ਲਾਲੂ ਦੀ ਰੈਲੀ ਵਿਚ ਭਾਜਪਾ ਵਿਰੋਧੀ ਧਿਰਾਂ ਨੇ ਕੀਤਾ ਸ਼ਕਤੀ ਪ੍ਰਦਰਸ਼ਨ

ਲਾਲੂ ਦੀ ਰੈਲੀ ਵਿਚ ਭਾਜਪਾ ਵਿਰੋਧੀ ਧਿਰਾਂ ਨੇ ਕੀਤਾ ਸ਼ਕਤੀ ਪ੍ਰਦਰਸ਼ਨ
ਪਟਨਾ ਦੇ ਗਾਂਧੀ ਮੈਦਾਨ ਵਿੱਚ ਐਤਵਾਰ ਨੂੰ ‘ਭਾਜਪਾ ਭਜਾਓ, ਦੇਸ਼ ਬਚਾਓ’ ਰੈਲੀ ਵਿੱਚ ਸ਼ਾਮਲ ਹੋਏ ਰਾਸ਼ਟਰੀ ਜਨਤਾ ਦਲ (ਆਰਜੇਡੀ) ਮੁਖੀ ਲਾਲੂ ਪ੍ਰਸਾਦ, ਤ੍ਰਿਣਮੂਲ ਕਾਂਗਰਸ ਦੀ ਮੁਖੀ ਮਮਤਾ ਬੈਨਰਜੀ ਤੇ ਯੂਪੀ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ।

ਪਟਨਾ/ਬਿਊਰੋ ਨਿਊਜ਼ :
ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਯਾਦਵ ਨੇ ਇੱਥੇ ਪਾਰਟੀ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਪਹਿਲਾਂ ਹੀ ਭਾਜਪਾ ਨਾਲ ਸੌਦੇਬਾਜ਼ੀ ਕਰ ਲਈ ਸੀ। ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਘਰਾਂ ਵਿੱਚ ਸੀਬੀਆਈ ਦੇ ਛਾਪਿਆਂ ਬਾਰੇ ਉਸ ਨੂੰ ਪਤਾ ਸੀ। ਨਿਤੀਸ਼ ਉਨ੍ਹਾਂ ਤੋਂ ਦੂਰੀ ਬਣਾ ਰਿਹਾ ਸੀ, ਉਸ ਨੇ ਬਿਹਾਰ ਦੇ ਲੋਕਾਂ ਨਾਲ ਧੋਖਾ ਕੀਤਾ ਹੈ। ਬਿਹਾਰ ਦੇ ਲੋਕਾਂ ਨੇ ਉਨ੍ਹਾਂ ਦੇ ਮੂੰਹ ਨੂੰ ਗਠਜੋੜ ਨੂੰ ਵੋਟਾਂ ਪਾਈਆਂ ਸਨ ਪਰ ਉਨ੍ਹਾਂ ਨੇ ਰਾਸ਼ਟਰੀ ਜਨਤਾ ਦਲ (ਰਾਜਦ) ਜੋ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰਿਆ, ਦੇ ਦਾਅਵੇ ਨੂੰ ਦਰਕਿਨਾਰ ਕਰਦਿਆਂ ਨਿਤੀਸ਼ ਕੁਮਾਰ ਨੂੰ ਮੁੰਖ ਮੰਤਰੀ ਬਣਾਇਆ। ਇੱਥੇ ਗਾਂਧੀ ਮੈਦਾਨ ਵਿੱਚ ਰਾਸ਼ਟਰੀ ਜਨਤਾ ਦਲ ਵੱਲੋਂ ਇੱਥੇ ਕੀਤੀ ਮਹਾਂਰੈਲੀ ਭੀੜ ਜੁਟਾਉਣ ਪੱਖੋਂ ਕਾਮਯਾਬ ਰਹੀ। ਰੈਲੀ ਵਿੱਚ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ, ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਵੀ ਸ਼ਾਮਲ ਹੋਏ। ਆਪਣੇ ਸੰਬੋਧਨ ਵਿੱਚ ਲਾਲੂ ਪ੍ਰਸਾਦ ਯਾਦਵ ਨੇ ਬਿਹਾਰ ਦੇ ਮੁੱਖ ਮੰਤਰੀ ਨੇ ਨਿਤੀਸ਼ ਕੁਮਾਰ ਉੱਤੇ ਤਿੱਖੇ ਹਮਲੇ ਕੀਤੇ। ਲਾਲੂ ਯਾਦਵ ਨੇ ਐਲਾਨ ਕੀਤਾ ਕਿ ‘ਭਾਜਪਾ ਭਜਾਓ ਦੇਸ਼ ਬਚਾਓ’ ਰੈਲੀ ਸਾਲ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਦੀ ਹਾਰ ਦਾ ਮੁੱਢ ਬੰਨ੍ਹੇਗੀ। ਇਸ ਰੈਲੀ ਵਿੱਚ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ, ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ, ਜਨਤਾ ਦਲ (ਯੂਨਾਈਟਡ) ਦੇ ਸ਼ਰਦ ਯਾਦਵ, ਰਾਜ ਸਭਾ ਮੈਂਬਰ ਅਲੀ ਅਨਵਰ, ਕਾਂਗਰਸ ਦੇ ਗੁਲਾਮ ਨਬੀ ਆਜ਼ਾਦ, ਸੀਪੀ ਜੋਸ਼ੀ ਵੀ ਪੁੱਜੇ। ਇਨ੍ਹਾਂ ਤੋਂ ਇਲਾਵਾ ਲਾਲੂ ਪ੍ਰਸ਼ਾਦ ਦੀ ਪਤਨੀ ਅਤੇ ਬਿਹਾਰ ਦੀ ਸਾਬਕਾ ਮੁੱਖ ਮੰਤਰੀ ਰਾਬੜੀ ਦੇਵੀ, ਲਾਲੂ ਦੇ ਲੜਕੇ ਤੇਜਸਵੀ ਯਾਦਵ, ਤੇਜ ਪ੍ਰਤਾਪ ਯਾਦਵ, ਧੀ ਮੀਸ਼ਾ ਭਾਰਤੀ, ਸੀਪੀਆਈ ਦੇ ਡੀ ਰਾਜਾ, ਝਾਰਖੰਡ ਤੋਂ ਸਾਬਕਾ ਮੁੱਖ ਮੰਤਰੀ ਹੇਮੰਤ ਸੋਰੇਨ, ਬਾਬੂ ਲਾਲ ਮਰਾਂਡੀ, ਐਨਸੀਪੀ ਆਗੂ ਤਾਰਿਕ ਅਨਵਰ ਵੀ ਰੈਲੀ ਵਿੱਚ ਸ਼ਾਮਲ ਹੋਏ। ਇਸ ਤੋਂ ਪਹਿਲਾਂ ਰਘੂਵੰਸ਼ ਪ੍ਰਸਾਦ ਸਿੰਘ, ਸ਼ਿਵਾਨੰਦ ਤਿਵਾੜੀ ਅਤੇ ਹੋਰ ਬਹੁਤ ਸਾਰੇ ਆਗੂਆਂ ਨੇ ਸੂਬੇ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੂੰ ਰਗੜੇ ਲਾਏ। ਸਾਰੇ ਆਗੂਆਂ ਨੇ ਬਿਹਾਰ ਦੇ ਸਾਬਕਾ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਨੂੰ ਬਿਹਾਰ ਦਾ ਭਵਿੱਖ ਦਾ ਆਗੂ ਐਲਾਨਿਆ। ਰੈਲੀ ਵਿੱਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ। ਵੱਖ ਵੱਖ ਥਾਵਾਂ ਉੱਤੇ 64 ਕੈਮਰੇ ਲਾਏ ਗਏ ਸਨ।