ਸ਼ਿਲਾਂਗ ਵਿਚੋਂ ਸਿੱਖ ਭਾਈਚਾਰੇ ਨੂੰ ਉਜਾੜਨਾ ਚਾਹੁੰਦੀ ਏ ਸਰਕਾਰ

ਸ਼ਿਲਾਂਗ ਵਿਚੋਂ ਸਿੱਖ ਭਾਈਚਾਰੇ ਨੂੰ ਉਜਾੜਨਾ ਚਾਹੁੰਦੀ ਏ ਸਰਕਾਰ

ਸ਼ਿਲਾਂਗ ਦੇ ਸਿੱਖ ਸਰਕਾਰ ਵਿਰੁੱਧ ਡਟੇ 
ਖਾਸੀ ਭਾਈਚਾਰੇ ਨੂੰ ਭੜਕਾ ਰਹੀਆਂ ਨੇ ਭਗਵੀਆਂ ਪਾਰਟੀਆਂ 
ਸਿੱਖਾਂ ਵਲੋਂ ਕਾਲੋਨੀ ਦੀ ਥਾਂ ਬਦਲਣ ਲਈ ਉੱਚ-ਪੱਧਰੀ ਕਮੇਟੀ ਦੀ ਤਜਵੀਜ਼ ਰੱਦ

ਸ਼ਿਲਾਂਗ/ਬਿਊਰੋ ਨਿਊਜ਼
ਵਿਚ ਸਿੱਖ ਭਾਈਚਾਰਾ ਇਸ ਸਮੇਂ ਖਤਰੇ ਵਿਚ ਹੈ, ਕਿਉਂਕਿ ਸ਼ਿਲਾਂਗ ਵਿਚ ਸਰਕਾਰ ਤੇ ਖਾਸੀ ਕਬੀਲਾ ਉਥੋਂ ਦੇ ਸਿੱਖਾਂ  ਨੂੰ ਉਜਾੜਨਾ ਚਾਹੁੰਦਾ ਹੈ ਤੇ ਉਹ ਇਨ੍ਹਾਂ ਨੂੰ ਉਥੋਂ ਦੇ ਵਾਸੀ ਨਹੀਂ ਮੰਨਦਾ। ਸ਼ਿਲਾਂਗ ਦੇ ਸਿੱਖ ਆਪਣੀ ਜ਼ਮੀਨ ਤੇ ਆਪਣੀ ਹੋਂਦ ਦੀ ਰੱਖਿਆ ਲਈ ਉਥੇ ਡਟੇ ਹੋਏ ਹਨ। ਉਥੇ ਰਾਤ ਦਾ ਕਰਫਿਊ ਹਾਲੇ ਤੱਕ ਵੀ ਲੱਗਿਆ ਹੋਇਆ ਹੈ। ਸਰਕਾਰ ਕਹਿ ਰਹੀ ਹੈ ਕਿ ਉਥੇ ਹਾਲਾਤ ਸ਼ਾਂਤ ਹਨ ਪਰ ਸਿੱਖਾਂ ਦੇ ਘਰਾਂ ਉੱਪਰ ਪੈਟਰੋਲ ਬੰਬ ਸੁੱਟੇ ਜਾ ਰਹੇ ਹਨ ਤੇ ਕਈ ਦੁਕਾਨਾਂ ਸਿੱਖਾਂ ਦੀਆਂ ਸਾੜ ਦਿੱਤੀਆਂ ਗਈਆਂ ਹਨ। ਸ਼੍ਰੋਮਣੀ ਕਮੇਟੀ ਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਇਥੇ ਆਈ ਤੇ ਚਲੀ ਗਈ। ਕਿਹਾ ਗਿਆ ਕਿ ਹਾਲਾਤ ਸ਼ਾਂਤ ਹਨ। ਉਥੋਂ ਦੀ ਸਰਕਾਰ ਭਾਜਪਾ ਗੱਠਜੋੜ ਦੀ ਸਹਾਇਤਾ ਨਾਲ ਚੱਲ ਰਹੀ ਹੈ। ਭਾਜਪਾ ਵਾਲੇ ਖਾਸੀ ਭਾਈਚਾਰੇ ਨੂੰ ਸਿੱਖਾਂ ਵਿਰੁੱਧ ਉਤਸ਼ਾਹਿਤ ਕਰ ਰਹੇ ਹਨ। ਇੱਥੇ ਸਿੱਖਾਂ ‘ਤੇ ਮੁੜ ਹਮਲੇ ਹੋਣ ਦੀ ਸੰਭਾਵਨਾ ਬਣੀ ਹੋਈ ਹੈ। ਸਿੱਖਾਂ ਦਾ ਖਾਸੀ ਭਾਈਚਾਰੇ ਵਲੋਂ ਬਾਈਕਾਟ ਚੱਲ ਰਿਹਾ ਹੈ, ਉੱਥੇ ਇਨ੍ਹਾਂ ਨੂੰ ਟੈਕਸੀਆਂ ਵਿਚ ਨਹੀਂ ਬਿਠਾਇਆ ਜਾ ਰਿਹਾ। ਸਿੱਖ ਬੱਚਿਆਂ ਨੂੰ ਟੈਕਸੀਆਂ ਵਿਚੋਂ ਉਤਾਰਿਆ ਜਾ ਰਿਹਾ ਹੈ ਤੇ ਫੈਟਕਰੀਆਂ ਵਿਚ ਕਿਹਾ ਜਾ ਰਿਹਾ ਹੈ ਕਿ ਸਿੱਖ ਆਪਣਾ ਬਾਣਾ ਤਿਆਗ ਦੇਣ, ਅਰਥਾਤ ਕੇਸ ਕਟਵਾ ਲੈਣ। ਭਾਰਤੀ ਮੀਡੀਆ ਕੋਈ ਖ਼ਬਰ ਨਹੀਂ ਦੇ ਰਿਹਾ। ਖੁਫੀਆ ਏਜੰਸੀਆਂ ਉੱਥੇ ਗਈਆਂ ਸਿੱਖ ਟੀਮਾਂ ਨੂੰ ਡਰਾ ਰਹੀਆਂ ਹਨ ਤੇ ਤਿੱਖੀ ਨਜ਼ਰ ਰੱਖ ਰਹੀਆਂ ਹਨ। ਇਕ ਤਰ੍ਹਾਂ ਉੱਥੇ ਬਲਿਊ ਸਟਾਰ ਜੂਨ-84 ਵਰਗੀ ਹਾਲਤ ਹੈ ਕਿ ਸ਼ਿਲਾਂਗ ਨੂੰ ਪੂਰੇ ਭਾਰਤ ਤੇ ਸਿੱਖ ਕੌਮ ਨਾਲੋਂ ਕੱਟ ਦਿੱਤਾ ਜਾਵੇ ਤੇ ਸਿੱਖ ਇਹ ਵੀ ”ਹਾਅ ਦਾ ਨਾਅਰਾ” ਨਾ ਮਾਰ ਸਕਣ ਕਿ ਸ਼ਿਲਾਂਗ ਦੇ ਸਿੱਖਾਂ ਨਾਲ ਕੀ ਬੀਤ ਰਹੀ ਹੈ।
ਸਿੱਖਾਂ ਵਲੋਂ ਵਿਰੋਧ : ਸ਼ਿਲਾਂਗ ਦੇ ਸਿੱਖਾਂ ਨੇ ਮੇਘਾਲਿਆ ਸਰਕਾਰ ਵਲੋਂ ਝਗੜੇ ਦੇ ਨਿਪਟਾਰੇ ਲਈ ਬਣਾਈ ਹਾਈ ਲੈਵਲ ਕਮੇਟੀ, ਜਿਸ ਦੇ ਮੁਖੀ ਮੇਘਾਲਿਆ ਦੇ ਉਪ-ਮੁੱਖ ਮੰਤਰੀ ਪ੍ਰੈਸਟੋਨ ਟਾਈਨਸਾਗ ਹਨ, ਦੀ ਪੰਜਾਬੀ ਲੇਨ ਏਰੀਆ ਵਿਚ ਬੜਾ ਬਾਜ਼ਾਰ ਨੇੜੇ ਸਥਿਤ ਸਿੱਖ ਹਰੀਜਨ ਕਾਲੋਨੀ ਨੂੰ ਕਿਸੇ ਹੋਰ ਥਾਂ ਬਦਲਣ ਦੀ ਤਜਵੀਜ਼ ਰੱਦ ਕਰ ਦਿੱਤੀ ਹੈ। ਸ਼ਿਲਾਂਗ ਦੇ ਝਗੜੇ ਵਾਲੇ ਇਲਾਕੇ ਪੰਜਾਬੀ ਲੇਨ ਏਰੀਆ ਵਿਚ ਹਾਈ ਲੈਵਲ ਕਮੇਟੀਆਂ ਦੀਆਂ ਹਦਾਇਤਾਂ ‘ਤੇ ਸਰਵੇ ਕਰਨ ਪਹੁੰਚੀ ਮੇਘਾਲਿਆ ਦੀ Ḕਲੈਂਡ ਰਿਕਾਰਡ ਤੇ ਸਰਵੇ ਵਿਭਾਗ’ ਦੀ ਟੀਮ ਦਾ ਉਥੇ ਵੱਸਦੀਆਂ ਸਿੱਖ ਔਰਤਾਂ ਦੀ ਵੱਡੀ ਗਿਣਤੀ ਨੇ ਵਿਰੋਧ ਕੀਤਾ। ਮੁਜ਼ਾਹਰਾਕਾਰੀ ਔਰਤਾਂ ਨੇ ਹੱਥਾਂ ਵਿਚ ਬੈਨਰ ਫੜੇ ਹੋਏ ਸੀ, ਜਿਨ੍ਹਾਂ ‘ਤੇ ਲਿਖਿਆ ਹੋਇਆ ਸੀ ਕਿ ”ਅਸੀਂ ਹਾਈ ਪਾਵਰ ਕਮੇਟੀ ਦੀ ਪੰਜਾਬੀ ਹਰੀਜਨ ਕਾਲੋਨੀ ਨੂੰ ਇਥੋਂ ਬਦਲਣ ਦੀ ਤਜਵੀਜ਼ ਦਾ ਵਿਰੋਧ ਕਰਦੀਆਂ ਹਾਂ ਤੇ ਅਸੀਂ ਸਰਕਾਰ ਦੇ ਪੰਜਾਬੀ ਹਰੀਜਨ ਕਾਲੋਨੀ ਦੇ ਵਿਰੋਧੀ ਰਵੱਈਏ ਖ਼ਿਲਾਫ਼ ਰੋਸ ਪ੍ਰਗਟ ਕਰਦੇ ਹਾਂ।” ਪਰ ਇਸ ਦੇ ਬਾਵਜੂਦ ਇਸ ਸਰਕਾਰੀ ਟੀਮ ਨੇ ਇਸ ਇਲਾਕੇ ਦਾ ਸਰਵੇ ਦਾ ਕੰਮ ਜਾਰੀ ਰੱਖਿਆ ਕਿਉਂਕਿ ਕਈ ਸਥਾਨਕ ਗੁੱਟ ਇਥੇ ਕਈ ਸੋ ਸਾਲਾਂ ਤੋਂ ਵਸਦੇ ਸਿੱਖ ਸਫ਼ਾਈ ਸੇਵਕਾਂ ਦੀ ਇਸ ਕਾਲੋਨੀ ਨੂੰ ਇੱਥੋਂ ਹਟਾਉਣ ਦਾ ਦਬਾਅ ਬਣਾ ਰਹੇ ਹਨ।
ਗੁਰਦੁਆਰਾ ਬੜਾ ਬਾਜ਼ਾਰ ਦੇ ਪ੍ਰਧਾਨ ਤੇ ਸ਼ਿਲਾਂਗ ਦੇ ਸਿੱਖਾਂ ਦੇ ਨੇਤਾ ਗੁਰਜੀਤ ਸਿੰਘ ਨੇ ਵੀ ਸਿੱਖ ਕਾਲੋਨੀ ਨੂੰ ਪੰਜਾਬੀ ਲੇਨ ਏਰੀਆ ਤੋਂ ਕਿਸੇ ਹੋਰ ਥਾਂ ਬਦਲਣ ਦੀ ਤਜਵੀਜ਼ ਦਾ ਵਿਰੋਧ ਕੀਤਾ ਹੈ।
ਸਰਨਾ ਨੇ ਲਈ ਸਾਰ : ਇਸੇ ਦਰਮਿਆਨ ਦਿੱਲੀ ਅਕਾਲੀ ਦਲ ਦਾ ਇਕ ਵਫ਼ਦ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਦੀ ਅਗਵਾਈ ਵਿਚ ਹਾਈ ਲੈਵਲ ਕਮੇਟੀ ਦੇ ਮੁਖੀ ਤੇ ਮੇਘਾਲਿਆ ਦੇ ਉਪ-ਮੁੱਖ ਮੰਤਰੀ ਪ੍ਰੈਸਟੋਨ ਟਾਈਨਸਾਗ ਨੂੰ ਮਿਲਿਆ। ਸਰਨਾ ਨੇ ਕਿਹਾ ਕਿ ਅਸੀਂ ਉਪ ਮੁੱਖ ਮੰਤਰੀ ਨੂੰ ਸਪਸ਼ਟ ਕਿਹਾ ਹੈ ਕਿ ਸਾਨੂੰ ਹਾਈ ਲੈਵਲ ਕਮੇਟੀ ਦੀਆਂ ਸ਼ਰਤਾਂ ‘ਤੇ ਨਿਯਮ ਮਨਜ਼ੂਰ ਨਹੀਂ ਹਨ। ਇਸ ਮਸਲੇ ਦਾ ਸਭ ਤੋਂ ਵਧੀਆਂ ਹੱਲ ਸਿੱਖਾਂ ਨੂੰ ਇੱਥੋਂ ਉਜਾੜਨਾ ਨਹੀਂ ਹੈ, ਸਗੋਂ ਮੁੜ ਵਸਾਉਣਾ ਹੈ। ਸਰਨਾ ਨੇ ਕਿਹਾ ਕਿ ਅਸੀਂ ਸਰਕਾਰ ਨੂੰ ਕਿਹਾ ਹੈ ਕਿ ਜੇ ਇਸ ਜਗ੍ਹਾ ਦੀ ਤਰੱਕੀ ਲਈ ਕਮਰਸ਼ੀਅਲ ਕੰਪਲੈਕਸ ਬਣਾਉਣਾ ਹੈ ਤਾਂ ਇਸ ‘ਤੇ ਇੱਥੇ ਵੱਸਦੇ ਸਿੱਖਾਂ ਲਈ ਫਲੈਟ ਬਣਾ ਕੇ ਦਿੱਤੇ ਜਾਣ। ਉਨ੍ਹਾਂ ਉਪ ਮੁੱਖ ਮੰਤਰੀ ਟਾਈਨਸਾਗ ਨੂੰ ਇਹ ਵੀ ਪੁੱਛਿਆ ਕਿ ਗੁਰੂ ਨਾਨਕ ਸਕੂਲ ਕਿੱਥੇ ਬਣਾਇਆ ਜਾਵੇਗਾ। ਸਰਨਾ ਨੇ ਦੱਸਿਆ ਕਿ ਸਿੱਖ ਕਾਲੋਨੀ ਦਾ ਵਿਰੋਧ ਕਰ ਰਹੇ ਖ਼ਾਸੀ ਲੋਕ ਇਸਾਈ ਹਨ, ਇਸ ਲਈ ਦਿੱਲੀ ਦੇ ਇਸਾਈ ਧਰਮ ਦੇ ਆਰਕ ਆਫ਼ ਬਿਸ਼ਪ ਤੋਂ ਵੀ ਮੁੱਖ ਮੰਤਰੀ, ਜੋ ਉਨ੍ਹਾਂ ਦੇ ਹਮਜਮਾਤੀ ਵੀ ਹਨ, ਨੂੰ ਟੈਲੀਫ਼ੋਨ ਕਰਵਾਇਆ ਹੈ ਕਿ ਸਿੱਖਾਂ ਪ੍ਰਤੀ ਹਮਦਰਦੀ ਦਾ ਰਵੱਈਆ ਵਰਤਿਆ ਜਾਵੇ, ਕਿਉਂਕਿ ਸਿੱਖ ਵੀ ਇਸਾਈਆਂ ਵਾਂਗ ਦੇਸ਼ ਦੀ ਇਕ ਮਹੱਤਵਪੂਰਨ ਘੱਟ ਗਿਣਤੀ ਹਨ।
ਜੀਕੇ. ਦੀ ਕਮੇਟੀ ਜਾਵੇਗੀ ਸ਼ਿਲਾਂਗ : ਇਸ ਦਰਮਿਆਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਥਕੇਥ ਨੇ ਕਿਹਾ ਕਿ ਅਸੀਂ ਸ਼ਿਲਾਂਗ ਦੇ ਸਿੱਖਾਂ ਨੂੰ ਇਕੱਲਿਆਂ ਨਹੀਂ ਛੱਡਿਆ। ਸਾਡੀ ਹਾਲਾਤ ‘ਤੇ ਹਰ ਵਕਤ ਨਜ਼ਰ ਹੈ ਤੇ ਅਸੀਂ ਸ਼ਿਲਾਂਗ ਤੇ ਸਿੱਖਾਂ ਦੇ ਸੰਪਰਕ ਵਿਚ ਵੀ ਹਾਂ। ਜੀਥ ਕੇਥ ਨੇ ਕਿਹਾ ਕਿ ਦਿੱਲੀ ਗੁਰਦੁਆਰਾ ਕਮੇਟੀ ਦਾ ਇਕ ਵਫ਼ਦ, ਲੈ ਕੇ ਜਿਸ ਦੀ ਅਗਵਾਈ ਮੈਂ ਖ਼ੁਦ ਤੇ ਕਮੇਟੀ ਦੇ ਜਨਰਲ ਸਕੱਤਰ ਤੇ ਦਿੱਲੀ ਦੇ ਵਿਧਾਇਕ ਮਨਜਿੰਦਰ ਸਿੰਘ ਸਿਰਸਾ ਕਰਨਗੇ, ਜਲਦੀ ਹੀ ਦੁਬਾਰਾ ਸ਼ਿਲਾਂਗ ਜਾ ਰਹੇ ਹਾਂ।
ਕੀ ਕਹਿੰਦਾ ਏ ਘੱਟ ਗਿਣਤੀ ਕਮਿਸ਼ਨ : ਇਸ ਦਰਮਿਆਨ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਇਕੋ ਇਕ ਸਿੱਖ ਮੈਂਬਰ ਮਨਜੀਤ ਸਿੰਘ ਰਾਏ ਨੇ ਕਿਹਾ ਕਿ ਮੈਂ ਸ਼ਿਲਾਂਗ ਦੇ ਸਿੱਖਾਂ ਨਾਲ ਹੋ ਰਹੇ ਧੱਕੇ ਬਾਰੇ ਸੁਣਦਿਆਂ ਹੀ ਆਪਣੇ ਤੌਰ ‘ਤੇ ਸ਼ਿਲਾਂਗ ਗਿਆ ਸੀ। ਮੇਘਾਲਿਆ ਦੇ ਮੁੱਖ ਮੰਤਰੀ ਕੋਨਾਰਡ ਸੰਗਮਾ ਤੇ ਹੋਰ ਉੱਚ-ਅਧਿਕਾਰੀਆਂ ਨੂੰ ਮਿਲ ਕੇ ਸਿੱਖਾਂ ਦੇ ਮੁੜ ਵਸੇਬੇ ਤੇ ਸੁਰੱਖਿਆ ਲਈ ਵੀ ਕਿਹਾ ਸੀ ਪਰ ਹੈਰਾਨੀ ਦੀ ਗੱਲ ਹੈ ਕਿ ਅਜੇ ਤਕ ਵੀ ਇਸ ਮਾਮਲੇ ਵਿਚ ਅਧਿਕਾਰਤ ਤੌਰ ‘ਤੇ ਘੱਟ ਗਿਣਤੀ ਕਮਿਸ਼ਨ ਕੋਲ ਸ਼ਿਲਾਂਗ ਦੇ ਸਿੱਖਾਂ ਵਲੋਂ ਜਾਂ ਕਿਸੇ ਹੋਰ ਸਿੱਖ ਜਥੇਬੰਦੀ ਵਲੋਂ ਕੋਈ ਸ਼ਿਕਾਇਤ ਨਹੀਂ ਪੁੱਜੀ।
ਸ਼ਿਲਾਂਗ ਹਿੰਸਾ ਨੂੰ ਪੁਲੀਸ ਨੇ ਦੱਸਿਆ ”ਯੋਜਨਾਬੱਧ ਭੜਕਾਹਟ” : ਮੇਘਾਲਿਆ ਪੁਲੀਸ ਨੇ ਇਥੇ ਸੂਬੇ ਦੇ ਮੁੱਖ ਮੰਤਰੀ ਕੋਨਰਾਡ ਕੇ ਸੰਗਮਾ ਦੇ ਦਾਅਵਿਆਂ ਦੀ ਪੁਸ਼ਟੀ ਕਰਦਿਆਂ ਕਿਹਾ ਹੈ ਕਿ ਹਾਲ ਹੀ ਵਿੱਚ ਸ਼ਿਲਾਂਗ ਵਿੱਚ ਹੋਈਆਂ ਹਿੰਸਕ ਘਟਨਾਵਾਂ ਯੋਜਨਾਬੱਧ ਤਰੀਕੇ ਨਾਲ ਕੀਤੀਆਂ ਗਈਆਂ ਸਨ। ਪੁਲੀਸ ਦਾ ਕਹਿਣਾ ਹੈ ਕਿ ਭੜਕਾਹਟ ਪੈਦਾ ਕਰਨ ਵਾਲੇ ਕੁਝ ਵਿਅਕਤੀਆਂ ਦੀ ਸ਼ਨਾਖ਼ਤ ਵੀ ਕਰ ਲਈ ਗਈ ਹੈ। ਪੂਰਬੀ ਖਾਸੀ ਹਿੱਲਜ਼ ਦੇ ਐੱਸਪੀ ਡੇਵਿਸ ਮਾਰਕ ਨੇ ਦੱਸਿਆ ਕਿ ਜੂਨ ਦੇ ਪਹਿਲੇ ਹਫ਼ਤੇ ਵਾਪਰੀਆਂ ਹਿੰਸਕ ਘਟਨਾਵਾਂ ਸਬੰਧੀ ਹੋਈ ਜਾਂਚ ਵਿੱਚ ਗ੍ਰਿਫ਼ਤਾਰ ਲੋਕਾਂ ਦੇ ਬਿਆਨਾਂ ਦੇ ਆਧਾਰ ‘ਤੇ ਕੁਝ ਭੜਕਾਹਟ ਪੈਦਾ ਕਰਨ ਵਾਲੇ ਅਨਸਰਾਂ ਦੀ ਪਛਾਣ ਕਰ ਲਈ ਗਈ ਹੈ।  ਇਨ੍ਹਾਂ ਵਿਅਕਤੀਆਂ ਨੂੰ ਨੋਟਿਸ ਜਾਰੀ ਕੀਤੇ ਜਾਣਗੇ। ਐੱਸਪੀ ਨੇ ਕਿਹਾ ਕਿ ਵੀਡੀਓ ਸਬੂਤਾਂ ਦੇ ਆਧਾਰ ‘ਤੇ ਪੁਲੀਸ ਉਤੇ ਹਮਲਾ ਕਰਨ ਵਾਲੇ ਕੁਝ ਹੋਰ ਪ੍ਰਦਰਸ਼ਨਕਾਰੀਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ।
ਸ਼ਿਲਾਂਗ ਦੇ ਸਿੱਖਾਂ ਦਾ ਇਤਿਹਾਸ : ਅੰਗਰੇਜ਼ੀ ਫੌਜ ਦਾ ਇਕ ਦਸਤਾ ਜਦੋਂ ਪੰਜਾਬ ਤੋਂ ਸ਼ਿਲਾਂਗ ਆਇਆ ਤਾਂ ਆਪਣੇ ਨਾਲ ਸਿੱਖ ਭਾਈਚਾਰੇ ਨਾਲ ਸਬੰਧਤ ਸਫਾਈ ਕਰਮੀਆਂ ਦਾ ਇਕ ਦਲ ਵੀ ਲੈ ਕੇ ਆਇਆ ਸੀ। ਅੰਗਰੇਜ਼ ਹਕੂਮਤ ਉੱਤਰੀ-ਪੂਰਬ ਵਿੱਚ ਪੈਰ ਪਸਾਰ ਰਹੀ ਸੀ, ਵੱਖ-ਵੱਖ ਪਿੰਡਾਂ ਨਾਲ ਘਿਰਿਆ ਯੇਡੋ ਸ਼ਿਲਾਂਗ ਸ਼ਹਿਰ ਵਜੋਂ ਵਸ ਰਿਹਾ ਸੀ ਅਤੇ ਫੌਜੀ ਛਾਉਣੀ, ਸੈਨੀਟੋਰੀਅਮ, ਪ੍ਰਸ਼ਾਸਨਿਕ ਕੇਂਦਰਾਂ ਅਤੇ ਯੂਰਪੀਅਨ ਕੁਆਟਰਜ਼ ਦੇ ਬਣਨ ਨਾਲ ਇੰਗਲਿਸ਼ ਸੀਟਾਂ ਵਾਲੇ ਪਖ਼ਾਨਿਆਂ ਦੀ ਸਫਾਈ ਦੀਆਂ ਜ਼ਰੂਰਤਾਂ ਖੜੀਆਂ ਹੋ ਰਹੀਆਂ ਸਨ। ਮਸ਼ਹੂਰ ਇਤਿਹਾਸਕਾਰ ਹਿਮਾਂਦ੍ਰੀ ਬੈਨਰਜੀ ਦੇ ਇੱਕ ਅਧਿਐਨ ਵਿਚ ਸਾਲ 1910 ਵਿੱਚ ਸਿੱਖ ਸਫ਼ਾਈ ਕਰਮੀਆਂ ਦੇ ਨਾਮ ਸ਼ਿਲਾਂਗ ਨਗਰ ਨਿਗਮ ਦੇ ਰਜਿਸਟਰ ਵਿੱਚ ਦਰਜ ਹੋਣ ਦਾ ਜ਼ਿਕਰ ਹੈ ਅਤੇ ਸ਼ਾਇਦ ਤਾਂ ਹੀ ਸਵੀਪਰਜ਼ ਲਾਈਨ ਜਾਂ ਪੰਜਾਬੀ ਲੇਨ ਜਾਂ ਪੰਜਾਬੀ ਕਲੋਨੀ-ਆਖ਼ਰੀ ਨਾਵਾਂ ਦਾ ਇਸਤੇਮਾਲ ਜ਼ਿਆਦਾਤਰ ਉਹ ਲੋਕ ਕਰਦੇ ਹਨ, ਜੋ ਇਸ ਇਲਾਕੇ ਦੇ ਰਹਿਣ ਵਾਲੇ ਕਰਦੇ ਹਨ, ਪਰ ਸਥਾਨਕ ਲੋਕ ਨਹੀਂ।
ਪਰ ਸਿੱਖ ਭਾਈਚਾਰੇ ਦਾ ਦਾਅਵਾ ਹੈ ਕਿ ਪੰਜਾਬੀ ਲੇਨ ਵਿੱਚ ਉਨ੍ਹਾਂ ਦੀ ਵਸੋਂ 19ਵੀਂ ਸਦੀ ਦੇ 60ਵਿਆਂ ਤੋਂ ਪਹਿਲਾਂ ਦੀ ਹੈ।
ਉਦੋਂ ਸ਼ਹਿਰ ਦੇ ਮੁੱਖ ਹਿੱਸੇ ਤੋਂ ਥੋੜ੍ਹਾ ਵੱਖਰਾ ਵਸਾਇਆ ਗਿਆ ”ਸਵੀਪਰਜ਼ ਲਾਈਨ” ਹੁਣ ਸ਼ਿਲਾਂਗ ਦੇ ਦੂਜੇ ਸਭ ਤੋਂ ਵੱਡੇ ਕਮਰਸ਼ੀਅਲ ਇਲਾਕੇ ਬੜਾ ਬਾਜ਼ਾਰ ਦੇ ਤਕਰੀਬਨ ਵਿਚਕਾਰ ਵਸਿਆ ਹੋਇਆ ਹੈ।
ਤਕਰੀਬਨ ਦੋ ਹਫ਼ਤੇ ਪਹਿਲਾਂ ਕੁਝ ਲੋਕਾਂ ਵਿਚਾਲੇ ਹੋਏ ਝਗੜੇ ਤੋਂ ਬਾਅਦ ਇਕ ਕੁੱਟਮਾਰ ਹੋਈ, ਇਤਫ਼ਾਕ ਨਾਲ ਇਨ੍ਹਾਂ ਵਿਚੋਂ ਇੱਕ ਧਿਰ ਸਿੱਖਾਂ ਦੀ ਸੀ, ਦੂਜਾ ਸੂਬੇ ਦੇ ਸਭ ਤੋਂ ਵੱਡੇ ਕਬਾਇਲੀ ਭਾਈਚਾਰੇ ਖਾਸੀਆਂ ਨਾਲ ਸਬੰਧਿਤ ਸੀ। ਉਸ ਆਪਸੀ ਝਗੜੇ ਨੇ ਬਾਅਦ ਵਿਚ ਖਾਸੀ ਭਾਈਚਾਰੇ ਨੇ ਸਿੱਖਾਂ ਉੱਪਰ ਹਿੰਸਕ ਹਮਲੇ ਸ਼ੁਰੂ ਕਰ ਦਿੱਤੇ ਸਨ। ਇਸ ਕਾਰਨ ਸ਼ਹਿਰ ਵਿਚ ਪੂਰੀ ਤਰ੍ਹਾਂ ਨਾਲ ਕਰਫਿਊ ਲਗਾ ਦਿੱਤਾ ਗਿਆ ਸੀ, ਜੋ ਕਿ ਹੁਣ ਵੀ ਚਲ ਰਿਹਾ ਹੈ। ਇੰਟਰਨੈੱਟ ਸੇਵਾਵਾਂ ‘ਤੇ ਵੀ ਰੋਕ ਲਗਾ ਦਿੱਤੀ ਗਈ ਸੀ। ਇਹ ਇਲਾਕਾ ਝੁੱਗੀਆਂ ਵਾਲੇ ਘਰਾਂ ਦਾ ਹੈ।
ਇੱਕ ਨਿੱਜੀ ਤੇਲ ਕੰਪਨੀ ਵਿੱਚ ਸੇਲਜ਼ ਐਗਜ਼ੀਕਿਊਟਿਵ ਸੰਨੀ ਸਿੰਘ ਦੱਸਦਾ ਹੈ ਕਿ ਝਗੜੇ ਵਾਲੇ ਦਿਨ ਪੰਜਾਬੀਆਂ ਦੇ ਘਰਾਂ ‘ਤੇ ḔḔਪੈਟਰੋਲ ਬੰਬ” ਸੁੱਟੇ ਗਏ ਸਨ। ਸੰਨੀ ਦੱਸਦੇ ਹਨ, ”ਉਸ ਹਮਲੇ ਵਿਚ ਇੱਕ ਸਕੂਟਰ ਸੜ ਗਿਆ ਅਤੇ ਲੱਕੜ ਦੀ ਇਕ ਦੁਕਾਨ ਨੂੰ ਬੇਹੱਦ ਨੁਕਸਾਨ ਪਹੁੰਚਿਆ।”
ਸਮਾਜ ਸੇਵੀ ਸੰਸਥਾ ਯੂਨਾਈਟਿਡ ਸਿੱਖ ਨੇ ਕਲੋਨੀ ਵਿੱਚ ਇਕ-ਦੋ ਥਾਵਾਂ ‘ਤੇ ਗੇਟ ਲਗਾਉਣ ਦਾ ਪ੍ਰਸਤਾਵ ਦਿੱਤਾ ਹੈ। ਕੁਝ-ਕੁਝ ਵਿੱਥ ‘ਤੇ ਅੱਗ ਬੁਝਾਊ ਯੰਤਰ ਲਗਾਉਣ ਦਾ ਕੰਮ ਜਾਰੀ ਹੈ। ਹਾਲਾਂਕਿ ਇਹ ਸਭ ਉੱਥੇ ਰਹਿਣ ਵਾਲਿਆਂ ਲਈ ਕਿੰਨੇ ਦਿਨ ਤੱਕ ਕੰਮ ਆਵੇਗਾ, ਇਸ ਨੂੰ ਲੈ ਕੇ ਕਈ ਸਵਾਲ ਖੜੇ ਹੁੰਦੇ ਹਨ।
ਪਿਛਲੇ ਮਹੀਨੇ ਹੋਏ ਹੰਗਾਮੇ ਤੋਂ ਬਾਅਦ ਇੱਕ ਵਾਰ ਫੇਰ ਤੋਂ ਪੰਜਾਬੀ ਲਾਈਨ ਨੂੰ ਉਥੋਂ ਹਟਾ ਕੇ ਦੂਜੀ ਥਾਂ ਵਸਾਉਣ ਦੀ ਦੋ ਦਹਾਕਿਆਂ ਤੋਂ ਪੁਰਾਣੀ ਮੰਗ ਤੇਜ਼ ਹੋ ਗਈ ਹੈ। ਹਕੂਮਤ ਨੇ ਵਸੋਂ ਨੂੰ ਕਿਤੇ ਹੋਰ ਥਾਂ ਲੈ ਕੇ ਜਾਣ ਅਤੇ ਉਨ੍ਹਾਂ ਮੁੜ ਵਸੇਬੇ ਲਈ ਉੱਚ ਪੱਧਰੀ ਬੈਠਕ ਕਮੇਟੀ ਦਾ ਗਠਨ ਕਰ ਦਿੱਤਾ ਹੈ।
ਸਾਬਕਾ ਵਿਧਾਇਕ ਅਤੇ ਖੇਤਰੀ ਸਿਆਸੀ ਦਲ ਯੂਨਾਈਟਡ ਡੈਮੋਕ੍ਰੈਟਿਕ ਪਾਰਟੀ ਦੇ ਜਨਰਲ ਸਕੱਤਰ ਜੇਮਿਨੀ ਮਾਊਥੋ ਕਹਿੰਦੇ ਹਨ, ”ਇਹ ਮੁੱਦਾ ਕੋਈ ਨਵਾਂ ਨਹੀਂ ਹੈ, 1990 ਵਿਆਂ ਤੋਂ ਸਥਾਨਕ ਖਾਸੀ, ਜੈਂਤੀਆ ਅਤੇ ਗਾਰੋ ਆਦਿਵਾਸੀ ਭਾਈਚਾਰੇ ਦੇ ਲੋਕ ਇਸ ਮਾਮਲੇ ‘ਤੇ ਇਕੱਠੇ ਆਏ ਸਨ ਅਤੇ ਇਕ ਸਾਂਝੀ ਕਮੇਟੀ ਦਾ ਗਠਨ ਵੀ ਹੋਇਆ ਸੀ।”
1996 ਵਿਚ ਵੀ ਇਸੇ ਮੁੱਦੇ ‘ਤੇ ਹੋਏ ਇੱਕ ਪ੍ਰਦਰਸ਼ਨ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ।
ਪੰਜਾਬੀ ਲਾਈਨ ਦੇ ਮੁੜ ਵਸੇਬੇ ਦੀ ਮੰਗ ਨੂੰ ਗੁਰਜੀਤ ਸਿੰਘ ਕੁਝ ਲੋਕਾਂ ਦੀ ਜ਼ਿੱਦ ਦੱਸਦੇ ਹਨ। ਉਹ ਹਰੀਜਨ ਪੰਚਾਇਤ ਕਮੇਟੀ ਦੇ ਸਕੱਤਰ ਅਤੇ ਸਥਾਨਕ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਹਨ।
ਗ੍ਰੈਜੂਏਸ਼ਨ ਦੀ ਪਹਿਲੇ ਸਾਲ ਦੀ ਪੜ੍ਹਾਈ ਕਰ ਰਹੇ ਸੂਰਜ ਸਿੰਘ ਨੂੰ ਸ਼ਿਕਾਇਤ ਹੈ ਕਿ ਉਨ੍ਹਾਂ ਨੂੰ ‘ਦਖਾਰ’ ਯਾਨਿ ਬਾਹਰੀ ਸੱਦਿਆ ਜਾਂਦਾ ਹੈ। ਸੂਰਜ ਸਿੰਘ ਪੰਜਾਬੀ ਲਾਈਨ ਤੋਂ ਤਿੰਨ ਸਾਢੇ ਤਿੰਨ ਕਿਲਮੀਟਰ ਦੂਰ ਵਸੇ ਲਾਈਟੂ ਮੁਖਰਾ ਇਲਾਕੇ ਵਿਚ ਰਹਿੰਦੇ ਹਨ, ਇਸ ਨੂੰ ਗੋਰਾ ਲਾਈਨ ਵੀ ਕਿਹਾ ਜਾਂਦਾ ਹੈ।
ਪੰਜਾਬੀ ਲਾਈਨ ਦੇ ਮਜ੍ਹਬੀ ਸਿੱਖ ਜਦੋਂ ਸ਼ਿਲਾਂਗ ਵਿਚ ਖ਼ੁਦ ਠੀਕ ਢੰਗ ਨਾਲ ਵੱਸ ਗਏ ਤਾਂ ਉਨ੍ਹਾਂ ਨੇ ਪੰਜਾਬ ਤੋਂ ਆਪਣੇ ਰਿਸ਼ਤੇਦਾਰਾਂ ਅਤੇ ਜਾਣਕਾਰਾਂ ਨੂੰ ਵੀ ਕੰਮ ਦੇ ਸਿਲਸਿਲੇ ਵਿਚ ਉੱਥੇ ਬੁਲਾਉਣਾ ਸ਼ੁਰੂ ਕਰ ਦਿੱਤਾ ਅਤੇ ਇਸ ਤਰ੍ਹਾਂ ਸ਼ੁਰੂ ਹੋਈ ਗੋਰਾ ਲਾਈਨ ਵਸੋਂ।
ਪੰਜਾਬੀ ਲਾਈਨ ਵਿੱਚ ਚਰਚ ਤੇ ਸਕੂਲ ਦਾ ਪਟਾ ਸਥਾਨਕ ਸਰਕਾਰ ਰਾਹੀਂ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਮੰਦਰ, ਗੁਰਦੁਆਰੇ ਦਾ ਪਟਾ ਵੀ ਮੌਜੂਦ ਹੈ। ਉੱਤਰ-ਪੂਰਬ ਦੇ ਸ਼ਹਿਰਾਂ ਵਰਗੇ ਗੁਹਾਟੀ ਅਤੇ ਅਸਾਮ ਦੀ ਰਾਜਧਾਨੀ ਦਿਸਪੁਰ ਵਿਚ ਜੋ ਮਜ੍ਹਬੀ ਸਿੱਖ ਜਾ ਕੇ ਵਸੇ, ਉਸ ਵਿਚ ਸ਼ਿਲਾਂਗ ‘ਕਨੈਕਸ਼ਨ’ ਦੀ ਮਹੱਤਵਪੂਰਨ ਭੂਮਿਕਾ ਰਹੀ ਹੈ।ਸ਼ਿਲਾਂਗ ਸ਼ਹਿਰ ਵਿਚ ਪਖ਼ਾਨਾ ਸਾਫ ਕਰਨ ਤੋਂ ਇਲਾਵਾ, ਨਗਰ ਪਾਲਿਕਾ ਦੀਆਂ ਬੈਲ ਗੱਡੀਆਂ ਨੂੰ ਚਲਾਉਣ ਅਤੇ ਦਫ਼ਤਰਾਂ, ਸੜਕਾਂ ਅਤੇ ਨਿੱਜੀ ਘਰਾਂ ਦੀ ਸਾਫ-ਸਫਾਈ ਦਾ ਕੰਮ ਵਧ ਰਿਹਾ ਸੀ ਅਤੇ ਉਸ ਨੂੰ ਕਰਨ ਲਈ ਸਥਾਨਕ ਲੋਕ ਤਿਆਰ ਨਹੀਂ ਸਨ। ਹੁਣ ਸਥਾਨਕ ਆਦਿਵਾਸੀ ਭਾਈਚਾਰੇ ਨੂੰ ਸਾਫ਼-ਸਫਾਈ ਕਰਨ ਲਈ ਕਿਸੇ ਤਰ੍ਹਾਂ ਹਿਚਕਿਚਾਹਟ ਨਹੀਂ।
ਰਾਇਲ ਕਲੈਕਟਿਲ ਨਾਮ ਦੀ, ”ਅਨੁਕੂਲਤਾ ਨੂੰ ਚੈਲਿੰਜ ਕਰਨ ਵਾਲੀ  ਵੈੱਬਸਾਈਟ” ਦੇ ਸੰਪਾਦਕ ਤਰੁਣ ਭਾਰਤੀ ਕਹਿੰਦੇ ਹਨ, ”ਆਦਿਵਾਸੀ ਸਮਾਜ ਵਿੱਚ ਵੈਸੇ ਵੀ ਜਾਤੀ ਦਾ ਕੋਈ ਧਿਆਨ ਨਹੀਂ ਰੱਖਿਆ ਜਾਂਦਾ।”
ਮੇਘਾਲਿਆ ਇਕ ਆਦਿਵਾਸੀ ਭਾਈਚਾਰੇ ਦੀ ਵੱਡੀ ਗਿਣਤੀ ਵਾਲਾ ਸੂਬਾ ਹੈ ਅਤੇ ਉਨ੍ਹਾਂ ਮੁਤਾਬਕ ਉੱਥੇ 80 ਫੀਸਦੀ ਨੌਕਰੀਆਂ ‘ਤੇ ਸਥਾਨਕ ਜਨਜਾਤੀਆਂ ਦਾ ਹੱਕ ਸਭ ਤੋਂ ਪਹਿਲਾ ਮੰਨਿਆ ਜਾਂਦਾ ਹੈ।
ਗੋਰਾ ਲਾਈਨ ਹਰੀਜਨ ਪੰਚਾਇਤ ਕਮੇਟੀ ਦੇ ਰਾਜੂ ਸਿੰਘ ਕਹਿੰਦੇ ਹਨ ਇਹੋ ਜਿਹਾ ਕੰਮ ਸਾਡੇ ਇਲਾਵਾ ਹੋਰ ਕੌਣ ਕਰ ਸਕਦਾ ਹੈ, ਅੱਜ ਅਸੀਂ ਬੋਝ ਬਣ ਗਏ।
ਸੰਵਿਧਾਨ ਦੀ ਵਿਵਸਥਾ ਮੁਤਾਬਕ ਜੋ ਇੱਥੇ ਦੇ ਮੂਲ ਨਿਵਾਸੀ ਨਹੀਂ ਹੈ, ਉਹ ਸ਼ਿਲਾਂਗ ਜਾਂ ਸੂਬੇ ਵਿਚ ਕਿਤੇ ਜ਼ਮੀਨ ਵੀ ਨਹੀਂ ਖਰੀਦ ਸਕਦੇ ਹਨ। ਸਿੱਕੇ ਦਾ ਦੂਜਾ ਪਹਿਲੂ ਇਹ ਵੀ ਹੈ ਕਿ ਮਜ੍ਹਬੀ ਸਿੱਖਾਂ ਦਾ ਪੜ੍ਹਿਆ-ਲਿਖਿਆ ਵਰਗ ਹੁਣ ਸਫਾਈ ਕਰਮੀ ਦਾ ਕੰਮ ਨਹੀਂ ਚਾਹੁੰਦਾ ਅਤੇ ਦੂਜਾ ਕੰਮ ਮਿਲਣਾ ਇੰਨਾ ਸੌਖਾ ਨਹੀਂ।
ਟਿੰਕਾ ਸਿੰਘ ਕਹਿੰਦੇ ਹਨ, ”ਅਨੁਸੂਚਿਤ ਜਾਤੀ ਦਾ ਪ੍ਰਮਾਣ ਪੱਤਰ ਮਿਲਣ ਤੋਂ ਬਾਅਦ ਨੌਜਵਾਨਾਂ ਨੂੰ ਕੁਝ ਆਸਾਨੀ ਹੋਵੇ ਪਰ ਇੱਥੇ ਉਹ ਸਰਟੀਫਿਕੇਟ ਨਹੀਂ ਦਿੰਦੇ ਅਤੇ ਪੰਜਾਬ ਜਾਂ ਕਿਸੇ ਦੂਜੇ ਸੂਬੇ ਦੇ ਸਰਟੀਫਿਕੇਟ ਨੂੰ ਮਾਨਤਾ ਦੇਣ ਲਈ ਤਿਆਰ ਨਹੀਂ ਹੁੰਦੇ।”
ਗੋਰਾ ਲਾਈਨ ਨਿਵਾਸੀ ਟਿੰਕਾ ਸਿੰਘ ਦੇ ਕੋਲ ਖ਼ੁਦ ਵਿਧਾਨ ਸਭਾ ਦੀ ਪੱਕੀ ਨੌਕਰੀ ਹੈ ਪਰ ਉਸ ਕੋਲ ਬੈਠੇ ਸੂਰਜ ਸਿੰਘ ਅਤੇ ਨੌਵੀਂ ਕਲਾਸ ਦੇ ਵਿਦਿਆਰਥੀ ਦਲਜੀਤ ਸਿੰਘ ਖੋਖਰ ਨੂੰ ਲੈ ਕੇ ਕਹਿੰਦੇ ਹਨ ਕਿ ਸਫਾਈ ਕਰਮੀਆਂ ਦੇ ਕੰਮ ਪ੍ਰਤੀ ਬਹੁਤੇ ਲੋਕ ਉਤਸ਼ਾਹਿਤ ਨਹੀਂ ਹਨ।
ਗੋਰਾ ਲਾਈਨ ਦਿੱਲੀ ਦੀ ਕਿਸੇ ਗ਼ੈਰ-ਕਾਨੂੰਨੀ ਕਲੋਨੀ ਵਰਗੀ ਲਗਦੀ ਹੈ, ਚੌੜੀਆਂ ਗਲੀਆਂ, ਇੱਟਾਂ ਦੀਆਂ ਪੱਕੀਆਂ ਛੱਤਾਂ ਵਾਲੇ ਮਕਾਨ ਕੁਝ ਤਾਂ ਦੋ ਜਾਂ ਤਿੰਨ ਮੰਜ਼ਿਲਾਂ ਵਾਲੇ ਹਨ। ਕੁਝ ਘਰਾਂ ਵਿਚ ਲੱਕੜ ਅਤੇ ਟਿਨ ਦਾ ਵੀ ਇਸਤੇਮਾਲ ਕੀਤਾ ਹੈ। ਪਰ ਪਾਣੀ ਦੀ ਸਪਲਾਈ ਦੇ ਕਨੈਕਸ਼ਨ ਘਰਾਂ ਵਿੱਚ ਮੌਜੂਦ ਨਹੀਂ ਹਨ।
ਆਪਣੇ ਮਾਰਬਲ ਦੇ ਫਰਸ਼ ਵਾਲੇ ਘਰ ਵਿਚ ਬੈਠੇ ਰਾਜੂ ਸਿੰਘ ਕਹਿੰਦੇ ਹਨ, ”ਸਾਡਾ ਇਲਾਕਾ ਸ਼ਹਿਰ ਦੇ ਵਪਾਰਕ ਖੇਤਰ ਤੋਂ ਦੂਰ ਹੈ ਤਾਂ ਇਸ ਲਈ ਇਥੋਂ ਹਟਾਉਣ ਦਾ ਇਸ ‘ਤੇ ਕੋਈ ਦਬਾਅ ਜਾਂ ਹੰਗਾਮਾ ਨਹੀਂ ਹੈ।” ਹਾਲਾਂਕਿ ਇੱਕ ਘਰ ਵੱਲ ਇਸ਼ਾਰਾ ਕਰਕੇ ਉਹ ਦੱਸਦੇ ਹਨ ਕਿ ਪੰਜਾਬੀ ਕਲੋਨੀ ਵਿਚ ਹਮਲੇ ਤੋਂ ਬਾਅਦ ਇੱਥੇ ਵੀ ਪੈਟਰੋਲ ਬੰਬ ਸੁੱਟਿਆ ਗਿਆ ਸੀ।
ਆਕਾਸ਼ ਸਿੰਘ ਕਹਿੰਦੇ ਹਨ ਕਿ ਉਨ੍ਹਾਂ ਨੂੰ ਇੱਥੋਂ ਭਜਾਉਣ ਦੀ ਕੋਸ਼ਿਸ਼ ਇਸ ਲਈ ਕੀਤੀ ਜਾ ਰਹੀ ਹੈ ਕਿਉਂਕਿ ਉਨ੍ਹਾਂ ਨੂੰ ਬਾਹਰੀ ਸਮਝਿਆ ਜਾਂਦਾ ਹੈ।
ਕੀ ਸੋਚਦਾ ਏ ਖਾਸੀ ਭਾਈਚਾਰਾ : ਖਾਸੀ ਸਟੂਡੈਂਟਸ ਯੂਨੀਅਨ ਦੇ ਪ੍ਰਧਾਨ ਲੈਬੌਕ ਮਾਰੇਂਗਾਰ ਦਾ ਕਹਿਣਾ ਹੈ, ”ਨਗਰ ਪਾਲਿਕਾ ਨੇ ਪੰਜਾਬੀ ਲਾਈਨ ਵਿਚ ਰਹਿਣ ਵਾਲੇ ਕਰਮੀਆਂ ਲਈ ਦੂਜੀ ਥਾਂ ਕੁਆਟਰਜ਼ ਵੀ ਬਣਾਏ ਸੀ ਜੋ ਕਈ ਸਾਲਾਂ ਤੱਕ ਖਾਲੀ ਰਹੇ ਪਰ ਉਹ ਸ਼ਿਫਟ ਹੋਣ ਲਈ ਤਿਆਰ ਨਹੀਂ ਹੋਏ।”
ਖਾਸੀ ਨੇਤਾ ਦਾਅਵਾ ਕਰਦੇ ਹਨ ਕਿ ਨਗਰਪਾਲਿਕਾ ਦੇ ਜੋ ਕਰਮੀ ਪੰਜਾਬੀ ਲਾਈਨ ਵਿੱਚ ਰਹਿੰਦੇ ਹਨ, ਉਨ੍ਹਾਂ ਦੀ ਗਿਣਤੀ 50-100 ਤੋਂ ਵੱਧ ਨਹੀਂ ਹੈ ਅਤੇ ਬਾਕੀ ਲੋਕ ਗੈਰ-ਕਾਨੂੰਨੀ ਤੌਰ ‘ਤੇ ਉੱਥੇ ਰਹਿ ਰਹੇ ਹਨ।
ਸਿਅਮ ਰਿੱਕੀ ਨੈਲਸਨ ਮੁਤਾਬਕ ਪੰਜਾਬੀ ਲਾਈਨ ਨੂੰ ਲੈ ਕੇ ਨਗਰਪਾਲਿਕਾ ਨਾਲ ਹੋਏ ਸਮਝੌਤੇ ਦੀ ਉਲੰਘਣਾ ਹੋਈ ਹੈ। ਸਿਅਮ ਰਿੱਕੀ ਨੈਲਸਨ ਦਾ ਕਹਿਣਾ ਹੈ ਕਿ 1954 ਵਿਚ ਸ਼ਿਲਾਂਗ ਮਿਊਂਸੀਪਲ ਬੋਰਡ ਅਤੇ ਸਥਾਨਕ ਸਰਕਾਰ ਵਿਚ ਜੋ ਸਮਝੌਤਾ ਹੋਇਆ ਸੀ, ਉਸ ਮੁਤਾਬਕ 34 ਹਜ਼ਾਰ ਵਰਗ ਫੁੱਟ ਦਾ ਇਸਤੇਮਾਲ ਸਵੀਪਰਜ਼ ਕੁਆਟਰਜ਼ ਲਈ ਹੋਣਾ ਸੀ।
ਉਸ ਖੇਤਰ ਵਿੱਚ ਕਮਰਸ਼ੀਅਸ਼ ਸ਼ੈਡਜ਼ ਵੀ ਬਣਾਏ ਜਾਣ ਦੀ ਮਨਜ਼ੂਰੀ ਸੀ ਪਰ ਉਸ ਦਾ ਇਸਤੇਮਾਲ ਬਾਜ਼ਾਰ ਵਜੋਂ ਕੀਤਾ ਜਾਣਾ ਮਨ੍ਹਾਂ ਸੀ। ਰਿੱਕੀ ਨੈਲਸਨ ਸ਼ਿਲਾਂਗ ਅਤੇ ਉਹ ਇਲਾਕੇ ਜਿਸ ਵਿਚ ਪੰਜਾਬੀ ਲਾਈਨ ਆਉਂਦਾ ਹੈ, ਦੇ ਸਰਦਾਰ ਹਨ।
ਮੇਘਾਲਿਆ ਦੇ ਖਾਸੀ ਅਤੇ ਜੈਂਤੀਆ ਇਲਾਕੇ ਵਿਚ 30 ਤੋਂ ਵੱਧ ਸਰਦਾਰ ਹਨ ਜੋ ਸਥਾਨਕ ਲੋਕਾਂ ਰਾਹੀਂ ਚੁਣੇ ਜਾਂਦੇ ਹਨ ਅਤੇ ਉਨ੍ਹਾਂ ਇਲਾਕਿਆਂ ਵਿੱਚ ਇਨ੍ਹਾਂ ਸਰਦਾਰਾਂ ਦਾ ਦਖ਼ਲ ਜ਼ਿੰਦਗੀ ਦੇ ਹਰੇਕ ਖੇਤਰ ਵਿੱਚ ਹੁੰਦਾ ਹੈ। ਜ਼ਿਲ੍ਹਾ ਹਿੱਲ ਕੌਂਸਲ ਨੇ ਇੱਕ ਕਮੇਟੀ ਬਣਾਈ ਹੈ ਜੋ ਛੇਤੀ ਹੀ ਪੰਜਾਬੀ ਲਾਈਨ ਵਿੱਚ ਕਾਨੂੰਨੀ ਅਤੇ ਗ਼ੈਰ-ਕਾਨੂੰਨੀ ਢੰਗ ਨਾਲ ਰਹਿਣ ਵਾਲਿਆਂ ਦੀ ਪਛਾਣ ਦਾ ਕੰਮ ਸ਼ੁਰੂ ਕਰੇਗੀ।
ਇਥੇ ਇਹ ਵੀ ਜ਼ਿਕਰਯੋਗ ਹੈ ਕਿ ਭਗਵੀਆਂ ਪਾਰਟੀਆਂ ਖਾਸੀ ਭਾਈਚਾਰੇ ਦੇ ਕਬੀਲੇ ਨੂੰ ਸਿੱਖਾਂ ‘ਤੇ ਹਮਲੇ ਕਰਨ ਲਈ ਭੜਕਾ ਰਹੀਆਂ ਹਨ। ਵੱਡੀ ਗੱਲ ਇਹ ਹੈ ਕਿ ਅਜੇ ਤੱਕ ਬਾਦਲ ਅਕਾਲੀ ਦਲ, ਜੋ ਆਪਣੇ ਆਪ ਨੂੰ ਪੰਥਕ ਪਾਰਟੀ ਕਹਾਉਂਦਾ, ਇੱਥੇ ਨਹੀਂ ਗਿਆ। ਜਦ ਕਿ ਉਹ ਮੋਦੀ ਸਰਕਾਰ ਰਾਹੀਂ ਸ਼ਿਲਾਂਗ ਪ੍ਰਸ਼ਾਸਨ ਉੱਪਰ ਦਬਾਅ ਵੀ ਪਾ ਸਕਦਾ ਸੀ। ਹਾਲ ਦੀ ਘੜੀ ਉੱਥੇ ਸਿੱਖਾਂ ਦੀ ਜਾਨ ਖਤਰੇ ਵਿਚ ਹੈ।