15 ਸਾਲ ਬਾਅਦ ਭਾਰਤ ਵਿਸ਼ਵ ਜੂਨੀਅਰ ਹਾਕੀ ਚੈਂਪੀਅਨ

15 ਸਾਲ ਬਾਅਦ ਭਾਰਤ ਵਿਸ਼ਵ ਜੂਨੀਅਰ ਹਾਕੀ ਚੈਂਪੀਅਨ

ਬੈਲਜੀਅਮ ਨੂੰ 2-1 ਨਾਲ ਹਰਾਇਆ; ਜਰਮਨੀ ਤੀਜੇ ਨੰਬਰ ਉਤੇ
ਅੰਮ੍ਰਿਤਸਰ ਦੇ ਗੁਰਜੰਟ ਸਿੰਘ ਨੇ ਪਹਿਲਾ ਤੇ ਬਟਾਲਾ ਦੇ ਸਿਮਰਨਜੀਤ ਸਿੰਘ ਨੇ ਕੀਤਾ ਦੂਜਾ ਗੋਲ
ਲਖਨਊ/ਬਿਊਰੋ ਨਿਊਜ਼ :
ਭਾਰਤ ਨੇ 15 ਸਾਲਾਂ ਦੇ ਵਕਫ਼ੇ ਮਗਰੋਂ ਐਫਆਈਐਚ ਜੂਨੀਅਰ ਹਾਕੀ ਵਿਸ਼ਵ ਕੱਪ ਜਿੱਤ ਕੇ ਇਤਿਹਾਸ ਸਿਰਜ ਦਿੱਤਾ ਹੈ। ਭਾਰਤੀ ਟੀਮ ਨੇ ਫਾਈਨਲ ਵਿੱਚ ਬੈਲਜੀਅਮ ਨੂੰ 2-1 ਨਾਲ ਹਰਾਇਆ।
ਮੇਜ਼ਬਾਨ ਟੀਮ ਨੇ ਦੋਵੇਂ ਮੈਦਾਨੀ ਗੋਲ ਮੈਚ ਦੇ ਪਹਿਲੇ ਅੱਧ ਵਿੱਚ ਕੀਤੇ। ਅੰਮ੍ਰਿਤਸਰ ਦੇ ਗੁਰਜੰਟ ਸਿੰਘ ਨੇ ਅੱਠਵੇਂ ਮਿੰਟ ਵਿੱਚ ਪਹਿਲਾ ਗੋਲ ਕਰ ਕੇ ਟੀਮ ਨੂੰ ਲੀਡ ਦਿਵਾਈ, ਜਦੋਂ ਕਿ ਬਟਾਲਾ ਦੇ ਸਿਮਰਨਜੀਤ ਸਿੰਘ ਨੇ 22ਵੇਂ ਮਿੰਟ ਵਿੱਚ ਦੂਜੇ ਗੋਲ ਨਾਲ ਲੀਡ ਵਧਾਈ। ਮੈਚ ਦੌਰਾਨ ਗੇਂਦ ਨੂੰ ਵੱਧ ਸਮਾਂ ਆਪਣੇ ਕੋਲ ਰੱਖਣ ਕਾਰਨ ਹੀ ਭਾਰਤੀ ਟੀਮ ਜਿੱਤ ਦੀ ਹੱਕਦਾਰ ਬਣੀ। ਬੈਲਜੀਅਮ ਵੱਲੋਂ ਇਕੋ ਇਕ ਗੋਲ ਫੈਬਰਿਸ ਵਾਨ ਬੋਕਰਿਜਕ ਨੇ 70ਵੇਂ ਮਿੰਟ ਵਿਚ ਪੈਨਲਟੀ ਕਾਰਨਰ ਉਤੇ ਕੀਤਾ।
ਟੀਮ ਕੋਚ ਹਰਿੰਦਰ ਸਿੰਘ ਨੇ ਕਿਹਾ ਕਿ 2001 ਵਿੱਚ ਗਗਨ ਅਜੀਤ ਸਿੰਘ ਅਤੇ ਜੁਗਰਾਜ ਸਿੰਘ ਵਰਗੇ ਖਿਡਾਰੀਆਂ ਨੇ ਜਿਹੜਾ ਮਾਅਰਕਾ ਮਾਰਿਆ ਸੀ, ਉਹ ਦੁਹਰਾਇਆ ਗਿਆ ਹੈ। ਨਵੀਂ ਦਿੱਲੀ ਵਿੱਚ ਪਿਛਲੀ  ਵਾਰ ਭਾਰਤੀ ਟੀਮ 13ਵੇਂ ਸਥਾਨ ਉਤੇ ਰਹੀ ਸੀ। ਇਸ ਵਾਰ ਖ਼ਿਤਾਬ ਉਤੇ ਨਜ਼ਰ ਗੱਡ ਕੇ ਖੇਡ ਰਹੀ ਮੇਜ਼ਬਾਨ ਟੀਮ ਨੇ ਸ਼ੁਰੂ ਤੋਂ ਹੀ ਹਮਲਾਵਰ ਖੇਡ ਤੇ ਲਗਾਤਾਰ ਹਮਲਿਆਂ ਨਾਲ ਬੈਲਜੀਅਮ ਦੀ ਰੱਖਿਆ ਪੰਕਤੀ ਉਤੇ ਦਬਾਅ ਬਣਾ ਲਿਆ। ਭਾਰਤ ਦੇ ਇਸੇ ਦਬਾਅ ਕਾਰਨ ਟੀਮ ਨੂੰ ਪਹਿਲੇ ਛੇ ਮਿੰਟਾਂ ਵਿੱਚ ਦੋ ਪੈਨਲਟੀ ਕਾਰਨਰ ਮਿਲੇ ਪਰ ਇਸ ਪੂਰੇ ਟੂਰਨਾਮੈਂਟ ਦੀ ਆਪਣੀ ਕਮਜ਼ੋਰੀ ਮੁੜ ਜ਼ਾਹਰ ਕਰਦਿਆਂ ਮੇਜ਼ਬਾਨਾਂ ਨੇ ਦੋਵੇਂ ਮੌਕੇ ਗਵਾ ਦਿੱਤੇ। ਇਸ ਦੇ ਬਾਵਜੂਦ ਟੀਮ ਨੂੰ ਗੋਲ ਲਈ ਲੰਮਾ ਇੰਤਜ਼ਾਰ ਨਹੀਂ ਕਰਨਾ ਪਿਆ ਅਤੇ ਅੱਠਵੇਂ ਮਿੰਟ ਵਿੱਚ ਗੁਰਜੰਟ ਨੇ ਬਿਹਤਰੀਨ ਮੈਦਾਨੀ ਗੋਲ ਕੀਤਾ। ਇਸ ਗੋਲ ਦਾ ਆਧਾਰ ਸੁਮਿਤ ਦਾ ਬਿਹਤਰੀਨ ਸਕੂਪ ਰਿਹਾ, ਜਿਸ ਦੌਰਾਨ ਗੇਂਦ ਬੈਲਜੀਅਮ ਗੋਲ ਕੀਪਰ ਦੀ ਛਾਤੀ ‘ਤੇ ਵੱਜ ਕੇ ਗੁਰਜੰਟ ਕੋਲ ਆ ਗਈ ਅਤੇ ਉਸ ਨੇ ਗੇਂਦ ਨੂੰ ਗੋਲ ਵਿੱਚ ਪਹੁੰਚਾਉਣ ਲਈ ਕੋਈ ਗ਼ਲਤੀ ਨਾ ਕੀਤੀ। ਇਸ ਤੋਂ ਇਕ ਮਿੰਟ ਬਾਅਦ ਨੀਲਕਾਂਤ ਸ਼ਰਮਾ ਨੂੰ ਬਿਹਤਰੀਨ ਮੌਕਾ ਮਿਲਿਆ ਪਰ ਉਸ ਦਾ ਸ਼ਾਟ ਬਾਹਰ ਚਲਾ ਗਿਆ। 22ਵੇਂ ਮਿੰਟ ਵਿੱਚ ਸਿਮਰਨਜੀਤ ਨੇ ਸਰਕਲ ਦੇ ਸਿਰੇ ਤੋਂ ਰਿਵਰਸ ਸ਼ਾਟ ਰਾਹੀਂ ਗੋਲ ਕਰ ਕੇ ਲੀਡ ਦੁੱਗਣੀ ਕੀਤੀ।
ਇਸ ਤੋਂ ਪਹਿਲਾਂ ਛੇ ਵਾਰ ਦੀ ਚੈਂਪੀਅਨ ਜਰਮਨੀ ਦੀ ਟੀਮ ਨੇ ਆਸਟਰੇਲੀਆ ਨੂੰ 3-0 ਨਾਲ ਹਰਾ ਕੇ ਕਾਂਸੀ ਦਾ ਤਗ਼ਮਾ ਜਿੱਤਿਆ।

ਬਾਦਲ, ਸੁਮਿੱਤਰਾ ਮਹਾਜਨ ਵੱਲੋਂ ਹਾਕੀ ਟੀਮ ਨੂੰ ਵਧਾਈ :
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਭਾਰਤੀ ਜੂਨੀਅਰ ਹਾਕੀ ਟੀਮ ਨੂੰ 15 ਵਰ੍ਹਿਆਂ ਬਾਅਦ ਜੂਨੀਅਰ ਹਾਕੀ ਵਿਸ਼ਵ ਕੱਪ ਆਪਣੇ ਨਾਂ ਕਰਕੇ ਇਤਿਹਾਸ ਸਿਰਜਣ ਲਈ ਵਧਾਈ ਦਿੱਤੀ ਹੈ। ਮੁੱਖ ਮੰਤਰੀ ਨੇ ਭਾਰਤੀ ਟੀਮ ਦੀ ਸ਼ਾਨਦਾਰ ਜਿੱਤ ਦੀ ਸ਼ਲਾਘਾ ਕੀਤੀ, ਜਿਨ੍ਹਾਂ ਨੇ 2-1 ਗੋਲ ਨਾਲ ਬੈਲਜੀਅਮ ਦੀ ਟੀਮ ਨੂੰ ਮਾਤ ਦਿੱਤੀ। ਉਨ੍ਹਾਂ ਕਿਹਾ ਕਿ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਇਸ ਟੀਮ ਦੇ ਕਪਤਾਨ ਹਰਜੀਤ ਸਿੰਘ ਸਮੇਤ ਪੰਜ ਖਿਡਾਰੀ ਪੰਜਾਬੀ ਹਨ। ਇਸੇ ਦੌਰਾਨ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਵੀ ਹਾਕੀ ਟੀਮ ਨੂੰ ਵਧਾਈ ਦਿੱਤੀ ਹੈ। ਇਸ ਦੌਰਾਨ ਲੋਕ ਸਭਾ ਸਪੀਕਰ ਸੁਮਿੱਤਰਾ ਮਹਾਜਨ ਨੇ ਜੂਨੀਅਰ ਹਾਕੀ ਟੀਮ ਨੂੰ ਖ਼ਿਤਾਬ ਜਿੱਤਣ ‘ਤੇ ਵਧਾਈ ਦਿੱਤੀ ਹੈ। ਆਪਣੇ ਸੁਨੇਹੇ ਵਿਚ ਉਨ੍ਹਾਂ ਕਿਹਾ ਕਿ ਟੀਮ ਨੇ ਜ਼ਬਰਦਸਤ ਹਮਲਾਵਰ ਅਤੇ ਕਲਾਤਮਕ ਹਾਕੀ ਦਾ ਪ੍ਰਦਰਸ਼ਨ ਕੀਤਾ ਅਤੇ ਦੇਸ਼ ਦਾ ਮਾਣ ਵਧਾਇਆ।