ਕੀ ਸ਼੍ਰੋਮਣੀ ਕਮੇਟੀ ਨੂੰ ਸਿੱਧੀ ਸਿਆਸਤ ਕਰਨੀ ਚਾਹੀਦੀ ਹੈ ?

ਕੀ ਸ਼੍ਰੋਮਣੀ ਕਮੇਟੀ ਨੂੰ ਸਿੱਧੀ ਸਿਆਸਤ ਕਰਨੀ ਚਾਹੀਦੀ ਹੈ ?

ਇਹ ਇੱਕ ਵਿਗਿਆਨਕ ਤੱਥ ਹੈ ਕਿ ਜਿਸ ਜਗ੍ਹਾ ਉਪਰ ਖਲਾਅ ਪੈਦਾ ਹੋ ਜਾਏ, ਉਸ ਨੂੰ ਭਰਨ ਵਾਸਤੇ ਹਲਕੇ ਤੋਂ ਹਲਕੇ ਕਣ ਪਹਿਲਾਂ ਖਿੱਚੇ ਜਾਂਦੇ ਹਨ। ਐਸਜੀਪੀਸੀ ਦੇ ਧਰਮ ਪ੍ਰਚਾਰ ਵਿਚੋਂ ਗ਼ੈਰਹਾਜ਼ਰ ਹੋਣ ਕਰਕੇ ਜੋ ਖਲਾਅ ਸਿੱਖ ਧਰਮ ਪ੍ਰਚਾਰ ਵਿਚ ਪੈਦਾ ਹੋਇਆ ਹੈ, ਉਸ ਨੂੰ ਡੇਰਾਵਾਦ ਨੇ ਕਾਬੂ ਕਰ ਲਿਆ ਹੈ। ਇਸ ਨਾਲ ਜਿੱਥੇ ਸਿੱਖ ਧਰਮ ਦੇ ਮੁੱਢਲੇ ਅਸੂਲਾਂ ਨੂੰ ਧੱਕਾ ਲੱਗਾ ਹੈ, ਉਥੇ ਸਮਾਜ ਵਿਚ ਬਦਅਮਨੀ ਦਾ ਮਾਹੌਲ ਵੀ ਪੈਦਾ ਹੋ ਰਿਹਾ ਹੈ।

ਭਾਈ ਅਸ਼ੋਕ ਸਿੰਘ ਬਾਗੜੀਆਂ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਖੁੱਲ੍ਹਮ-ਖੁੱਲ੍ਹਾ ਸਿਆਸੀ ਅਖਾੜੇ ਵਿਚ ਆਉਣਾ ਪੰਥ ਪ੍ਰਵਾਨਤ ਮੀਰੀ-ਪੀਰੀ ਦੇ ਉਚੇ ਅਸੂਲ ਨੂੰ ਸਵਾਲੀਆ ਕਟਹਿਰੇ ਵਿਚ ਖੜ੍ਹਾ ਕਰ ਸਕਦਾ ਹੈ। ਇਸ ਵਿਚ ਕੋਈ ਦੋ ਰਾਵਾਂ ਨਹੀਂ ਕਿ ਸਿੱਖ ਵਿਚਾਰਧਾਰਾ ਵਿਚ ਮੀਰੀ-ਪੀਰੀ ਦਾ ਸਿਧਾਂਤ ਗੁਰੂ ਮਹਾਰਾਜ ਦੀ ਆਪਣੀ ਬਖਸ਼ਿਸ਼ ਹੈ, ਜੋ ਗੁਰਬਾਣੀ ਦੀ ਸੇਧ ਵਿਚ ਹੀ ਉਤਪੰਨ ਹੁੰਦਾ ਹੈ, ‘ਤਖ਼ਤ ਬਸੈ ਤਖਤੇ ਕੇ ਲਾਇਕ।’ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਤਾਂ ਖ਼ੁਦ ਪੰਚਮ ਪਾਤਸ਼ਾਹ ਨੇ ਤਿਆਰ ਕਰਵਾਈਆਂ ਸਨ। ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਇਕੋ ਜਗ੍ਹਾ ਆਹਮੋ-ਸਾਹਮਣੇ ਹੋਣਾ ਮੀਰੀ ਪੀਰੀ ਦੇ ਸਿਧਾਂਤ ਦਾ ਅਮਲੀ ਰੂਪ ਹੈ। ਪ੍ਰੰਤੂ ਇਨ੍ਹਾਂ ਦੋਵਾਂ ਅਸਥਾਨਾਂ ‘ਤੇ ਧਰਮ ਅਤੇ ਸਿਆਸਤ ਦੀਆਂ ਮਰਿਆਦਾਵਾਂ ਵੱਖ-ਵੱਖ ਹਨ। ਰਾਜੇ ਨੂੰ ਤਖ਼ਤ ਦੇ ਲਾਇਕ ਧਰਮ, ਗੁਰਬਾਣੀ ਰਾਹੀਂ ਬਣਾਉਂਦਾ ਹੈ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੂੰ ਜ਼ੁਲਮ ਦੇ ਖ਼ਿਲਾਫ਼ ਖੜ੍ਹਨ ਦੇ ਲਾਇਕ ਬਣਾਉਣ ਲਈ ਸੌ ਸਾਲ ਦਾ ਸਮਾਂ ਗੁਰਬਾਣੀ ਰਾਹੀਂ ਲੱਗਾ।
ਸ੍ਰੀ ਹਰਿਮੰਦਰ ਸਾਹਿਬ ਯਾਨੀ ਧਰਮ ਦੀ ਮਰਿਯਾਦਾ ਅਤੇ ਸ੍ਰੀ ਅਕਾਲ ਤਖ਼ਤ ਯਾਨੀ ਜਥੇਬੰਦੀ ਦੀ ਮਰਿਯਾਦਾ, ਦੋਵੇਂ ਵੱਖ-ਵੱਖ ਹਨ। ਹਰਿਮੰਦਰ ਸਾਹਿਬ ਜੋ ਸਿੱਖ ਧਰਮ ਦਾ ਮਰਕਜ਼ ਹੈ, ਉਥੇ ਕਿਸੇ ਵੀ ਹੋਰ ਧਰਮ ਦੇ ਸ਼ਰਧਾਲੂਆਂ ਦੇ ਆਉਣ ‘ਤੇ ਕਿਸੇ ਕਿਸਮ ਦੀ ਰੁਕਾਵਟ ਨਹੀਂ। ਹਰ ਕੋਈ ਸ਼ਰਧਾਲੂ ਕੜਾਹ-ਪ੍ਰਸ਼ਾਦ ਭੇਟ ਕਰ ਸਕਦਾ ਹੈ। ਪ੍ਰੰਤੂ ਸ੍ਰੀ ਅਕਾਲ ਤਖ਼ਤ ਸਾਹਿਬ (ਜਥੇਬੰਦੀ) ‘ਤੇ ਅਜਿਹਾ ਨਹੀਂ ਹੁੰਦਾ। ਮਰਿਯਾਦਾ ਅਨੁਸਾਰ ਉਥੇ ਗ਼ੈਰ-ਸਿੱਖ ਜਾਂ ਪਤਿਤ ਸਿੱਖ ਦਾ ਕੜਾਹ ਪ੍ਰਸ਼ਾਦ ਸਵੀਕਾਰ ਨਹੀਂ ਹੁੰਦਾ (ਸੀ) ਮੈਨੂੰ ਯਾਦ ਹੈ ਕਿ ਮੈਨੂੰ ਕਈ ਦਫ਼ਾ ਆਪਣੇ ਪਿਤਾ ਜੀ ਨਾਲ ਅਕਾਲ ਤਖ਼ਤ ਸਾਹਿਬ ਜਾਣ ਦਾ ਮੌਕਾ ਮਿਲਿਆ। ਉਦੋਂ ਅਕਾਲ ਤਖ਼ਤ ਸਾਹਿਬ ‘ਤੇ ਪ੍ਰਸ਼ਾਦ ਭੇਟ ਕਰਨ ਵਾਲੇ ਨੂੰ ਪੁੱਛਿਆ ਜਾਂਦਾ ਸੀ ਕੀ ਰਹਿਤ ਹੈ?
ਸ਼੍ਰੋਮਣੀ ਕਮੇਟੀ ਦੇ ਖੁੱਲ੍ਹਮ-ਖੁੱਲ੍ਹਾ ਸਿਆਸੀ ਮੈਦਾਨ ਵਿਚ ਆਉਣ ਨਾਲ ਗੁਰਦੁਆਰਿਆਂ ਵਿਚ ਪੁਲੀਸ ਦੀ ਦਖਲਅੰਦਾਜ਼ੀ ਦਾ ਰਾਹ ਵੀ ਖੁੱਲ੍ਹ ਗਿਆ ਹੈ। ਗੁਰਦੁਆਰਿਆਂ ਦੀ ਗੋਲਕ ਦੀ ਵਰਤੋਂ ਸਿਰਫ਼ ਪੰਜ ਕਾਰਜਾਂ ਲਈ ਵਰਤੀ ਜਾਣੀ ਚਾਹੀਦੀ ਹੈ, ਭਾਵ ਧਰਮ ਪ੍ਰਚਾਰ, ਵਿੱਦਿਆ, ਸ਼ਫਾ (ਦਵਾਖਾਨਾ), ਭੋਜਨ ਅਤੇ ਯਾਤਰੂਆਂ ਲਈ ਆਰਾਮਗਾਹ। ਇਹ ਪੰਜੋ ਬਹੁਤ ਅਹਿਮ ਅਤੇ ਮੁੱਢਲੀਆਂ ਜ਼ਰੂਰਤਾਂ ਹਨ, ਜੋ ਅੱਜ ਦੀ ਸ਼੍ਰੋਮਣੀ ਕਮੇਟੀ  ਦੇ ਏਜੰਡੇ ਤੋਂ ਗਾਇਬ ਹਨ। ਇਸ ਦੀ ਬਜਾਏ ਗੁਰਦੁਆਰਿਆਂ ਦੀ ਗੋਲਕ ਦੀ ਵਰਤੋਂ ਸਿਆਸੀ ਮੁਫ਼ਾਦਾਂ ਜਾਂ ਕਮੇਟੀ ਜਾਂ ਗੁਰਦੁਆਰਿਆਂ ‘ਤੇ ਪੱਥਰ ਲਾਉਣ ਲਈ ਜ਼ਿਆਦਾ ਹੋ ਰਹੀ ਹੈ।
ਗੁਰਦੁਆਰਾ ਸੰਕਲਪ ਦਾ ਮੁੱਖ ਆਦਰਸ਼ ਸਿੱਖ ਸਮਾਜ ਨੂੰ ਗੁਰੂ ਗ੍ਰੰਥ ਸਾਹਿਬ ਦੇ ਤਾਬਿਆਂ ਇਕੱਤਰ ਕਰਨ ਦਾ ਹੈ ਨਾ ਕਿ ਵੰਡਣ ਦਾ। ਗੁਰਦੁਆਰਾ ਸਿਰ ਜੋੜਨ ਵਾਸਤੇ ਹੈ, ਤੋੜਨ ਵਾਸਤੇ ਨਹੀਂ। ਸ਼੍ਰੋਮਣੀ ਕਮੇਟੀ ਦੇ ਸਿਆਸਤ ਵੱਲ ਨੂੰ ਪੁੱਟੇ ਕਦਮ ਨਾਲ ਕੀ ਗ਼ੈਰ-ਅਕਾਲੀ ਸਿੱਖ ਬੇਫ਼ਿਕਰ ਹੋ ਕੇ ਗੁਰਦੁਆਰੇ ਜਾ ਸਕਣਗੇ? ਪਿੱਛੇ ਜਿਹੇ ਛਪੀ ਇੱਕ ਖ਼ਬਰ ਵਿਚ ਮੋਗਾ ਇਲਾਕੇ ਦੇ ਇੱਕ ਗੁਰਦੁਆਰੇ ਦੇ ਕੰਟਰੋਲ ਵਾਸਤੇ ਅਕਾਲੀ-ਕਾਂਗਰਸੀ ਖਿੱਚੋਤਾਣ ਹੋਣ ਦੀ ਖ਼ਬਰ ਛਪੀ ਸੀ। ਮੇਰਾ ਇਹ ਕਹਿਣਾ ਹੈ ਕਿ ਜਿਸ ਸਮੇਂ ਕੋਈ ਵਿਅਕਤੀ ਗੁਰਦੁਆਰੇ ਜਾਂਦਾ ਹੈ, ਅਤੇ ਮੱਥਾ ਟੇਕਦਾ ਹੈ, ਉਸ ਉਤੇ ਸਿਆਸੀ ਜਾਂ ਸਮਾਜਿਕ ਲੇਬਲ ਨਹੀਂ ਹੋਣਾ ਚਾਹੀਦਾ। ਉਹ ਸਿਰਫ਼ ਗੁਰੂ ਦੀ ਸ਼ਰਨ ਵਿਚ ਜਾ ਕੇ ਮਨ ਦੀ ਸ਼ਾਂਤੀ ਲਈ ਗੁਰਦੁਆਰੇ ਨਤਮਸਤਕ ਹੁੰਦਾ ਹੈ। ਸ਼੍ਰੋਮਣੀ ਕਮੇਟੀ ਦਾ ਕਦਮ ਕੀ ਬਹੁ-ਗਿਣਤੀ ਸ਼ਰਧਾਲੂਆਂ ਦੇ ਮਨ ਵਿਚ ਕਿਸੇ ਕਿਸਮ ਦਾ ਅੰਦੇਸ਼ਾ ਜਾਂ ਖ਼ੌਫ਼ ਤਾਂ ਨਹੀਂ ਪੈਦਾ ਕਰੇਗਾ? ਉਂਜ ਵੀ ਅਜਿਹਾ ਕਿਹੜਾ ਨਵਾਂ ਗੰਭੀਰ ਪੰਥਕ ਮਸਲਾ ਪੈਦਾ ਹੋਇਆ, ਜਿਸ ਕਾਰਨ ਸ਼੍ਰੋਮਣੀ ਕਮੇਟੀ ਨੂੰ ਸਿਆਸੀ ਅਖਾੜੇ ਵਿਚ ਉਤਰਨਾ ਪੈ ਰਿਹਾ ਹੈ? ਕਿਤੇ ਅਜਿਹਾ ਨਹੀਂ ਕਿ ਅਕਾਲੀ ਦਲ (ਜੋ ਹੁਣ ਨਿਰੋਲ ਸਿੱਖ ਸਿਆਸੀ ਪਾਰਟੀ ਨਹੀਂ ਰਹੀ) ਸਿਆਸੀ ਮੈਦਾਨ ਵਿਚ ਪਛੜਨ ਕਾਰਨ ਹੁਣ ਧਰਮ ਦੀ ਆੜ ਲੈ ਕੇ ਅਤੇ ਧਰਮ ਨੂੰ ਅੱਗੇ ਕਰਕੇ ਆਪਣਾ ਗੁਆਚਿਆ ਵੱਕਾਰ ਮੁੜ ਤਾਂ ਨਹੀਂ ਲੱਭ ਰਿਹਾ?
ਪਿਛਲੇ ਕੁਝ ਸਮੇਂ ਤੋਂ ਬਹੁਤ ਖੁੱਲ੍ਹੇ ਤੌਰ ‘ਤੇ ਜੋ ਧਰਮ ਨੂੰ ਸਿਆਸਤ ਵਾਸਤੇ ਵਰਤਿਆ ਜਾ ਰਿਹਾ ਹੈ ਉਸ ਨਾਲ ਪੰਥਕ ਮਰਿਆਦਾ ਅਤੇ ਸਿੱਖ ਕਦਰਾਂ-ਕੀਮਤਾਂ ‘ਤੇ ਕਾਫ਼ੀ ਨਾਂਹ-ਪੱਖੀ ਅਸਰ ਪਿਆ ਹੈ। ਇੱਥੇ ਇਹ ਵੀ ਕਹਿ ਸਕਦੇ ਹਾਂ ਕਿ ਗੁਰਦੁਆਰਿਆਂ ਦੇ ਅੰਦਰ ਰਗੜਾ-ਝਗੜਾ ਦੇਖ ਕੇ ਸਾਡੀ ਆਉਣ ਵਾਲੀ ਪੀੜ੍ਹੀ ਗੁਰਦੁਆਰੇ ਜਾਣੋ ਕਤਰਾ ਰਹੀ ਹੈ ਅਤੇ ਸਿੱਖੀ ਤੋਂ ਦੂਰ ਹੋ ਰਹੀ ਹੈ। ਇਸ ਪੁਸ਼ਤ ਨੂੰ ਸਿੱਖੀ ਤੋਂ ਦੂਰ ਕਰਨ ਲਈ ਭਵਿੱਖ ਵਿਚ ਸਾਡੀ ਪੁਸ਼ਤ ਨੂੰ ਹੀ ਜ਼ਿੰਮੇਵਾਰ ਠਹਿਰਾਇਆ ਜਾਵੇਗਾ। ਸਿੱਖ ਸਮਾਜਿਕ ਸਟੇਜ ‘ਤੇ ਨਰਮਖਿਆਲੀ ਵਿਚਾਰਧਾਰਾ ਨੂੰ ਹੌਲੀ-ਹੌਲੀ ਸਿੱਖੀ ਤੋਂ ਦੂਰ ਕੀਤਾ ਜਾਣਾ ਘਾਤਕ ਸਾਬਤ ਹੋ ਰਿਹਾ ਹੈ। ਜਦੋਂ ਮੌਡਰੇਟ ਜਾਂ ਨਰਮਖਿਆਲੀ ਵਿਚਾਰਧਾਰਾ ਦੀ ਆਵਾਜ਼ ਹੀ ਨਹੀਂ ਸੁਣੀ ਜਾਂਦੀ ਤਾਂ ਕੱਟੜਪੰਥੀ ਅਨਸਰਾਂ ਨੂੰ ਅੱਗੇ ਆ ਜਾਣ ਦਾ ਮੌਕਾ ਮਿਲ ਜਾਂਦਾ ਹੈ। ਇਸ ਦਾ ਨਤੀਜਾ, ਸਾਕਾ ਨੀਲਾ ਤਾਰਾ ਦੇ ਰੂਪ ਵਿਚ ਅਸੀਂ ਪੁਰੀ ਤਰ੍ਹਾਂ ਭੁਗਤ ਚੁੱਕੇ ਹਾਂ।
ਧਰਮ ਤੇ ਤਾਲੀਮ ਸ਼੍ਰੋਮਣੀ ਕਮੇਟੀ ਦੇ ਦੋ ਅਹਿਮ ਕਾਰਜ ਖੇਤਰ ਸਨ। 1947 ਤੋਂ ਬਾਅਦ ਸਮਾਜਿਕ ਉਥਲ-ਪੁਥਲ ਹੋਈ, ਜਿਸ ਨਾਲ ਸਿੱਖ ਵਸੋਂ ਖਿੰਡਰ ਕੇ ਸੌ ਤੋਂ ਵੱਧ ਮੁਲਕਾਂ ਵਿਚ ਕਿਸੇ ਨਾ ਕਿਸੇ ਕਾਰਨ ਜਾ ਵਸੀ ਹੈ। 1947 ਤਕ ਸ਼੍ਰੋਮਣੀ ਕਮੇਟੀ ਸਾਰੇ ਸਿੱਖਾਂ ਦੀ ਨੁਮਾਇੰਦਗੀ ਕਰਦੀ ਸੀ। ਪਰ ਅੱਜ ਸਮਾਂ ਬਦਲ ਚੁੱਕਾ ਹੈ। ਐੱਸਜੀਪੀਸੀ ਦਾ ਸਰੂਪ ਹੁਣ ਅੰਤਰ-ਰਾਸ਼ਟਰੀ ਹੋਣਾ ਚਾਹੀਦਾ ਹੈ। ਜੇਕਰ ਇਸ ਨੇ ਆਪਣਾ ਇਹ ਰੋਲ ਗੁਰੂ ਨੂੰ ਸਮਰਪਿਤ ਹੋ ਕੇ ਸੰਜੀਦਗੀ ਨਾਲ ਨਿਭਾਉਣਾ ਹੈ (ਜੋ ਚਾਹੀਦਾ ਹੈ) ਤਾਂ ਇਸ ਸੰਸਥਾ ਅਤੇ ਇਸ ਦੇ ਮੈਂਬਰਾਂ ਦੇ ਵਿਚਾਰ ਅਤੇ ਸੋਚ ਦਾ ਦਾਇਰਾ ਵੀ ਵਿਸ਼ਾਲ ਹੋਣਾ ਜ਼ਰੂਰੀ ਹੈ। ਐਸਜੀਪੀਸੀ ਕਿਸੇ ਸਿੱਖ ਨੂੰ ਇਹ ਨਹੀਂ ਕਹਿ ਸਕਦੀ ਕਿ ਉਹ ਕਿਸ ਸਿਆਸੀ ਖਿਆਲ ਨਾਲ ਚੱਲੇ ਜਾਂ ਕਿਸੇ ਨੂੰ ਵੋਟ ਪਾਏ। ਵੋਟ ਦਾ ਫ਼ੈਸਲਾ ਹਰ ਸਿੱਖ ਦੇ ਆਪੋ-ਆਪਣੇ ਅਕੀਦੇ ਵਿਚ ਰਹਿ ਕੇ ਹਾਲਾਤਾਂ ਤੇ ਪਸੰਦ ਮੁਤਾਬਕ ਕਰਨਾ ਹੈ। ਦਰਅਸਲ, ਐਸਜੀਪੀਸੀ ਤਾਂ ਹਰ ਸਿੱਖ ਨੂੰ ਇਹ ਦ੍ਰਿੜ੍ਹ ਕਰਵਾਏ ਕਿ ਜੀਵਨ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਕਰਕੇ ਜਿਊਣਾ ਹੀ ਸਿੱਖ ਦਾ ਧਰਮ ਹੈ।
ਬੱਚੇ ਦੀ ਮੁੱਢਲੀ ਤਾਲੀਮ ‘ਤੇ ਜ਼ੋਰ ਦੇਣਾ ਸਮੇਂ ਦੀ ਪਹਿਲੀ ਮੰਗ ਹੈ। ਲਿਹਾਜ਼ਾ ਸ਼੍ਰੋਮਣੀ ਕਮੇਟੀ ਨੂੰ ਵੱਡੇ-ਵੱਡੇ ਕਾਲਜ ਜਾਂ ਯੂਨੀਵਰਸਿਟੀਆਂ ਖੋਲ੍ਹਣ ਦੀ ਲੋੜ ਨਹੀਂ ਹੈ। ਜੋ ਸਿੱਖਿਆ ਬੱਚੇ ਨੂੰ ਸਕੂਲ ਵਿਚ ਦਿੱਤੀ ਜਾਂਦੀ ਹੈ, ਉਹ ਸਦਾ ਲਈ ਉਸ ਦੇ ਮਨ-ਮਸਤਕ ਉਥੇ ਛਪ ਜਾਂਦੀ ਹੈ। ਕਾਲਜਾਂ ਤੇ ਯੂਨੀਵਰਸਿਟੀਆਂ ਵਿਚ ਵਿੱਦਿਆ ਦਾ  ਦਾਇਰਾ ਬਹੁਤ ਵਿਸ਼ਾਲ ਹੋ ਜਾਂਦਾ ਹੈ।
ਪੰਜਾਬ ਵਿਚ ਇਸ ਵਕਤ ਦੋ ਮਸਲੇ ਸਿੱਖੀ ਨੂੰ ਦਰਪੇਸ਼ ਹਨ। ਇਨ੍ਹਾਂ ਵਿਚੋਂ ਪਹਿਲਾ ਹੈ ਧਰਮ ਪ੍ਰਚਾਰ ਦਾ ਨਾ ਹੋਣਾ, ਜਿਸ ਕਰਕੇ ਸਿੱਖ ਧਰਮ ਵਿਚ ਪ੍ਰਚਾਰ  ਪੱਖੋਂ ਇੱਕ ਖਲਾਅ ਪੈਦਾ ਹੋ ਗਿਆ ਹੈ। ਇਸ ਖਲਾਅ ਨੂੰ ਭਰਨ ਲਈ ਸਾਧਾਂ-ਸੰਤਾਂ ਦੇ ਡੇਰੇ ਖੁੰਬਾਂ ਵਾਂਗ ਪੁੰਗਰ ਪਏ ਹਨ। ਇਹ ਇੱਕ ਵਿਗਿਆਨਕ ਤੱਥ ਹੈ ਕਿ ਜਿਸ ਜਗ੍ਹਾ ਉਪਰ ਖਲਾਅ ਪੈਦਾ ਹੋ ਜਾਏ, ਉਸ ਨੂੰ ਭਰਨ ਵਾਸਤੇ ਹਲਕੇ ਤੋਂ ਹਲਕੇ ਕਣ ਪਹਿਲਾਂ ਖਿੱਚੇ ਜਾਂਦੇ ਹਨ। ਐਸਜੀਪੀਸੀ ਦੇ ਧਰਮ ਪ੍ਰਚਾਰ ਵਿਚੋਂ ਗ਼ੈਰਹਾਜ਼ਰ ਹੋਣ ਕਰਕੇ ਜੋ ਖਲਾਅ ਸਿੱਖ ਧਰਮ ਪ੍ਰਚਾਰ ਵਿਚ ਪੈਦਾ ਹੋਇਆ ਹੈ, ਉਸ ਨੂੰ ਡੇਰਾਵਾਦ ਨੇ ਕਾਬੂ ਕਰ ਲਿਆ ਹੈ। ਇਸ ਨਾਲ ਜਿੱਥੇ ਸਿੱਖ ਧਰਮ ਦੇ ਮੁੱਢਲੇ ਅਸੂਲਾਂ ਨੂੰ ਧੱਕਾ ਲੱਗਾ ਹੈ, ਉਥੇ ਸਮਾਜ ਵਿਚ ਬਦਅਮਨੀ ਦਾ ਮਾਹੌਲ ਵੀ ਪੈਦਾ ਹੋ ਰਿਹਾ ਹੈ। ਧਰਮ ਨੂੰ ਅੱਗੇ ਕਰਨ ਨਾਲ ਅਤੇ ਸਿਆਸਤ ਦਾ ਕਵਚ ਬਣਾਉਣ ਨਾਲ ਅਸੀਂ ਖ਼ੁਦ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਰਾਹ ਖੋਲ੍ਹਣ ਵਿਚ ਭਾਈਵਾਲ ਹਾਂ ਕਿਉਂਕਿ ਵਾਰ ਤਾਂ ਆਖਰ ਕਵਚ ‘ਤੇ ਹੀ ਹੁੰਦੇ ਹਨ।
ਦੂਸਰਾ, ਇਤਿਹਾਸ ਤੋਂ ਸਬਕ ਲੈਣਾ ਸਿਰਫ਼ ਦਾਨਿਸ਼ਮੰਦੀ ਹੀ ਨਹੀਂ ਬਲਕਿ ਲਾਜ਼ਮੀ ਹੈ ਕਿ ਪੁਰਾਣੀਆਂ ਗ਼ਲਤੀਆਂ ਨੂੰ ਸੋਧਣ ਦਾ ਅਤੇ ਉੁਨ੍ਹਾਂ ਤੋਂ ਬਚਣ ਦਾ ਰਾਹ ਸੋਚਿਆ ਜਾ ਸਕੇ। ਜਿਹੜੇ ਲੋਕ, ਜਿਹੜੀਆਂ ਕੌਮਾਂ ਇਤਿਹਾਸ ਤੋਂ ਸਬਕ ਨਹੀਂ ਲੈਂਦੀਆਂ, ਉਹ ਇਤਿਹਾਸਕ ਗ਼ਲਤੀਆਂ ਦੁਹਰਾਉਂਦੀਆਂ ਹਨ। ਅਜਿਹਾ ਹੀ ਅੱਜਕੱਲ੍ਹ ਹੋ ਰਿਹਾ ਹੈ। ਜਦੋਂ ਸਿੱਖ ਲੀਡਰ ਆਪਸੀ ਗੁਟਬੰਦੀ ਦੇ ਕਾਰਨ ਇੱਕ ਦੂਸਰੇ ‘ਤੇ ਦੂਸ਼ਣਬਾਜ਼ੀ ਕਰਨ ਵਿਚ ਹੀ ਸਾਰਾ ਸਮਾਂ ਬਰਬਾਦ ਕਰ ਰਹੀ ਹੈ। ਇਸ ਫੁੱਟ ਨੂੰ ਭਾਰਤ ਦੇ ਸਿਆਸਤਦਾਨਾਂ ਨੇ ਬੜੀ ਚਤੁਰਾਈ ਨਾਲ ਵਰਤਿਆ ਅਤੇ ਸਿੱਖਾਂ ਦੇ ਵਿਰੁੱਧ ਹੀ ਵਰਤਿਆ ਅਤੇ ਸਿੱਖਾਂ ਨੂੰ ਬਲੂਸਟਾਰ ਵਰਗਾ ਜ਼ਖ਼ਮ ਦਿੱਤਾ। ਪਰ ਅਜੇ ਵੀ ਸਿੱਖ ਸਿਆਸਤਦਾਨਾਂ ਨੇ ਪੰਜਾਬ ਦੀ ਹਾਲਤ ਸੁਧਾਰਨ ਦੀ ਬਜਾਏ ਵਿਗਾੜਨ ਵੱਲ ਜ਼ਿਆਦਾ ਧਿਆਨ ਦਿੱਤਾ ਹੈ, ਜਿਸ ਕਾਰਨ ਸਿਆਸੀ ਪਲੈਟਫਾਰਮ ‘ਤੇ ਜਿੱਥੇ ਕੇ੬ਦਰ ਵਿਚ ਸਿੱਖ ਲੀਡਰਸ਼ਿਪ ਦਾ ਚੁੱਪ ਰਹਿਣਾ ਜਾਂ ਆਪਣੀ ਚੌਧਰ ਬਣਾਉਣ ਦੇ ਉਦੇਸ਼ ਨਾਲ ਪੰਜਾਬ ਤੇ ਪੰਥ ਦੇ ਹਿੱਤਾਂ ਨੂੰ ਕੁਰਬਾਨ ਕਰਨਾ ਜਾਇਜ਼ ਨਹੀਂ। ਸਿੱਖ ਸਿਆਸਤਦਾਨਾਂ ਨੇ ਪੰਜਾਬ ਅਤੇ ਸਿੱਖਾਂ ਦੀ ਵਿਗੜਦੀ ਹਾਲਤ ਦੇਖ ਕੇ ਇਕੱਠੇ ਹੋਣ ਦਾ ਕੋਈ ਸੰਕੇਤ ਨਹੀਂ ਦਿੱਤਾ। ਇਹ ਗੱਲ ਉਸ ਵਕਤ ਉਘੜ ਕੇ ਸਾਹਮਣੇ ਆਈ ਜਦੋਂ ਦਿੱਲੀ ਸਰਕਾਰ ਨੇ ਸਿੱਖ ਲੀਡਰਸ਼ਿਪ ਨੂੰ ਐਮਰਜੈਂਸੀ ਦੇ ਖ਼ਿਲਾਫ਼ ਐਜੀਟੇਸ਼ਨ ਨਾ ਕਰਨ ਲਈ ਕਿਹਾ ਅਤੇ ਗੱਲਬਾਤ ਦਾ ਸੁਝਾਅ ਰੱਖਿਆ। ਇਸ ‘ਤੇ ਅਕਾਲੀਆਂ ਦੀ ਅੰਦਰੂਨੀ ਖਹਿਬਾਜ਼ੀ ਕਾਰਨ ਉਸ ਪ੍ਰਸਤਾਵ ‘ਤੇ ਵਿਚਾਰ ਤਕ ਨਹੀਂ ਕੀਤਾ ਗਿਆ। ਇਸ ਦਾ ਸਭ ਤੋਂ ਵੱਡਾ ਸਬੂਤ ਹੈ ਕਿ ਐਮਰਜੈਂਸੀ ਲਾਗੂ ਕਰਨ ਵੇਲੇ ਜੋ ਸਭ ਤੋਂ ਪਹਿਲੀਆਂ ਗ੍ਰਿਫ਼ਤਾਰੀਆਂ ਹੋਈਆਂ, ਉਨ੍ਹਾਂ ਵਿਚ ਕੋਈ ਸਿੱਖ ਲੀਡਰ ਦਾ ਗ੍ਰਿਫ਼ਤਾਰ ਹੋਣਾ ਸ਼ਾਮਲ ਨਹੀਂ ਸੀ।
ਸਾਨੂੰ ਦਿੱਲੀ ਦੇ ਬਦਲੇ ਹੋਏ ਸਿਆਸੀ ਮਾਹੌਲ ਨੂੰ ਠੀਕ ਤਰ੍ਹਾਂ ਸਮਝਣਾ, ਘੋਖਣਾ ਅਤੇ ਵਿਚਾਰਨਾ ਚਾਹੀਦਾ ਹੈ। ਨਵੇਂ ਮਾਹੌਲ ਵਿਚ ਘੱਟ ਗਿਣਤੀਆਂ ਦੇ ਖ਼ਿਲਾਫ਼ ਜੋ ਗਰਮ ਹਵਾ ਚੱਲ ਪਈ ਹੈ, ਉਸ ਤੋਂ ਬਚਾਅ ਕਰਨਾ ਸਾਡੇ ਵਾਸਤੇ ਬਹੁਤ ਜ਼ਰੂਰੀ ਹੋ ਗਿਆ ਹੈ। ਪ੍ਰੰਤੂ ਸਾਡੀ ਸੋਚਣੀ ਵਿਚ ਅਜੇ ਵੀ ਬਹੁਤ ਵੱਡੀ ਘਾਟ ਹੈ। ਸਾਨੂੰ ਆਪਣੀ ਬਹੁਤ ਛੋਟੀ ਗਿਣਤੀ ਜੋ ਕੁੱਲ ਕੌਮੀ ਵਸੋਂ ਵਿਚ ਆਟੇ ਵਿਚ ਲੂਣ ਬਰਾਬਰ ਵੀ ਨਹੀਂ, ਜਿਸ ਦਾ ਅਹਿਸਾਸ ਨਹੀਂ ਹੋਇਆ। ਭਾਵੇਂ ਕਿ ਸਾਨੂੰ ਘੱਟ ਗਿਣਤੀ ਹੋਣ ਦਾ ਖਮਿਆਜ਼ਾ ਵਾਰ-ਵਾਰ  ਭੁਗਤਣਾ ਪਿਆ। ਸਾਨੂੰ ਆਪਣੇ ਸਭਿਆਚਾਰ, ਜ਼ੁਬਾਨ, ਤਾਲੀਮ, ਸੰਸਥਾਵਾਂ ਅਤੇ ਪਰੰਪਰਾਵਾਂ ਨੂੰ ਬਚਾਉਣਾ ਪਵੇਗਾ ਅਤੇ ਇਸ ਮਾਹੌਲ ਵਿਚ ਸਾਨੂੰ ਸਿੱਖ ਧਰਮ ਦਾ ਇੱਕ ਅਲੱਗ ਅਤੇ ਆਜ਼ਾਦ ਧਰਮ ਵਾਲਾ ਸਰੂਪ ਕਾਇਮ ਰੱਖਣ ਲਈ ਸੰਘਰਸ਼ ਕਰਨਾ ਪਵੇਗਾ। ਕੋਈ ਵੀ ਅਕਲੀਅਤ, ਜੋ ਖ਼ਾਸ ਕਰਕੇ ਆਪਣੇ ਧਰਮ ‘ਤੇ ਆਧਾਰਤ ਹੋਵੇ, ਉਹ ਆਪਣੇ ਖਿੱਤੇ ਵਿਚ ਸਿਆਸਤ ਨਹੀਂ ਕਰ ਸਕਦੀ। ਵੱਖ-ਵੱਖ ਸਿਆਸੀ ਪਾਰਟੀਆਂ ਵਿਚ ਰਹਿੰਦੇ ਹੋਏ ਵੀ ਸਿੱਖਾਂ ਨੂੰ ਸਿੱਖੀ ਦੇ ਆਧਾਰ ‘ਤੇ ਜੇਕਰ ਕੋਈ ਜਗ੍ਹਾ ਇਕੱਠੀ ਕਰ ਸਕਦੀ ਹੈ ਤਾਂ ਉਹ ਹਨ ਗੁਰਦੁਆਰੇ। ਇਸ ਲਈ ਇਹ ਬਹੁਤ ਲਾਜ਼ਮੀ ਹੋ ਗਿਆ ਹੈ ਕਿ ਸਾਨੂੰ ਹਰ ਹਾਲਤ ਵਿਚ ਆਪਣੇ ਗੁਰਦੁਆਰਿਆਂ ਨੂੰ ਸਿਆਸਤ ਤੋਂ ਬਚਾਉਣਾ ਪਵੇਗਾ।