‘ਦਾ ਬਲੈਕ ਪ੍ਰਿੰਸ’ ਦਾ ਅਸਰ: ਮਹਾਰਾਜਾ ਦਲੀਪ ਸਿੰਘ ਦੀਆਂ ਅੰਤਮ ਰਸਮਾਂ ਪੰਜਾਬ ਵਿੱਚ ਕੀਤੇ ਜਾਣ ਲਈ ਯਤਨ ਕਰਨ ਦਾ ਫ਼ੈਸਲਾ

‘ਦਾ ਬਲੈਕ ਪ੍ਰਿੰਸ’ ਦਾ ਅਸਰ: ਮਹਾਰਾਜਾ ਦਲੀਪ ਸਿੰਘ ਦੀਆਂ ਅੰਤਮ ਰਸਮਾਂ ਪੰਜਾਬ ਵਿੱਚ ਕੀਤੇ ਜਾਣ ਲਈ ਯਤਨ ਕਰਨ ਦਾ ਫ਼ੈਸਲਾ

ਚੰਡੀਗੜ੍ਹ/ਸਿੱਖ ਸਿਆਸਤ ਬਿਊਰੋ:
ਵੱਖ-ਵੱਖ ਖੇਤਰਾਂ ਵਿਚ ਕੰਮ ਕਰਦੀਆਂ ਸਿੱਖ ਹਸਤੀਆਂ ਨੇ ਮੰਗ ਕੀਤੀ ਹੈ ਕਿ ਖ਼ਾਲਸਾ ਰਾਜ ਦੇ ਆਖਰੀ ਮਹਾਰਾਜਾ ਦਲੀਪ ਸਿੰਘ, ਜਿਸ ਨੂੰ ਐਲਵੀਡਨ (ਇੰਗਲੈਂਡ) ਵਿਖੇ 120 ਸਾਲ ਪਹਿਲਾਂ ਈਸਾਈ ਪ੍ਰੰਪਰਾ ਅਨੁਸਾਰ ਦਫ਼ਨਾਇਆ ਗਿਆ ਸੀ, ਦੀਆਂ ਅੰਤਿਮ ਰਸਮਾਂ ਸਿੱਖ ਰਹੁ-ਰੀਤਾਂ ਅਨੁਸਾਰ ਪੰਜਾਬ ਵਿਚ ਕੀਤੀਆਂ ਜਾਣ। ਇਸ ਸਬੰਧੀ ਚੰਡੀਗੜ੍ਹ ਵਿਖੇ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਕੰਪਲੈਕਸ ਵਿਚ ਹੋਏ ਸਿੱਖਾਂ ਦੇ ਇਕ ਅਹਿਮ ਇਕੱਠ ‘ਚ ਇਸ ਗੱਲ ਬੜੇ ਜੋਰਦਾਰ ਢੰਗ ਨਾਲ ਉਭਾਰੀ ਗਈ ਕਿ ਮਹਾਰਾਜਾ ਦਲੀਪ ਸਿੰਘ ਤੋਂ ਅੰਗਰੇਜ਼ਾਂ ਵੱਲੋਂ ਧੋਖੇ ਨਾਲ ਸਿਰਫ਼ ਰਾਜ ਹੀ ਨਹੀਂ ਖੋਹਿਆ ਗਿਆ, ਸਗੋਂ ਅਣਭੋਲ ਉਮਰ ਵਿਚ ਉਸ ਨੂੰ ਇਸਾਈ ਵੀ ਬਣਾ ਦਿੱਤਾ ਗਿਆ ਸੀ। ਵੱਡੇ ਹੋਏ ਦਲੀਪ ਸਿੰਘ ਨੂੰ ਜਦੋਂ ਇਸ ਸਾਰੀ ਧੋਖਾਧੜੀ ਦਾ ਅਹਿਸਾਸ ਹੋਇਆ ਤਾਂ ਉਹ ਦੁਬਾਰਾ ਅੰਮ੍ਰਿਤ ਛਕ ਕੇ ਸਿੱਖ ਬਣਿਆ ਤੇ ਅਖੀਰਲੇ ਦਮ ਤੱਕ ਆਪਣੇ ਖੁੱਸੇ ਹੋਏ ਰਾਜ ਨੂੰ ਪ੍ਰਾਪਤ ਕਰਨ ਲਈ ਜੱਦੋ-ਜਹਿਦ ਕਰਦਾ ਰਿਹਾ।
ਮੀਟਿੰਗ ਵਿਚ ਇਹ ਮਤਾ ਪਾਸ ਕੀਤਾ ਗਿਆ ਕਿ ਮਹਾਰਾਜੇ ਨੂੰ ਸੱਚੀ ਸ਼ਰਧਾਂਜਲੀ ਇਹ ਹੋਵੇਗੀ ਕਿ ਉਸ ਦੀਆਂ ਅਸਥੀਆਂ ਨੂੰ ਪੰਜਾਬ ਲਿਆਂਦਾ ਜਾਵੇ ਅਤੇ ਉਨ੍ਹਾਂ ਨੂੰ ਸਿੱਖ ਰਸਮਾਂ ਅਨੁਸਾਰ ਕੀਤਾ ਜਾਵੇ। ਇਹ ਫ਼ੈਸਲਾ ਵੀ ਹੋਇਆ ਕਿ ਮਹਾਰਾਜੇ ਦੀ ਇਕ ਸ਼ਾਨਦਾਰ ਯਾਦਗਾਰ ਕਾਇਮ ਕੀਤੀ ਜਾਵੇ।
ਇਸ ਇਕੱਠ ਵਿਚ ਸਾਬਕਾ ਡੀ.ਜੀ.ਪੀ. ਜੀ.ਐਸ. ਔਜਲਾ, ਗੁਰਪ੍ਰੀਤ ਸਿੰਘ, ਗੁਰਤੇਜ ਸਿੰਘ, ਡਾ. ਗੁਰਦਰਸ਼ਨ ਸਿੰਘ ਢਿੱਲੋਂ, ਅਜਮੇਰ ਸਿੰਘ ਇਤਿਹਾਸਕਾਰ, ਲੈਫ.ਜਨ.(ਰਿਟਾ.) ਕਰਤਾਰ ਸਿੰਘ ਗਿੱਲ, ਮੇਜਰ ਜਨ. (ਰਿਟਾ.) ਚਰਨਜੀਤ ਸਿੰਘ ਪਨਾਗ, ਪੁਸ਼ਪਿੰਦਰ ਸਿੰਘ ਪ੍ਰਧਾਨ ਸਿੱਖ ਫੋਰਮ ਨਵੀਂ ਦਿੱਲੀ, ਅਮਰਜੀਤ ਸਿੰਘ ਫਿਲਮ ਪ੍ਰੋਡਿਊਸਰ, ਕਰਮਜੀਤ ਸਿੰਘ, ਜਸਪਾਲ ਸਿੰਘ ਸਿੱਧੂ, ਹਰਜੋਤ ਕੌਰ, ਦਵਿੰਦਰਪਾਲ ਸਿੰਘ ਨਾਨਕਸ਼ਾਹੀ ਟਰੱਸਟ, ਡਾ. ਸਵਰਾਜ ਸਿੰਘ ਪਟਿਆਲਾ ਤੇ ਖ਼ੁਸ਼ਹਾਲ ਸਿੰਘ ਜਨਰਲ ਸੈਕਟਰੀ, ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਸ਼ਾਮਲ ਸਨ।

ਮਹਾਰਾਜਾ ਦਲੀਪ ਸਿੰਘ ਦੀਆਂ ਨਿਸ਼ਾਨੀਆਂ ਤੇ ਕੋਹਿਨੂਰ ਲਈ ਜਦੋਜਹਿਦ ਜਾਰੀ
ਜਲੰਧਰ/ਬਿਊਰੋ ਨਿਊਜ਼:
ਪਾਂਡੂਚੇਰੀ ਦੇ ਸਾਬਕਾ ਗਵਰਨਰ ਇਕਬਾਲ ਸਿੰਘ ਨੇ ਭਾਰਤ ਦੌਰੇ ‘ਤੇ ਆਏ ਇੰਗਲੈਂਡ ਦੇ ਪਹਿਲੇ ਦਸਤਾਰਧਾਰੀ ਸਿੱਖ ਐਮ.ਪੀ. ਤਨਮਨਜੀਤ ਸਿੰਘ ਨੂੰ ਸਿੱਖ ਰਾਜ ਦੇ ਆਖਰੀ ਮਹਾਰਾਜਾ ਦਲੀਪ ਸਿੰਘ ਦੀਆਂ ਨਿਸ਼ਾਨੀਆਂ ਅਤੇ ਕੋਹਿਨੂਰ ਹੀਰਾ ਭਾਰਤ ਲਿਆਉਣ ਲਈ ਜੱਦੋ-ਜਹਿਦ ਕਰਨ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਇਕਬਾਲ ਸਿੰਘ ਨੇ ਇੰਗਲੈਂਡ ਜਾ ਕੇ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਨੂੰ ਆ ਰਹੀਆਂ ਸਮੱਸਿਆਵਾਂ ਹੱਲ ਕਰਨ ਲਈ ਵੀ ਕਿਹਾ। ਇੰਗਲੈਂਡ ਦੇ ਮੈਂਬਰ ਪਾਰਲੀਮੈਂਟ ਤਨਮਨਜੀਤ ਸਿੰਘ ਢੇਸੀ ਸਾਬਕਾ ਗਵਰਨਰ ਦੇ ਘਰ ਪਹੁੰਚੇ ਅਤੇ ਇਸ ਮੌਕੇ ਢੇਸੀ ਦਾ ਸਨਮਾਨ ਕੀਤਾ ਗਿਆ। ਸ੍ਰੀ ਇਕਬਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਸ੍ਰੀ ਢੇਸੀ ਨੂੰ ਮਹਾਰਾਜਾ ਦਲੀਪ ਸਿੰਘ ਦੀ ਦੇਹ ਨੂੰ ਕਬਰ ‘ਚੋਂ ਕੱਢ ਕੇ ਸਸਕਾਰ ਕਰਨ ਦੀ ਇੱਛਾ ਜ਼ਾਹਰ ਕੀਤੀ ਹੈ। ਉਨ੍ਹਾਂ ਕਿਹਾ ਕਿ ਮਹਾਰਾਜਾ ਦਲੀਪ ਸਿੰਘ ਸਿੱਖ ਸਨ ਅਤੇ ਸਾਡਾ ਸਭਿਆਚਾਰ ਉਨ੍ਹਾਂ ਦੀ ਕਬਰ ਬਣਾਉਣ ਦੀ ਇਜਾਜ਼ਤ ਨਹੀਂ ਦਿੰਦਾ। ਉਨ੍ਹਾਂ ਨੇ ਸ੍ਰੀ ਢੇਸੀ ਅੱਗੇ ਦਲੀਪ ਸਿੰਘ ਦੇ ਜੀਵਨ ਨਾਲ ਜੁੜੀਆਂ ਹੋਰ ਨਿਸ਼ਾਨੀਆਂ ਨੂੰ ਵੀ ਪੰਜਾਬ ਲਿਆਉਣ ਲਈ ਜੱਦੋ-ਜਹਿਦ ਕਰਨ ਦੀ ਮੰਗ ਰੱਖੀ ਹੈ। ਸਾਬਕਾ ਗਵਰਨਰ ਨੇ ਕੋਹਿਨੂਰ ਹੀਰੇ ਨੂੰ ਵੀ ਵਾਪਸ ਭਾਰਤ ਲਿਆਉਣ ਲਈ ਕੋਸ਼ਿਸ਼ ਕਰਨ ਦੀ ਮੰਗ ਕੀਤੀ ਹੈ।ਇਸ ਤੋਂ ਇਲਾਵਾ ਉਨ੍ਹਾਂ ਨੇ ਇੰਗਲੈਂਡ ਪੜ੍ਹਨ ਜਾਣ ਵਾਲੇ ਵਿਦਿਆਰਥੀਆਂ ਨੂੰ ਆ ਰਹੀਆਂ ਸਮੱਸਿਆਵਾਂ ਬਦੇ ਹੱਲ ਲਈ ਠੋਸ ਕਦਮ ਚੁੱਕਣ ਲਈ ਕਿਹਾ।
ਸ੍ਰੀ ਇਕਬਾਲ ਸਿੰਘ ਨੇ ਦੱਸਿਆ ਕਿ ਕੋਹਿਨੂਰ ਦੀ ਮੰਗ ‘ਤੇ ਤਨਮਨਜੀਤ ਸਿੰਘ ਢੇਸੀ ਖੁੱਲ੍ਹ ਕੇ ਨਹੀਂ ਬੋਲੇ ਜਦਕਿ ਬਾਕੀ ਮੰਗਾਂ ਲਈ ਉਨ੍ਹਾਂ ਯਤਨ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਤਨਮਨਜੀਤ ਸਿੰਘ ਦੇ ਚਾਚਾ ਤੇ ਸ਼੍ਰੋਮਣੀ ਕਮੇਟੀ ਮੈਂਬਰ ਪਰਮਜੀਤ ਸਿੰਘ ਰਾਏਪੁਰ ਵੀ ਹਾਜ਼ਰ ਸਨ।