ਭਾਜਪਾ ਦੇ ਕੌਰਵਾਂ ਨਾਲ ਪਾਂਡਵਾਂ ਵਾਂਗ ਲੜਾਂਗੇ: ਰਾਹੁਲ

ਭਾਜਪਾ ਦੇ ਕੌਰਵਾਂ ਨਾਲ ਪਾਂਡਵਾਂ ਵਾਂਗ ਲੜਾਂਗੇ: ਰਾਹੁਲ

ਸ਼ੋਸ਼ੇਬਾਜ਼ੀ ਰਾਹੀਂ ਮੂਲ ਮਸਲਿਆਂ ਤੋਂ ਧਿਆਨ ਹਟਾਉਣ ਦਾ ਦੋਸ਼
ਨਵੀਂ ਦਿੱਲੀ/ਬਿਊਰੋ ਨਿਊਜ਼:
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਮਹਾਂਭਾਰਤ ਦੀ ਮਿਸਾਲ ਦਿੰਦਿਆਂ ਕਿਹਾ ਕਿ ਅਗਲੇ ਸਾਲ ਦੀਆਂ ਆਮ ਚੋਣਾਂ ਵਿੱਚ ਸੱਤਾਧਾਰੀ ਭਾਜਪਾ ਨਾਲ ਕੌਰਵਾਂ ਤੇ ਪਾਂਡਵਾਂ ਵਾਂਗ ਯੁੱਧ ਹੋਵੇਗਾ।
ਐਤਵਾਰ ਨੂੰ ਇੱਥੇ ਪਾਰਟੀ ਦੇ  ਮਹਾਂ-ਸੰਮੇਲਨ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਭਾਜਪਾ ਸੱਤਾ ਖ਼ਾਤਰ ਕੌਰਵਾਂ ਦੀ ਤਰ੍ਹਾਂ ਵਿਹਾਰ ਕਰ ਰਹੀ ਹੈ ਜਦਕਿ ਕਾਂਗਰਸ ਪਾਂਡਵਾਂ ਦੀ ਤਰ੍ਹਾਂ ਹਮੇਸ਼ਾਂ ਸਚਾਈ ਲਈ ਜੂਝਦੀ ਹੈ। ਭਾਜਪਾ ਸ਼ੋਸ਼ੇਬਾਜ਼ੀ ਕਰ ਕੇ ਬੇਰੁਜ਼ਗਾਰੀ ਤੇ ਖੇਤੀਬਾੜੀ ਸੰਕਟ ਜਿਹੇ ਮੂਲ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਹਟਾਉਣਾ ਚਾਹੁੰਦੀ ਹੈ। ਦੇਸ਼ ਸਾਹਮਣੇ ਮੂੰਹ ਅੱਡੀ ਖੜ੍ਹੀਆਂ ਚੁਣੌਤੀਆਂ ਨੂੰ ਸਵੀਕਾਰਨ ਦੀ ਬਜਾਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮਸਲਿਆਂ ਤੋਂ ਲੋਕਾਂ ਦਾ ਧਿਆਨ ਹਟਾਉਣਾ ਚਾਹੁੰਦੇ ਹਨ। ਸਾਨੂੰ ਦੱਸਿਆ ਜਾ ਰਿਹਾ ਹੈ ਕਿ ਸਾਡੀਆਂ ਇਹ ਸਮੱਸਿਆਵਾਂ ਸਾਡੀ ਕਲਪਨਾ ਦਾ ਹਿੱਸਾ ਮਾਤਰ ਹਨ।” ”ਕੌਰਵਾਂ ਦੀ ਤਰ੍ਹਾਂ ਭਾਜਪਾ ਤੇ ਆਰਐਸਐਸ ਸੱਤਾ ਲਈ ਲੜਦੇ ਹਨ। ਕਾਂਗਰਸ ਪਾਂਡਵਾਂ ਦੀ ਤਰ੍ਹਾਂ ਸਚਾਈ ਲਈ ਲੜਦੀ ਹੈ। ਭਾਜਪਾ ਜਥੇਬੰਦੀ ਦੀ ਆਵਾਜ਼ ਹੈ ਜਦਕਿ ਕਾਂਗਰਸ ਦੇਸ਼ ਦੀ ਆਵਾਜ਼ ਹੈ।”
ਕਾਂਗਰਸ ਆਗੂ ਨੇ ਕਿਹਾ ਕਿ ਅੱਜ ਭ੍ਰਿਸ਼ਟ ਤੇ ਸ਼ਕਤੀਸ਼ਾਲੀ ਲੋਕ ਦੇਸ਼ ਦੇ ਸੰਵਾਦ ਨੂੰ ਕੰਟਰੋਲ ਕਰ  ਰਹੇ ਹਨ ਤੇ ਮੋਦੀ ਸੱਤਾ ਤੇ ਚਹੇਤੇ ਪੂੰਜੀਪਤੀਆਂ ਵਿਚਕਾਰ ਗੱਠਜੋੜ ਦੇ ਪ੍ਰਤੀਕ ਬਣ ਗਏ ਹਨ। ਉਨ੍ਹਾਂ ਕਿਹਾ ਕਿ ਇਸ ਵੇਲੇ ਦੁਨੀਆ ਪ੍ਰਤੀ ਅਮਰੀਕਾ ਤੇ ਚੀਨ ਦੇ ਦੋ ਨਜ਼ਰੀਏ ਕੰਮ ਕਰ ਰਹੇ ਹਨ ਤੇ 10 ਸਾਲਾਂ ਬਾਅਦ ਉਹ ਉਨ੍ਹਾਂ ਦੇ ਮੁਕਾਬਲੇ ‘ਤੇ ਭਾਰਤੀ ਨਜ਼ਰੀਆ ਸਾਹਮਣੇ ਆਉਂਦਾ ਦੇਖਣਾ ਚਾਹੁੰਦੇ ਹਨ। ਆਪਣੀ ਤਕਰੀਰ ਵਿੱਚ ਸ਼੍ਰੀ ਗਾਂਧੀ ਨੇ ਪਾਰਟੀ ਵਰਕਰਾਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ (ਕਾਰਕੁਨਾਂ) ਤੇ ਪਾਰਟੀ ਆਗੂਆਂ ਦਰਮਿਆਨ ਕੰਧ ਗਿਰਾ ਦੇਣਗੇ ਤੇ ਉਨ੍ਹਾਂ ਕਾਂਗਰਸ ਦੇ ਮੰਚ ਹੋਣਹਾਰ ਨੌਜਵਾਨਾਂ ਨਾਲ ਭਰ ਦੇਣ ਦਾ ਅਹਿਦ ਲਿਆ। ਨਾਲ ਹੀ ਜ਼ਾਬਤੇ ਦੀ ਲੋੜ ‘ਤੇ ਜ਼ੋਰ ਦਿੰਦਿਆਂ ਉਨ੍ਹਾਂ ਕਿਹਾ ” ਆਓ ਆਪਾਂ ਸਾਰੇ ਆਪਸੀ ਮਤਭੇਦ ਭੁਲਾ ਕੇ ਪਾਰਟੀ ਦੀ ਜਿੱਤ ਯਕੀਨੀ ਬਣਾਉ ਲਈ ਯਤਨਸ਼ੀਲ ਹੋਈਏ।”

ਕਾਂਗਰਸੀ ਤਾਂ ਭਗਵਾਨ ਰਾਮ ‘ਤੇ ਕਿੰਤੂ ਕਰਦੇ ਨੇਂ: ਸੀਤਾਰਾਮਨ
ਨਵੀਂ ਦਿੱਲੀ: ਰੱਖਿਆ ਮੰਤਰੀ ਨਿਰਮਲਾ ਸੀਤਾਰਾਮਨ ਨੇ ਕਿਹਾ ਕਿ ਕਾਂਗਰਸ ਪਾਂਡਵਾਂ ਦੀ ਗੱਲ ਕਿਵੇਂ ਕਰ ਸਕਦੀ ਹੈ ਜਦਕਿ ਇਹ ਭਗਵਾਨ ਰਾਮ ਦੀ ਬੁਨਿਆਦੀ ਹੋਂਦ ਤੋਂ ਹੀ ਮੁਨਕਰ ਹੋ ਚੁੱਕੀ ਹੈ। ਉਨ੍ਹਾਂ ਕਿਹਾ ਰਾਹੁਲ ਗਾਂਧੀ ਦੀ ਤਕਰੀਰ ਇਕ ਹਾਰੇ ਹੋਏ ਆਗੂ ਦਾ ਵਖਿਆਨ ਤੇ ਠੋਸ ਸਬੂਤਾਂ ਤੋਂ ਸੱਖਣੀ ਜਾਪਦੀ ਹੈ।
ਸਿੱਖ ਕਤਲੇਆਮ ਦਾ ਮਿਹਣਾ ਮਾਰਿਆ
ਨਵੀਂ ਦਿੱਲੀ: ਮਨੁੱਖੀ ਸਰੋਤ ਵਿਕਾਸ ਮੰਤਰੀ ਤੇ ਸੀਨੀਅਰ ਭਾਜਪਾ ਨੇਤਾ ਪ੍ਰਕਾਸ਼ ਜਾਵੜੇਕਰ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਕੀਤੀ ਤਕਰੀਰ ਦੀ ਨਿਖੇਧੀ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਪਹਿਲਾਂ ਆਪਣੀ ਪਾਰਟੀ ਦੇ ਕਾਰਨਾਮਿਆਂ ਬਦਲੇ ਮੁਆਫ਼ੀ ਮੰਗਣੀ ਚਾਹੀਦੀ ਹੈ, ਫਿਰ ਪ੍ਰਧਾਨ ਮੰਤਰੀ ਮੋਦੀ ਦਾ ਨਾਂ ਲੈਣਾ ਚਾਹੀਦਾ ਹੈ। ਸ਼੍ਰੀ ਜਾਵੜੇਕਰ ਨੇ ਕਿਹਾ ”ਮੋਦੀ ਸਰਕਾਰ ਦੀ ਨੁਕਤਾਚੀਨੀ ਕਰਦਿਆਂ ਉਹ ਭੁੱਲ ਜਾਂਦੇ ਹਨ ਕਿ ਕਾਂਗਰਸ ਨੇ ਸਿੱਖਾਂ ਦਾ ਕਤਲੇਆਮ ਕੀਤਾ ਸੀ, ਉਨ੍ਹਾਂ ਮੀਡੀਆ ‘ ਚ ਸੈਂਸਰਸ਼ਿਪ ਲਿਆਂਦੀ ਤੇ ਉਨ੍ਹਾਂ ਦੇ ਭ੍ਰਿਸ਼ਟਾਚਾਰ ਤੇ ਘਪਲੇ ਜੱਗ ਜ਼ਾਹਰ ਹਨ।”