ਸਿਫ਼ਤੀ ਦੇ ਘਰ ‘ਚ ਸ਼ਰਧਾਲੂਆਂ ਨੂੰ ਓਟ ਦੇਣ ਵਿਚ ਅਸਫ਼ਲ ਸਿੱਧ ਹੋ ਰਹੀ ਹੈ ਸ਼੍ਰੋਮਣੀ ਕਮੇਟੀ

ਸਿਫ਼ਤੀ ਦੇ ਘਰ ‘ਚ ਸ਼ਰਧਾਲੂਆਂ ਨੂੰ ਓਟ ਦੇਣ ਵਿਚ ਅਸਫ਼ਲ ਸਿੱਧ ਹੋ ਰਹੀ ਹੈ ਸ਼੍ਰੋਮਣੀ ਕਮੇਟੀ

ਅੰਮ੍ਰਿਤਸਰ/ਬਿਊਰੋ ਨਿਊਜ਼ :
ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ-ਇਸ਼ਨਾਨ ਕਰਨ ਆਉਂਦੀਆਂ ਸੰਗਤਾਂ ਦੀ ਦਿਨੋ-ਦਿਨ ਵਧ ਰਹੀ ਆਮਦ ਦੇ ਮੁਤਾਬਕ ਸ਼੍ਰੋਮਣੀ ਕਮੇਟੀ ਉਨ੍ਹਾਂ ਦੀ ਰਿਹਾਇਸ਼ ਲਈ ਪ੍ਰਬੰਧ ਕਰਨ ਵਿਚ ਅਸਫ਼ਲ ਸਿੱਧ ਹੋ ਰਹੀ ਹੈ। ਸੰਗਤਾਂ ਦੀ ਰਿਹਾਇਸ਼ ਲਈ ਬਣੀਆਂ ਸਰਾਵਾਂ ਤੇ ਨਿਵਾਸਾਂ ਵਿਚ ਕਮਰਿਆਂ ਦੀ ਘਾਟ ਤੇ ਸ਼੍ਰੋਮਣੀ ਕਮੇਟੀ ਵੱਲੋਂ ਸਰਾਵਾਂ ਦੇ ਪ੍ਰਬੰਧ ਲਈ ਤਾਇਨਾਤ ਕੁਝ ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ ਸ਼ਰਧਾਲੂਆਂ ਨਾਲ ਕੀਤੇ ਜਾਂਦੇ ਮਾੜੇ ਵਤੀਰੇ ਕਾਰਨ ਸ਼ਰਧਾ ਸਹਿਤ ਗੁਰੂ ਦਰ ਵਿਖੇ ਨਤਮਸਤਕ ਹੋਣ ਪੁੱਜੇ ਸ਼ਰਧਾਲੂ ਪਰਿਵਾਰਾਂ ਨੂੰ ਖੱਜਲ-ਖੁਆਰ ਹੋਣ ਬਾਅਦ ਮਜਬੂਰਨ ਜਾਂ ਤਾਂ ਨਜ਼ਦੀਕੀ ਹੋਟਲਾਂ ਵਿਚ ਕਮਰੇ ਕਿਰਾਏ ‘ਤੇ ਲੈਣੇ ਪੈਂਦੇ ਹਨ ਜਾਂ ਫਿਰ ਗਰਮੀ ਸਰਦੀ ਦੇ ਮੌਸਮ ਵਿਚ ਰਾਤ ਨੂੰ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ, ਸਰਾਵਾਂ ਦੇ ਬਾਹਰ ਬਣੇ ਵਰਾਂਡਿਆਂ, ਮੰਜੀ ਸਾਹਿਬ ਦੀਵਾਨ ਹਾਲ ਦੇ ਬਾਹਰ ਜਾਂ ਫ਼ਿਰ ਨਵੇਂ ਬਣੇ ਘੰਟਾ ਘਰ ਪਲਾਜ਼ਾ ਦੇ ਉੱਪਰ ਖੁੱਲ੍ਹੇ ਅਸਮਾਨ ਹੇਠ ਰਾਤ ਕੱਟਣੀ ਪੈਂਦੀ ਹੈ। ਅਜਿਹੇ ਵਿਚ ਸ਼ਰਧਾਲੂਆਂ ਦੀਆਂ ਜੇਬਾਂ ਕੱਟੇ ਜਾਣ ਜਾਂ ਕੀਮਤੀ ਸਾਮਾਨ ਚੋਰੀ ਹੋਣ ਵਰਗੀਆਂ ਕਈ ਘਟਨਾਵਾਂ ਦਾ ਵੀ ਸ਼ਿਕਾਰ ਹੋਣਾ ਪੈ ਰਿਹਾ ਹੈ। ਇਥੇ ਜ਼ਿਕਰਯੋਗ ਹੈ ਕਿ ਸ੍ਰੀ ਹਰਿਮੰਦਰ ਸਾਹਿਬ ਵਿਖੇ ਪੁਰਾਣੇ ਸਮਿਆਂ ਤੋਂ ਹੀ ਦੂਰੋਂ-ਨੇੜਿਓਾ ਦਰਸ਼ਨਾਂ ਲਈ ਪੁੱਜਦੀਆਂ ਸੰਗਤਾਂ ਦੀ ਰਿਹਾਇਸ਼ ਲਈ ਜਿੱਥੇ ਪੁਰਾਣੇ ਸਮਿਆਂ ਵਿਚ ਪ੍ਰਕਰਮਾ ਵਿਚ ਸਥਿਤ ਬੁੰਗੇ ਇਹ ਸੇਵਾਵਾਂ ਨਿਭਾਉਂਦੇ ਸਨ, ਉੱਥੇ ਸ਼੍ਰੋਮਣੀ ਕਮੇਟੀ ਵੱਲੋਂ ਵੀ 228 ਕਮਰਿਆਂ ਵਾਲੀ ਸ੍ਰੀ ਗੁਰੂ ਰਾਮਦਾਸ ਸਰਾਂ ਤਿਆਰ ਕਰਵਾਈ ਗਈ ਸੀ, ਜਿੱਥੇ ਬਾਹਰੋਂ ਆਏ ਸ਼ਰਧਾਲੂਆਂ ਨੂੰ ਕੁਝ ਦਿਨਾਂ ਲਈ ਮੁਫ਼ਤ ਰਿਹਾਇਸ਼ ਦਿੱਤੀ ਜਾਂਦੀ ਸੀ। ਇਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਸਮੂਹ ਤੇ ਇਸ ਦੇ ਆਸ-ਪਾਸ ਸਮੇਂ ਸਮੇਂ ਹੋਰ ਸਰਾਵਾਂ ਤੇ ਨਿਵਾਸਾਂ ਦੀ ਉਸਾਰੀ ਕਰਵਾਈ ਗਈ। ਇਸ ਵੇਲੇ ਸ਼੍ਰੋਮਣੀ ਕਮੇਟੀ ਪ੍ਰਬੰਧ ਅਧੀਨ ਚੱਲ ਰਹੀਆਂ 9 ਦੇ ਕਰੀਬ ਯਾਤਰੀ ਸਰਾਵਾਂ ਵਿਚ 900 ਦੇ ਕਰੀਬ ਕਮਰੇ ਹਨ। ਪਿਛਲੇ ਦੋ ਢਾਈ ਦਹਾਕਿਆਂ ਤੋਂ ਸੰਗਤ ਦੀ ਆਮਦ ਪਹਿਲਾਂ ਨਾਲੋਂ ਕਈ ਸੌ ਗੁਣਾਂ ਵਧ ਗਈ ਹੈ ਪਰ ਇਸ ਸਭ ਕੁਝ ਨੂੰ ਜਾਣਦਿਆਂ ਹੋਇਆਂ ਵੀ ਸ਼੍ਰੋਮਣੀ ਕਮੇਟੀ ਵੱਲੋਂ ਹੋਰ ਨਵੀਆਂ ਸਰਾਵਾਂ ਦਾ ਨਿਰਮਾਣ ਕਰਾਉਣ ਪ੍ਰਤੀ ਅੱਖਾਂ ਮੀਟੀਆਂ ਹੋਈਆਂ ਹਨ। ਅਨੁਮਾਨ ਅਨੁਸਾਰ ਸ੍ਰੀ ਹਰਿਮੰਦਰ ਸਾਹਿਬ ਵਿਖੇ ਆਮ ਦਿਨਾਂ ਵਿਚ 1 ਲੱਖ ਦੇ ਕਰੀਬ ਤੇ ਸਨਿਚਰਵਾਰ, ਐਤਵਾਰ ਤੇ ਹੋਰ ਛੁੱਟੀਆਂ ਦੇ ਦਿਨਾਂ ਵਿਚ ਅਤੇ ਗੁਰਪੁਰਬਾਂ ਮੌਕੇ ਪੰਜਾਬ ਸਮੇਤ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਤੋਂ ਇਲਾਵਾ ਵਿਦੇਸ਼ਾਂ ਤੋਂ ਲਗਭਗ 3 ਲੱਖ ਸ਼ਰਧਾਲੂ ਇਥੇ ਰੋਜ਼ਾਨਾ ਇੱਥੇ ਪੁੱਜਦੇ ਹਨ। ਸ਼ਰਧਾਲੂਆਂ ਦੀ ਇੰਨੀ ਵੱਡੀ ਗਿਣਤੀ ਵਿਚ ਆਮਦ ਦੇ ਮੱਦੇਨਜ਼ਰ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਉਨ੍ਹਾਂ ਦੀ ਯੋਗ ਰਿਹਾਇਸ਼ ਦੇ ਪ੍ਰਬੰਧ ਕਰਨ ਵਿਚ ਪੂਰੀ ਤਰ੍ਹਾਂ ਅਸਫ਼ਲ ਰਹੇ ਹਨ ਅਤੇ ਕਦੀ ਵੀ ਸ਼ਰਧਾਲੂਆਂ ਲਈ ਆਮਦ ਅਨੁਸਾਰ ਵਿਸ਼ੇਸ਼ ਜਾਂ ਆਰਜ਼ੀ ਰਿਹਾਇਸ਼ ਲਈ ਪ੍ਰਬੰਧ ਕਰਨ ਦੀ ਖੇਚਲ ਨਹੀਂ ਕੀਤੀ। ਕਿਹਾ ਜਾਂਦਾ ਹੈ ਕਿ ਸ਼੍ਰੋਮਣੀ ਕਮੇਟੀ ਮੈਂਬਰਾਂ ਤੇ ਹੋਰ ਉੱਚ ਅਧਿਕਾਰੀਆਂ ਦੀਆਂ ਸਿਫ਼ਾਰਸ਼ਾਂ ਵਾਲਿਆਂ ਨੂੰ ਝੱਟ ਕਮਰਿਆਂ ਦੀਆਂ ਚਾਬੀਆਂ ਹੱਥ ਫੜਾ ਦਿੱਤੀਆਂ ਜਾਂਦੀਆਂ ਹਨ ਪਰ ਆਮ ਯਾਤਰੀਆਂ ਨੂੰ ਤਾਇਨਾਤ ਅਮਲੇ ਵਲੋਂ ਜਾਣਬੁਝ ਕੇ ਖੱਜਲ-ਖੁਆਰ ਕੀਤਾ ਜਾਂਦਾ ਹੈ, ਜਿਸ ਕਾਰਨ ਉਥੇ ਬੁਕਿੰਗ ਕੇਂਦਰਾਂ ਦੇ ਆਸ-ਪਾਸ ਹੀ ਫ਼ਿਰ ਰਹੇ ਪ੍ਰਾਈਵੇਟ ਹੋਟਲਾਂ ਤੇ ਗੈਸਟ ਹਾਊਸਾਂ ਦੇ ਏਜੰਟ ਉਨ੍ਹਾਂ ਨੂੰ ਮਹਿੰਗੇ ਮੁੱਲ ਆਪਣੇ ਕਮਰੇ ਦਿਵਾਉਣ ਲਈ ਲੈ ਜਾਂਦੇ ਹਨ। ਕਮਰੇ ਲੈਣ ਲਈ ਤਰਲੇ ਮਾਰਨ ਵਾਲੇ ਸ਼ਰਧਾਲੂਆਂ ਦਾ ਦੋਸ਼ ਲਾਇਆ ਕਿ ਸਿਫਾਰਸ਼ਾਂ ਵਾਲਿਆਂ ਨੂੰ ਤਾਂ ਉਸੇ ਵੇਲੇ ਮੂੰਹ ਮੰਗੇ ਕਮਰੇ ਦੇ ਦਿੱਤੇ ਜਾਂਦੇ ਹਨ ਪਰ ਬਾਕੀ ਸੰਗਤ ਨੂੰ ਕਮਰੇ ਖਾਲੀ ਹੋਣ ਦੇ ਬਾਵਜੂਦ ਨਾਂਹ ਕਰ ਦਿੱਤੀ ਜਾਂਦੀ ਹੈ।