ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਸ਼ਰਧਾਂਜਲੀਆਂ

ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਸ਼ਰਧਾਂਜਲੀਆਂ

ਹਿੰਦ ਵਾਸੀਓ ਰੱਖਣਾ ਯਾਦ ਸਾਨੂੰ…
ਫਰਿਜ਼ਨੋਂ/ਬਿਊਰੋ ਨਿਊਜ਼ :
ਇੰਡੋ ਅਮੈਰਿਕਨ ਹੈਰੀਟੇਜ ਫੋਰਮ ਫਰਿਜ਼ਨੋਂ ਵਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਉਨ੍ਹਾਂ ਦੇ ਸਾਥੀਆਂ ਵਿਸ਼ਨੂੰ ਗਣੇਸ਼ ਪਿੰਗਲੇ, ਸੁਰੈਣ ਸਿੰਘ ਵੱਡਾ ਗਿਲਵਾਲੀ, ਸੁਰੈਣ ਸਿੰਘ ਛੋਟਾ ਗਿਲਵਾਲੀ, ਜਗਤ ਸਿੰਘ ਸੁਰ ਸਿੰਘ, ਹਰਨਾਮ ਸਿੰਘ ਸਿਆਲਕੋਟ, ਬਖਸ਼ੀਸ਼ ਸਿੰਘ ਗਿਲਵਾਲੀ ਦਾ 101ਵਾਂ ਸ਼ਹੀਦੀ ਦਿਹਾੜਾ ਮਨਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਗੁਰਦੀਪ ਸਿੰਘ ਘੋਲੀਆ ਨੇ ਕੀਤੀ। ਰਾਜ ਬਰਾੜ ਅਤੇ ਗੁਰਦੇਵ ਸਿੰਘ ਸਾਹੋਕੇ ਨੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਗੀਤਾਂ ਨਾਲ ਸਮਾਗਮ ਦੀ ਸ਼ੁਰੂਆਤ ਕੀਤੀ। ਫੋਰਮ ਦੇ ਮੋਢੀ ਗੁਰਦੀਪ ਸਿੰਘ ਅਣਖੀ ਨੇ ਸਮਾਗਮ ਵਿਚ ਪਹੁੰਚੇ ਸਮੂਹ ਮਹਿਮਾਨਾਂ ਨੂੰ ਜੀ ਆਇਆਂ ਕਿਹਾ। ਉੱਘੇ ਵਿਦਵਾਨ ਡਾ. ਗੁਰੂਮੇਲ ਸਿੱਧੂ, ਕਹਾਣੀਕਾਰ ਕਰਮ ਸਿੰਘ ਮਾਨ, ਕਰਨਲ ਹਰਦੇਵ ਸਿੰਘ ਗਿੱਲ, ਸ. ਮਹਿੰਦਰ ਸਿੰਘ ਗਰੇਵਾਲਹਰਨੇਕ ਸਿੰਘ, ਗੁਰਦੀਪ ਸਿੰਘ ਗੱਗੜਾ, ਦਲਵੀਰ ਸਿੰਘ ਸਰਾਏ, ਹਰਜੀਤ ਸਿੰਘ ਸ਼ੇਰਗਿਲ, ਮਾਸਟਰ ਲਛਮਣ ਸਿੰਘ ਰਠੌੜ, ਦਲਜੀਤ ਸਿੰਘ ਰਿਆੜ, ਜਸਵੰਤ ਸਿੰਘ, ਗੁਰਪ੍ਰੀਤ ਸਿੰਘ, ਐਸਵਨ ਕੌਰ ਰਾਠੌਰ, ਸਿੰਮਵੀਰ ਸਿੰਘ ਹੇਅਰ, ਮਨੂਵੀਰ ਕੌਰ ਧਾਲੀਵਾਲ, ਇਕਬਾਲ ਸਿੰਘ ਸਿੱਧੂ, ਜਸਨਪ੍ਰੀਤ ਸਿੰਘ, ਸੁਖਵੀਰ ਸਿੰਘ ਨੇ ਸ਼ਹੀਦਾਂ ਪ੍ਰਤੀ ਭਾਵਪੂਰਤ ਸ਼ਬਦਾਂ ਵਿਚ ਆਪਣੀ ਸ਼ਰਧਾ ਦਾ ਇਜ਼ਹਾਰ ਕੀਤਾ।
ਉਨ੍ਹਾਂ ਕਿਹਾ ਕਿ ਜੋ ਕੌਮਾਂ ਆਪਣੇ ਵਿਰਸੇ ਅਤੇ ਇਤਿਹਾਸ ਨੂੰ ਯਾਦ ਨਹੀਂ ਰੱਖਦੀਆਂ ਉਹ ਹੌਲੀ ਹੌਲੀ ਅਲੋਪ ਹੋ ਜਾਂਦੀਆਂ ਹਨ ਤੇ ਜਿਹੜੀਆਂ ਕੌਮਾਂ ਆਪਣੇ ਸ਼ਹੀਦਾਂ ਨੂੰ ਭੁੱਲ ਜਾਂਦੀਆਂ ਹਨ, ਉਨ੍ਹਾਂ ਦਾ ਬੀਜ ਨਾਸ ਪਲਕ-ਝਲਕ ਵਿਚ ਹੀ ਹੋ ਜਾਂਦਾ ਹੈ। ਉਹ ਸ਼ਹੀਦ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਸੁੱਖ ਅਰਾਮ ਤਿਆਗ ਕੇ ਸਮੁੱਚੇ ਦੇਸ਼ ਵਾਸੀਆਂ ਦੇ ਉਜਵਲ ਭਵਿੱਖ ਲਈ ਆਪਣੀ ਜਾਨ ਤੱਕ ਕੁਰਬਾਨ ਕਰ ਦਿੱਤੀ, ਉਨ੍ਹਾਂ ਨੂੰ ਯਾਦ ਕਰਨਾ ਸਾਡਾ ਫਰਜ਼ ਹੀ ਨਹੀਂ ਸਾਡੀ ਜ਼ਿੰਮੇਵਾਰੀ ਵੀ ਬਣਦੀ ਹੈ।
ਆਂਚਲ ਸਿੰਘ ਹੇਅਰ ਨੇ ਪਿੰਡ ਸਰਾਭਾ ਦੀ ਧਰਤੀ ਨੂੰ ਸਲਾਮ ਕਰਦਿਆਂ ਇਸ ਮਿੱਟੀ ਦੇ ਜੰਮਪਲ ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਇਸ ਪਿੰਡ ਦੇ ਹੋਰ ਸ਼ਹੀਦਾਂ ਦੀ ਬਾਰੇ ਜਾਣਕਾਰੀ ਦਿੱਤੀ। ਜੀ.ਐਚ.ਜੀ. ਟੀਮ ਨੇ ਭੰਗੜਾ ਪੇਸ਼ ਕੀਤਾ ਅਤੇ ਵਾਹ ਵਾਹ ਖੱਟੀ। ਰੂਹ ਪੰਜਾਬ ਦੀ ਟੀਮ ਵਲੋਂ ਕਿਰਨ ਮੈਹਿਮੀ, ਦਿਲਜੋਤ ਕੌਰ ਅਤੇ ਹਰਜੋਤ ਕੌਰ ਨੇ ਕਮਾਲ ਦੀ ਕੋਰੀਓਗਰਾਫੀ ਕੀਤੀ। ਫੋਰਮ ਵਲੋਂ ਸਮਾਗਮ ਵਿਚ ਭਾਗ ਲੈਣ ਵਾਲੇ ਬੱਚਿਆਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਦੱਸਣਯੋਗ ਹੈ ਕਿ ਪਿਛਲੇ ਹਫਤੇ ਗ਼ਦਰੀ ਬਾਬਿਆਂ ਦੇ ਮੁੱਖ ਦਫ਼ਤਰ ਯੁਗਾਂਤਰ ਆਸ਼ਰਮ ਸਾਨ ਫਰਾਂਸਿਸਕੋ, ਜਿਥੇ ਸ਼ਹੀਦ ਕਰਤਾਰ ਸਿੰਘ ਸਰਾਭਾ ਨੇ ‘ਗ਼ਦਰ ਦੀ ਗੂੰਜ’ ਅਖ਼ਬਾਰ ਕੱਢੀ ਸੀ, ਵਿਖੇ ਇੰਡੋ ਅਮੈਰਿਕਨ ਹੈਰੀਟੇਜ ਫੋਰਮ ਫਰਿਜ਼ਨੋਂ ਸਮੇਤ ਕੈਲੀਫੋਰਨੀਆ ਤੇ ਗ਼ਦਰੀ ਬਾਬਿਆਂ ਨੂੰ ਸਮਰਪਿਤ ਹੋਰ ਸੰਸਥਾਵਾਂ ਵਲੋਂ ਸਾਂਝੇ ਤੌਰ ‘ਤੇ ਸ਼ਹੀਦੀ ਦਿਹਾੜਾ ਮਨਾਇਆ ਗਿਆ। ਅੰਤ ਵਿਚ ਇੰਡੋ ਅਮੈਰਿਕਨ ਹੈਰੀਟੇਜ ਫੋਰਮ ਵਲੋਂ ਸ਼ਰਨਜੀਤ ਧਾਲੀਵਾਲ ਨੇ ਸਭਨਾਂ ਦਾ ਧੰਨਵਾਦ ਕੀਤਾ ਅਤੇ ਕਰਤਾਰ ਸਿੰਘ ਸਰਾਭੇ ਦੀ ਸ਼ਹਾਦਤ ਨੂੰ ਸਮੂਹਕ ਤੌਰ ‘ਤੇ ਯਾਦ ਕਰਦਿਆਂ ਹਥਲੀਆਂ ਸਤਰਾਂ ਦਾ ਉਚਾਰਨ ਕੀਤਾ-
ਹਿੰਦ ਵਾਸੀਓ ਰੱਖਣਾ ਯਾਦ ਸਾਨੂੰ, ਕਿਤੇ ਦਿਲਾਂ ‘ਚੋਂ ਨਾ ਭੁਲਾ ਜਾਣਾ
ਖਾਤਰ ਵਤਨ ਦੀ ਲੱਗੇ ਹਾਂ ਚੜ੍ਹਨ ਫਾਂਸੀ, ਸਾਨੂੰ ਦੇਖ ਕੇ ਨਾ ਘਬਰਾ ਜਾਣਾ