੰਟਨਾਂ ਨੂੰ ਤੰਗ ਨਹੀਂ ਕਰਨਾ ਚਾਹੁੰਦਾ। ਉਹ (ਹਿਲੇਰੀ) ਪਹਿਲਾਂ ਹੀ ਕਈ ਤਰੀਕਿਆਂ ਨਾਲ ਕਾਫ਼ੀ ਕੁਝ ਭੁਗਤ ਚੁੱਕੀ ਹੈ।” ਗ਼ੌਰਤਲਬ ਹੈ ਕਿ ਚੋਣ ਮੁਹਿੰਮ ਦੌਰਾਨ ਉਨ੍ਹਾਂ ਐਲਾਨ ਕੀਤਾ ਸੀ ਕਿ ਜੇ ਉਹ ਰਾਸ਼ਟਰਪਤੀ ਚੁਣੇ ਗਏ ਤਾਂ ਬੀਬੀ ਹਿਲੇਰੀ ਨੂੰ ਜੇਲ੍ਹ ਵਿੱਚ ਸੁੱਟ ਦੇਣਗੇ।
ਇਸੇ ਤਰ੍ਹਾਂ ਉਨ੍ਹਾਂ ਵਾਤਾਵਰਣ ਤਬਦੀਲੀ ਮੁੱਦੇ ਨੂੰ ਵੀ ਚੀਨ ਵੱਲੋਂ ਸਿਰਜਿਆ ਇਕ ‘ਵਹਿਮ’ ਕਰਾਰ ਦਿੰਦਿਆਂ ਐਲਾਨ ਕੀਤਾ ਸੀ ਕਿ ਉਹ ਬਹੁਤ ਔਖ ਨਾਲ ਸਿਰੇ ਚੜ੍ਹੇ ਪੈਰਿਸ ਸਮਝੌਤੇ ਨੂੰ ‘ਰੱਦ’ ਕਰ ਦੇਣਗੇ। ਗ਼ੌਰਤਲਬ ਹੈ ਕਿ ਇਸ ਸਮਝੌਤੇ ਰਾਹੀਂ ਕੌਮਾਂਤਰੀ ਪੱਧਰ ‘ਤੇ ਆਲਮੀ ਤਪਸ਼ ਘੱਟ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਇਸੇ ਤਰ੍ਹਾਂ ਤਸ਼ੱਦਦ ਦੇ ਮਾਮਲੇ ਉਤੇ ਵੀ ਉਨ੍ਹਾਂ ਕਿਹਾ ਕਿ ਉਨ੍ਹਾਂ ਰਿਟਾਇਰਡ ਜਨਰਲ ਜੇਮਜ਼ ਮੈਟਿਸ ਨਾਲ ਮੁਲਾਕਾਤ ਤੋਂ ਬਾਅਦ ਆਪਣਾ ਇਰਾਦਾ ਬਦਲ ਲਿਆ ਹੈ। ਗ਼ੌਰਤਲਬ ਹੈ ਕਿ ਜਨਰਲ ਮੈਟਿਸ ਨੂੰ ਉਹ ਆਪਣਾ ਰੱਖਿਆ ਮੰਤਰੀ ਬਣਾਉਣ ਲਈ ਵਿਚਾਰ ਕਰ ਰਹੇ ਹਨ।