ਭਾਰਤ ਨੂੰ ਵੰਡ ਰਹੀ ਹੈ ਨਫ਼ਰਤ ਦੀ ਸਿਆਸਤ : ਰਾਹੁਲ ਗਾਂਧੀ

ਭਾਰਤ ਨੂੰ ਵੰਡ ਰਹੀ ਹੈ ਨਫ਼ਰਤ ਦੀ ਸਿਆਸਤ : ਰਾਹੁਲ ਗਾਂਧੀ

”ਧਰੁਵੀਕਰਨ ਦੀ ਸਿਆਸਤ ਚੁੱਕ ਰਹੀ ਹੈ ਸਿਰ
ਮੋਦੀ ਨੇ ਹੀ ਕਸ਼ਮੀਰ ‘ਚ ਪੈਦਾ ਕੀਤੀ ਅਤਿਵਾਦੀਆਂ ਲਈ ਥਾਂ
ਨੋਟਬੰਦੀ ਵੇਲੇ ਮੋਦੀ ਨੇ ਸੰਸਦ ਨੂੰ ਵੀ ਹਨੇਰੇ ‘ਚ ਰੱਖਿਆ
ਖੇਤੀ ਸੰਕਟ ‘ਚ, ਕਿਸਾਨ ਕਰ ਰਹੇ ਨੇ ਖ਼ੁਦਕੁਸ਼ੀਆਂ
ਜੋ ਕੁਝ ਹਾਸਲ ਹੋਇਆ, ਉਸ ਦੇ ਖ਼ਤਮ ਹੋਣ ਦਾ ਖ਼ਤਰਾ
ਜ਼ੋਰ-ਜ਼ਬਰਦਸਤੀ ਵਾਲਾ ਚੀਨੀ ਤਰੀਕਾ ਨਹੀਂ ਚੱਲ ਸਕਦਾ
ਮੋਹਰੀ 100 ਕੰਪਨੀਆਂ ‘ਤੇ ਹੈ ਸਾਰਾ ਧਿਆਨ
2012 ‘ਚ ਕਾਂਗਰਸ ਅੰਦਰ ਹੰਕਾਰ ਆ ਗਿਆ ਸੀ
ਮੈਂ ਪ੍ਰਧਾਨ ਮੰਤਰੀ ਬਣਨ ਲਈ ਤਿਆਰ
ਪੂਰਾ ਭਾਰਤ ਹੀ ਪਰਿਵਾਰਵਾਦ ਨਾਲ ਚਲਦੈ”

ਬਰਕਲੇ/ਬਿਊਰੋ ਨਿਊਜ਼ :
ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਯੂਨੀਵਰਸਿਟੀ ਆਫ਼ ਕੈਲੇਫੋਰਨੀਆ ਵਿਚ ਸਮਕਾਲੀਨ ਭਾਰਤ ਅਤੇ ਵਿਸ਼ਵ ਦੇ ਇਸ ਸਭ ਤੋਂ ਵੱਡੇ ਲੋਕਤੰਤਰ ਦੇ ਭਵਿੱਖ ‘ਤੇ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ। ਭਾਜਪਾ ‘ਤੇ ਧਰੁਵੀਕਰਨ ਦੀ ਸਿਆਸਤ ਕਰਨ ਦਾ ਦੋਸ਼ ਲਾਉਂਦਿਆਂ ਉਨ੍ਹਾਂ ਇਸ਼ਾਰਿਆਂ ਵਿਚ ਹੀ ਪੱਤਰਕਾਰ ਗੌਰੀ ਲੰਕੇਸ਼ ਦੀ ਹੱਤਿਆ ਬਾਰੇ ਕਿਹਾ ਕਿ ਭਾਰਤ ਵਿਚ ਧਰੁਵੀਕਰਨ ਦੀ ਸਿਆਸਤ ਸਿਰ ਚੁੱਕ ਰਹੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਦਲਿਤ ਹੋਣ ਕਾਰਨ ਮਾਰਿਆ ਜਾ ਰਿਹਾ ਹੈ। ਮੁਸਲਮਾਨਾਂ ਨੂੰ ਗਊ ਮਾਸ ਖਾਣ ਦੇ ਸ਼ੱਕ ‘ਤੇ ਮਾਰ ਦਿੱਤਾ ਜਾਂਦਾ ਹੈ। ਇਹ ਸਭ ਭਾਰਤ ਵਿਚ ਨਵਾਂ ਹੈ ਤੇ ਇਸ ਨੇ ਭਾਰਤ ਨੂੰ ਕਾਫ਼ੀ ਨੁਕਸਾਨ ਪਹੁੰਚਾਇਆ ਹੈ। ਉਨ੍ਹਾਂ ਕਿਹਾ ਕਿ ਨਫ਼ਰਤ ਦੀ ਸਿਆਸਤ ਭਾਰਤ ਨੂੰ ਵੰਡ ਰਹੀ ਹੈ ਤੇ ਲੱਖਾਂ ਲੋਕਾਂ ਨੂੰ ਅਜਿਹਾ ਮਹਿਸੂਸ ਹੋਣ ਲੱਗਾ ਹੈ ਕਿ ਆਪਣੇ ਮੁਲਕ ਵਿਚ ਉਨ੍ਹਾਂ ਦਾ ਕੋਈ ਭਵਿੱਖ ਨਹੀਂ ਹੈ। ਅੱਜ ਦੀ ਆਪਸ ਵਿਚ ਜੁੜੀ ਦੁਨੀਆ ਵਿਚ ਇਹ ਬੇਹੱਦ ਖ਼ਤਰਨਾਕ ਹੈ।
ਰਾਹੁਲ ਨੇ ਕਸ਼ਮੀਰ ਹਿੰਸਾ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਕਸ਼ਮੀਰ ਵਿਚ ਅਤਿਵਾਦੀਆਂ ਦੇ ਵਧਦੇ ਹੌਸਲਿਆਂ ਲਈ ਕੇਂਦਰ ਦੀ ਮੋਦੀ ਸਰਕਾਰ ਜ਼ਿੰਮੇਵਾਰ ਹੈ। ਰਾਹੁਲ ਨੇ ਕਿਹਾ ਕਿ ਕਸ਼ਮੀਰ ਦੀ ਸਿਆਸਤ ਵਿਚ ਨੌਜਵਾਨਾਂ ਨੂੰ ਲਿਆਉਣ ਦੇ ਮਾਮਲੇ ਵਿਚ ਪੀ.ਡੀ.ਪੀ. ਅੱਗੇ ਰਹੀ ਹੈ ਪਰ ਜਿਸ ਦਿਨ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੀ.ਡੀ.ਪੀ. ਨਾਲ ਗਠਜੋੜ ਕੀਤਾ, ਉਨ੍ਹਾਂ ਨੇ ਪੀ.ਡੀ.ਪੀ. ਨੂੰ ਤਬਾਹ ਕਰ ਦਿੱਤਾ। ਮੋਦੀ ਨੇ ਘਾਟੀ ਵਿਚ ਅਤਿਵਾਦੀਆਂ ਲਈ ਜਗ੍ਹਾ ਫੇਰ ਤੋਂ ਪੈਦਾ ਕਰ ਦਿੱਤੀ। ਹੁਣ ਤੁਸੀਂ ਦੇਖ ਸਕਦੇ ਹੋ ਕਿ ਕਸ਼ਮੀਰ ਦਾ ਕੀ ਹਾਲ ਹੈ ਤੇ ਉਥੇ ਕਿਵੇਂ ਹਿੰਸਾ ਵਧ ਗਈ ਹੈ। ਰਾਹੁਲ ਨੇ ਕਿਹਾ, ”ਮੈਂ, ਡਾ. ਮਨਮੋਹਨ ਸਿੰਘ, ਪੀ. ਚਿਦੰਬਰਮ ਤੇ ਜੈਰਾਮ ਰਮੇਸ਼ ਨੇ ਮਿਲ ਕੇ ਜੰਮੂ-ਕਸ਼ਮੀਰ ‘ਤੇ ਕੰਮ ਕੀਤਾ ਸੀ। 2013 ਵਿਚ ਮੈਂ ਮਨਮੋਹਨ ਸਿੰਘ ਨੂੰ ਗਲ ਲਾ ਕੇ ਕਿਹਾ ਕਿ ਤੁਹਾਡੀ ਸਭ ਤੋਂ ਵੱਡੀ ਸਫ਼ਲਤਾ ਕਸ਼ਮੀਰ ਵਿਚ ਅਤਿਵਾਦ ਨੂੰ ਘੱਟ ਕਰਨਾ ਹੈ। ਅਸੀਂ ਕਸ਼ਮੀਰ ‘ਤੇ ਵੱਡੇ ਵੱਡੇ ਭਾਸ਼ਣ ਨਹੀਂ ਦਿੱਤੇ।”
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਆਰਥਿਕ ਨੀਤੀਆਂ ਦੀ ਸਖ਼ਤ ਆਲੋਚਨਾ ਕਰਦੇ ਹੋਏ ਸਰਕਾਰ ਦੇ ਨੋਟਬੰਦੀ ਦੇ ਫ਼ੈਸਲੇ ਨੂੰ ਆਪਣੇ ਪੈਰਾਂ ‘ਤੇ ਕੁਹਾੜੀ ਮਾਰਨਾ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਨੋਟਬੰਦੀ ਵਰਗੇ ਖ਼ਤਰਨਾਕ ਫ਼ੈਸਲੇ ਤੇ ਜਲਦਬਾਜ਼ੀ ਵਿਚ ਲਾਗੂ ਕੀਤੀ ਗਈ ਜੀ.ਐਸ.ਟੀ. ਵਿਵਸਥਾ ਭਾਰਤੀ ਅਰਥਵਿਵਸਥਾ ਲਈ ਭਾਰੀ ਨੁਕਸਾਨ ਦਾ ਕਾਰਨ ਬਣੇ ਹਨ। ਉਨ੍ਹਾਂ ਨੇ ਭਾਰਤ ਨੇ ਮਨੁੱਖੀ ਬਦਲਾਅ ਦੀ ਬਿਹਤਰ ਪ੍ਰਕਿਰਿਆ ਦੀ ਸ਼ੁਰੂਆਤ ਕੀਤੀ ਹੈ। ਸਾਡੀ ਸਫ਼ਲਤਾ ਵਿਸ਼ਵ ਨੂੰ ਪ੍ਰਭਾਵਤ ਕਰਦੀ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਇਸ ਰਫ਼ਤਾਰ ਨੂੰ ਨਫ਼ਰਤ, ਨਾਰਾਜ਼ਗੀ ਤੇ ਹਿੰਸਾ ਖ਼ਤਮ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ 8 ਨਵੰਬਰ ਨੂੰ ਨੋਟਬੰਦੀ ਦਾ ਫ਼ੈਸਲਾ ਮੁੱਖ ਆਰਥਿਕ ਸਲਾਹਕਾਰ ਜਾਂ ਸੰਸਦ ਦੀ ਸਲਾਹ ਤੋਂ ਬਿਨਾਂ ਲਿਆ ਗਿਆ। ਇਸ ਨਾਲ ਅਰਥਵਿਵਸਥਾ ਨੂੰ ਕਾਫ਼ੀ ਨੁਕਸਾਨ ਹੋਇਆ। ਉਨ੍ਹਾਂ ਦੋਸ਼ ਲਾਇਆ ਕਿ ਨੋਟਬੰਦੀ ਦੀ ਦੇਸ਼ ਨੂੰ ਭਾਰੀ ਕੀਮਤ ਚੁਕਾਉਣੀ ਪਈ ਹੈ।
ਰਾਹੁਲ ਨੇ ਕਿਹਾ, ‘ਭਾਰਤ ਦੇ ਬੇਮਿਸਾਲ ਗਿਆਨ ਨੂੰ ਨਜ਼ਰਅੰਦਾਜ਼ ਕਰਕੇ ਇਸ ਤਰ੍ਹਾਂ ਦਾ ਫ਼ੈਸਲਾ ਲੈਣਾ ਗੈਰ-ਜ਼ਿੰਮੇਵਾਰਾਨਾ ਤੇ ਖ਼ਤਰਨਾਕ ਸੀ।’ ਉਨ੍ਹਾਂ ਕਿਹਾ ਕਿ ਭਾਰਤ ਵਿਚ ਹਰ ਰੋਜ਼ 30 ਹਜ਼ਾਰ ਨਵੇਂ ਨੌਜਵਾਨ ਕਿਰਤ ਮੰਡੀ ਵਿਚ ਪਹੁੰਚ ਰਹੇ ਹਨ ਜਦਕਿ ਸਰਕਾਰ ਪ੍ਰਤੀ ਦਿਨ ਦੇ ਹਿਸਾਬ ਨਾਲ ਰੁਜ਼ਗਾਰ ਦੇ ਮਹਿਜ਼ 500 ਮੌਕੇ ਮੁਹੱਈਆ ਕਰਵਾ ਰਹੀ ਹੈ। ਆਰਥਿਕ ਵਾਧੇ ਵਿਚ ਗਿਰਾਵਟ ਨਾਲ ਅੱਜ ਦੇਸ਼ ਦੇ ਲੋਕਾਂ ਵਿਚ ਗੁੱਸਾ ਵੱਧ ਰਿਹਾ ਹੈ।
ਗਾਂਧੀ ਨੇ ਮੋਦੀ ਸਰਕਾਰ ‘ਤੇ ਨੋਟਬੰਦੀ ਰਾਹੀਂ ਲੱਖਾਂ ਲੋਕਾਂ ਨੂੰ ਤਬਾਹ ਕਰਨ ਦਾ ਦੋਸ਼ ਵੀ ਲਾਇਆ। ਨੋਟਬੰਦੀ ਦੇ ਸਿੱਟੇ ਵਜੋਂ ਲੱਖਾਂ ਛੋਟੇ ਕਾਰੋਬਾਰ ਤਬਾਹ ਹੋ ਗਏ। ਕਿਸਾਨ ਤੇ ਹੋਰ ਲੋਕ ਜੋ ਨਕਦੀ ਦਾ ਇਸਤੇਮਾਲ ਕਰਦੇ ਹਨ, ਬੁਰੀ ਤਰ੍ਹਾਂ ਪ੍ਰਭਾਵਤ ਹੋਏ। ਖੇਤੀ ਬੁਰੀ ਹਾਲਤ ਵਿਚ ਹੈ ਤੇ ਦੇਸ਼ ਵਿਚ ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਵੱਧ ਰਹੀਆਂ ਹਨ। ਹਾਲਾਂਕਿ ਵਿਤ ਮੰਤਰੀ ਅਰੁਣ ਜੇਤਲੀ ਨੇ ਕਿਹਾ ਸੀ ਕਿ ਨੋਟਬੰਦੀ ਦਾ ਸਿੱਟਾ ਅਨੁਮਾਨ ਮੁਤਾਬਕ ਹੀ ਰਿਹਾ ਤੇ ਇਸ ਨਾਲ ਅਰਥਵਿਵਸਥਾ ਨੂੰ ਮੱਧਮ ਤੇ ਹੌਲੀ ਸਮੇਂ ਵਿਚ ਲਾਭ ਹੋਵੇਗਾ। ਜੇਤਲੀ ਦਾ ਇਹ ਬਿਆਨ ਉਦੋਂ ਆਇਆ ਜਦੋਂ ਰਿਜ਼ਰਵ ਬੈਂਕ ਨੇ ਕਿਹਾ ਕਿ ਬੰਦ ਨੋਟਾਂ ਵਿਚੋਂ 99 ਫੀਸਦੀ ਬੈਂਕਿੰਗ ਪ੍ਰਣਾਲੀ ਵਿਚ ਵਾਪਸ ਆਏ ਹਨ। ਜੇਤਲੀ ਨੇ ਕਿਹਾ ਸੀ ਕਿ ਬੈਂਕਾਂ ਵਿਚ ਪੈਸਾ ਜਮ੍ਹਾ ਹੋਣ ਦਾ ਮਤਲਬ ਇਹ ਨਹੀਂ ਹੈ ਕਿ ਇਹ ਸਾਰਾ ਧੰਨ ਕਾਲਾ ਹੈ।
ਗਾਂਧੀ ਨੇ ਕਿਹਾ ਕਿ ਭਾਰਤ ਮੌਜੂਦਾ ਦਰ ਦਾ ਆਰਥਿਕ ਵਾਧਾ ਅਤੇ ਰੁਜ਼ਗਾਰ ਪੈਦਾ ਕਰਨ ਦੀ ਰਫ਼ਤਾਰ ਨਾਲ ਅੱਗੇ ਵਧਣ ਦਾ ਖ਼ਤਰਾ ਨਹੀਂ ਲੈ ਸਕਦਾ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਅਸੀਂ ਇਸੇ ਦਰ ਨਾਲ ਅੱਗੇ ਵਧਦੇ ਰਹੇ, ਜੇਕਰ ਭਾਰਤ ਲੱਖਾਂ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਨਹੀਂ ਕਰਾਉਂਦਾ ਤਾਂ ਇਸ ਨਲ ਨਾਰਾਜ਼ਗੀ ਵਧੇਗੀ। ਇਸ ਨਾਲ ਹੁਣ ਤਕ ਜੋ ਵੀ ਹਾਸਲ ਹੋਇਆ ਹੈ, ਉਹ ਸਭ ਖ਼ਤਮ ਹੋਣ ਦਾ ਖ਼ਤਰਾ ਹੈ। ਇਹ ਸਥਿਤੀ ਭਾਰਤ ਤੇ ਬਾਕੀ ਵਿਸ਼ਵ ਲਈ ਕਾਫ਼ੀ ਨੁਕਸਾਨਦੇਹ ਹੈ।
ਰਾਹੁਲ ਗਾਂਧੀ ਨੇ ਕਿਹਾ ਕਿ ਭਾਰਤ ਜਮਹੂਰੀ ਮੁਲਕ ਹੈ, ਇੱਥੇ ਜ਼ੋਰ ਜ਼ਬਰਦਸਤੀ ਵਾਲਾ ਚੀਨੀ ਤਰੀਕਾ ਨਹੀਂ ਚੱਲ ਸਕਦਾ। ਸਾਨੂੰ ਚੀਨ ਦੇ ਤੌਰ ਤਰੀਕਿਆਂ ਤੋਂ ਹਟ ਕੇ ਜਮਹੂਰੀ ਮਾਹੌਲ ਵਿਚ ਰੁਜ਼ਗਾਰ ਦੇ ਮੌਕੇ ਪੈਦਾ ਕਰਨੇ ਹੋਣਗੇ। ਅਸੀਂ ਕੁਝ ਲੋਕਾਂ ਵਲੋਂ ਕੰਟਰੋਲ ਵੱਡੇ ਵੱਡੇ ਕਾਰਖਾਨਿਆਂ ਦਾ ਮਾਡਲ ਨਹੀਂ ਅਪਣਾ ਸਕਦੇ। ਉਨ੍ਹਾਂ ਕਿਹਾ ਕਿ ਭਾਰਤ ਵਿਚ ਨੌਕਰੀਆਂ ਛੋਟੇ ਤੇ ਮੱਧ ਸ਼੍ਰੋਣੀ ਦੇ ਉਦਯੋਗਾਂ ਤੋਂ ਆਉਣਗੀਆਂ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਭਾਰਤ ਨੂੰ ਵੱਡੀ ਸੰਖਿਆ ਵਿਚ ਛੋਟੇ ਤੇ ਮੱਧ ਉਦਯੋਗਾਂ ਨੂੰ ਕੌਮਾਂਤਰੀ ਕੰਪਨੀਆਂ ਵਿਚ ਤਬਦੀਲ ਕਰਨਾ ਹੋਵੇਗਾ।
ਰਾਹੁਲ ਨੇ ਦੋਸ਼ ਲਾਇਆ ਕਿ ਭਾਰਤ ਵਿਚ ਇਸ ਸਮੇਂ ਮੋਹਰੀ 100 ਕੰਪਨੀਆਂ ‘ਤੇ ਸਾਰਾ ਧਿਆਨ ਦਿੱਤਾ ਜਾ ਰਿਹਾ ਹੈ। ਸਭ ਕੁਝ ਉਨ੍ਹਾਂ ਲਈ ਉਪਲਬਧ ਹੈ, ਬੈਂਕਿੰਗ ਪ੍ਰਣਾਲੀ ‘ਤੇ ਉਨ੍ਹਾਂ ਦਾ ਏਕਾਧਿਕਾਰ ਹੈ ਤੇ ਸਰਕਾਰ ਦੇ ਦਰਵਾਜ਼ੇ ਵੀ ਉਨ੍ਹਾਂ ਲਈ ਹਮੇਸ਼ਾ ਖੁੱਲ੍ਹੇ ਹੋਏ ਹਨ। ਉਨ੍ਹਾਂ ਵਲੋਂ ਹੀ ਕਾਨੂੰਨ ਬਾਰੇ ਸੁਝਾਅ ਦਿੱਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਛੋਟੇ ਦੇ ਦਰਮਿਆਨੇ ਕਾਰੋਬਾਰ ਵਾਲੇ ਕਾਰੋਬਾਰੀਆਂ ਨੂੰ ਕਰਜ਼ਾ ਲੈਣ ਵਿਚ ਚੱਕਰ ਕੱਟਣੇ ਪੈ ਰਹੇ ਹਨ। ਉਨ੍ਹਾਂ ਨੂੰ ਕੋਈ ਸਮਰਥਨ ਜਾ ਸੁਰੱਖਿਆ ਨਹੀਂ ਮਿਲ ਰਹੀ। ਵੱਡੇ ਕਾਰੋਬਾਰੀ ਭਾਰਤ ਵਿਚ ਹੰਗਾਮੀ ਸਥਿਤੀ ਦਾ ਆਸਾਨੀ ਨਾਲ ਸਾਹਮਣਾ ਕਰ ਸਕਦੇ ਹਨ। ਉਹ ਆਪਣੀ ਵੱਡੀਆਂ ਵੱਡੀਆਂ ਜਾਇਦਾਦਾਂ ਤੇ ਉਚੇ ਸੰਪਰਕਾਂ ਦੇ ਦਮ ‘ਤੇ ਸੁਰੱਖਿਅਤ ਹਨ।
ਰਾਹੁਲ ਗਾਂਧੀ ਨੇ ਪਹਿਲੀ ਵਾਰ ਕਿਹਾ ਹੈ ਕਿ ਜੇਕਰ ਪਾਰਟੀ ਕਹੇਗੀ ਤਾਂ ਉਹ ਪ੍ਰਧਾਨ ਮੰਤਰੀ ਦੇ ਅਹੁਦੇ ਦਾ ਉਮੀਦਵਾਰ ਬਣਨ ਲਈ ਤਿਆਰ ਹਨ। ਉਨ੍ਹਾਂ ਨੇ ਇਹ ਵੀ ਸਵੀਕਾਰ ਕੀਤਾ ਕਿ 2012 ਵਿਚ ਕਾਂਗਰਸ ਪਾਰਟੀ ਅੰਦਰ ਹੰਕਾਰ ਭਰ ਗਿਆ ਸੀ ਤੇ ਪਾਰਟੀ ਨੇ ਜਨਤਾ ਨਾਲ ਸੰਵਾਦ ਘੱਟ ਕਰ ਦਿੱਤਾ, ਜਿਸ ਕਾਰਨ ਲੋਕਾਂ ਤੋਂ ਦੂਰੀ ਬਣ ਗਈ। ਰਾਹੁਲ ਗਾਂਧੀ ਨੇ ਕਿਹਾ ਕਿ ਪਰਿਵਾਰਵਾਦ ਦੇ ਚਲਦਿਆਂ ਸਿਖਰਲਾ ਅਹੁਦਾ ਹਾਸਲ ਹੋ ਜਾਣ ਲਈ ਉਨ੍ਹਾਂ ਨੂੰ ਕੋਸਿਆ ਜਾਣਾ ਬੰਦ ਹੋਣਾ ਚਾਹੀਦਾ ਹੈ ਕਿਉਂਕਿ ਸਾਰਾ ਮੁਲਕ ਹੀ ਇਸੇ ਤਰ੍ਹਾਂ ਪਰਿਵਾਰਵਾਦ ਨਾਲ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤ ਇਸੇ ਤਰ੍ਹਾਂ ਕੰਮ ਕਰਦਾ ਹੈ। ਉਨ੍ਹਾਂ ਨੇ ਅਖਿਲੇਸ਼ ਯਾਦਵ, ਅਭਿਸ਼ੇਕ ਬਚਨ ਸਮੇਤ ਕਈ ਸ਼ਖ਼ਸੀਅਤਾਂ ਦੇ ਨਾਂ ਗਿਣਾਏ।
ਭਾਜਪਾ ਨੇ ਰਾਹੁਲ ਨੂੰ ਨਾਕਾਮ ਰਾਜਵੰਸ਼ੀ ਕਿਹਾ
ਦੂਜੇ ਪਾਸੇ ਖਾਨਦਾਨੀ ਰਾਜਨੀਤੀ ਦਾ ਸਮਰਥਨ ਕਰਨ ‘ਤੇ ਭਾਜਪਾ ਨੇ ਰਾਹੁਲ ਦੀ ਆਲੋਚਨਾ ਕਰਦਿਆਂ ਉਨ੍ਹਂ ਨੂੰ ਨਾਕਾਮ ਰਾਜਵੰਸ਼ੀ ਅਤੇ ਨਾਕਾਮ ਰਾਜਨੇਤਾ ਕਹਿ ਕੇ ਭੰਡਿਆ। ਭਾਜਪਾ ਵੱਲੋਂ ਨਵੀਂ ਦਿੱਲੀ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਰਾਹੁਲ ਦੇ ਦਾਖਲੇ ਦਾ ਜ਼ਿਕਰ ਕਰਦਿਆਂ ਕਿਹਾ ਕਿ ਕਾਂਗਰਸ 2012 ਤੋਂ ਹੰਕਾਰੀ ਹੋ ਗਈ ਸੀ ਜੋ ਵੱਡਾ ਰਾਜਨੀਤਕ ਕਬੂਲਨਾਮਾ ਹੈ ਜਿਸ ਦਾ ਪਰਛਾਵਾਂ ਸੋਨੀਆ ਗਾਂਧੀ ਤੋਂ ਮਿਲਦਾ ਹੈ ਜੋ ਉਦੋਂ ਤੋਂ ਹੀ ਕਾਂਗਰਸ ਪ੍ਰਧਾਨ ਚਲੇ ਆ ਰਹੇ ਹਨ। ਸ੍ਰੀਮਤੀ ਇਰਾਨੀ ਨੇ ਕਿਹਾ ਕਿ ਇਸ ਨਾਕਾਮ ਰਾਜਵੰਸ਼ੀ ਨੇ ਆਪਣੇ ਨਾਕਾਮ ਰਾਜਨੀਤਕ ਸਫਰ ਬਾਰੇ ਅਮਰੀਕਾ ਵਿੱਚ ਬੋਲਣ ਦਾ ਫੈਸਲਾ ਕੀਤਾ ਕਿਉਂਕਿ ਉਸ ਨੂੰ ਭਾਰਤ ਵਿੱਚ ਕੋਈ ਨਹੀਂ ਸੁਣਦਾ। ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਹੈ ਕਿ ਕਾਂਗਰਸ ਦੇ ਮੀਤ ਪ੍ਰਧਾਨ ਨੇ ਪਾਰਟੀ ਪ੍ਰਧਾਨ ‘ਤੇ ਕਟਾਖਸ਼ ਕੀਤਾ ਹੈ। ਹੁਣ ਪਾਰਟੀ ਨੂੰ ਇਸ ਦਾ ਵਿਸ਼ਲੇਸ਼ਣ ਕਰਨਾ ਚਾਹੀਦਾ ਹੈ। ਉਨ੍ਹਾਂ ਮੋਦੀ ਦੀ ਆਲੋਚਨਾ ਕਰਨ ‘ਤੇ ਰਾਹੁਲ ਨੂੰ ਖੁਲ੍ਹੀ ਬਹਿਸ ਦੀ ਚੁਣੌਤੀ ਵੀ ਦਿੱਤੀ।
ਭਾਜਪਾ ਵੱੱਲੋਂ ਰਾਹੁਲ ਦੀ ਆਲੋਚਨਾ ਦਾ ਜਵਾਬ ਦਿੰਦਿਆਂ ਕਾਂਗਰਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਵਿਦੇਸ਼ੀ ਧਰਤੀ ‘ਤੇ ਭਾਰਤ ਦਾ ਅਪਮਾਨ ਕਰਨ ਦਾ ਦੋਸ਼ ਲਾਇਆ। ਕਾਂਗਰਸ ਦੇ ਸੀਨੀਅਰ ਬੁਲਾਰੇ ਆਨੰਦ ਸ਼ਰਮਾ ਨੇ ਰਾਹੁਲ ਗਾਂਧੀ ਦਾ ਬਚਾਅ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਆਪਣੇ ਪਹਿਲੇ ਵਿਦੇਸ਼ ਦੌਰੇ ‘ਤੇ ਭਾਰਤ ਨੂੰ ਭ੍ਰਿਸ਼ਟ ਮੁਲਕ ਕਿਹਾ ਸੀ ਤੇ ਕਿਹਾ ਸੀ ਕਿ ਇਸ ਦੀ ਪਛਾਣ ਹੱਥ ਵਿੱਚ ਕਟੋਰਾ ਲੈ ਕੇ ਘੁੰਮਣ ਵਾਲੇ ਭਿਖਾਰੀਆਂ ਦੀ ਹੈ। ਇਸ ਟਿੱਪਣੀ ਕਾਰਨ ਵਿਦੇਸ਼ੀ ਧਰਤੀ ਵਿੱਚ ਰਹਿਣ ਵਾਲੇ ਭਾਰਤੀਆਂ ਨੂੰ ਭਾਰੀ ਨਮੋਸ਼ੀ ਹੋਈ ਸੀ। ਉਨ੍ਹਾਂ ਕਿਹਾ ਕਿ ਸ੍ਰੀ ਗਾਂਧੀ ਨੇ ਸਰਕਾਰ ਅਤੇ ਪ੍ਰਧਾਨ ਮੰਤਰੀ ਦੀ ਆਲੋਚਨਾ ਕੀਤੀ ਨਾ ਕਿ ਦੇਸ਼ ਦੀ, ਜੋ ਲੋਕਤੰਤਰ ਦੀ ਵਿਸ਼ੇਸ਼ਤਾ ਹੈ।

ਸਿੱਖ ਕਤਲੇਆਮ ‘ਤੇ ਬੋਲੇ ਰਾਹੁਲ-ਮੈਂ ਨਿਆਂ ਲਈ ਉਨ੍ਹਾਂ ਦੇ ਨਾਲ
ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ 1984 ਵਿਚ ਇੰਦਰਾ ਗਾਂਧੀ ਦੀ ਹੱਤਿਆ ਮਗਰੋਂ ਹੋਏ ਸਿੱਖ ਕਤਲੇਆਮ ਦੀ ਨਿੰਦਾ ਕਰਦੇ ਹੋਏ ਕਿਹਾ, ”ਮੈਂ ਉਨ੍ਹਾਂ ਦੇ ਨਿਆਂ ਲਈ ਉਨ੍ਹਾਂ ਦੇ ਨਾਲ ਹਾਂ।” ਉਨ੍ਹਾਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਹਿੰਸਾ ਦੀ ਉਹ ਨਿੰਦਾ ਕਰਦੇ ਹਨ। ਉਨ੍ਹਂ ਕਿਹਾ ਕਿ ਮੇਰੀ ਦਾਦੀ ਸਿੱਖਾਂ ਨੂੰ ਆਪਣਾ ਮੰਨਦੀ ਸੀ। ਜਦੋਂ ਉਹ ਚੋਣ ਹਾਰ ਗਈ, ਤਾਂ ਵੀ ਸਾਡੇ ਘਰ ਦੇ ਚਾਰੇ ਪਾਸੇ ਸਿੱਖ ਲੋਕ ਹੀ ਸਨ। ਰਾਹੁਲ ਨੇ ਕਿਹਾ, ”ਮੈਂ ਬਚਪਨ ਤੋਂ ਹੀ ਹਿੰਸਾ ਦੀ ਤਾਰਸਦੀ ਝੱਲੀ ਹੈ। ਮੇਰੇ ਪਿਤਾ ਤੇ ਦਾਦੀ ਨੂੰ ਮਾਰ ਦਿੱਤਾ ਗਿਆ। ਮੈਨੂੰ ਜ਼ਿਆਦਾ ਹਿੰਸਾ ਝਲਣੀ ਪਈ ਹੈ। ਇਨ੍ਹੀਂਂ ਦਿਨੀਂ ਭਾਰਤ ਵਿਚ ਮੁਸਲਮਾਨਾਂ ਖ਼ਿਲਾਫ਼ ਹਿੰਸਾ ਹੋ ਰਹੀ ਹੈ। ਉਨ੍ਹਾਂ ਨੂੰ ਬੀਫ਼ ਖਾਣ ਦੇ ਸ਼ੱਕ ‘ਤੇ ਮਾਰਿਆ ਜਾ ਰਿਹਾ ਹੈ ਤੇ ਨਾਲ ਹੀ ਦਲਿਤਾਂ ਦਾ ਵੀ ਸ਼ੋਸ਼ਣ ਕੀਤਾ ਜਾ ਰਿਹਾ ਹੈ।” ਰਾਹੁਲ ਨੇ ਕਿਹਾ, ”ਜਿਨ੍ਹਾਂ ਲੋਕਾਂ ਨੇ ਮੇਰੀ ਦਾਦੀ ਨੂੰ ਗੋਲੀ ਮਾਰੀ, ਮੈਂ ਉਨ੍ਹਾਂ ਲੋਕਾਂ ਨਾਲ ਬੈਡਮਿੰਟਨ ਖੇਡਦਾ ਸੀ। ਮੈਨੂੰ ਪਤਾ ਹੈ ਕਿ ਹਿੰਸਾ ਨਾਲ ਕੀ ਨੁਕਸਾਨ ਹੁੰਦਾ ਹੈ। ਕਿਸੇ ਵੀ ਵਿਅਕਤੀ ਖ਼ਿਲਾਫ਼ ਹਿੰਸਾ ਹੋਣੀ ਗ਼ਲਤ ਗੱਲ ਹੈ।” ਉਨ੍ਹਾਂ ਕਿਹਾ ਕਿ ਜਦੋਂ ਤੁਸੀਂ ਆਪਣੇ ਲੋਕਾਂ ਨੂੰ ਖੋ ਬੈਠਦੇ ਹੋ, ਤਾਂ ਤੁਹਾਨੂੰ ਡੂੰਘੀ ਸੱਟ ਵੱਜਦੀ ਹੈ। ਹਿੰਸਾ ਨਾਲ ਕਿਸੇ ਦਾ ਭਲਾ ਨਹੀਂ ਹੋਣ ਵਾਲਾ।