ਪੰਜਾਬ ਵਿਧਾਨ ਸਭਾ ‘ਚ ਕਾਵਾਂਰੌਲੀ ਦੌਰਾਨ ਫਿਰ ਰੁਲੇ ਲੋਕ ਮਸਲੇ

ਪੰਜਾਬ ਵਿਧਾਨ ਸਭਾ ‘ਚ ਕਾਵਾਂਰੌਲੀ ਦੌਰਾਨ ਫਿਰ ਰੁਲੇ ਲੋਕ ਮਸਲੇ
ਵਿਧਾਨ ਸਭਾ ‘ਚ ਰੋਸ ਜਤਾਉਣ ਦੌਰਾਨ ਅਖ਼ਬਾਰੀ ਰਿਪੋਰਟ ਦਿਖਾਉਂਦੇ ਹੋਏ ‘ਆਪ’ ਦੇ ਵਿਧਾਇਕ।

ਚੰਡੀਗੜ੍ਹ/ਬਿਊਰੋ ਨਿਊਜ਼:
ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਆਮ ਆਦਮੀ ਪਾਰਟੀ (ਆਪ) ਅਤੇ ਸ਼੍ਰੋਮਣੀ ਅਕਾਲੀ ਦਰਮਿਆਨ ਟਕਰਾਅ ਦੀ ਸਥਿਤੀ ਦਾ ਹਾਕਮ ਕਾਂਗਰਸ ਨੂੰ ਭਾਵੇਂ ਲਾਹਾ ਮਿਲ ਰਿਹਾ ਹੈ ਪਰ ਜਨਤਕ ਮੁੱਦੇ ਪੂਰੀ ਤਰ੍ਹਾਂ ਹਾਸ਼ੀਏ ‘ਤੇ ਚਲੇ ਗਏ ਹਨ। ਵਿਧਾਨ ਸਭਾ ਦਾ ਮੌਜੂਦਾ ਸਰਦ ਰੁੱਤ ਇਜਲਾਸ ਤੀਸਰਾ ਸੈਸ਼ਨ ਹੈ ਜਦੋਂ ਸਦਨ ਵਿੱਚ ਗੰਭੀਰ ਮੁੱਦਿਆਂ ‘ਤੇ ਬਹਿਸ ਨਹੀਂ ਹੋਈ। ਸੈਸ਼ਨ ਦੇ ਅੱਜ ਦੂਜੇ ਦਿਨ ‘ਆਪ’ ਤੇ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ ਨੇ ਭਾਰੀ ਸ਼ੋਰ ਸ਼ਰਾਬਾ ਕੀਤਾ। ‘ਆਪ’ ਨੇ ਵਿਰੋਧੀ ਧਿਰ ਦੇ ਨੇਤਾ ਖਹਿਰਾ ਦੇ ਮਾਮਲੇ ਨੂੰ ਮੁੱਦਾ ਬਣਾ ਕੇ ਅਕਾਲੀਆਂ ਤੇ ਕਾਂਗਰਸ ‘ਤੇ ਨਿਸ਼ਾਨਾ ਸੇਧਿਆ ਜਦੋਂ ਕਿ ਅਕਾਲੀ ਦਲ ਨੇ ਕਿਸਾਨੀ ਮੁੱਦਿਆਂ ‘ਤੇ ਰੌਲਾ ਰੱਪਾ ਜਾਰੀ ਰੱਖਿਆ। ਇਸ ਸ਼ੋਰ ਸ਼ਰਾਬੇ ਕਾਰਨ ਘੰਟਾ ਭਰ ਚੱਲਣ ਵਾਲਾ ਪ੍ਰਸ਼ਨ ਕਾਲ ਮਹਿਜ਼ ਅੱਧੇ ਘੰਟੇ ਵਿੱਚ ਹੀ ਸਿਮਟ ਗਿਆ। ਉਸ ਤੋਂ ਬਾਅਦ ਸਦਨ ਦੀ ਕਾਰਵਾਈ ਤੇ ਸਮੁੱਚਾ ਕੰਮ ਇਕ ਘੰਟੇ ਵਿੱਚ ਖ਼ਤਮ ਹੋਣ ਤੋਂ ਬਾਅਦ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਸਦਨ ਦਿਨ ਭਰ ਲਈ ਉਠਾ ਦਿੱਤਾ। ਪ੍ਰਸ਼ਨ ਕਾਲ ਤੋਂ ਬਾਅਦ ਸਪੀਕਰ ਨੂੰ ਰੌਲੇ ਰੱਪੇ ਕਾਰਨ ਹੀ ਸਦਨ ਦੀ ਕਾਰਵਾਈ ਅੱਧੇ ਘੰਟੇ ਲਈ ਮੁਲਤਵੀ ਕਰਨੀ ਪਈ । ਬਾਅਦ ਵਿੱਚ ਜਦੋਂ ਸਦਨ ਜੁੜਿਆ ਤਾਂ ‘ਆਪ’ ਦੇ ਵਿਧਾਇਕਾਂ ਨੇ ਰੋਸ ਵਜੋਂ ਸਦਨ ‘ਚੋਂ ਵਾਕਆਊਟ ਕਰ ਦਿੱਤਾ। ‘ਆਪ’ ਅਤੇ ਅਕਾਲੀ ਦਲ ਵੱਲੋਂ ਵੱਖੋ ਵੱਖਰੇ ਮੁੱਦਿਆਂ ‘ਤੇ ਸਪੀਕਰ ਨੂੰ ਕੰਮ ਰੋਕੂ ਮਤੇ ਲਿਆਉਣ ਲਈ ਨੋਟਿਸ ਦਿੱਤਾ ਗਿਆ। ਸਪੀਕਰ ਨੇ ਦੋਹਾਂ ਧਿਰਾਂ ਦੇ ਕੰਮ ਰੋਕੂ ਪ੍ਰਸਤਾਵ ਰੱਦ ਕਰ ਦਿੱਤੇ। ਇਸ ਤੋਂ ਬਾਅਦ ਦੋਹਾਂ ਹੀ ਪਾਰਟੀਆਂ ਨੇ ਸਦਨ ਦੀ ਕਾਰਵਾਈ ਵਿੱਚ ਵਿਘਨ ਪਾਉਣ ਦਾ ਅਮਲ ਜਾਰੀ ਰੱਖਿਆ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਰੋਧੀ ਧਿਰ ਦੇ ਰਵੱਈਏ ਦੀ ਨਿੰਦਾ ਕੀਤੀ ਹੈ। ਸਦਨ ਤੋਂ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਾਂਗਰਸ ‘ਤੇ ਬਹਿਸ ਤੋਂ ਭੱਜਣ ਅਤੇ ਕਿਸਾਨਾਂ ਨਾਲ ਧੋਖਾਦੇਹੀ ਕਰਨ ਦੇ ਦੋਸ਼ ਲਾਏ। ਉਨ੍ਹਾਂ ਕਿਹਾ ਕਿ ‘ਆਪ’ ਦਾ ਏਜੰਡਾ ਖਹਿਰਾ ਨੂੰ ਬਚਾਉਣਾ ਹੀ ਹੈ।
ਸਿਫਰ ਕਾਲ ਦੌਰਾਨ ਬੋਲਣ ਦਾ ਮੌਕਾ ਮਿਲਣ ‘ਤੇ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਸਿਆਸੀ ਵਿਰੋਧੀਆਂ ‘ਤੇ ਸਾਜਿਸ਼ ਘੜਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਆਡੀਓ ਕਲਿੱਪ ਨੇ ਸਾਰੀ ਸਾਜ਼ਿਸ ਤੋਂ ਪਰਦਾ ਲਾਹ ਦਿੱਤਾ ਹੈ। ਉਨ੍ਹਾਂ ਸਾਰੇ ਮਾਮਲੇ ਦੀ ਜਾਂਚ ਸੀ.ਬੀ.ਆਈ. ਤੋਂ ਕਰਾਉਣ ਦੀ ਮੰਗ ਕੀਤੀ। ਸ੍ਰੀ ਖਹਿਰਾ ਨੇ ਸਾਜਿਸ਼ ਪਿੱਛੇ ਅਕਾਲੀ ਦਲ ਤੇ ਕਾਂਗਰਸ ਦੇ ਨੇਤਾਵਾਂ ਦਾ ਹੱਥ ਹੋਣ ਦੀ ਗੱਲ ਵੀ ਕਹੀ।
ਜ਼ਿਕਰਯੋਗ ਹੈ ਕਿ ਸਦਨ ਦੀ ਕਾਰਵਾਈ ਸ਼ੁਰੂ ਹੁੰਦਿਆਂ ਹੀ ‘ਆਪ’ ਦੇ ਵਿਧਾਇਕਾਂ ਨੇ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਦੀ ਅਗਵਾਈ ਹੇਠ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਤੇ ਖਹਿਰਾ ਦੇ ਮਾਮਲੇ ‘ਤੇ ਬਹਿਸ ਦੀ ਮੰਗ ਕਰਦਿਆਂ ਸਾਰੇ ਵਿਧਾਇਕ ਸਦਨ ਦੇ ਵਿਚਕਾਰ ਆ ਗਏ। ਸਪੀਕਰ ਨੇ ਵਿਧਾਇਕਾਂ ਨੂੰ ਵਾਰ-ਵਾਰ ਸੀਟਾਂ ‘ਤੇ ਜਾਣ ਦੀ ਅਪੀਲ ਕੀਤੀ ਪਰ ਉਨ੍ਹਾਂ ਨੇ ਰੌਲਾ ਜਾਰੀ ਜੱਖਿਆ। ਇਨ੍ਹਾਂ ਵਿਧਾਇਕਾਂ ਦਾ ਸਾਥ ਲੋਕ ਇਨਸਾਫ਼ ਪਾਰਟੀ ਦੇ ਵਿਧਾਇਕਾਂ ਨੇ ਵੀ ਦਿੱਤਾ। ‘ਆਪ’ ਵਿਧਾਇਕਾਂ ਨੇ ਕਾਂਗਰਸ ਦੇ ਨਾਲ-ਨਾਲ ਅਕਾਲੀ ਦਲ ਦੇ ਆਗੂਆਂ ਖਾਸ ਕਰ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਵੱਲ ਹੀ ਨਿਸ਼ਾਨਾ ਸੇਧੀ ਰੱਖਿਆ ਜਦੋਂ ਕਿ ਅਕਾਲੀ ਵਿਧਾਇਕ ਕਿਸਾਨੀ ਮੰਗਾਂ ਅਤੇ ਕਰਜ਼ਾ ਮੁਆਫ਼ੀ ਦੇ ਨਾਅਰੇ ਲਾਉਂਦਿਆਂ ਆਪਣੀਆਂ ਸੀਟਾਂ ‘ਤੇ ਖੜ੍ਹੇ ਹੋ ਕੇ ਰੌਲਾ ਪਾਉਂਦੇ ਰਹੇ।
ਇਸ ‘ਤੇ ‘ਆਪ’ ਦੇ ਵਿਧਾਇਕ ਸਪੀਕਰ ਮੂਹਰੇ ਸਦਨ ਦੇ ਵਿਚਾਲੇ ਚਲੇ ਗਏ ਅਤੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ‘ਆਪ’ ਅਤੇ ਅਕਾਲੀ ਦਲ-ਭਾਜਪਾ ਦੇ ਵਿਧਾਇਕ ਵੈੱਲ ਵਿੱਚ ਹੀ ਇੱਕ-ਦੂਸਰੇ ਦੇ ਆਹਮੋ-ਸਾਹਮਣੇ ਹੋ ਗਏ। ਇਸ ਦੌਰਾਨ ਸ੍ਰੀ ਖਹਿਰਾ ਸ੍ਰੀ ਮਜੀਠੀਏ ਦੀਆਂ ਡਰੱਗ ਮਾਫੀਆ ਨਾਲ ਫੋਟੋਆਂ ਦਾ ਪੋਸਟਰ ਅਕਾਲੀ ਵਿਧਾਇਕਾਂ ਮੂਹਰੇ ਲਹਿਰਾ ਕੇ ਨਾਅਰੇਬਾਜ਼ੀ ਕਰਨ ਲੱਗ ਪਏ। ਦੋਵਾਂ ਆਗੂਆਂ ਵਿਚਾਲੇ ਗਰਮਾ-ਗਰਮੀ ਵੀ ਹੋਈ। ਉਂਜ ਪਿਛਲੇ ਕੁਝ ਸਮੇਂ ਤੋਂ ਸ੍ਰੀ ਖਹਿਰਾ ਤੋਂ ਦੂਰੀ ਬਣਾਈ ਬੈਠੇ ‘ਆਪ’ ਵਿਧਾਇਕ ਪ੍ਰੋ. ਬਲਜਿੰਦਰ ਕੌਰ, ਕੁਲਤਾਰ ਸਿੰਘ ਸੰਧਵਾਂ ਤੇ ਅਮਰਜੀਤ ਸਿੰਘ ਸੰਦੋਆ ਪੋਸਟਰ ਲਹਿਰਾਉਣ ‘ਚ ਮੋਹਰੀ ਸਨ।
ਦੂਜੇ ਪਾਸੇ ਅਕਾਲੀ ਦਲ ਤੇ ਭਾਜਪਾ ਦੇ ਵਿਧਾਇਕ ਨਾਅਰੇ ਲਾ ਕੇ ਸਪੀਕਰ ਕੋਲੋਂ ਕਿਸਾਨਾਂ ਦੇ ਕਰਜ਼ਿਆਂ ਦੇ ਮੁੱਦੇ ਉਪਰ ਬਹਿਸ ਕਰਾਉਣ ਦੀ ਮੰਗ ਕਰ ਰਹੇ ਸਨ। ਇਸ ਦੌਰਾਨ ਭਾਵੇਂ ਸਪੀਕਰ ਵਾਰ-ਵਾਰ ‘ਆਪ’ ਦੇ ਵਿਧਾਇਕਾਂ ਨੂੰ ਪ੍ਰਸ਼ਨ ਕਾਲ ਚੱਲਣ ਦੇਣ ਅਤੇ ਆਪਣੀ ਗੱਲ ਸਿਫ਼ਰ ਕਾਲ ਦੌਰਾਨ ਕਹਿਣ ਦੀ ਨਸੀਹਤ ਦਿੰਦੇ ਰਹੇ ਪਰ ਮੁੱਖ ਵਿਰੋਧੀ ਧਿਰ ਉਪਰ ਇਸ ਦਾ ਕੋਈ ਅਸਰ ਨਹੀਂ ਹੋਇਆ। ਫਿਰ ਸਪੀਕਰ ਨੇ ਰੌਲੇ-ਰੱਪੇ ਦੌਰਾਨ ਹੀ ਪ੍ਰਸ਼ਨ ਕਾਲ ਸ਼ੁਰੂ ਕਰਵਾ ਦਿੱਤਾ।
ਪ੍ਰਸ਼ਨ ਕਾਲ ਦੌਰਾਨ ਤਰਨ ਤਾਰਨ ਤੋਂ ਵਿਧਾਇਕ ਡਾ. ਧਰਮਬੀਰ ਅਗਨੀਹੋਤਰੀ ਦੇ ਇੱਕ ਸਵਾਲ ਦੇ ਜਵਾਬ ਵਿੱਚ ਸਿੱਖਿਆ ਮੰਤਰੀ ਅਰੁਣਾ ਚੌਧਰੀ ਨੇ ਕਿਹਾ ਕਿ ਸਰਹੱਦੀ ਖੇਤਰਾਂ ਦੇ ਸਕੂਲਾਂ ਵਿੱਚ ਅਧਿਆਪਕਾਂ ਦੀ ਗਿਣਤੀ ਵਧਾਉਣ ਲਈ ਅਧਿਆਪਕਾਂ ਦਾ ਵੱਖਰਾ ‘ਸਰਹੱਦੀ ਖੇਤਰ ਕਾਡਰ’ ਬਣਾਇਆ ਜਾਵੇਗਾ। ਇਸ ਕਾਡਰ ਦੇ ਅਧਿਆਪਕਾਂ ਦੀ ਨਿਯੁਕਤੀ, ਬਦਲੀ ਅਤੇ ਤਰੱਕੀ ਉਪਰੰਤ ਨਿਯੁਕਤੀ ਕੇਵਲ ਸਰਹੱਦੀ ਖੇਤਰਾਂ ਦੇ ਸਕੂਲਾਂ ਵਿੱਚ ਹੋਵੇਗੀ।
ਖੰਨਾ ਦੇ ਕਾਂਗਰਸੀ ਵਿਧਾਇਕ ਗੁਰਕੀਰਤ ਸਿੰਘ ਕੋਟਲੀ ਦੇ ਇੱਕ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਮਾਲਖਾਨਿਆਂ ਵਿੱਚ ਵੱਡੇ ਪੱਧਰ ‘ਤੇ ਜ਼ਬਤ ਕੀਤੇ ਵਾਹਨਾਂ ਨੂੰ ਛੱਡਣ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ। ਵਿਧਾਇਕ ਡਾ. ਧਰਮਬੀਰ ਅਗਨੀਹੋਤਰੀ ਦੇ ਸਵਾਲ ਦੇ ਜਵਾਬ ਵਿੱਚ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੇ ਦੱਸਿਆ ਕਿ ਜਨਮ ਤੇ ਮੌਤ ਦੇ ਸਰਟੀਫਿਕੇਟ ਜਾਰੀ ਕਰਨ ਦੀ ਪ੍ਰਕਿਰਿਆ ਸੁਖਾਲੀ ਕੀਤੀ ਗਈ ਹੈ। ਇਨ੍ਹਾਂ ਤੋਂ ਇਲਾਵਾ ਵਿਧਾਇਕ ਸੁਰਜੀਤ ਸਿੰਘ ਧੀਮਾਨ, ਡਾ. ਸੁਖਵਿੰਦਰ ਕੁਮਾਰ, ਸੰਤੋਖ ਸਿੰਘ, ਕੁਲਜੀਤ ਸਿੰਘ ਨਾਗਰਾ, ਤਰਸੇਮ ਸਿੰਘ ਡੀਸੀ ਤੇ ਸੋਮ ਪ੍ਰਕਾਸ਼ ਨੇ ਵੀ ਸਵਾਲ ਰੱਖੇ।
ਪ੍ਰਸ਼ਨਕਾਲ ਦੌਰਾਨ ਦੋਵੇਂ ਵਿਰੋਧੀ ਧਿਰਾਂ ਵੱਲੋਂ ਸੱਤਾਧਾਰੀ ਧਿਰ ਨੂੰ ਘੇਰਨ ਦੀ ਥਾਂ ਆਪਸ ਵਿੱਚ ਹੀ ਉਲਝਣ ਕਾਰਨ  ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਸਾਰੇ ਕਾਂਗਰਸੀ ਵਿਧਾਇਕ ਮੁਸਕਰਾ ਕੇ ਦੋਵੇਂ ਵਿਰੋਧੀ ਧਿਰਾਂ ਦਾ ਤਮਾਸ਼ਾ ਦੇਖਦੇ ਰਹੇ।
ਸਰਕਾਰ ਵਲੋਂ ਪੇਸ਼ ਕੀਤੇ ਦੋ ਬਿਲ ਰੌਲੇ ਰੱਪੇ ਦੌਰਾਨ ਹੀ ਪਾਸ  ਹੋਏ।

ਰੌਲੇ ਤੋਂ ਦੂਰ ਰਹੇ ਫੂਲਕਾ
ਵਿਧਾਨ ਸਭਾ ਵਿੱਚ ਜਦੋਂ ਪ੍ਰਸ਼ਨ ਕਾਲ ਦੌਰਾਨ ਹੀ ‘ਆਪ’ ਦੇ ਵਿਧਾਇਕ ਸ੍ਰੀ ਖਹਿਰਾ ਦੇ ਮੁੱਦੇ ਉਪਰ ਨਾਅਰੇ ਲਾਉਂਦੇ ਹੋਏ ਵੈੱਲ ਵਿੱਚ ਚਲੇ ਗਏ ਤਾਂ ਐਚ.ਐਸ. ਫੂਲਕਾ ਆਪਣੇ ਬੈਂਚ ਨੇੜੇ ਖੜ੍ਹੇ ਰਹੇ ਪਰ ਵੈੱਲ ਤੱਕ ਨਹੀਂ ਗਏ। ਇਸ ਦੌਰਾਨ ਉਨ੍ਹਾਂ ਨੇ ਨਾ ਤਾਂ ਆਪਣੇ ਸਾਥੀਆਂ ਨਾਲ ਨਾਅਰੇ ਲਾਏ ਅਤੇ ਨਾ ਹੀ ਹੱਥ ਵਿੱਚ ਪੋਸਟਰ ਫੜਿਆ। ਉਹ ਰੌਲੇ-ਰੱਪੇ ਦੌਰਾਨ ਬਾਅਦ ਵਿੱਚ ਸਦਨ ‘ਚੋਂ ਬਾਹਰ ਚਲੇ ਗਏ।

ਪੰਜਾਬੀ ਪ੍ਰੇਮੀਆਂ ਖਿਲਾਫ਼ ਪਰਚੇ ਵਾਪਸ ਲੈਣ ਦਾ ਭਰੋਸਾ
ਪੰਜਾਬ ਵਿਧਾਨ ਸਭਾ ‘ਚ ਧਿਆਨ ਦਿਵਾਉ ਮਤੇ ਦਾ ਜਵਾਬ ਦਿੰਦਿਆਂ ਸੰਸਦੀ ਮਾਮਲਿਆਂ ਬਾਰੇ ਮੰਤਰੀ ਬ੍ਰਹਮ ਮਹਿੰਦਰਾ ਨੇ ਭਰੋਸਾ ਦਿਵਾਇਆ ਕਿ ਜਰਨੈਲੀ ਸੜਕਾਂ ‘ਤੇ ਅੰਗਰੇਜ਼ੀ ਦੇ ਸਾਈਨ ਬੋਰਡਾਂ ‘ਤੇ ਕੂਚੀ ਫੇਰਨ ਵਾਲਿਆਂ ਵਿਰੁੱਧ ਦਰਜ ਮਾਮਲੇ ਵਾਪਸ ਲੈ ਲਏ ਜਾਣਗੇ। ਸਾਈਨ ਬੋਰਡਾਂ ‘ਤੇ ਮਾਤ ਭਾਸ਼ਾ ਪੰਜਾਬੀ ਨੂੰ ਪ੍ਰਮੁੱਖਤਾ ਨਾ ਦੇਣ ਸਬੰਧੀ ਧਿਆਨ ਦਿਵਾਊ ਮਤਾ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ, ਰੁਪਿੰਦਰ ਕੌਰ ਰੂਬੀ ਅਤੇ ਬਲਦੇਵ ਸਿੰਘ ਵੱਲੋਂ ਲਿਆਂਦਾ ਗਿਆ ਸੀ। ਵਿਰੋਧੀ ਧਿਰ ਦੇ ਨੇਤਾ ਨੇ ਬਠਿੰਡਾ ਨਾਲ ਸਬੰਧਤ ਵਿਵਾਦਤ ਨੌਜਵਾਨ ਆਗੂ ਲੱਖਾ ਸਿਧਾਣਾਂ ‘ਤੇ ਦਰਜ ਕੇਸ ਵੀ ਵਾਪਸ ਲੈਣ ਦੀ ਮੰਗ ਕੀਤੀ। ਸ੍ਰੀ ਮਹਿੰਦਰਾ ਨੇ ਸਦਨ ਨੂੰ ਕੇਸ ਵਾਪਸ ਲੈਣ ਦਾ ਭਰੋਸਾ ਦਿੱਤਾ। ਫਾਇਰ ਬ੍ਰਿਗੇਡ ਅਮਲੇ ਦੀ ਘਾਟ ਸਬੰਧੀ ਧਿਆਨ ਦਿਵਾਊ ਮਤੇ ਦੇ ਜਵਾਬ ਵਿੱਚ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਜਲਦੀ ਹੀ ਮੁਲਾਜ਼ਮਾਂ ਦੀ ਭਰਤੀ ਕੀਤੀ ਜਾਵੇਗੀ ਤੇ ਫਾਇਰ ਕਰਮੀਆਂ ਦੇ ਪਹਿਨਣ ਲਈ ਲੋੜੀਂਦਾ ਸਾਜੋ ਸਾਮਾਨ ਖ਼ਰੀਦਣ ਲਈ 8 ਕਰੋੜ ਰੁਪਏ ਖਰਚੇ ਜਾਣਗੇ। ਡੇਂਗੂ ਦੇ ਬੀਮਾਰੀ ਸਬੰਧੀ ਧਿਆਨ ਦਿਵਾਊ ਮਤੇ ਦੇ ਜਵਾਬ ਵਿੱਚ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੇ ਦੱਸਿਆ ਕਿ ਇਸ ਸਾਲ ਪੰਜਾਬ ‘ਚ ਡੇਂਗੂ ਨਾਲ ਚਾਰ ਮੌਤਾਂ ਹੋਈਆਂ ਹਨ।