ਬੇਅਦਬੀ ਕਾਂਡ ਵਿਚ ਸ਼ਮੂਲੀਅਤ ਦਾ ਮੁੱਦਾ ਬਾਦਲ ਦਲ ਦੀਆਂ ਜੜ੍ਹਾਂ ਵਿਚ ਬੈਠਿਆ

ਬੇਅਦਬੀ ਕਾਂਡ ਵਿਚ ਸ਼ਮੂਲੀਅਤ ਦਾ ਮੁੱਦਾ ਬਾਦਲ ਦਲ ਦੀਆਂ ਜੜ੍ਹਾਂ ਵਿਚ ਬੈਠਿਆ

ਚੰਡੀਗੜ੍ਹ/ਬਿਊਰੋ ਨਿਊਜ਼ :
ਪੰਜਾਬ ਵਿਚ ਸਾਲ ੨੦੧੫ ਵਿਚ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ਵਿਚ ਸਿਰਸੇ ਵਾਲੇ ਦੇ ਚੇਲਿਆਂ ਦੀ ਸ਼ਮੂਲੀਅਤ ਅਤੇ ਬਾਦਲ ਸਰਕਾਰ ਦੀ ਉਨ੍ਹਾਂ ਨੂੰ ਸ਼ਹਿ ਦੇਣ ਦਾ ਮੁੱਦਾ ਪਾਰਟੀ ਦੀਆਂ ਜੜ੍ਹਾਂ ਵਿਚ ਬੈਝਦਾ ਜਾ ਰਿਹਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ, ਬਹਿਬਲ ਕਲਾਂ ਤੇ ਕੋਟਕਪੂਰਾ ਗੋਲੀ ਕਾਂਡ ਦੇ ਦੋਸ਼ੀਆਂ ਦੀ ਗ੍ਰਿਫਤਾਰੀ ਨੂੰ ਲੈ ਕੇ ਪੰਥਕ ਧਿਰਾਂ ਵੱਲੋਂ ਬਰਗਾੜੀ ਵਿੱਚ ਪਿਛਲੇ ਕਈ ਮਹੀਨਿਆਂ ਤੋਂ ਲਾਇਆ ਮੋਰਚਾ ਭਾਵੇਂ ਕਿਸੇ ਪਾਰਟੀ ਨੂੰ ਫਾਇਦਾ ਦੇਵੇ ਜਾਂ ਨਾ ਪਰ ਅਕਾਲੀਆਂ ਦੀ ਸਿਆਸੀ ਬੇੜੀ ਵਿੱਚ ਵੱਟੇ ਪਾਉਣ ਦਾ ਕੰਮ ਜ਼ਰੂਰ ਕਰ ਰਿਹਾ ਹੈ। ਦੇਖਿਆ ਜਾਵੇ ਤਾਂ ਧਾਰਮਿਕ ਭਾਵਨਾਵਾਂ ਨਾਲ ਜੁੜਿਆ ਮੁੱਦਾ ਅਕਾਲੀਆਂ ਦੀ ਡਾਵਾਂਡੋਲ ਕਿਸ਼ਤੀ ਮੂਹਰੇ ਤੂਫਾਨ ਬਣਿਆ ਖੜ੍ਹਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਪੀੜਾ ਸਮਝੀ ਜਾ ਸਕਦੀ ਹੈ। ਇਹੀ ਕਾਰਨ ਹੈ ਕਿ ਛੋਟੇ ਬਾਦਲ ਇਨ੍ਹੀ ਦਿਨੀਂ ਪਾਕਿਸਤਾਨ ਦੀ ਖੁਫ਼ੀਆ ਏਜੰਸੀ ਆਈਐਸਆਈ ਦਾ ਰਾਗ ਕੁਝ ਜ਼ਿਆਦਾ ਹੀ ਅਲਾਪ ਰਹੇ ਹਨ। ਸਿਆਸੀ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ‘ਬਰਗਾੜੀ ਮੋਰਚਾ’ ਅਕਾਲੀਆਂ ਦੀ ਸਿਅਸਤ ‘ਤੇ ਭਾਰੂ ਪੈ ਰਿਹਾ ਹੈ। ਸਾਲ 2019 ਵਿੱਚ ਹੋਣ ਵਾਲੀਆਂ ਲੋਕ ਸਭਾ ਚੋਣਾਂ ‘ਤੇ ਵੀ ਇਸ ਦਾ ਸਪੱਸ਼ਟ ਅਸਰ ਪੈਂਦਾ ਦਿਖਾਈ ਦੇ ਰਿਹਾ ਹੈ।
ਪੰਜਾਬ ਦੀ ਰਾਜਨੀਤੀ ਉਪਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ, ਬਹਿਬਲ ਕਲਾਂ ਤੇ ਕੋਟਕਪੂਰਾ ਗੋਲੀ ਕਾਂਡ ਦਾ ਸਪੱਸ਼ਟ ਪਰਛਾਵਾਂ ਦੇਖਿਆ ਜਾ ਸਕਦਾ ਹੈ। ਇਸ ਦਾ ਸਭ ਤੋਂ ਜ਼ਿਆਦਾ ਸੇਕ ਸ਼੍ਰੋਮਣੀ ਅਕਾਲੀ ਦਲ ਨੂੰ ਝੱਲਣਾ ਪੈ ਰਿਹਾ ਹੈ। ਸੱਤਾਹੀਣ ਹੋਣ ਤੋਂ ਬਾਅਦ ਅਕਾਲੀਆਂ ਨੂੰ ਜਾਪਦਾ ਸੀ ਕਿ ਬਰਗਾੜੀ ਦਾ ਬੇਅਦਬੀ ਮਾਮਲਾ ਅਤੇ ਗੋਲੀ ਕਾਂਡ ਦੀਆਂ ਘਟਨਾਵਾਂ ਨਾਲ ਹੁਣ ਮੌਕੇ ਦੀ ਹਕੂਮਤ (ਕਾਂਗਰਸ) ਨੇ ਹੀ ਜੂਝਣਾ ਹੈ। ਅਕਾਲੀ ਖੁਦ ਨੂੰ ਸੁਰਖੁਰੂ ਸਮਝੀ ਬੈਠੇ ਸਨ ਪਰ ਸੱਤਾ ਤਬਦੀਲੀ ਮਗਰੋਂ ਮਾਮਲਾ ਠੰਢਾ ਹੋਣ ਦੀ ਥਾਂ ਜ਼ਿਆਦਾ ਭਖਦਾ ਮੁੱਦਾ ਬਣ ਗਿਆ ਤੇ ਸਿਆਸੀ ਪਾਰਟੀਆਂ ਨੇ ਰੋਟੀਆਂ ਸੇਕਣੀਆਂ ਸ਼ੁਰੂ ਕਰ ਦਿੱਤੀਆਂ ਹਨ। ਦੂਜਾ ਵਿਧਾਨ ਸਭਾ ਵਿਚ ਪੇਸ਼ ਹੋਈ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਜਾਂਚ ਰਿਪੋਰਟ ‘ਚ ਬਹਿਸ ਤੋਂ ਭੱਜਣਾ ਵੀ ਅਕਾਲੀ ਦਲ ਨੂੰ ਪੁੱਠਾ ਪੈ ਗਿਆ। ‘ਬਰਗਾੜੀ’ ਪੰਜਾਬ ਦੇ ਸਿਆਸੀ ਨਕਸ਼ੇ ‘ਤੇ ਇੱਕ ਅਜਿਹੇ ਪਿੰਡ ਵਜੋਂ ਉਭਰ ਕੇ ਸਾਹਮਣੇ ਆਉਣ ਲੱਗਾ ਹੈ, ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹੋਰਨਾਂ ਸਿੱਖ ਸੰਸਥਾਵਾਂ ਦਾ ਕੰਟਰੋਲ ਕਰਦੀ ਆ ਰਹੀ ‘ਪੰਥਕ ਪਾਰਟੀ’ ਲਈ ਡਰਾਉਣਾ ਬਣਦਾ ਜਾ ਰਿਹਾ ਹੈ।
ਪੰਜਾਬ ਦੀ ਸਿਆਸਤ ‘ਤੇ ਪੈਦਾ ਹੋਏ ਤਾਜ਼ਾ ਹਾਲਾਤ ਨਾਲ ਸਿੱਝਣ ਲਈ ਅਕਾਲੀਆਂ ਦੀ ਕੋਈ ਠੋਸ ਰਣਨੀਤੀ ਨਜ਼ਰ ਨਹੀਂ ਆਉਂਦੀ। ਕੋਰ ਕਮੇਟੀ ਦੀਆਂ ਮੀਟਿੰਗਾਂ ਕਰਕੇ ਕਾਂਗਰਸ ਨੂੰ ਭੰਡਣ ‘ਤੇ ਜ਼ੋਰ ਤਾਂ ਲਾਇਆ ਜਾ ਰਿਹਾ ਹੈ ਪਰ ਪਿਛਲੀਆਂ ਗ਼ਲਤੀਆਂ ਨੂੰ ਸੁਧਾਰਨ ਦੀ ਲੋੜ ਨਹੀਂ ਸਮਝੀ ਜਾ ਰਹੀ। ਸੁਖਬੀਰ ਸਿੰਘ ਬਾਦਲ ਵੱਲੋਂ ਬਚਾਅ ਲਈ ਸ਼ੁਰੂ ਕੀਤੀ ‘ਪੋਲ ਖੋਲ੍ਹ’ ਮੁਹਿੰਮ ਸਿਆਸੀ ਮਾਹੌਲ ਆਪਣੇ ਪੱਖ ਦਾ ਬਣਾਉਣ ਦੀ ਥਾਂ ਟਕਰਾਅ ਵਾਲੀ ਰਣਨੀਤੀ ਵਜੋਂ ਜ਼ਿਆਦਾ ਦਿਖਾਈ ਦੇ ਰਹੀ ਹੈ। ਪੰਜਾਬ ਦੇ ਮਾਲਵਾ ਖਿੱਤੇ ਦੇ ਇਨ੍ਹਾਂ ਜ਼ਿਲ੍ਹਿਆਂ ‘ਤੇ ਬਾਦਲਾਂ ਦਾ ਪ੍ਰਭਾਵ ਰਿਹਾ ਹੈ। ਪਿੰਡ ਬਰਗਾੜੀ, ਜਿਸ ਸੰਸਦੀ ਹਲਕੇ ਵਿੱਚ ਪੈਂਦਾ ਹੈ, ਉਸ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤਿੰਨ ਸੰਸਦ ਮੈਂਬਰ ਵਜੋਂ ਨੁਮਾਇੰਦੀ ਕਰ ਚੁੱਕੇ ਹਨ। ਇਹ ਹਲਕਾ ਰਾਖਵੇਂਕਰਨ ਅਧੀਨ ਆਉਣ ਤੋਂ ਬਾਅਦ ਬਾਦਲਾਂ ਨੇ ਆਪਣੀ ਸਿਆਸਤ ਦਾ ਧੁਰਾ ਬਠਿੰਡਾ ਬਣਾ ਲਿਆ ਸੀ। ਇਸ ਹਲਕੇ ਦੀ ਨੁਮਾਇੰਦਗੀ ਪਿਛਲੇ 9 ਸਾਲਾਂ ਤੋਂ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਕਰ ਰਹੇ ਹਨ। ਸਿਆਸੀ ਤੌਰ ‘ਤੇ ਇਹ ਮੰਨਿਆ ਜਾ ਰਿਹਾ ਹੈ ਕਿ ‘ਬਰਗਾੜੀ’ ਤੇ ਆਸ-ਪਾਸ ਹੋਈਆਂ ਘਟਨਾਵਾਂ ਅਤੇ ਬਰਗਾੜੀ ਵਿੱਚ ਲੱਗੇ ਮੋਰਚੇ ਦਾ ਅਸਰ ਫ਼ਰੀਦਕੋਟ, ਬਠਿੰਡਾ ਅਤੇ ਫਿਰੋਜ਼ਪੁਰ ਵਿੱਚ ਅਕਾਲੀ ਸਿਆਸਤ ‘ਤੇ ਪੈ ਰਿਹਾ ਹੈ ਤੇ ਅਕਾਲੀਆਂ ਲਈ ਇਹ ਖੇਤਰ ਆਉਂਦੀਆਂ ਲੋਕ ਸਭਾ ਚੋਣਾਂ ਦੌਰਾਨ ਨੁਕਸਾਨਦੇਹ ਸਾਬਤ ਹੋ ਸਕਦਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਆਗੂ ਖੁੱਲ੍ਹ ਕੇ ਭਾਵੇਂ ਇਸ ਅਸਰ ਨੂੰ ਕਬੂਲ ਨਹੀਂ ਕਰ ਰਹੇ ਪਰ ਦੱਬਵੀਂ ਸੁਰ ਵਿੱਚ ਮੰਨਦੇ ਹਨ ਕਿ ਬੇਅਦਬੀ ਨਾਲ ਜੁੜੀਆਂ ਘਟਨਾਵਾਂ ਅਕਾਲੀ ਦਲ ਦੇ ਅਕਸ ਨੂੰ ਸਿਆਸੀ ਤੌਰ ‘ਤੇ ਡੂੰਘੀ ਸੱਟ ਮਾਰ ਰਹੀਆਂ ਹਨ। ਪੰਜਾਬ ਦਾ ਮਾਲਵਾ ਖਿੱਤਾ ਸਿਆਸੀ ਤੌਰ ‘ਤੇ ‘ਬਲੂ ਬੈਲਟ’ ਵਜੋਂ ਜਾਣਿਆ ਜਾਂਦਾ ਸੀ। ਭਾਵ ਇਸ ਖੇਤਰ ਵਿੱਚ ਅਕਾਲੀਆਂ ਦਾ ਪ੍ਰਭਾਵ ਜ਼ਿਆਦਾ ਸੀ। ਅਕਾਲੀਆਂ ਵੱਲੋਂ ਵੱਡੀਆਂ ਰੈਲੀਆਂ ਵੀ ਇਸੇ ਖਿੱਤੇ ਵਿੱਚ ਕੀਤੀਆਂ ਜਾਂਦੀਆਂ ਰਹੀਆਂ ਹਨ।
ਸਿੱਖਾਂ ਦੀ ਨੁਮਾਇੰਦਗੀ ਕਰਦੀ ਆ ਰਹੀ ਇਸ ਪਾਰਟੀ ਵੱਲੋਂ ਬਦਲੀਆਂ ਹੋਈਆਂ ਰਣਨੀਤੀਆਂ ਅਤੇ ਸੋਸ਼ਲ ਇੰਜਨੀਅਰਿੰਗ ਦੇ ਸਿਆਸੀ ਜਾਲ ਨੇ ਇਸ ਖੇਤਰ ਵਿੱਚ ਵੱਡੀ ਸੱਟ ਮਾਰੀ ਸੀ। ਦੇਸ਼ ਦੇ ਸਿਆਸੀ ਨਕਸ਼ੇ ‘ਤੇ ਉਭਰੀ ‘ਆਮ ਆਦਮੀ ਪਾਰਟੀ’ ਨੂੰ ਵੀ ਪਹਿਲਾਂ ਸੰਸਦੀ ਚੋਣਾਂ ਵਿੱਚ 4 ਸੀਟਾਂ ਸਿਰਫ਼ ਮਾਲਵਾ ਖੇਤਰ ਵਿੱਚੋਂ ਹੀ ਮਿਲੀਆਂ ਅਤੇ ਉਸ ਤੋਂ ਬਾਅਦ ਵਿਧਾਨ ਸਭਾ ਚੋਣਾਂ ਵਿੱਚ ਵੀ 20 ਵਿੱਚੋਂ 18 ਐੱਮਐੱਲਏ ਮਾਲਵੇ ਵਿੱਚੋਂ ਹੀ ਜਿੱਤ ਕੇ ਆਏ। ਇਨ੍ਹਾਂ ਝਟਕਿਆਂ ਤੋਂ ਬਾਅਦ ਵੀ ਅਕਾਲੀ ਦਲ ਸੰਭਲਿਆ ਨਹੀਂ। ਡੇਢ ਕੁ ਸਾਲ ਪਹਿਲਾਂ ਸੱਤਾ ਤੋਂ ਲਾਂਭੇ ਹੋਣ ਅਤੇ ਨਮੋਸ਼ੀ ਭਰੀ ਹਾਰ ਪੱਲੇ ਪਾਉਣ ਵਿੱਚ ਇਨ੍ਹਾਂ ਘਟਨਾਵਾਂ ਨੂੰ ਪ੍ਰਮੁੱਖ ਮੰਨਿਆ ਜਾਂਦਾ ਹੈ। ਦੇਖਿਆ ਜਾਵੇ ਤਾਂ ਸਾਲ 2007 ਅਤੇ 2012 ਦੀਆਂ ਚੋਣਾਂ ਦੌਰਾਨ ਵੀ ਅਕਾਲੀ ਦਲ ਨੂੰ ਮਾਲਵੇ ਵਿੱਚੋਂ ਘੱਟ ਸੀਟਾਂ ਮਿਲੀਆਂ ਸਨ। ਇਸ ਤਰ੍ਹਾਂ ਨਾਲ ਅਕਾਲੀਆਂ ਦਾ ਆਪਣਾ ਪੱਕਾ ਵੋਟ ਬੈਂਕ ਖਿਸਕਿਆ ਹੋਇਆ ਹੈ ਤੇ ਭਵਿੱਖ ਵਿੱਚ ਸਿਆਸੀ ਤੌਰ ‘ਤੇ ਚੁਣੌਤੀਆਂ ਹੋਰ ਵੀ ਵੱਧ ਸਕਦੀਆਂ ਹਨ। ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੀ ਸਾਂਝੀ ਸਰਕਾਰ ਵੱਲੋਂ ਦਿੱਤੇ ਵਿਕਾਸ ਦੀ ਹਨੇਰੀ ਦੇ ਨਾਅਰੇ, ਬੇਅਦਬੀ ਅਤੇ ਗੋਲੀ ਕਾਂਡ ਦੀ ਧੂੜ ਵਿੱਚ ਹਵਾ ਹੋ ਗਏ। ਅਕਾਲੀਆਂ ਦੇ ਪੱਲੇ 15 ਸੀਟਾਂ ਪਈਆਂ ਤੇ ਭਾਜਪਾ ਨੂੰ ਮਹਿਜ਼ ਤਿੰਨਾਂ ਨਾਲ ਹੀ ਗੁਜ਼ਾਰਾ ਕਰਨਾ ਪਿਆ। ਪੰਜਾਬ ‘ਤੇ ਸਭ ਤੋਂ ਲੰਮਾ ਸਮਾਂ ਰਾਜ ਕਰਨ ਵਾਲਾ ਅਕਾਲੀ ਦਲ ਵਿਧਾਨ ਸਭਾ ਚੋਣਾਂ ਵਿੱਚ ਮੁੱਖ ਵਿਰੋਧੀ ਧਿਰ ਦਾ ਦਰਜਾ ਵੀ ਹਾਸਲ ਨਾ ਕਰ ਸਕਿਆ। ਵਿਧਾਨ ਸਭਾ ਵਿੱਚ ਸਦਨ ਦੇ ਆਗੂ ਦੀ ਕੁਰਸੀ ‘ਤੇ ਬੈਠਦੇ ਆ ਰਹੇ ਸੂਬੇ ਦੇ ਸਭ ਤੋਂ ਲੰਮੇਰੀ ਉਮਰ ਦੇ ਸਿਆਸਤਦਾਨ ਪ੍ਰਕਾਸ਼ ਸਿੰਘ ਬਾਦਲ ਸਦਨ ਦੀਆਂ ਬੈਠਕਾਂ ਵਿੱਚ ਹਿੱਸਾ ਲੈਣ ਤੋਂ ਗੁਰੇਜ਼ ਕਰਨ ਲੱਗੇ ਹਨ।