ਜਲ੍ਹਿਆਂਵਾਲਾ ਬਾਗ ਕਾਂਡ ਦੇ ਪੀੜਤਾਂ ਨੂੰ ਬਰਤਾਨੀਆ ਨੇ ਦਿੱਤਾ ਸੀ ਮੁਆਵਜ਼ਾ

ਜਲ੍ਹਿਆਂਵਾਲਾ ਬਾਗ ਕਾਂਡ ਦੇ ਪੀੜਤਾਂ ਨੂੰ ਬਰਤਾਨੀਆ ਨੇ ਦਿੱਤਾ ਸੀ ਮੁਆਵਜ਼ਾ

ਮ੍ਰਿਤਕਾਂ ਦੇ ਪਰਿਵਾਰਾਂ ਲਈ 15,92,155 ਰੁਪਏ ਤੇ ਜ਼ਖ਼ਮੀਆਂ ਲਈ 3,50,762 ਰੁਪਏ ਕੀਤੇ ਸਨ ਮਨਜ਼ੂਰ
ਚੰਡੀਗੜ੍ਹ/ਬਿਊਰੋ ਨਿਊਜ਼ :
90ਵਿਆਂ ਨੂੰ ਢੁਕੇ ਆਜ਼ਾਦੀ ਘੁਲਾਟੀਏ ਮੋਹਨ ਸਿੰਘ ਨੇ 13 ਅਪ੍ਰੈਲ, 1919 ਨੂੰ ਅੰਮ੍ਰਿਤਸਰ ਦੇ ਜਲ੍ਹਿਆਂਵਾਲਾ ਬਾਗ ਵਿੱਚ ਆਪਣੇ ਦਾਦੇ ਦੀ ‘ਮੌਤ’ ਲਈ ਮੁਆਵਜ਼ੇ ਦੀ ਮੰਗ ਕਰਦਿਆਂ ਹਾਲ ਹੀ ਵਿੱਚ ਹਾਈ ਕੋਰਟ ਵਿਚ ਪਹੁੰਚ ਕੀਤੀ ਹੈ। ਪੰਜਾਬ ਪੁਰਾਤੱਤਵ ਨੂੰ ਡਿਜੀਟਲ ਰੂਪ ਦਿੱਤੇ ਜਾਣ ਦੌਰਾਨ ਮਿਲੇ ਦਸਤਾਵੇਜ਼ਾਂ ਤੋਂ ਪਤਾ ਲੱਗਾ ਹੈ ਕਿ ਬਰਤਾਨੀਆ ਨੇ ਇਸ ਸਾਕੇ ਦੇ ਪੀੜਤ ਪਰਿਵਾਰਾਂ ਲਈ ‘ਖੁੱਲ੍ਹੇ ਦਿਲ ਨਾਲ ਮੁਆਵਜ਼ਾ’ ਐਲਾਨਿਆ ਸੀ। ਕਰਨਲ ਰੈਗੀਨਲਡ ਡਾਇਰ ਦੇ ਹੁਕਮਾਂ ਦੇ ਹੋਏ ਇਸ ਸਾਕੇ ਦੇ ਜ਼ਖ਼ਮੀਆਂ ਨੂੰ ਵੀ ਮੁਆਵਜ਼ਾ ਦਿੱਤਾ ਗਿਆ ਸੀ।
ਕੁੱਝ ਦਿਹਾੜੀਦਾਰਾਂ ਨੂੰ ਕੁੱਝ ਸੌ ਰੁਪਏ ਮੁਆਵਜ਼ਾ ਦਿੱਤਾ ਗਿਆ ਜਦੋਂ ਕਿ ਅੰਮ੍ਰਿਤਸਰ ਦੇ ਇਕ ਕਾਰੋਬਾਰੀ, ਜਿਸ ਦੀ ਸਾਲਾਨਾ ਆਮਦਨ 9 ਹਜ਼ਾਰ ਰੁਪਏ ਆਂਕੀ ਗਈ ਸੀ, ਦੇ ਪਰਿਵਾਰ ਲਈ 1.01 ਲੱਖ ਰੁਪਏ ਮੁਆਵਜ਼ਾ ਐਲਾਨਿਆ ਸੀ। ਬਰਤਾਨੀਆ ਨੇ ਮ੍ਰਿਤਕਾਂ ਦੇ ਪਰਿਵਾਰਾਂ ਲਈ 15,92,155 ਰੁਪਏ ਅਤੇ ਜ਼ਖ਼ਮੀਆਂ ਲਈ 3,50,762 ਰੁਪਏ ਨੂੰ ਮਨਜ਼ੂਰੀ ਦਿੱਤੀ ਸੀ। ਸਰਕਾਰੀ ਰਿਕਾਰਡ ਮੁਤਾਬਕ ਕੁੱਲ 376 ਮੌਤਾਂ ਹੋਈਆਂ ਸਨ ਅਤੇ ਕੇਵਲ 218 ਪਰਿਵਾਰਾਂ ਨੂੰ ਮੁਆਵਜ਼ਾ ਦਿੱਤਾ ਗਿਆ। ਭਾਵੇਂ ਖੁੱਲ੍ਹੇ ਦਿਲ ਨਾਲ ਮੁਆਵਜ਼ਾ ਐਲਾਨਿਆ ਗਿਆ ਸੀ ਪਰ ਫਰਵਰੀ 1921 ਤਕ ਅੰਮ੍ਰਿਤਸਰ ਸ਼ਹਿਰ ਦੇ 19 ਪਰਿਵਾਰਾਂ, ਤਰਨ ਤਾਰਨ ਤਹਿਸੀਲ ਦੇ 13 ਅਤੇ ਅਜਨਾਲਾ ਤਹਿਸੀਲ ਦੇ ਸੱਤ ਪਰਿਵਾਰਾਂ ਨੂੰ ਮਹਿਜ਼ 14150 ਰੁਪਏ ਮੁਆਵਜ਼ਾ ਦਿੱਤਾ ਗਿਆ। ਬਰਤਾਨੀਆ ਦੇ ਪ੍ਰਸ਼ਾਸਨ ਵਾਲੇ ਪੰਜਾਬ ਦੇ ਗ੍ਰਹਿ ਵਿਭਾਗ ਦੀਆਂ ਚਾਰ ਫਾਈਲਾਂ (1920 ਤੋਂ 1922) ਵਿੱਚ ਇਹ ਤੱਥ ਦਰਜ ਹਨ, ਜੋ ਚੰਡੀਗੜ੍ਹ ਸਥਿਤ ਪੰਜਾਬ ਡਿਜੀਟਲ ਲਾਇਬ੍ਰੇਰੀ (ਪੀਡੀਐਲ) ਦੇ ਸਟਾਫਰਾਂ ਨੇ ਸਰਕਾਰੀ ਦਸਤਾਵੇਜ਼ਾਂ ਨੂੰ ਡਿਜੀਟਲ ਰੂਪ ਦਿੱਤੇ ਜਾਣ ਦੌਰਾਨ ਲੱਭੇ ਸਨ।
ਪੀਡੀਐਲ ਦੇ ਐਗਜ਼ੀਕਿਊਟਵ ਡਾਇਰੈਕਟਰ ਦਵਿੰਦਰ ਸਿੰਘ ਨੇ ਕਿਹਾ, ‘ਕੀ ਅਸੀਂ ਸੋਚ ਸਕਦੇ ਹਾਂ ਕਿ ਬਰਤਾਨੀਆ ਸਾਮਰਾਜ ਜਲ੍ਹਿਆਂਵਾਲਾ ਬਾਗ ਪੀੜਤਾਂ ਨੂੰ ਮੁਆਵਜ਼ਾਂ ਵੀ ਦੇ ਸਕਦਾ ਹੈ? ਇਹ 300 ਸਫੇ ਅਣਗੌਲੇ ਤੱਥ ਬਾਰੇ ਦਸਤਾਵੇਜ਼ੀ ਸਬੂਤ ਪੇਸ਼ ਕਰਦੇ ਹਨ। ਪੰਜਾਬ ਪੁਰਾਤੱਤਵ ਵਿੱਚ ਇਸ ਤਰ੍ਹਾਂ ਦੇ ਲੱਖਾਂ ਸਫੇ ਹਨ, ਜਿਨ੍ਹਾਂ ਵਿਚ ਸਾਡੇ ਬੀਤੇ ਬਾਰੇ ਬਹੁਮੁੱਲੀ ਜਾਣਕਾਰੀ ਲੁਕੀ ਹੋਈ ਹੈ। ਭਾਵੇਂ ਮੁਆਵਜ਼ੇ ਦੇ ਹੁਕਮ ਦੇਣ ਪਿਛਲੇ ਕਾਰਨਾਂ ਬਾਰੇ ਇਹ ਫਾਈਲਾਂ ਚੁੱਪ ਹਨ ਪਰ ਇਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਪ੍ਰਸ਼ਾਸਕ 200 ਤੋਂ 600 ਰੁਪਏ ਵਿਚਕਾਰ ਮੁਆਵਜ਼ਾ ਦੇਣ ਤੋਂ ਸੰਤੁਸ਼ਟ ਸਨ।
9 ਫਰਵਰੀ, 1921 ਨੂੰ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਐਚ ਡੀ ਕਰਾਇਕ ਨੇ ਪੰਜਾਬ ਦੇ ਚੀਫ ਸੈਕਟਰੀ ਨੂੰ ਇਕ ‘ਗੁਪਤ’ ਪੱਤਰ ਭੇਜਿਆ, ‘ਜਲ੍ਹਿਆਂਵਾਲਾ ਬਾਗ ਵਿਚ ਮਾਰੇ ਗਏ ਵਿਅਕਤੀਆਂ ਦੇ ਆਸ਼ਰਿਤਾਂ ਨੂੰ 13050 ਰੁਪਏ ਵੰਡੇ ਜਾ ਚੁੱਕੇ ਹਨ। ਹੁਣ ਤਕ ਸਿਰਫ਼ ਦੋ ਜ਼ਖ਼ਮੀਆਂ ਨੂੰ ਮੁਆਵਜ਼ਾ (1100 ਰੁਪਏ) ਦਿੱਤਾ ਗਿਆ ਹੈ। ਅਪਾਹਜ ਹੋਏ ਵਿਅਕਤੀਆਂ ਨੂੰ ਵੰਡਣ ਲਈ ਹਾਲ ਹੀ ਪੰਜ ਹਜ਼ਾਰ ਰੁਪਏ ਜਾਰੀ ਹੋਏ ਹਨ।’ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਇਤਿਹਾਸ ਵਿਭਾਗ ਦੇ ਮੁਖੀ ਤੇ ਸੇਵਾਮੁਕਤ ਪ੍ਰੋਫੈਸਰ ਡਾ. ਹਰੀਸ਼ ਸ਼ਰਮਾ ਨੇ ਦੱਸਿਆ, ‘ਇਹ ਸੱਚ ਹੈ ਕਿ ਬਰਤਾਨੀਆ ਨੇ ਪੀੜਤ ਪਰਿਵਾਰਾਂ ਨੂੰ ਮੁਆਵਜ਼ਾ ਦਿੱਤਾ ਸੀ ਪਰ ਇਸ ਸਾਕੇ ਦੇ ਇਸ ਪੱਖ ਉਤੇ ਵਿਸਥਾਰ ਨਾਲ ਰੌਸ਼ਨੀ ਪਾਉਣ ਵਾਲਾ ਕੋਈ ਖੋਜ ਪੱਤਰ ਜਾਂ ਕਿਤਾਬ ਮੈਨੂੰ ਕਦੇ ਨਹੀਂ ਮਿਲੀ। ਆਜ਼ਾਦੀ ਸੰਗਰਾਮ ਦੇ ਇਤਿਹਾਸ ਦਾ ਇਹ ਤੱਥ ਕਦੇ ਹਿੱਸਾ ਨਹੀਂ ਬਣਿਆ।’