ਸੈਕਸ ਸਕੈਂਡਲ : ਗ੍ਰਿਫ਼ਤਾਰੀ ਤੋਂ ਡਰਦਾ ਲੰਗਾਹ ਹੋਇਆ ਰੂਪੋਸ਼

ਸੈਕਸ ਸਕੈਂਡਲ : ਗ੍ਰਿਫ਼ਤਾਰੀ ਤੋਂ ਡਰਦਾ ਲੰਗਾਹ ਹੋਇਆ ਰੂਪੋਸ਼

ਸਾਥੀ ਵੀ ਹੋਏ ‘ਛੂ-ਮੰਤਰ’
ਗੁਰਦਾਸਪੁਰ/ਬਿਊਰੋ ਨਿਊਜ਼ :
ਜਬਰ-ਜਨਾਹ ਅਤੇ ਧੋਖਾਧੜੀ ਦੇ ਮਾਮਲੇ ਵਿਚ ਨਾਮਜ਼ਦ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਦੀ ਭਾਲ ਲਈ ਪੁਲੀਸ ਵਲੋਂ ਪੰਜਾਬ ਤੇ ਬਾਹਰਲੇ ਸੂਬਿਆਂ ਵਿਚ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ। ਇਸ ਸਬੰਧੀ ਪੁਲੀਸ ਵਲੋਂ ਵੱਖ-ਵੱਖ ਜਾਂਚ ਟੀਮਾਂ ਗਠਿਤ ਕਰਕੇ ਵੱਖ-ਵੱਖ ਜ਼ਿਲ੍ਹਿਆਂ ਵਿਚ ਛਾਪੇਮਾਰੀ ਕਰਕੇ ਲੰਗਾਹ ਦੀ ਭਾਲ ਕੀਤੀ ਜਾ ਰਹੀ ਹੈ। ਭਾਵੇਂ ਕਿ ਸੁਰੱਖਿਆ ਕਾਰਨਾਂ ਕਰਕੇ ਪੁਲੀਸ ਵਲੋਂ ਇਸ ਨੂੰ ਗੁਪਤ ਰੱਖਿਆ ਜਾ ਰਿਹਾ ਹੈ, ਪਰ ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪੁਲੀਸ ਵਲੋਂ ਸੁੱਚਾ ਸਿੰਘ ਲੰਗਾਹ ਦੇ ਆਤਮ-ਸਮਰਪਣ ਤੋਂ ਪਹਿਲਾਂ ਹੀ ਗ੍ਰਿਫ਼ਤਾਰ ਕਰਨ ਦੀ ਪ੍ਰਕਿਰਿਆ ਆਰੰਭੀ ਹੋਈ ਹੈ, ਜਿਸ ਲਈ ਪੰਜਾਬ ਦੇ ਨਾਲ-ਨਾਲ ਬਾਹਰੀ ਸੂਬਿਆਂ ਵਿਚ ਲੰਗਾਹ ਦੇ ਟਿਕਾਣਿਆਂ ‘ਤੇ ਚੈਕਿੰਗ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਬੀਤੀ 29 ਸਤੰਬਰ ਨੂੰ ਗੁਰਦਾਸਪੁਰ ਦੇ ਥਾਣਾ ਸਿਟੀ ਵਿਖੇ ਸੁੱਚਾ ਸਿੰਘ ਲੰਗਾਹ ਖ਼ਿਲਾਫ਼ ਇਕ ਔਰਤ ਵਲੋਂ ਜਬਰ ਜਨਾਹ ਤੇ ਧੋਖਾਧੜੀ ਦਾ ਮਾਮਲਾ ਦਰਜ ਕਰਵਾਇਆ ਗਿਆ ਸੀ, ਜਿਸ ਦੇ ਬਾਅਦ ਲੰਗਾਹ ਵਲੋਂ ਅਗਲੇ ਦਿਨ ਆਤਮ-ਸਮਰਪਣ ਲਈ ਕਿਹਾ ਗਿਆ ਸੀ ਪਰ 30 ਸਤੰਬਰ ਨੂੰ ਅਦਾਲਤ ਵਿਚ ਆਤਮ-ਸਮਰਪਣ ਨਾ ਕੀਤੇ ਜਾਣ ਦੇ ਬਾਅਦ ਪੁਲੀਸ ਵਲੋਂ ਵਿਸ਼ੇਸ਼ ਟੀਮਾਂ ਗਠਿਤ ਕਰਕੇ ਉਸ ਦੀ ਭਾਲ ਸ਼ੁਰੂ ਕੀਤੀ ਗਈ ਹੈ।
ਇਸੇ ਦੌਰਾਨ ਉਸ ਦੀ ਧਾਰੀਵਾਲ ਸਥਿਤ ਰਿਹਾਇਸ਼ ਅਤੇ ਮੀਟਿੰਗ ਵਾਲੀ ਥਾਂ ਜਿਸ ਨੂੰ ਲਾਲ ਕੋਠੀ ਦੇ ਨਾਂਅ ਵਜੋਂ ਜਾਣਿਆ ਜਾਂਦਾ ਹੈ, ਉਸ ਵਿਚ ਰਹਿੰਦੇ ਸੰਤਰੀ ਵੀ ਪੱਕੇ ਤੌਰ ‘ਤੇ ਜਿੰਦਰਾ ਮਾਰ ਕੇ ਜਾ ਚੁੱਕੇ ਹਨ ਅਤੇ ਬਟਾਲਾ ਰੋਡ ਉੱਪਰ ਉਨ੍ਹਾਂ ਦੀ ਰਿਹਾਇਸ਼ ‘ਤੇ ਵੀ ਤਾਲੇ ਲੱਗੇ ਹੋਏ ਹਨ। ਗੁਰਦਾਸਪੁਰ ਪੁਲੀਸ ਵਲੋਂ ਵੱਖ-ਵੱਖ ਜ਼ਿਲ੍ਹਿਆਂ ਤੋਂ ਇਲਾਵਾ ਦਿੱਲੀ ਅਤੇ ਮੁੰਬਈ ਵਿਚ ਵੀ ਲੰਗਾਹ ਦੇ ਹੋਣ ਦੇ ਆਸਾਰ ਹੋਣ ਕਰਕੇ ਉਸ ਦੀਆਂ ਲੋਕੇਸ਼ਨਾਂ ਟਰੇਸ ਕੀਤੀਆਂ ਜਾ ਰਹੀਆਂ ਹਨ ਅਤੇ ਪੁਲੀਸ ਵਲੋਂ ਜਾਂਚ ਟੀਮਾਂ ਗਠਿਤ ਕਰਕੇ ਲੰਗਾਹ ਦੀ ਭਾਲ ਕੀਤੀ ਜਾ ਰਹੀ ਹੈ।
ਇਸ ਸਬੰਧੀ ਐਸ.ਐਸ.ਪੀ. ਗੁਰਦਾਸਪੁਰ ਹਰਚਰਨ ਸਿੰਘ ਭੁੱਲਰ ਨੇ ਦੱਸਿਆ ਕਿ ਲੰਗਾਹ ਨੂੰ ਫੜਨ ਲਈ ਪੁਲੀਸ ਵਲੋਂ ਯੋਜਨਾਬੱਧ ਤਰੀਕਾ ਅਪਣਾਇਆ ਜਾ ਰਿਹਾ ਹੈ, ਜਿਸ ਬਾਰੇ ਅਜੇ ਉਹ ਕੁਝ ਨਹੀਂ ਕਹਿ ਸਕਦੇ। ਉਨ੍ਹਾਂ ਦੱਸਿਆ ਕਿ ਜਿੱਥੇ ਵੀ ਸਾਨੂੰ ਉਸ ਦੇ ਸੰਭਾਵੀ ਟਿਕਾਣਿਆਂ ਬਾਰੇ ਸੂਚਨਾ ਮਿਲਦੀ ਹੈ, ਅਸੀਂ ਉਥੇ ਛਾਪੇਮਾਰੀ ਕਰ ਰਹੇ ਹਾਂ। ਉਧਰ ਲੰਗਾਹ ਦੇ ਨੇੜਲਿਆਂ ਵਿਚ ਗਿਣੇ ਜਾਂਦੇ ਸੁਰੇਸ਼ ਵਾਲੀਆ ਅਤੇ ਮੁਹੰਮਦ ਰਫੀਹ ਉਰਫ ਸਿਪਾਹੀਆ ਗੁੱਜਰ ਵੀ ਰੂਪੋਸ਼ ਹੋ ਗਏ ਹਨ। ਉਕਤ ਵਿਅਕਤੀਆਂ ਦੇ ਮੋਬਾਈਲ ਤੱਕ ਵੀ ਬੰਦ ਆ ਰਹੇ ਹਨ। ਭਰੋਸੇਯੋਗ ਸੂਤਰਾਂ ਅਨੁਸਾਰ ਸਿਪਾਹੀਆ ਗੁੱਜਰ ਦੇ ਡੇਰੇ ‘ਤੇ ਪੁਲੀਸ ਨੇ ਛਾਪੇਮਾਰੀ ਕੀਤੀ, ਪਰ ਸਿਪਾਹੀਆ ਗੁੱਜਰ ਕਿਤੇ ਵੀ ਨਹੀਂ ਮਿਲਿਆ। ਇਸ ਤੋਂ ਇਲਾਵਾ ਲੰਗਾਹ ਅਤੇ ਉਸ ਦੇ ਨੇੜਲੇ ਸਾਥੀਆਂ ਦਾ ਗ੍ਰਿਫ਼ਤਾਰ ਨਾ ਹੋਣਾ ਅਤੇ ਰੂਪੋਸ਼ ਹੋ ਜਾਣਾ ਜਿੱਥੇ ਪੁਲੀਸ ਲਈ ਸਿਰਦਰਦੀ ਬਣਿਆ ਹੋਇਆ ਹੈ, ਉਥੇ ਹੀ ਸ਼ਿਕਾਇਤਕਰਤਾ ਔਰਤ ਵੀ ਚਿੰਤਤ ਹੈ ਅਤੇ ਇਸ ਸਾਰੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਪੁਲੀਸ ਪ੍ਰਸ਼ਾਸਨ ਨੇ ਪੀੜਤਾ ਦੇ ਘਰ ਇਕ ਹੈੱਡਕਾਂਸਟੇਬਲ ਅਤੇ ਇਕ ਕਾਂਸਟੇਬਲ ਪੱਕੇ ਤੌਰ ‘ਤੇ ਸੁਰੱਖਿਆ ਲਈ ਲਗਾ ਦਿੱਤੇ ਹਨ।

ਅਕਾਲੀ ਦਲ ਨੇ ਪਾਰਟੀ ਵਿਚੋਂ ਲੰਗਾਹ ਦੀ ਕੀਤੀ ਛਾਂਟੀ :
ਸੁਖਬੀਰ ਬਾਦਲ ਲੰਗਾਹ ਦੇ ਹਲਕੇ ਤੋਂ ਰੈਲੀਆਂ ਨਾ ਸ਼ੁਰੂ ਕਰ ਸਕੇ
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਦੇ ਸੈਕਸ ਸਕੈਂਡਲ ਵਿਚ ਫਸ ਜਾਣ ਕਾਰਨ ਅਕਾਲੀ ਦਲ ਨੂੰ ਜਿੱਥੇ ਵੱਡੀ ਸ਼ਰਮਨਾਕ ਸਥਿਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਥੇ ਪਾਰਟੀ ਲਈ ਗੁਰਦਾਸਪੁਰ ਦੀ ਜ਼ਿਮਨੀ ਚੋਣ ਦੌਰਾਨ ਵੀ ਸਥਿਤੀ ਹਾਸੋਹੀਣੀ ਬਣ ਗਈ ਹੈ। ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਜਿਨ੍ਹਾਂ ਪਹਿਲਾਂ ਐਲਾਨੇ ਪ੍ਰੋਗਰਾਮ ਅਨੁਸਾਰ ਸ. ਲੰਗਾਹ ਦੇ ਹਲਕਾ ਫਤਹਿਗੜ੍ਹ ਚੂੜੀਆਂ ਤੋਂ ਚੋਣ ਰੈਲੀਆਂ ਦੀ ਸ਼ੁਰੂਆਤ ਕਰਨੀ ਸੀ, ਵਲੋਂ ਪ੍ਰੋਗਰਾਮ ਰੱਦ ਕਰ ਦਿੱਤਾ ਗਿਆ ਸੀ, ਕਿਉਂਕਿ ਸਥਾਨਕ ਪਾਰਟੀ ਲੀਡਰਸ਼ਿਪ ਲੰਗਾਹ ਵਿਰੁੱਧ ਲੱਗੇ ਦੋਸ਼ਾਂ ਦੇ ਵੱਡੇ ਝਟਕੇ ਵਿਚੋਂ ਹੀ ਅਜੇ ਨਹੀਂ ਨਿਕਲ ਪਾਈ ਸੀ। ਸੁਖਬੀਰ ਸਿੰਘ ਬਾਦਲ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਸੁੱਚਾ ਸਿੰਘ ਲੰਗਾਹ ਨੂੰ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਤੋਂ ਬਰਤਰਫ਼ ਕਰ ਦਿੱਤਾ ਗਿਆ ਹੈ, ਪਰ ਨਾਲ ਹੀ ਉਨ੍ਹਾਂ ਕਿਹਾ ਕਿ ਲੰਗਾਹ ਨੇ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਭੇਜਿਆ ਸੀ, ਜਿਸ ਨੂੰ ਉਨ੍ਹਾਂ ਪ੍ਰਵਾਨ ਕਰ ਲਿਆ ਹੈ।
ਸੂਚਨਾ ਅਨੁਸਾਰ ਅਕਾਲੀ ਦਲ ਵਲੋਂ ਵਿਚਾਰ-ਵਟਾਂਦਰੇ ਤੋਂ ਬਾਅਦ ਫੈਸਲਾ ਲਿਆ ਗਿਆ ਕਿ ਪਾਰਟੀ ਉਕਤ ਸ਼ਰਮਨਾਕ ਘਟਨਾ ਤੋਂ ਆਪਣੇ ਆਪ ਨੂੰ ਵੱਖ ਰੱਖਣ ਦੀ ਕੋਸ਼ਿਸ਼ ਕਰੇ ਕਿਉਂਕਿ ਉਕਤ ਘਟਨਾ ਨਾਲ ਪਾਰਟੀ ਦਾ ਕੋਈ ਲੈਣਾ-ਦੇਣਾ ਨਹੀਂ ਸੀ। ਦਲ ਵਲੋਂ ਜ਼ਿਮਨੀ ਚੋਣ ਕਾਰਨ ਇਸ ਹਲਕੇ ਦਾ ਚਾਰਜ ਲੰਗਾਹ ਤੋਂ ਬਾਅਦ ਕਿਸੇ ਹੋਰ ਆਗੂ ਨੂੰ ਦੇਣ ਦੇ ਮੁੱਦੇ ‘ਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ, ਪਰ ਅਜੇ ਇਹ ਸਪਸ਼ਟ ਨਹੀਂ ਕਿ ਪਾਰਟੀ ਹਾਲ ਦੀ ਘੜੀ ਕਿਸੇ ਸੀਨੀਅਰ ਬਾਹਰੀ ਆਗੂ ਨੂੰ ਹਲਕੇ ਦਾ ਚਾਰਜ ਦੇਵੇਗੀ ਜਾਂ ਸਥਾਨਕ ਆਗੂ ਨੂੰ ਹੀ ਹਲਕੇ ਦਾ ਚਾਰਜ ਦਿੱਤਾ ਜਾਵੇਗਾ। ਚਰਚਾ ਇਹ ਵੀ ਸੀ ਕਿ ਇਸ ਹਲਕੇ ਦਾ ਚਾਰਜ ਜ਼ਿਮਨੀ ਚੋਣ ਲਈ ਸ. ਬਿਕਰਮ ਸਿੰਘ ਮਜੀਠੀਆ ਨੂੰ ਵੀ ਦਿੱਤਾ ਜਾ ਸਕਦਾ ਹੈ। ਸੂਚਨਾ ਅਨੁਸਾਰ ਲੰਗਾਹ ਵੱਲੋਂ ਪੁਲੀਸ ਸਾਹਮਣੇ ਸਮਰਪਣ ਸਬੰਧੀ ਜੋ ਦਾਅਵੇ ਕੀਤੇ ਗਏ ਸਨ ਪਾਰਟੀ ਨੇ ਹੁਣ ਉਨ੍ਹਾਂ ਤੋਂ ਵੀ ਆਪਣੇ ਆਪ ਨੂੰ ਵੱਖ ਕਰਨ ਦਾ ਫ਼ੈਸਲਾ ਲਿਆ ਹੈ ਤੇ ਸਪਸ਼ਟ ਕੀਤਾ ਹੈ ਕਿ ਇਹ ਮਾਮਲਾ ਲੰਗਾਹ ਤੇ ਪੁਲੀਸ ਦਰਮਿਆਨ ਹੈ। ਸੂਚਨਾ ਅਨੁਸਾਰ ਪੁਲੀਸ ਹਲਕਿਆਂ ਤੋਂ ਲੰਗਾਹ ਨੂੰ ਹਿਰਾਸਤ ਵਿਚ ਲੈਣ ਲਈ ਬਹੁਤੀ ਸਖ਼ਤੀ ਜਾਂ ਭੱਜਦੌੜ ਨਹੀਂ ਕੀਤੀ ਜਾ ਰਹੀ ਕਿਉਂਕਿ ਸੈਕਸ ਸਕੈਂਡਲ ਸਬੰਧੀ ਜਿਹੋ-ਜਿਹੀ ਵੀਡੀਓ ਜਨਤਕ ਹੋ ਗਈ ਹੈ ਤੇ ਜੋ ਪੁਲੀਸ ਨੂੰ ਵੀ ਸ਼ਿਕਾਇਤ ਨਾਲ ਦਿੱਤੀ ਗਈ ਹੈ, ਉਸ ਕਾਰਨ ਲੰਗਾਹ ਜਾਂ ਉਨ੍ਹਾਂ ਦੇ ਪਰਿਵਾਰ ਦੋਵਾਂ ਲਈ ਹੀ ਇਹ ਸਥਿਤੀ ਬੇਹੱਦ ਸ਼ਰਮਨਾਕ ਬਣ ਗਈ ਹੈ, ਜਿਸ ਕਾਰਨ ਪਰਿਵਾਰਕ ਹਲਕੇ ਅਜਿਹੇ ਖ਼ਦਸ਼ੇ ਵੀ ਪ੍ਰਗਟ ਕਰ ਰਹੇ ਹਨ ਕਿ ਲੰਗਾਹ ਅਜਿਹੀ ਮਾਯੂਸੀ ਦੀ ਹਾਲਤ ਵਿਚ ਕੁਝ ਵੀ ਫ਼ੈਸਲਾ ਲੈ ਸਕਦਾ ਹੈ।
ਸੂਚਨਾ ਅਨੁਸਾਰ ਲੰਗਾਹ ‘ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੁਣੇ ਹੋਏ ਮੈਂਬਰ ਹੋਣ ਕਾਰਨ ਤੇ ਅੰਮ੍ਰਿਤਧਾਰੀ ਸਿੱਖ ਵੱਲੋਂ ਅਜਿਹੀ ਬੇਹੁਰਮਤੀ ਰਾਹੀਂ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਵਿਚ ਵੀ ਕਾਰਵਾਈ ਹੋ ਸਕਦੀ ਹੈ ਤੇ ਇਸ ਲਈ ਵੀ ਉਸ ਵਿਰੁੱਧ ਧਾਰਾ 295 ਅਧੀਨ ਕੇਸ ਦਰਜ ਕੀਤਾ ਜਾ ਸਕਦਾ ਹੈ, ਜੋ ਕਿ ਹਾਲ ਦੀ ਘੜੀ ਪੁਲੀਸ ਵਲੋਂ ਨਹੀਂ ਕੀਤਾ ਗਿਆ।

 

ਵਿਵਾਦਾਂ ਵਿਚ ਹੀ ਘਿਰਿਆ ਰਿਹੈ ਲੰਗਾਹ ਦਾ ਜੀਵਨ

ਖਾੜਕੂਵਾਦ ਵੇਲੇ ਲੰਗਾਹ ਨੇ ਲਾਈ ਸੀ ਬਾਦਲਾਂ ਨਾਲ ਯਾਰੀ
ਚੰਡੀਗੜ੍ਹ/ਬਿਊਰੋ ਨਿਊਜ਼ :
ਸ਼੍ਰੋਮਣੀ ਅਕਾਲੀ ਦਲ ਦੇ ਮਾਝੇ ਨਾਲ ਸਬੰਧਤ ਆਗੂ ਸੁੱਚਾ ਸਿੰਘ ਲੰਗਾਹ ਦਾ ਵਿਵਾਦਾਂ ਨਾਲ ਵਾਹ ਕੋਈ ਨਵੀਂ ਗੱਲ ਨਹੀਂ। ਉਹ ਆਪਣੇ ਇਲਾਕੇ ਵਿੱਚ ਭਾਵੇਂ ਮਕਬੂਲ ਹੋਵੇ ਪਰ ਢਾਈ ਦਹਾਕਿਆਂ ਤੋਂ ਉਹ ਕਿਸੇ ਨਾ ਕਿਸੇ ਵਿਵਾਦ ਵਿਚ ਘਿਰਦਾ ਆ ਰਿਹਾ ਹੈ। ਇਹ ਵੱਖਰੀ ਗੱਲ ਹੈ ਕਿ ਹੁਣ ਉਸ ‘ਤੇ ਬਲਾਤਕਾਰ ਸਮੇਤ ਹੋਰ ਸੰਗੀਨ ਦੋਸ਼ ਲੱਗੇ ਹਨ ਜਿਨ੍ਹਾਂ ਵਿਚੋਂ ਬਚਾਅ ਸੌਖਾ ਨਹੀਂ ਜਾਪਦਾ। ਪੁਲੀਸ ਤੇ ਸਰਕਾਰ ਨੇ ਮੁਢਲੀਆਂ ਸ਼ਰਤਾਂ ਪੂਰੀਆਂ ਕਰਨ ਬਾਅਦ ਹੀ ਇਸ ਅਕਾਲੀ ਆਗੂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਹੈ।
ਦੱਸਣਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੇ ਪਹਿਲੇ ਕਾਰਜਕਾਲ (2002-2007) ਦੌਰਾਨ ਵੀ ਲੰਗਾਹ ਖ਼ਿਲਾਫ਼ ਭ੍ਰਿਸ਼ਟਾਚਾਰ ਤੇ ਹੋਰ ਧਾਰਾਵਾਂ ਤਹਿਤ ਕੇਸ ਦਰਜ ਹੋਇਆ ਸੀ। ਇਸ ਮਾਮਲੇ ਵਿਚ ਮੁਹਾਲੀ ਦੀ ਅਦਾਲਤ ਨੇ ਸਜ਼ਾ ਵੀ ਸੁਣਾਈ ਹੈ ਪਰ ਸੁਪਰੀਮ ਕੋਰਟ ਵਿਚੋਂ ਰਾਹਤ ਮਿਲਣ ਬਾਅਦ ਹੀ ਉਹ ਲੰਘੀਆਂ ਵਿਧਾਨ ਸਭਾ ਚੋਣਾਂ ਲੜਨ ਵਿਚ ਕਾਮਯਾਬ ਹੋ ਗਿਆ ਸੀ। ਇਸ ਅਕਾਲੀ ਆਗੂ ਨੂੰ ਪਾਰਟੀ ਦੇ ਸਰਪ੍ਰਸਤ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਕਰੀਬੀਆਂ ਵਿਚੋਂ ਮੰਨਿਆ ਜਾਂਦਾ ਹੈ। ਪਾਰਟੀ ਹਲਕਿਆਂ ਮੁਤਾਬਕ ਖਾੜਕੂਵਾਦ ਵੇਲੇ ਲੰਗਾਹ ਦੀ ਬਾਦਲ ਪਰਿਵਾਰ ਨੇੜਤਾ ਬਣੀ ਸੀ। 1997 ਵਿੱਚ ਅਕਾਲੀ-ਭਾਜਪਾ ਗੱਠਜੋੜ ਦੀ ਸਰਕਾਰ ਬਣੀ ਤਾਂ ਇਸ ਨੂੰ ਸਭ ਤੋਂ ਪ੍ਰਭਾਵਸ਼ਾਲੀ ਲੋਕ ਨਿਰਮਾਣ ਮੰਤਰੀ ਬਣਾਇਆ ਗਿਆ। ਸਾਲ 2007 ਵਿਚ ਅਕਾਲੀ ਸਰਕਾਰ ਨੇ ਲੰਗਾਹ ਨੂੰ ਖੇਤੀਬਾੜੀ ਮੰਤਰੀ ਬਣਾਇਆ ਸੀ।
ਪਾਰਟੀ ਅੰਦਰ ਇਹ ਮੰਨਿਆ ਜਾਂਦਾ ਹੈ ਕਿ ਖਾੜਕੂਵਾਦ ਦੀਆਂ ‘ਮਿਹਰਬਾਨੀਆਂ’ ਸਦਕਾ ਪ੍ਰਕਾਸ਼ ਸਿੰਘ ਬਾਦਲ ਨੇ ਹਮੇਸ਼ਾ ਸ੍ਰੀ ਲੰਗਾਹ ਦਾ ਪੱਖ ਲਿਆ ਹੈ ਪਰ ਹੁਣ ਹਾਲਾਤ ਹੀ ਕੁੱਝ ਅਜਿਹੇ ਬਣ ਗਏ ਹਨ ਕਿ ਬਾਦਲ ਪਰਿਵਾਰ ਵੀ ਬੇਵੱਸ ਦਿਖਾਈ ਦੇ ਰਿਹਾ ਹੈ। ਸੂਤਰਾਂ ਮੁਤਾਬਕ ਜਦੋਂ ਬਲਾਤਕਾਰ ਦਾ ਇਹ ਮਾਮਲਾ ਸਾਹਮਣੇ ਆਇਆ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਪਹਿਲਾਂ ਤਾਂ ਆਪਣੇ ਤੌਰ ‘ਤੇ ਕਮੇਟੀ ਕਾਇਮ ਕਰਕੇ ਜਾਂਚ ਕਰਾਉਣ ਦਾ ਫੈਸਲਾ ਕੀਤਾ ਤਾਂ ਜੋ ਸੰਕਟ ਦੀ ਘੜੀ ਵਿਚ ਇਸ ਨੇਤਾ ਦਾ ਅਸਿੱਧੇ ਢੰਗ ਨਾਲ ਸਾਥ ਦਿੱਤਾ ਜਾਵੇ। ਪਰ ਪ੍ਰਕਾਸ਼ ਸਿੰਘ ਬਾਦਲ ਨੇ ਮਸ਼ਵਰਾ ਦਿੱਤਾ ਕਿ ਹਾਲ ਦੀ ਘੜੀ ਲੰਗਾਹ ਨੂੰ ਸਾਰੇ ਅਹੁਦਿਆਂ ਤੋਂ ਲਾਹ ਦੇਣ ਵਿਚ ਹੀ ਪਾਰਟੀ ਦੀ ਭਲਾਈ ਹੈ। ਵੱਡੇ ਬਾਦਲ ਦੇ ਮਸ਼ਵਰੇ ਬਾਅਦ ਹੀ ਸ੍ਰੀ ਲੰਗਾਹ ਨੂੰ ਅਸਤੀਫ਼ਾ ਦੇਣ ਲਈ ਕਿਹਾ ਗਿਆ ਅਤੇ ਛੋਟੇ ਬਾਦਲ ਨੇ ਅਸਤੀਫਾ ਤੁਰੰਤ ਮਨਜ਼ੂਰ ਵੀ ਕਰ ਲਿਆ।
ਮਹਿਲਾ ਪੁਲੀਸ ਮੁਲਾਜ਼ਮ ਵੱਲੋਂ ਗੁਰਦਾਸਪੁਰ ਪੁਲੀਸ ਕੋਲ ਜਬਰ ਜਨਾਹ ਦਾ ਕੇਸ ਦਰਜ ਕਰਾਏ ਜਾਣ ਬਾਅਦ ਸੁੱਚਾ ਸਿੰਘ ਲੰਗਾਹ ਰੂਪੋਸ਼ ਹੋ ਗਿਆ ਹੈ। ਅਦਾਲਤ ਵਿਚ ਆਤਮ ਸਮਰਪਣ ਤੋਂ ਪਹਿਲਾਂ ਸ੍ਰੀ ਲੰਗਾਹ ਨੂੰ ਨੱਪਣ ਲਈ ਪੁਲੀਸ ਜ਼ਿਲ੍ਹਾ ਕਚਹਿਰੀਆਂ ਅੱਗੇ ਡੇਰੇ ਲਾਈ ਬੈਠੀ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਤਰਜਮਾਨ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਇਸ ਮਾਮਲੇ ਨਾਲ ਸ੍ਰੀ ਲੰਗਾਹ ਦਾ ਰਾਜਸੀ ਜੀਵਨ ਖ਼ਤਮ ਹੋ ਗਿਆ ਹੈ। ਉਨ੍ਹਾਂ ਮੰਨਿਆ ਕਿ ਪਰਾਈ ਇਸਤਰੀ ਨਾਲ ਜਿਸਮਾਨੀ ਸਬੰਧਾਂ ਨੂੰ ਸਿੱਖ ਰਹਿਤ ਮਰਿਆਦਾ ਦੀਆਂ ਬੱਜਰ ਕੁਰਹਿਤਾਂ ਵਿੱਚੋਂ ਇਕ ਮੰਨਿਆ ਜਾਂਦਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਪ੍ਰਤੀਕਰਮ ਬਾਰੇ ਪੁੱਛਣ ‘ਤੇ ਉਨ੍ਹਾਂ ਕਿਹਾ ਕਿ ਸ੍ਰੀ ਬਾਦਲ ਨੇ ਲੰਗਾਹ ਦੇ ਅਸਤੀਫੇ ਉਸੇ ਦਿਨ ਪ੍ਰਵਾਨ ਕਰ ਲਏ ਸਨ। ਭਾਜਪਾ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਪ੍ਰਭਾਤ ਝਾਅ ਨੇ ਇਸ ਮਾਮਲੇ ਨੂੰ ਰਾਜਸੀ ਬਦਲਾਖੋਰੀ ਅਤੇ ਪਹਿਲਾਂ ਤੋਂ ਬਣਾਈ ਨਕਲੀ ਵੀਡੀਓ ਕਹਿ ਕੇ ਟਾਲਣ ਦੀ ਕੋਸ਼ਿਸ਼ ਕੀਤੀ। ਕੈਬਨਿਟ ਮੰਤਰੀ ਨਵਜੋਤ ਸਿੱਧੂ ਨੇ ਤਿੱਖਾ ਹਮਲਾ ਕਰਦਿਆਂ ਅਕਾਲੀਆਂ ਨੂੰ ‘ਬਲਾਤਕਾਰੀ ਤੇ ਚਿੱਟੇ ਦੇ ਵਪਾਰੀ’ ਕਹਿ ਕੇ ਭੰਡਿਆ ਹੈ।

ਭਾਜਪਾ ਉਮੀਦਵਾਰ ਦੀ ਮੁਹਿੰਮ ‘ਤੇ ਪਰਛਾਵਾਂ
ਅੰਮ੍ਰਿਤਸਰ : ਸਾਬਕਾ ਅਕਾਲੀ ਮੰਤਰੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸੁੱਚਾ ਸਿੰਘ ਲੰਗਾਹ ਖ਼ਿਲਾਫ਼ ਜਬਰ-ਜਨਾਹ ਦੇ ਦੋਸ਼ ਹੇਠ ਕੇਸ ਦਰਜ ਹੋਣ ਨਾਲ ਗੁਰਦਾਸਪੁਰ ਵਿੱਚ ਅਕਾਲੀ-ਭਾਜਪਾ ਉਮੀਦਵਾਰ ਦੀ ਸਾਖ਼ ਨੂੰ ਢਾਹ ਲੱਗ ਸਕਦੀ ਹੈ। ਇਸ ਮਾਮਲੇ ਵਿੱਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਅਸਤੀਫ਼ੇ ਅਤੇ ਸ੍ਰੀ ਲੰਗਾਹ ਨੂੰ ਪਾਰਟੀ ਵਿੱਚੋਂ ਕੱਢਣ ਦੀ ਮੰਗ ਉੱਠੀ ਹੈ।
ਅਕਾਲੀ-ਭਾਜਪਾ ਆਗੂਆਂ ਵੱਲੋਂ ਗੁਰਦਾਸਪੁਰ ਵਿੱਚ ਚੋਣ ਪ੍ਰਚਾਰ ਜ਼ੋਰਾਂ ‘ਤੇ ਸੀ, ਪਰ ਲੰਗਾਹ ਖ਼ਿਲਾਫ਼ ਕੇਸ ਦਰਜ ਹੋਣ ਨਾਲ ਗਠਜੋੜ ਨੂੰ ਹੁਣ ਬਚਾਅ ਰੁਖ ਅਖ਼ਤਿਆਰ ਕਰਨ ‘ਤੇ ਧਿਆਨ ਦੇਣਾ ਪੈ ਰਿਹਾ ਹੈ, ਜਿਸ ਦਾ ਸਿੱਧਾ ਲਾਭ ਕਾਂਗਰਸੀ ਉਮੀਦਵਾਰ ਨੂੰ ਹੋਣ ਦੀ ਸੰਭਾਵਨਾ ਹੈ। ਅਕਾਲੀ ਦਲ ਨੇ ਸ੍ਰੀ ਲੰਗਾਹ ਨੂੰ ਚੋਣ ਪ੍ਰਚਾਰ ਕਮੇਟੀ ਦਾ ਮੁਖੀ ਵੀ ਬਣਾਇਆ ਹੋਇਆ ਸੀ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਅਮਰਜੀਤ ਸਿੰਘ ਟਿੱਕਾ ਨੇ ਆਖਿਆ ਕਿ ਅਕਾਲੀ ਦਲ ਦੇ ਸਾਬਕਾ ਮੰਤਰੀ ਤੇ ਸ਼੍ਰੋਮਣੀ ਕਮੇਟੀ ਮੈਂਬਰ ਖ਼ਿਲਾਫ਼ ਜਬਰ-ਜਨਾਹ ਵਰਗੇ ਮਾਮਲੇ ਵਿੱਚ ਕੇਸ ਦਰਜ ਹੋਣ ਤੋਂ ਬਾਅਦ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਨੈਤਿਕ ਆਧਾਰ ‘ਤੇ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਆਪਣੇ ਆਪ ਨੂੰ ਸਿੱਖਾਂ ਦੀ ਨੁਮਾਇੰਦਗੀ ਕਰਨ ਵਾਲੀ ਪਾਰਟੀ ਆਖਦਾ ਹੈ ਤੇ ਅਜਿਹੀ ਸਥਿਤੀ ਵਿੱਚ ਪ੍ਰਧਾਨ ਦੀ ਨੈਤਿਕ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਅਹੁਦੇ ਤੋਂ ਅਸਤੀਫ਼ਾ ਦੇਵੇ। ਸ਼੍ਰੋਮਣੀ ਅਕਾਲੀ ਦਲ (ਦਿੱਲੀ) ਦੇ ਪ੍ਰਧਾਨ ਅਤੇ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਆਖਿਆ ਕਿ ਸੁੱਚਾ ਸਿੰਘ ਲੰਗਾਹ ਨੂੰ ਤੁਰੰਤ ਅਕਾਲੀ ਦਲ ਵਿੱਚੋਂ ਬਾਹਰ ਕਰ ਦੇਣਾ ਚਾਹੀਦਾ ਹੈ।
ਕਾਂਗਰਸ ਤੇ ‘ਆਪ’ ਨੂੰ ਮਿਲਿਆ ਵੱਡਾ ਮੁੱਦਾ  :
ਗੁਰਦਾਸਪੁਰ : ਕਾਂਗਰਸ ਅਤੇ ‘ਆਪ’ ਨੂੰ ਲੋਕ ਸਭਾ ਜ਼ਿਮਨੀ ਚੋਣ ਦੌਰਾਨ ਅਕਾਲੀ ਦਲ ਖ਼ਿਲਾਫ਼ ਵੱਡਾ ਚੋਣ ਮੁੱਦਾ ਮਿਲ ਗਿਆ ਹੈ। ਸੁੱਚਾ ਸਿੰਘ ਲੰਗਾਹ ਖ਼ਿਲਾਫ਼ ਕੇਸ ਦਰਜ ਹੋਣ ਤੋਂ ਬਾਅਦ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਇੱਥੇ ਹਲਕਾ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਦੇ ਘਰ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਗੁਰਦਾਸਪੁਰ ਦੇ ਲੋਕਾਂ ਨੂੰ ਵੋਟਾਂ ਮੰਗਣ ਆਉਣ ਵਾਲੇ ਅਕਾਲੀਆਂ ਦਾ ਬਾਈਕਾਟ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਅਕਾਲੀ ਦਲ ਕੋਰ ਕਮੇਟੀ ਨੂੰ ਵੀ ਭੰਗ ਕਰਨ ਦੀ ਮੰਗ ਕੀਤੀ ਹੈ। ‘ਆਪ’ ਦੇ ਸੀਨੀਅਰ ਆਗੂ ਜੋਗਿੰਦਰ ਸਿੰਘ ਛੀਨਾ ਨੇ ਕਿਹਾ ਕਿ ਲੋਕਾਂ ਨੂੰ ਅਕਾਲੀ-ਭਾਜਪਾ ਤੋਂ ਸੁਚੇਤ ਹੋਣ ਦੀ ਲੋੜ ਹੈ।