ਦਿਆਲ ਸਿੰਘ ਕਾਲਜ ਦਾ ਨਾਂ ਚੁੱਪ-ਚੁਪੀਤੇ ਬਦਲਿਆ

ਦਿਆਲ ਸਿੰਘ ਕਾਲਜ ਦਾ ਨਾਂ ਚੁੱਪ-ਚੁਪੀਤੇ ਬਦਲਿਆ

ਕਾਲਜ ਦੇ ਇਨਾਮ ਵੰਦ ਸਮਾਗਮ ਵਿਚ ਲਾਏ ਗਏ ਬੋਰਡ ਉੱਤੇ ਕਾਲਜ ਦਾ ਨਾਂ ਵੰਦੇਮਾਤਰਮ ਦਿਆਲ ਸਿੰਘ ਕਾਲਜ ਲਿਖਿਆ ਗਿਆ।
ਨਵੀਂ ਦਿੱਲੀ/ਬਿਊਰੋ ਨਿਊਜ਼:
ਦਿਆਲ ਸਿੰਘ ਕਾਲਜ (ਈਵਨਿੰਗ) ਦੀ ਪ੍ਰਬੰਧਕ ਕਮੇਟੀ ਨੇ ਕਾਲਜ ਦਾ ਨਾਂ ਚੁੱਪ-ਚੁਪੀਤੇ ਬਦਲ ਕੇ ‘ਵੰਦੇ ਮਾਤਰਮ ਦਿਆਲ ਸਿੰਘ ਕਾਲਜ, ਯੂਨੀਵਰਸਿਟੀ ਆਫ ਦਿੱਲੀ’ ਰੱਖ ਦਿੱਤਾ ਹੈ। ਇਸ ਨਾਂ ਦਾ ਬੈਨਰ ਕਾਲਜ ਵਿੱਚ 25 ਅਪਰੈਲ ਨੂੰ ਹੋਏ ਸਾਲਾਨਾ ਇਨਾਮ ਵੰਡ ਸਮਾਰੋਹ ਵਿੱਚ ਲਾਇਆ ਗਿਆ ਸੀ। ਪਿਛਲੇ ਸਾਲ ਦਿਆਲ ਸਿੰਘ ਕਾਲਜ ਦਾ ਨਾਂ ਬਦਲਣ ਦੀ ਤਜਵੀਜ਼ ਤੋਂ ਭਾਰੀ ਵਿਵਾਦ ਛਿੜ ਗਿਆ ਸੀ। ਸਰਦਾਰ ਦਿਆਲ ਸਿੰੰਘ ਮਜੀਠੀਆ ਨੇ 1881 ਵਿੱਚ ‘ਦਿ ਟ੍ਰਿਬਿਊਨ’, 1894 ਵਿੱਚ ਪੰਜਾਬ ਨੈਸ਼ਨਲ ਬੈਂਕ ਅਤੇ ਇੱਕ ਸਿੱਖਿਆ ਟਰੱਸਟ ਸ਼ੁਰੂ ਕੀਤਾ ਸੀ ਜਿਸ ਤਹਿਤ ਇਹ ਕਾਲਜ ਸਿੱਖਿਆ ਦਾ ਚਾਨਣ ਵੰਡਦਾ ਹੈ।

ਦਿਆਲ ਸਿੰਘ ਕਾਲਜ ਨੂੰ ‘ਵੰਦੇਮਾਰਤਮ ਦਿਆਲ ਸਿੰਘ ਕਾਲਜ’ ਬਣਾਉਣ ਵਿਰੁਧ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਖਤ ਕਾਰਵਾਈ ਦੇ ਸੰਕੇਤ
ਨਵੀਂ ਦਿੱਲੀ/ਸਿੱਖ ਸਿਆਸਤ ਬਿਊਰੋ:
ਦੇਸ਼ ਅਤੇ ਵਿਦੇਸ਼ ਵਿਚ ਰਹਿੰਦੇ ਸਿੱਖ ਭਾਈਚਾਰੇ ਦੇ ਲੋਕ ਰਾਸ਼ਟਰੀ ਰਾਜਧਾਨੀ ਦੇ ਦਿਆਲ ਸਿੰਘ ਕਾਲਜ ਦਾ ਨਾਮ ਬਦਲਣ ਤੋਂ ਭੜਕ ਉਠੇ ਹਨ। ਕੇਂਦਰ ਸਰਕਾਰ ਨੇ ਸੰਸਦ ਵਿਚ ਦੇਸ਼ ਨੂੰ ਭਰੋਸਾ ਦੁਆਇਆ ਸੀ ਕਿ ਦਿਆਲ ਸਿੰਘ ਕਾਲਜ ਦਾ ਨਾਮ ਕਦੇ ਨਹੀਂ ਬਦਲਿਆ ਜਾਵੇਗਾ ਤੇ ਕੇਂਦਰੀ ਮਨੁੱਖੀ ਸਰੋਤ ਵਿਕਾਸ ਮੰਤਰੀ ਸ੍ਰੀ ਪ੍ਰਕਾਸ਼ ਜਾਵੜੇਕਰ ਨੇ ਕੇਂਦਰੀ ਕੈਬਨਿਟ ਮੰਤਰੀ ਸ੍ਰੀ ਹਰਸਿਮਰਤ ਕੌਰ ਬਾਦਲ ਨੂੰ ਇਸ ਬਾਬਤ ਲਿਖਤੀ ਭਰੋਸਾ ਵੀ ਦਿੱਤਾ ਸੀ।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸ੍ਰੀ ਮਨਜਿੰਦਰ ਸਿੰਘ ਸਿਰਸਾ ਨੇ ਇਥੇ ਜਾਰੀ ਕੀਤੇ ਇਕ ਸਖ਼ਤ ਸ਼ਬਦਾਂ ਵਾਲੇ ਬਿਆਨ ਵਿਚ ਕਿਹਾ ਕਿ ਸਾਰਾ ਸਿੰਘ ਭਾਈਚਾਰਾ ਦਿਆਲ ਸਿੰਘ ਕਾਲਜ ਦੇ ਚੇਅਰਮੈਨ ਅਮਿਤਾਭ ਸਿਨਹਾ ਤੇ ਦਿੱਲੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਯੋਗੇਸ਼ ਤਿਆਗੀ ਦੀਆਂ ਸਾਜ਼ਿਸ਼ਾਂ ਤੋਂ ਹੈਰਾਨ ਹਨ। ਇਹਨਾਂ ਦੋਹਾਂ ਨੇ ਇਕੱਠਿਆਂ ਸਾਜ਼ਿਸ਼ ਰਚ ਕੇ ਦਿਆਲ ਸਿੰਘ ਕਾਲਜ ਦਾ ਨਾਮ ਬਦਲ ਕੇ ਵੰਦੇਮਾਤਰਮ ਦਿਆਲ ਸਿੰਘ ਕਾਲਜ ਰੱਖਿਆ ਹੈ। ਉਹਨਾਂ ਕਿਹਾ ਕਿ ਸਾਰਾ ਦੇਸ਼ ਵਿਸ਼ੇਸ਼ ਕਰ ਕੇ ਸਿੱਖ ਭਾਈਚਾਰੇ ਵਿਚ ਰੋਸ ਦੀ ਲਹਿਰ ਹੈ ਕਿਉਂਕਿ ਕੇਂਦਰੀ ਮਨੁੱਖੀ ਸਰੋਤ ਵਿਕਾਸ ਮੰਤਰੀ ਸ੍ਰੀ ਪ੍ਰਕਾਸ਼ ਜਾਵੜੇਕਰ ਨੇ ਸੰਸਦ ਵਿਚ ਦੇਸ਼ ਨੂੰ ਭਰੋਸਾ ਦੁਆਇਆ ਸੀ ਕਿ ਇਹ ਨਾਮ ਕਦੇ ਬਦਲਿਆ ਨਹੀਂ ਜਾਵੇਗਾ।
ਦਿੱਲੀ ਦੇ ਸਿੱਖ ਆਗੂਆਂ ਨੇ ਕਿਹਾ ਕਿ ਸਿਨਹਾ ਤੇ ਤਿਆਗੀ ਦੀ ਜੋੜੀ ਦੀ ਇਸ ਕਾਰਵਾਈ ਨੇ ਸਾਬਤ ਕਰ ਦਿੱਤਾ ਹੈ ਕਿ ਉਹਨਾਂ ਨੂੰ ਕੇਂਦਰ ਸਰਕਾਰ ਦੇ ਭਰੋਸੇ ਦੀ ਕੋਈ ਪਰਵਾਹ ਨਹੀਂ ਤੇ ਉਹਨਾਂ ਆਪਣੀ ਹਊਮੈ ਦੀ ਸੰਤੁਸ਼ਟੀ ਵਾਸਤੇ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ। ਉਹਨਾਂ ਮੰਗ ਕੀਤੀ ਕਿ ਸਿਨਹਾ ਤੇ ਤਿਆਗੀ ਨੂੰ ਤੁਰੰਤ ਬਰਖ਼ਾਸਤ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਉਹਨਾਂ ਨਾ ਨਾ ਸਿਰਫ ਕੇਂਦਰ ਸਰਕਾਰ ਵੱਲੋਂ ਸੰਸਦ ਵਿਚ ਦਿੱਤਾ ਭਰੋਸਾ ਤੋੜਿਆ ਹੈ ਬਲਕਿ ਉਸ ਵੇਲੇ ਘੱਟ ਗਿਣਤੀ ਭਾਈਚਾਰੇ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਹੈ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਨੂੰ ਭਰੋਸਾ ਦੁਆ ਰਹੇ ਹਨ ਕਿ ਕੇਂਦਰ ਸਰਕਾਰ ਹਰ ਭਾਈਚਾਰੇ ਨੂੰ ਨਾਲ ਲੈਕੇ ਚੱਲੇਗੀ ਤੇ ‘ਸਭਕਾ ਸਾਥ ਤੇ ਸਭਕਾ ਵਿਕਾਸ’ ਹੋਵੇਗਾ। ਉਹਨਾਂ ਕਿਹਾ ਕਿ ਇਹਨਾਂ ਦੋਹਾਂ ਦੀ ਕਾਰਵਾਈ ਤੋਂ ਅਜਿਹਾ ਜਾਪਦਾ ਹੈ ਕਿ ਇਹਨਾਂ ਦੋਵਾਂ ਵਿਅਕਤੀਆਂ ਨੂੰ ਪ੍ਰਧਾਨ ਮੰਤਰੀ ਦੀਆਂ ਉਹਨਾਂ ਅਪੀਲਾਂ ਦੀ ਵੀ ਕੋਈ ਪਰਵਾਹ ਨਹੀਂ ਉਹਨਾਂ ਵਿਚ ਉਹ ਆਪਣੀ ਜ਼ੁਬਾਨ ਨੂੰ ਕੰਟਰੋਲ ਰੱਖਣ ਦੀ ਨਸੀਹਤ ਦੇ ਰਹੇ ਹਨ ਪਰ ਸਿਨਹਾ ਤੇ ਤਿਆਗੀ ਨੇ ਆਪਣੀਆਂ ਕਾਰਵਾਈਆਂ ਨਾ ਸਾਬਤ ਕਰ ਦਿੱਤਾ ਹੈ ਕਿ ਇਹ ਤਾਂ ਬੇਲਗਾਮ ਹਨ।
ਸਿਰਸਾ ਨੇ ਕਿਹਾ ਕਿ ਸਿੱਖ ਭਾਈਚਾਰੇ ਕੋਲ ਹੁਣ ਕੋਈ ਵਿਕਲਪ ਨਹੀਂ ਰਹਿ ਗਿਆ ਤੇ ਹੁਣ ਉਹ ਦਿਆਲ ਸਿੰਘ ਦੇ ਵਿਰਸੇ ਨੂੰ ਬਚਾਉਣ ਵਾਸਤੇ ਲੋੜੀਂਦਾ ਹਰ ਕਦਮ ਚੁੱਕੇਗਾ ਭਾਵੇਂ ਉਹ ਕਾਨੂੰਨ ਦੇ ਦਾਇਰੇ ਵਿਚ ਹੋਵੇ ਜਾਂ ਫਿਰ ਕਾਨੂੰਨ ਤੋਂ ਬਾਹਰ ਹੋਵੇ। ਉਹਨਾਂ ਕਿਹਾ ਕਿ ਹੁਣ ਜਦੋਂ ਸਿਨਹਾ ਤੇ ਤਿਆਗੀ ਵਰਗਿਆਂ ਦਾ ਲੁਕਵਾਂ ਏਜੰਡਾ ਸਾਹਮਣੇ ਆ ਰਿਹਾ ਹੈ ਤਾਂ ਸਿੱਖ ਭਾਈਚਾਰੇ ਨੂੰ ਆਪਣੇ ਵਿਰਸੇ ਨੂੰ ਬਚਾਉਣ ਲਈ ਹਰ ਲੋੜੀਂਦਾ ਕਦਮ ਚੁੱਕਣਾ ਹੀ ਪਵੇਗਾ।