ਅੰਗਰੇਜ਼ੀ ਅਖਬਾਰ ਦੇ ਕਾਮਿਕ ‘ਚ ਸਿੱਖ ਫੌਜੀ ਨੂੰ ਸਿਗਰਟ ਪੀਂਦਿਆਂ ਵਿਖਾਏ ਜਾਣ ਦੇ ਵਿਰੁਧ ਸਿੱਖਾਂ ‘ਚ ਭਾਰੀ ਰੋਹ

ਅੰਗਰੇਜ਼ੀ ਅਖਬਾਰ ਦੇ ਕਾਮਿਕ ‘ਚ ਸਿੱਖ ਫੌਜੀ ਨੂੰ ਸਿਗਰਟ ਪੀਂਦਿਆਂ ਵਿਖਾਏ ਜਾਣ ਦੇ ਵਿਰੁਧ ਸਿੱਖਾਂ ‘ਚ ਭਾਰੀ ਰੋਹ

ਅੰਮ੍ਰਿਤਸਰ/ਨਰਿੰਦਰ ਪਾਲ ਸਿੰਘ:
ਸਿੱਖੀ ਸਰੂਪ, ਸਿੱਖ ਸਿਧਾਤਾਂ ਉਪਰ ਕੀਤੇ ਜਾ ਰਹੇ ਨਿਰੰਤਰ ਹਮਲਿਆਂ ਦਾ ਇੱਕ ਮਾਮਲਾ ਨਿੱਬੜਦਾ ਨਹੀਂ ਕਿ ਹੋਰ ਨਵੀਂ ਚੁਣੌਤੀ ਬਣ ਕੇ ਸਾਹਮਣੇ ਆ ਜਾਂਦੀ ਹੈ। ਇਸ ਵਾਰ ਅੰਗਰੇਜ਼ੀ ਦੇ ਇੱਕ ਨਾਮਵਰ ਅਖ਼ਬਾਰ ਨੇ ਫੌਜੀ ਵਰਦੀ ਵਿਚ ਇਕ ਸਿੱਖ ਕਿਰਦਾਰ ਨੂੰ ਸਿਗਰਟ ਪੀਂਦਿਆਂ ਵਿਖਾਇਆ ਗਿਆ ਹੈ। ਜਿਥੇ ਅਖਬਾਰ ਦੀ ਇਸ ਹਰਕਤ ਨੇ ਦੁਨੀਆ ਭਰ ਵਿਚ ਬੈਠੇ ਸਿੱਖ ਹਿਰਦੇ ਵਲੂੰਧਰ ਦਿੱਤੇ ਹਨ ਉਥੇ ਸਿੱਖਾਂ ਦੀ ਤਰਜਮਾਨੀ ਕਰਨ ਦਾ ਦਾਅਵਾ ਕਰਨ ਵਾਲੀ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਖ਼ਬਰ ਤੋਂ ਹਾਲੇ ਤਕ ਅਣਜਾਣ ਹੈ।
ਸਿੱਖਾਂ ਨਾਲ ਸਬੰਧਤ ਵੱਖ-ਵੱਖ ਵਿਸ਼ਿਆਂ ‘ਤੇ ਵਿਚਾਰ ਵਟਾਂਦਰੇ ਲਈ ਇਕ ਪਲੇਟਫਾਰਮ ਵਜੋਂ ਜਾਣੀ ਜਾਂਦੀ ‘ਲਰਨਿੰਗ ਜ਼ੋਨ’ ਨਾਮੀ ਸੰਸਥਾ ਨੇ ਹਿੰਦੁਸਤਾਨ ਅਖਬਾਰ (Hindustan) ਦੇ 2 ਜੁਲਾਈ (ਐਤਵਾਰ) ਦੀ ਇਸ ਹਰਕਤ ਬਾਰੇ ਜਾਣਕਾਰੀ ਦੇ ਕੇ ਸਿੱਖ ਸੰਗਤਾਂ ਨੂੰ ਹਲੂਣਾ ਦਿੱਤਾ। ਅਖਬਾਰ ਦੇ ਦਿੱਲੀ ਐਡੀਸ਼ਨ ਨਾਲ ਨੱਥੀ ਕੀਤੇ ਗਏ 4 ਪੰਨਿਆਂ ਦੇ ਸਪੈਸ਼ਲ ਕਾਮਿਕ ਸੀਰੀਅਲ ‘ਏ ਜੈਂਟਲਮੈਨਜ਼ ਵੇਜਰ’ ਦਾ ਜਿਕਰ ਕਰਦਿਆਂ ਦੱਸਿਆ ਗਿਆ ਹੈ ਕਿ ਇਹ ਕਾਮਿਕ ਇੱਕ ਕਾਲਪਨਿਕ ਕਹਾਣੀ ‘ਤੇ ਨਿਰਧਾਰਤ ਹੈ ਜਿਸਦੀ ਕਹਾਣੀ ਅਖਬਾਰ ਦੀ ਬਰੰਚ ਟੀਮ ਦੇ ਆਰੀਆ ਰਾਜ ਗੈਂਦ ਨੇ ਲਿਖੀ ਹੈ। ਕਹਾਣੀ ਸੰਨ 1910 ਦੇ ਨਾਲ ਜੁੜੀ ਕਿਸੇ ਕਾਲਪਨਿਕ ਕਹਾਣੀ ‘ਤੇ ਆਧਾਰਤ ਹੈ ਅਤੇ ਇਸ ਨੂੰ ਤਸਵੀਰੀ ਵਿਆਖਿਆ ਵਿਵੇਕ ਸ਼ਿੰਦੇ ਨੇ ਦਿੱਤੀ ਹੈ। ਕਾਮਿਕ ਦਾ ਮੁੱਖ ਪਾਤਰ ਕੋਈ ਮਹਾਰਾਜਾ ਸਿਕੰਦਰ ਸਿੰਘ ਨਾਮੀ ਵਰਦੀਧਾਰੀ ਫੌਜੀ ਵਿਖਾਇਆ ਗਿਆ ਹੈ। ਅਖਬਾਰ ਦੇ ਪੰਨਾ ਨੰਬਰ 16 ‘ਤੇ ਇਸ ਕਾਮਿਕ ਦਾ ਹਿੱਸਾ ਉਲੀਕਦਿਆਂ ਇਸ ਸਿਕੰਦਰ ਸਿੰਘ ਨੂੰ ਸਿਗਰਟ ਪੀਂਦਾ ਵਿਖਾਇਆ ਗਿਆ ਹੈ। ਸਵਾਲ ਇਹੀ ਹੈ ਕਿ ਆਖਿਰ ਪੂਰੇ ਹਿੰਦੁਸਤਾਨ ਵਿੱਚ ਕਈ ਦਰਜਨ ਐਡੀਸ਼ਨਾਂ ਤੇ ਲੱਖਾਂ ਦੀ ਗਿਣਤੀ ਵਿੱਚ ਪਾਠਕਾਂ ਤੀਕ ਪੁਜਣ ਵਾਲੀ ਅਖਬਾਰ ਦੀ ਟੀਮ ਨੇ ਇਸ ਵਿਸ਼ੇਸ਼ ਕਾਮਿਕ ਦੀ ਕਹਾਣੀ ਘੜਦਿਆਂ ਸਿੱਖ ਸਰੂਪ ਵਿੱਚ ਦਰਸਾਏ ਪਾਤਰ ਨੂੰ ਹੀ ਸਿੱਖ ਸਿਧਾਂਤ ਵਿਰੋਧੀ ਰੂਪ ਵਿੱਚ ਕਿਉਂ ਸਿਰਜਿਆ? ਸਵਾਲ ਤਾਂ ਇਹ ਵੀ ਹੈ ਕੀ ਹਿੰਦੁਸਤਾਨ ਅੰਦਰ ਲਾਗੂ ਕੀਤੇ ਜਾ ਰਹੇ ਘੱਟਗਿਣਤੀ ਕੌਮਾਂ ਵਿਰੋਧੀ ਰਵਈਏ ਨੂੰ ਪ੍ਰਚਾਰਨ ਤੇ ਪ੍ਰਸਾਰਨ ਲਈ ਪ੍ਰਿੰਟ ਮੀਡੀਆ ਦਾ ਸਹਾਰਾ ਵੀ ਲਿਆ ਜਾਣਾ ਸ਼ੁਰੂ ਕਰ ਦਿੱਤਾ ਗਿਆ ਹੈ?