15 ਮਹੀਨਿਆਂ ਦੇ ਬਾਅਦ ਨਹੀਂ ਮੁੱਕੀ ਪੁਰਾਣੇ ਨੋਟਾਂ ਦੀ ਗਿਣਤੀ

15 ਮਹੀਨਿਆਂ ਦੇ ਬਾਅਦ ਨਹੀਂ ਮੁੱਕੀ ਪੁਰਾਣੇ ਨੋਟਾਂ ਦੀ ਗਿਣਤੀ

ਨਵੀਂ ਦਿੱਲੀ/ਬਿਊਰੋ ਨਿਊਜ਼:
ਕੇਂਦਰ ਸਰਕਾਰ ਵੱਲੋਂ 500 ਅਤੇ 1000 ਰੁਪਏ ਦੇ ਪੁਰਾਣੇ ਨੋਟਾਂ ਨੂੰ ਬੰਦ ਕਰਨ ਦੇ 15 ਮਹੀਨਿਆਂ ਬਾਅਦ ਵੀ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਮੋੜੇ ਗਏ ਨੋਟਾਂ ਦੀ ਗਿਣਤੀ ਅਤੇ ਉਨ੍ਹਾਂ ਦੇ ਅਸਲੀ-ਨਕਲੀ ਹੋਣ ਦੀ ਪਛਾਣ ਕਰਨ ‘ਚ ਲਗਿਆ ਹੋਇਆ ਹੈ। ਕੇਂਦਰੀ ਬੈਂਕ ਦਾ ਕਹਿਣਾ ਹੈ ਕਿ ਉਹ ਤੇਜ਼ੀ ਨਾਲ ਇਸ ਕੰਮ ਦੇ ਨਿਪਟਾਰੇ ‘ਚ ਜੁਟਿਆ ਹੋਇਆ ਹੈ। ਖ਼ਬਰ ਏਜੰਸੀ ਪੀਟੀਆਈ ਦੇ ਪੱਤਰਕਾਰ ਵੱਲੋਂ ਸੂਚਨਾ ਅਧਿਕਾਰ ਐਕਟ ਤਹਿਤ ਪਾਈ ਗਈ ਅਰਜ਼ੀ ਦੇ ਜਵਾਬ ‘ਚ ਆਰਬੀਆਈ ਨੇ ਕਿਹਾ ਕਿ ਨੋਟਾਂ ਦੀ ਗਿਣਤੀ-ਮਿਣਤੀ ਅਤੇ ਉਨ੍ਹਾਂ ਦੇ ਅਸਲੀ ਹੋਣ ਬਾਰੇ ਜਾਂਚ ਦਾ ਅਮਲ ਚਲ ਰਿਹਾ ਹੈ।
ਇਹ ਅਮਲ ਮੁਕਣ ਬਾਅਦ ਸੂਚਨਾ ਸਾਂਝੀ ਕੀਤੀ ਜਾਵੇਗੀ। ਬੰਦ ਕੀਤੇ ਗਏ ਨੋਟਾਂ ਦੀ ਗਿਣਤੀ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ‘ਚ ਰਿਜ਼ਰਵ ਬੈਂਕ ਨੇ ਦੱਸਿਆ ਕਿ ਮਿਲੇ ਪੁਰਾਣੇ ਨੋਟਾਂ ਦੀ ਅੰਦਾਜ਼ਨ ਕੀਮਤ 30 ਜੂਨ 2017 ਤਕ 15.28 ਲੱਖ ਕਰੋੜ ਰੁਪਏ ਰਹੀ। ਉਨ੍ਹਾਂ ਕਿਹਾ ਕਿ ਗਿਣਤੀ ਅਤੇ ਅਸਲੀ-ਨਕਲੀ ਦੀ ਪਛਾਣ ਮਗਰੋਂ ਇਸ ਅੰਕੜੇ ‘ਚ ਤਬਦੀਲੀ ਦੀ ਪੂਰੀ ਸੰਭਾਵਨਾ ਹੈ। ਕੰਮ ਮੁਕੰਮਲ ਹੋਣ ਦੀ ਸਮਾਂ ਹੱਦ ਪੁੱਛੇ ਜਾਣ ਬਾਰੇ ਬੈਂਕ ਨੇ ਕਿਹਾ ਕਿ ਉਹ ਬਹੁਤ ਤੇਜ਼ੀ ਨਾਲ ਇਸ ਕੰਮ ਨੂੰ ਅੰਜਾਮ ਦੇ ਰਿਹਾ ਹੈ। ਜਾਂਚ ਅਤੇ ਉਨ੍ਹਾਂ ਦੀ ਪਛਾਣ ਲਈ 59 ਮਸ਼ੀਨਾਂ ਲਾਈਆਂ ਗਈਆਂ ਹਨ। ਉਂਜ ਮਸ਼ੀਨਾਂ ਵੱਲੋਂ ਕੀਤੀ ਜਾ ਰਹੀ ਚੈਕਿੰਗ ਦੇ ਸਥਾਨ ਬਾਰੇ ਉਨ੍ਹਾਂ ਕੋਈ ਜਾਣਕਾਰੀ ਨਹੀਂ ਦਿੱਤੀ।