ਸਮੁੰਦਰੀ ਰਸਤੇ ਦੁਨੀਆ ਦਾ ਗੇੜਾ ਲਾ ਕੇ ਮੁੜੀਆਂ ਭਾਰਤੀ ਮੁਟਿਆਰਾਂ

ਸਮੁੰਦਰੀ ਰਸਤੇ ਦੁਨੀਆ ਦਾ ਗੇੜਾ ਲਾ ਕੇ ਮੁੜੀਆਂ ਭਾਰਤੀ ਮੁਟਿਆਰਾਂ
ਰੱਖਿਆ ਮੰਤਰੀ ਨਿਰਮਲਾ ਸੀਤਾਰਾਮਨ ਤੇ ਜਲ ਸੈਲਾ ਮੁਖੀ ਸੁਨੀਲ ਲਾਂਬਾ ਵਿਸ਼ਵ ਦਾ ਚੱਕਰ ਲਾ ਕੇ ਪਰਤੀਆਂ ਜਲ ਸੈਨਾ ਦੀਆਂ ਜਾਂਬਾਜ਼ ਔਰਤਾਂ ਦਾ ਗੋਆ ਪੁੱਜਣ ‘ਤੇ ਸਵਾਗਤ ਕਰਦੇ ਹੋਏ।

ਪਣਜੀ/ਬਿਊਰੋ ਨਿਊਜ਼ :
ਰੱਖਿਆ ਮੰਤਰੀ ਨਿਰਮਲਾ ਸੀਤਾਰਾਮਨ ਅਤੇ ਜਲ ਸੈਨਾ ਮੁਖੀ ਸੁਨੀਲ ਲਾਂਬਾ ਨੇ ਗੋਆ ਤੱਟ ‘ਤੇ ਵਿਸ਼ਵ ਦਾ ਚੱਕਰ ਲਾ ਕੇ ਪੁੱਜੀਆਂ ਜਲ ਸੈਨਾ ਦੀਆਂ ਜਾਂਬਾਜ਼ ਮੁਟਿਆਰਾਂ ਦਾ ਸਵਾਗਤ ਕੀਤਾ। ਅੱਠ ਮਹੀਨੇ ਤੋਂ ਵੱਧ ਸਮੇਂ ਸਮੁੰਦਰ ਰਾਹੀਂ ਦੁਨੀਆ ਦਾ ਚੱਕਰ ਲਾਉਣ ਵਾਲੀ ‘ਆਈਐਨਐਸਵੀ ਤਾਰਨੀ ‘ ਦੇ ਚਾਲਕ ਦਲ ਦੀਆਂ ਮਹਿਲਾ ਮੈਂਬਰ ਇਥੇ ਪੁੱਜ ਗਈਆਂ ਹਨ।
ਇਸ ਮੁਹਿੰਮ ਦਾ ਨਾਮ ‘ਨਾਵਿਕਾ ਸਾਗਰ ਪਰਿਕਰਮਾ ‘ ਸੀ ਅਤੇ ਬੀਤੇ ਵਰ੍ਹੇ 10 ਸਤੰਬਰ ਨੂੰ ਆਈਐਨਐਸ ਮਾਂਡਵੀ ਬੋਟ ਪੂਲ ਤੋਂ ਇਸ ਨੂੰ ਹਰੀ ਝੰਡੀ ਦਿੱਤੀ ਗਈ ਸੀ। ਇਸ ਮੁਹਿੰਮ ਦੀ ਅਗਵਾਈ ਲੈਫਟੀਨੈਂਟ ਕਮਾਂਡਰ ਵਰਤਿਕਾ ਜੋਸ਼ੀ ਨੇ ਕੀਤੀ। ਇਸ ਵਿੱਚ ਚਾਲਕ ਦਲ ਦੀਆਂ ਮੈਂਬਰ ਲੈਫਟੀਨੈਂਟ ਕਮਾਂਡਰ ਪ੍ਰਤਿਭਾ ਜਾਮਵਾਲ, ਸਵਾਤੀ ਪੀ, ਲੈਫਟੀਨੈਂਟ ਐਸ਼ਵਰਿਆ ਬੋਡਾਪਤੀ, ਐਸ ਵਿਜਯਾ ਦੇਵੀ ਅਤੇ ਪਾਇਲ ਗੁਪਤਾ ਸ਼ਾਮਲ ਸਨ। ਇਨ੍ਹਾਂ ਨੇ 55 ਫੁਟ ਦੇ ‘ਆਈਐਨਐਸਵੀ ਤਾਰਨੀ ‘ ਵਿੱਚ ਆਪਣੀ ਇਹ ਯਾਤਰਾ ਪੂਰੀ ਕੀਤੀ। ਭਾਰਤੀ ਜਲ ਸੈਨਾ ਵਿੱਚ ਇਸ ਨੂੰ ਬੀਤੇ ਵਰ੍ਹੇ 18 ਫਰਵਰੀ ਨੂੰ ਸ਼ਾਮਲ ਕੀਤਾ ਗਿਆ ਸੀ।
ਜਲ ਸੈਨਾ ਦੇ ਇਕ ਬੁਲਾਰੇ ਨੇ ਦੱਸਿਆ ਕਿ ਇਹ ਯਾਤਰਾ ਛੇ ਹਿੱਸਿਆਂ ਵਿੱਚ ਪੂਰੀ ਕੀਤੀ ਗਈ ਅਤੇ ਚਾਲਕ ਦਲ ਨੇ ਇਸ ਦੌਰਾਨ ਫਰੇਮੈਂਟਲ (ਆਸਟਰੇਲੀਆ), ਲਾਇਟਲਟਨ (ਨਿਊਜ਼ੀਲੈਂਡ), ਪੋਰਟ ਸਟੈਨਲੀ (ਫਾਕਲੈਂਡ ਦੀਪ), ਕੇਪ ਟਾਊਨ (ਦੱਖਣੀ ਅਫਰੀਕਾ)  ਅਤੇ ਮੌਰੀਸ਼ਸ ਵਿੱਚ ਠਹਿਰ ਲਈ ਸੀ।
ਬੁਲਾਰੇ ਨੇ ਅੱਗੇ ਦੱਸਿਆ ਕਿ ਚਾਲਕ ਦਲ ਨੇ ਆਪਣੀ ਯਾਤਰਾ ਦੌਰਾਨ 21600 ਨਾਟੀਕਲ ਮੀਲ ਦੀ ਦੂਰੀ ਤੈਅ ਕੀਤੀ ਅਤੇ ਦੋ ਵਾਰ ਭੂਮੱਧ ਰੇਖਾ ਪਾਰ ਕੀਤੀ। ਆਪਣੇ ਸਫਰ ਦੌਰਾਨ ਤਾਰਨੀ ਨੇ ਪੰਜ ਮੁਲਕਾਂ, ਚਾਰ ਮਹਾਦੀਪਾਂ ਅਤੇ ਤਿੰਨ ਸਾਗਰਾਂ ਨੂੰ ਪਾਰ ਕੀਤਾ।