ਨਸ਼ਾ ਤਸਕਰੀ ‘ਚ ਗਲਤਾਨ ਪੁਲੀਸ ਅਧਿਕਾਰੀਆਂ ਨੂੰ ਕਾਬੂ ਕਰਨ ਲਈ ਟਾਸਕ ਫੋਰਸ ਦੇ ਹੱਥ ਘੁੱਟੇ

ਨਸ਼ਾ ਤਸਕਰੀ ‘ਚ ਗਲਤਾਨ ਪੁਲੀਸ ਅਧਿਕਾਰੀਆਂ ਨੂੰ ਕਾਬੂ ਕਰਨ ਲਈ ਟਾਸਕ ਫੋਰਸ ਦੇ ਹੱਥ ਘੁੱਟੇ

ਟਾਸਕ ਫੋਰਸ ਨੇ 31 ਕਿੱਲੋ ਹੈਰੋਇਨ ਫੜੀ-36 ਤਸਕਰ ਗ੍ਰਿਫ਼ਤਾਰ
ਜਲੰਧਰ/ ਮੇਜਰ ਸਿੰਘ :
ਪੰਜਾਬ ਸਰਕਾਰ ਵੱਲੋਂ ਤਿੰਨ ਮਹੀਨੇ ਪਹਿਲਾਂ ਨਸ਼ਿਆਂ ਦੇ ਖ਼ਾਤਮੇ ਲਈ ਗਠਿਤ ਕੀਤੀ ਵਿਸ਼ੇਸ਼ ਟਾਸਕ ਫੋਰਸ ਨੇ ਨਸ਼ਿਆਂ ਦੀ ਤਸਕਰੀ ਵਿਚ ਗਲਤਾਨ ਕੁਝ ਪੁਲੀਸ ਅਧਿਕਾਰੀਆਂ ਨੂੰ ਵੀ ਹੱਥ ਪਾਉਣ ਦਾ ਯਤਨ ਕੀਤਾ ਸੀ, ਪਰ ਪੁਲੀਸ ਦੇ ਅੰਦਰੋਂ ਤੇ ਬਾਹਰੋਂ ਪਏ ਦਬਾਅ ਕਾਰਨ ਹੁਣ ਇਸ ਸਿਲਸਿਲੇ ਨੂੰ ਉੱਪਰੋਂ ਬਰੇਕਾਂ ਲਗਾਉਣ ਦਾ ਇਸ਼ਾਰਾ ਮਿਲਿਆ ਹੈ। ਭਰੋਸੇਯੋਗ ਸੂਤਰਾਂ ਦਾ ਕਹਿਣਾ ਹੈ ਕਿ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿਚ ਸ਼ਾਮਲ ਬਰਤਰਫ਼ ਇੰਸਪੈਕਟਰ ਇੰਦਰਜੀਤ ਸਿੰਘ ਵੱਲੋਂ ਇਕੱਠੀ ਕੀਤੀ ਜਾਇਦਾਦ ਦੇ ਵੇਰਵੇ ਤਾਂ ਬੜੇ ਮਿਲ ਗਏ ਹਨ, ਪਰ ਉਨ੍ਹਾਂ ਬਾਰੇ ਅਗਲੀ ਕਾਰਵਾਈ ਆਰੰਭ ਕਰਨ ਅਤੇ ਇਸ ਜਾਣਕਾਰੀ ਨੂੰ ਨਸ਼ਰ ਕਰਨ ਵਿਚ ਪੁਲੀਸ ਅਧਿਕਾਰੀ ਸੰਕੋਚ ਹੀ ਕਰ ਰਹੇ ਹਨ। ਪੁਲੀਸ ਜ਼ਿਲ੍ਹਾ ਤਰਨ ਤਾਰਨ ਵਿਚ ਨਸ਼ੀਲੇ ਪਦਾਰਥਾਂ ਦੀਆਂ ਫੜੀਆਂ ਤਿੰਨ ਵੱਡੀਆਂ ਖੇਪਾਂ ਦੇ ਦੋਸ਼ ਵਿਚ ਫੜੇ ਤਸਕਰਾਂ ਨੂੰ ਇੰਦਰਜੀਤ ਸਿੰਘ ਵੱਲੋਂ ਬਰੀ ਕਰਵਾਏ ਜਾਣ ਦੀ ਜਾਂਚ ਟਾਸਕ ਫੋਰਸ ਦੇ ਆਈ.ਜੀ.ਆਰ.ਕੇ. ਜੈਸਵਾਲ ਕਰ ਰਹੇ ਹਨ। ਟਾਸਕ ਫੋਰਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ਵਿਚ ਸਿਰਫ਼ ਇੰਦਰਜੀਤ ਸਿੰਘ ਤੇ ਕੁਝ ਹੋਰ ਪੁਲੀਸ ਅਫ਼ਸਰਾਂ ਵੱਲ ਹੀ ਨਹੀਂ, ਸਗੋਂ ਜੁਡੀਸ਼ੀਅਲ ਅਧਿਕਾਰੀਆਂ ਵੱਲ ਵੀ ਉਂਗਲਾਂ ਉੱਠ ਰਹੀਆਂ ਹਨ।
ਵਿਸ਼ੇਸ਼ ਟਾਸਕ ਫੋਰਸ ਦੇ ਸੂਤਰਾਂ ਮੁਤਾਬਿਕ ਫੋਰਸ ਵੱਲੋਂ ਬੀ.ਐਸ.ਐਫ. ਨਾਲ ਮਿਲ ਕੇ ਹੁਣ ਤੱਕ ਕੁਲ 31 ਕਿੱਲੋ ਹੈਰੋਇਨ ਬਰਾਮਦ ਕੀਤੀ ਗਈ ਹੈ। ਇਹ ਹੈਰੋਇਨ ਪਾਕਿਸਤਾਨ ਵੱਲੋਂ ਸਰਹੱਦ ਉੱਪਰ ਭਾਰਤ ਵੱਲ ਸੁੱਟੀ ਗਈ ਸੀ। ਹੈਰੋਇਨ ਦੀ ਤਸਕਰੀ ਪਾਕਿਸਤਾਨੀ ਮੋਬਾਈਲ ਸਿਮ ਰਾਹੀਂ ਹੁੰਦੀ ਹੈ। ਪਾਕਿਸਤਾਨੀ ਸਿਮ ਰਾਹੀਂ ਸਰਹੱਦ ਨੇੜਿਓਂ ਪਾਕਿਸਤਾਨ ਵਿਚਲੇ ਸੰਪਰਕਾਂ ਨਾਲ ਗੱਲਬਾਤ ਕੀਤੀ ਜਾਂਦੀ ਹੈ। ਹੁਣ ਤੱਕ ਟਾਸਕ ਫੋਰਸ ਨੇ 36 ਤਸਕਰ ਗ੍ਰਿਫ਼ਤਾਰ ਕੀਤੇ ਹਨ। ਇਨ੍ਹਾਂ ਤੋਂ ਪੁੱਛਗਿੱਛ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਤਸਕਰ ਦੁਬਈ ਰਾਹੀਂ ਪਾਕਿਸਤਾਨ ‘ਚ ਗੱਲ ਕਰਦੇ ਹਨ ਤੇ ਖਾਸ ਕਰ ਉਨ੍ਹਾਂ ਵੱਲੋਂ ਵਟਸਐਪ ਤੇ ਹੋਰ ਸੋਸ਼ਲ ਮੀਡੀਆ ਰਾਹੀਂ ਗੱਲਬਾਤ ਕੀਤੀ ਜਾਂਦੀ ਹੈ ਤੇ ਇਹ ਗੱਲਬਾਤ ਨਾ ਸੁਣੀ ਜਾ ਸਕਦੀ ਹੈ ਤੇ ਨਾ ਹੀ ਰਿਕਾਰਡ ਹੋ ਸਕਦੀ ਹੈ। ਸੂਤਰਾਂ ਮੁਤਾਬਿਕ ਟਾਸਕ ਫੋਰਸ ਦੇ ਹਰ ਅਧਿਕਾਰੀ ਨੂੰ ਹਾਈ ਫਰੀਕੁÂੈਂਸੀ ਵਾਲੇ ਸਮਾਰਟ ਫੋਨ ਦਿੱਤੇ ਗਏ ਹਨ। ਸੂਤਰਾਂ ਮੁਤਾਬਕ ਪੰਜਾਬ ਅੰਦਰ ਨਸ਼ੇ ਦਾ ਧੰਦਾ ਕਰਨ ਵਾਲੇ ਬਹੁਤ ਸਾਰੇ ਲੋਕ ਸਰਕਾਰ ਦੀ ਸਖ਼ਤੀ ਨੂੰ ਦੇਖਦਿਆਂ ਛਾਪਲ ਗਏ, ਪਰ ਟਾਸਕ ਫੋਰਸ ਨੇ ਪਿਛਲੇ ਸਮੇਂ ਦੀਆਂ ਉਨ੍ਹਾਂ ਦੀਆਂ ਟੈਲੀਫੋਨ ਕਾਲਾਂ ਨੂੰ ਖੰਘਾਲਣ ਅਤੇ ਫੜੇ ਵਿਅਕਤੀਆਂ ਤੋਂ ਪੁੱਛਗਿੱਛ ਦੇ ਆਧਾਰ ‘ਤੇ ਸੂਚੀਆਂ ਤਿਆਰ ਕੀਤੀਆਂ ਹਨ ਤੇ ਅਗਲੇ ਪੜਾਅ ਵਿਚ ਅਜਿਹੇ ਵਿਅਕਤੀਆਂ ਖ਼ਿਲਾਫ਼ ਵੀ ਮੁਹਿੰਮ ਆਰੰਭ ਹੋਵੇਗੀ। ਸੂਤਰਾਂ ਮੁਤਾਬਿਕ ਬਹੁਤ ਸਾਰੇ ਅਜਿਹੇ ਵਿਅਕਤੀਆਂ ਉੱਪਰ ਫੋਰਸ ਨਿਗਰਾਨੀ ਵੀ ਰੱਖ ਰਹੀ ਹੈ। ਵਰਨਣਯੋਗ ਹੈ ਕਿ ਟਾਸਕ ਫੋਰਸ ਪੰਜਾਬ ਦੀ ਖੁਫ਼ੀਆ ਪੁਲੀਸ ਜਾਂ ਪੁਲੀਸ ਉੱਪਰ ਟੇਕ ਰੱਖਣ ਦੀ ਬਜਾਏ ਕੇਂਦਰੀ ਏਜੰਸੀਆਂ ਜਾਂ ਆਪਣੇ ਸੂਤਰਾਂ ਨੂੰ ਵਧੇਰੇ ਵਰਤ ਰਹੀ ਹੈ। ਟਾਸਕ ਫੋਰਸ ਮੁਖੀ ਸ: ਹਰਪ੍ਰੀਤ ਸਿੰਘ ਸਿੱਧੂ ਦੇ ਕੇਂਦਰੀ ਏਜੰਸੀਆਂ ਦੇ ਅਧਿਕਾਰੀਆਂ ਨਾਲ ਨੇੜਲੇ ਸਬੰਧ ਹੋਣ ਕਾਰਨ ਹੀ ਪਿਛਲੇ ਦਿਨਾਂ ਵਿਚ ਪਾਕਿਸਤਾਨ ਤੋਂ ਆਉਣ ਵਾਲੀਆਂ ਖੇਪਾਂ ਸਰਹੱਦ ‘ਤੇ ਫੜਨ ਵਿਚ ਕਾਮਯਾਬੀ ਮਿਲੀ ਦੱਸੀ ਜਾਂਦੀ ਹੈ ਪਰ ਇੰਦਰਜੀਤ ਸਿੰਘ ਕੋਲੋਂ ਫੜੀ ਗਈ 7 ਕਿੱਲੋ ਸਮੈਕ ਤੇ ਹੈਰੋਇਨ ਕਿਥੋਂ ਆਈ, ਬਾਰੇ ਇਹ ਅਧਿਕਾਰੀ ਮੂੰਹ ਖੋਲ੍ਹਣ ਲਈ ਤਿਆਰ ਨਹੀਂ। ਟਾਸਕ ਫੋਰਸ ਦੇ ਇਕ ਸੀਨੀਅਰ ਅਧਿਕਾਰੀ ਕਹਿ ਰਹੇ ਸਨ ਕਿ ਪੰਜਾਬ ‘ਚ ਸਿੰਥੈਟਿਕ ਨਸ਼ੇ ਦਾ ਲਗਪਗ ਸਫ਼ਾਇਆ ਹੋ ਚੁੱਕਾ ਹੈ। ਮੁੱਖ ਮਸਲਾ ਇਸ ਸਮੇਂ ਪਾਕਿਸਤਾਨ ਤੋਂ ਪੰਜਾਬ ਆਉਂਦੀ ਤੇ ਅੱਗੇ ਭਾਰਤ ਦੇ ਵੱਡੇ ਸ਼ਹਿਰਾਂ ਤੇ ਵਿਦੇਸ਼ਾਂ ਨੂੰ ਜਾਣ ਵਾਲੀ ਨਸ਼ਿਆਂ ਦੀ ਤਸਕਰੀ ਨੂੰ ਰੋਕਣ ਦਾ ਹੈ। ਟਾਸਕ ਫੋਰਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਭੁੱਕੀ ਵਰਗੇ ਰਵਾਇਤੀ ਨਸ਼ਿਆਂ ਵਿਰੁੱਧ ਅਜੇ ਮੁਹਿੰਮ ਨਹੀਂ ਚਲਾ ਰਹੇ।
ਪੁਲੀਸ ਵਿਚ ਧੜੇਬੰਦੀ ਦੀ ਚਰਚਾ :
ਨਸ਼ਿਆਂ ਵਿਰੁੱਧ ਖੜ੍ਹੀ ਕੀਤੀ ਗਈ ਵਿਸ਼ੇਸ਼ ਟਾਸਕ ਫੋਰਸ ਦੇ ਮੁਖੀ ਹਰਪ੍ਰੀਤ ਸਿੰਘ ਸਿੱਧੂ ਦੀਆਂ ਤਾਕਤਾਂ ਵਿਚ ਲਗਾਤਾਰ ਹੋ ਰਹੇ ਵਾਧੇ ਨੇ ਪੁਲੀਸ ਅਧਿਕਾਰੀਆਂ ਵਿਚ ਨਵੀਂ ਚਰਚਾ ਛੇੜ ਦਿੱਤੀ ਹੈ। ਟਾਸਕ ਫੋਰਸ ਮੁਖੀ ਸ. ਗਿੱਲ ਨੂੰ ਪਹਿਲਾਂ ਹੀ ਪੰਜਾਬ ਪੁਲੀਸ ਦੇ ਮੁਖੀ ਡੀ.ਜੀ.ਪੀ. ਦੇ ਅਧਿਕਾਰ ਖੇਤਰ ਵਿਚੋਂ ਬਾਹਰ ਕੱਢ ਦਿੱਤਾ ਸੀ ਤੇ ਉਹ ਸਿੱਧੇ ਤੌਰ ‘ਤੇ ਮੁੱਖ ਮੰਤਰੀ ਅਧੀਨ ਕੰਮ ਕਰ ਰਹੇ ਸਨ। ਪੁਲੀਸ ਅਧਿਕਾਰੀਆਂ ਵਿਚ ਚਰਚਾ ਹੈ ਕਿ ਪੰਜਾਬ ਅੰਦਰ ਅਜਿਹਾ ਪਹਿਲਾ ਵਰਤਾਰਾ ਹੈ ਕਿ ਅਧਿਕਾਰਤ ਤੌਰ ‘ਤੇ ਪੁਲੀਸ ਅੰਦਰ ਦੋ ਬਰਾਬਰ ਦੇ ਸ਼ਕਤੀ ਕੇਂਦਰ ਖੜ੍ਹੇ ਹੋ ਗਏ ਹਨ। ਮੁੱਖ ਮੰਤਰੀ ਵੱਲੋਂ ਟਾਸਕ ਫੋਰਸ ਮੁਖੀ ਨੂੰ ਬਠਿੰਡਾ ਤੇ ਸਰਹੱਦੀ ਆਈ.ਜੀ.ਜ਼ੋਨ ਦਾ ਵੀ ਏ.ਡੀ.ਜੀ.ਪੀ. ਲਗਾ ਕੇ ਇਹ ਦੋਵੇਂ ਜ਼ੋਨ ਉਨ੍ਹਾਂ ਦੇ ਅਧੀਨ ਕਰ ਦੇਣ ਨਾਲ ਟਾਸਕ ਫੋਰਸ ਮੁਖੀ ਦੀਆਂ ਸ਼ਕਤੀਆਂ ਵਿਚ ਅਥਾਹ ਵਾਧਾ ਕਰ ਦਿੱਤਾ ਹੈ। ਟਾਸਕ ਫੋਰਸ ਦਾ ਇਕ ਅਧਿਕਾਰੀ ਗੱਲ ਕਰਦਾ ਹੋਇਆ ਕਹਿ ਰਿਹਾ ਸੀ ਕਿ ਪੁਲੀਸ ਅੰਦਰ ਸ਼ਕਤੀ ਤਵਾਜ਼ਨ ਦੀ ਇਹ ਲੜਾਈ ਕਿਤੇ ਨਸ਼ਿਆਂ ਤੋਂ ਹੀ ਸਾਡਾ ਧਿਆਨ ਨਾ ਤਿਲਕਾ ਦੇਵੇ।