ਇਕ ਹੋਰ ਸਿੱਖ ਨਸਲੀ ਹਿੰਸਾ ਦਾ ਸ਼ਿਕਾਰ

ਇਕ ਹੋਰ ਸਿੱਖ ਨਸਲੀ ਹਿੰਸਾ ਦਾ ਸ਼ਿਕਾਰ

ਹਮਲਾਵਰਾਂ ਨੇ ਮਾਨ ਸਿੰਘ ਖ਼ਾਲਸਾ ਦੇ ਚਾਕੂ ਨਾਲ ਵਾਲ ਕੱਟੇ
ਨਿਊਯਾਰਕ/ਬਿਊਰੋ ਨਿਊਜ਼ :
ਅਮਰੀਕਾ ਵਿੱਚ 41 ਸਾਲਾ ਸਿੱਖ ਮਾਨ ਸਿੰਘ ਖ਼ਾਲਸਾ ‘ਤੇ ਕੁਝ ਵਿਅਕਤੀਆਂ ਨੇ ਹਮਲਾ ਕੀਤਾ ਅਤੇ ਉਸ ਦੀ ਪੱਗ ਲਾਹ ਕੇ ਵਾਲ ਚਾਕੂ ਨਾਲ ਕੱਟ ਦਿੱਤੇ। ਜ਼ਿਕਰਯੋਗ ਹੈ ਕਿ ਕੈਲੀਫੋਰਨੀਆ ਵਿਚ ਆਈਟੀ ਮਾਹਰ ਮਾਨ ਸਿੰਘ 25 ਸਤੰਬਰ ਦੀ ਰਾਤ ਆਪਣੀ ਗੱਡੀ ਵਿਚ ਘਰ ਆ ਰਿਹਾ ਸੀ ਕਿ ਰਾਹ ਵਿੱਚ ਕੁਝ ਵਿਅਕਤੀਆਂ ਨੇ ਉਸ ‘ਤੇ ਹਮਲਾ ਕਰਕੇ ਉਸ ਦੀ ਪੱਗ ਲਾਹ ਦਿੱਤੀ ਤੇ ਮੁੱਠੀ ਭਰ ਕੇ ਵਾਲ ਵੀ ਕੱਟ ਦਿੱਤੇ। ਸ੍ਰੀ ਖਾਲਸਾ ਨੇ ਦੱਸਿਆ ਕਿ ਹਮਲਾ ਕਰਨ ਵਾਲੇ ਗਿਣਤੀ ਵਿੱਚ ਛੇ ਸਨ ਜਿਨ੍ਹਾਂ ਵਿੱਚੋਂ ਪੰਜ ਗੋਰੇ ਸਨ। ਹਮਲਾਵਰਾਂ ਨੇ ਸ੍ਰੀ ਖਾਲਸਾ ਨੂੰ ਹੋਰ ਸੱਟਾਂ ਵੀ ਮਾਰੀਆਂ। ਉਨ੍ਹਾਂ ਨੇ ਮਾਨ ਸਿੰਘ ਨੂੰ ਦੇਖਦਿਆਂ ਹੀ ਰੌਲਾ ਪਾਇਆ ਕਿ ਇਸ ਦੇ ਵਾਲ ਕੱਟ ਦਿਓ ਤੇ ਕਾਰ ਦੀ ਖਿੜਕੀ ਵਿਚੋਂ ਹੀ ਉਸ ਦਾ ਸਿਰ ਧੂਹ ਲਿਆ ਤੇ ਪੱਗ ਲਾਹ ਕੇ ਚਾਕੂ ਨਾਲ ਵਾਲ ਕੱਟ ਦਿੱਤੇ। ਖ਼ਾਲਸਾ ਨੇ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਪਰ ਉਹ ਵਿਅਕਤੀ ਉਸ ਦਾ ਲਗਾਤਾਰ ਪਿਛਾ ਕਰਦੇ ਰਹੇ ਤੇ ਖਿੜਕੀ ਰਾਹੀਂ ਵਾਰ ਵਾਰ ਉਸ ‘ਤੇ ਹਮਲਾ ਕਰਦੇ ਰਹੇ। ਸ੍ਰੀ ਖ਼ਾਲਸਾ ਨੇ ਕਿਹਾ ਕਿ ਇਹ ਵਿਅਕਤੀ 20 ਤੋਂ 30 ਦੀ ਉਮਰ ਦੇ ਵਿਚਾਲੇ ਸਨ। ਇਨ੍ਹਾਂ ਵਿਚੋਂ ਸਾਰੇ ਉਸ ‘ਤੇ ਨਸਲੀ ਟਿੱਪਣੀਆਂ ਕਰ ਰਹੇ ਸਨ ਤੇ ਤਿੰਨ ਜਣੇ ਲਗਾਤਾਰ ਉਸ ‘ਤੇ ਵਾਰ ਕਰ ਰਹੇ ਸਨ। ਇਸ ਹਮਲੇ ਵਿਚ ਖਾਲਸਾ ਦੀਆਂ ਉਂਗਲਾਂ, ਹੱਥ, ਅੱਖਾਂ ਤੇ ਦੰਦਾਂ ‘ਤੇ ਸੱਟ ਲੱਗੀ ਹੈ।
ਨਾਗਰਿਕ ਅਧਿਕਾਰ ਜਥੇਬੰਦੀ ‘ਦਿ ਸਿੱਖ ਕੁਲੀਸ਼ਨ’ ਨੇ ਇਸ ਘਟਨਾ ਦੀ ਜਾਂਚ ਨਫਰਤ ਤੋਂ ਪ੍ਰੇਰਿਤ ਅਪਰਾਧ ਵਜੋਂ ਕਰਨ ਦੀ ਮੰਗ ਕੀਤੀ ਹੈ। ਸਿੱਖ ਕਲੀਜ਼ਨ ਨੇ ਖ਼ਾਲਸਾ ਦੀ ਤਰਫ਼ੋਂ ਰਿਚਮੰਡ ਪੁਲੀਸ ਵਿਭਾਗ ਅਤੇ ਕੋਂਟਰਾ ਕੋਸਟਾ ਕਾਉਂਟੀ ਜ਼ਿਲ੍ਹਾ ਅਟਾਰਨੀ ਦੇ ਦਫ਼ਤਰ ਦਰਖ਼ਾਸਤ ਦਿੱਤੀ ਹੈ ਕਿ ਇਸ ਮਾਮਲੇ ਦੀ ਨਸਲੀ ਹਮਲੇ ਤਹਿਤ ਜਾਂਚ ਕੀਤੀ ਜਾਵੇ। ਖ਼ਾਲਸਾ ਨੇ ਕਿਹਾ ਹੈ ਕਿ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਹੋਣੀ ਚਾਹੀਦੀ ਹੈ ਤਾਂ ਜੋ ਅਮਰੀਕਾ ਵਿਚ ਅਜਿਹੇ ਹਮਲਿਆਂ ‘ਤੇ ਕਾਬੂ ਪਾਇਆ ਜਾ ਸਕੇ। ਸਿੱਖ ਕਲੀਜ਼ਨ ਦੀ ਲੀਗਲ ਡਾਇਰੈਕਟਰ ਹਰਸਿਮਰਨ ਕੌਰ ਨੇ ਅਥਾਰਟੀ ਨੂੰ ਜ਼ੋਰ ਪਾ ਕੇ ਕਿਹਾ ਹੈ ਕਿ ਸ੍ਰੀ ਖ਼ਾਲਸਾ ਅਤੇ ਉਸ ਦੀ ਸਿੱਖੀ ਦੀ ਪਛਾਣ ‘ਤੇ ਹੋਏ ਇਸ ਨਸਲੀ ਹਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਨਸਲੀ ਨਫ਼ਰਤੀ ਜਾਂਚ  ਦਾ ਮਕਸਦ ਇਹ ਯਕੀਨੀ ਬਣਾਉਣਾ ਹੈ ਕਿ ਸਾਡੀ ਸਰਕਾਰ ਨਿਰੱਪਖ ਹੋ ਕੇ ਇਸ ਮਾਮਲੇ ਦੀ ਜਾਂਚ ਕਰੇਗੀ ਅਤੇ ਸਿੱਖ ਭਾਈਚਾਰੇ ਨੂੰ ਨਿਆਂ ਮਿਲ ਸਕੇਗਾ।
ਸਿੱਖ ਕਲੀਜ਼ਨ ਨੇ ਕਿਹਾ ਕਿ 9/11 ਦੇ ਹਮਲਿਆਂ ਦੇ 15 ਵਰ੍ਹਿਆਂ ਮਗਰੋਂ ਔਸਤਨ ਅਮਰੀਕੀਆਂ ਦੇ ਮੁਕਾਬਲੇ ਸਿੱਖਾਂ ‘ਤੇ ਨਸਲੀ ਹਮਲੇ, ਭੇਦਭਾਵ ਦੇ ਮਾਮਲੇ ਜ਼ਿਆਦਾ ਵਾਪਰੇ ਹਨ। ਹਰਸਿਮਰਨ ਨੇ ਕਿਹਾ, ”ਸਾਨੂੰ ਇਸ ਨਫ਼ਰਤੀ ਹਿੰਸਾ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ ਤਾਂ ਜੋ ਇਸ ਦੀ ਜੜ੍ਹ ਤੱਕ ਪੁੱਜ ਕੇ ਇਸ ‘ਤੇ ਕਾਬੂ ਪਾਇਆ ਜਾ ਸਕੇ।