‘ਸਹਾਇਤਾ’ ਸੰਸਥਾ ਦੇ ਫੰਡ ਰੇਜ਼ਰ ਪ੍ਰੋਗਰਾਮ ‘ਚ ਮੁਟਿਆਰਾਂ ਨੇ ਪੇਸ਼ ਕੀਤੀਆਂ ਕੋਰੀਓਗ੍ਰਾਫੀਆਂ

‘ਸਹਾਇਤਾ’ ਸੰਸਥਾ ਦੇ ਫੰਡ ਰੇਜ਼ਰ ਪ੍ਰੋਗਰਾਮ ‘ਚ ਮੁਟਿਆਰਾਂ ਨੇ ਪੇਸ਼ ਕੀਤੀਆਂ ਕੋਰੀਓਗ੍ਰਾਫੀਆਂ

ਫਰੀਮਾਂਟ/ਬਿਊਰੋ ਨਿਊਜ਼ :
‘ਸਹਾਇਤਾ’ ਸੰਸਥਾ ਦਾ 11ਵਾਂ ਫੰਡ ਰੇਜ਼ਰ ਪ੍ਰੋਗਰਾਮ ਇਥੇ ਪਾਰਾਡੀਜ਼ ਬਾਲਰੂਮ ਵਿਖੇ ਹੋਇਆ। ਇਸ ਫੰਡ ਰੇਜ਼ਰ ਪ੍ਰੋਗਰਾਮ ਵਿਚ ਬੇ ਏਰੀਏ ਦੀਆਂ ਉੱਘੀਆਂ ਸ਼ਖ਼ਸੀਅਤਾਂ ਹਾਜ਼ਰ ਹੋਈਆਂ। ਡਾਕਟਰ ਹਰਕੇਸ਼ ਸਿੰਘ ਸੰਧੂ, ਜੋ ਇਸ ਨੌਨ ਪ੍ਰੋਫਿਟ ਸੰਸਥਾ ਦੇ ਮੋਢੀਆਂ ਵਿੱਚੋਂ ਇਕ ਹਨ, ਨੇ ਸੰਸਥਾ ਦੇ 2005 ਤੋਂ ਲੈ ਕਿ ਹੁਣ ਤੱਕ ਦੇ ਸਫਰ ‘ਤੇ ਚਾਨਣਾ ਪਾਇਆ। ਉਨ੍ਹਾਂ ਦੀ ਤਕਰੀਰ ਵਿਚ ਪੰਜਾਬ ਲਈ ਦਰਦ ਸਾਫ ਝਲਕਦਾ ਸੀ। ਉਨ੍ਹਾਂ ਨੇ ਆਪਣੇ ਪੰਜਾਬ ਦੌਰੇ ਦੌਰਾਨ ਹੋਏ ਤਜਰਬੇ ਸਾਰਿਆਂ ਨਾਲ ਸਾਂਝੇ ਕੀਤੇ। ਕਰਜ਼ੇ ਨਾਲ ਜੂਝ ਰਹੇ ਕਿਸਾਨਾਂ ਤੇ ਉਨ੍ਹਾਂ ਦੇ ਘਰਾਂ ਦੇ ਹਾਲਾਤ ਬਾਰੇ ਬਾਰੀਕੀ ਨਾਲ ਜਾਣੂ ਕਰਵਾਇਆ। ਡਾਕਟਰ ਸੰਧੂ ਦੀ ਬੇਟੀ ਸਮਰੀਨ ਸੰਧੂ ਨੇ ਵੀ ਬਹੁਤ ਹੀ ਖੂਬਸੂਰਤ ਤਰੀਕੇ ਨਾਲ ਪੰਜਾਬ ਵਿੱਚ ਹੋਏ ਆਪਣੇ ਤਜਰਬੇ ਸਾਂਝੇ ਕੀਤੇ। ਇਸ ਮੌਕੇ ਪੰਜਾਬੀ ਮੁਟਿਆਰਾਂ ਨੇ ਖੂਬਸੂਰਤ ਕੋਰੀਓਗ੍ਰਾਫੀਆਂ ਪੇਸ਼ ਕੀਤੀਆਂ, ਜਿਸ ਨਾਲ ਸਾਰਾ ਮਾਹੌਲ ਸੰਗੀਤਮਈ ਹੋ ਗਿਆ। ਡੀ.ਜੇ. ਨਿਕ ਬੱਚੂ ਨੇ ਹਰ ਤਰ੍ਹਾਂ ਦੇ ਗੀਤਾਂ ਨਾਲ ਲੋਕਾਂ ਦਾ ਮਨੋਰੰਜਨ ਕੀਤਾ। ਮਿੱਕੀ ਸਰਾ ਤੇ ਜਸ ਸੰਧੂ ਨੇ ਬੋਲੀਆਂ ਤੇ ਟੱਪਿਆਂ ਨਾਲ ਪੂਰਾ ਪਿੜ ਬੰਨ੍ਹਿਆ। ਸਰੂਪ ਸਿੰਘ ਝੱਜ ਤੇ ਹਰਕੇਸ਼ ਸਿੰਘ ਸੰਧੂ ਨੇ ਪ੍ਰੋਗਰਾਮ ਵਿੱਚ ਸਹਿਯੋਗ ਦੇਣ ਵਾਲੇ ਹਰ ਦਾਨੀ ਤੇ ਵਲੰਟੀਅਰ ਦਾ ਤਹਿ ਦਿਲੋਂ ਸ਼ੁਕਰੀਆ ਕੀਤਾ ਤੇ ਅੱਗੇ ਤੋਂ ਵੀ ਇਹੋ ਜਿਹੇ ਹੁੰਗਾਰੇ ਦੀ ਆਸ ਰੱਖੀ। ਰਾਜਾ ਸਵੀਟਸ ਦੇ ਮੱਖਣ ਬੈਂਸ ਵੱਲੋਂ ਸ਼ਾਨਦਾਰ ਖਾਣੇ ਦਾ ਪ੍ਰਬੰਧ ਕੀਤਾ ਗਿਆ। ਇਨ੍ਹਾਂ ਖੂਬਸੂਰਤ ਪਲਾਂ ਨੂੰ ਫਾਇਨਾਂਸ ਪਲੈੱਨਰ ਰਾਜ ਬਡਵਾਲ ਨੇ ਕੈਮਰੇ ਵਿੱਚ ਕੈਦ ਕੀਤਾ।