ਸਿੱਖ ਭਾਵਨਾਵਾਂ ਭੜਕਾਉਣ ਵਾਲਿਆਂ ਨੂੰ ਖੁੱਲ੍ਹੀ ਛੋਟ

ਸਿੱਖ ਭਾਵਨਾਵਾਂ ਭੜਕਾਉਣ ਵਾਲਿਆਂ ਨੂੰ ਖੁੱਲ੍ਹੀ ਛੋਟ

ਵਿਰੋਧ ਕਰਨ ਵਾਲਿਆਂ ਦੀ ਫੜੋ-ਫੜਾਈ
ਅੰਮ੍ਰਿਤਸਰ/ਨਰਿੰਦਰ ਪਾਲ ਸਿੰਘ:
ਕੋਈ ਤਿੰਨ ਕੁ ਦਹਾਕੇ ਪਹਿਲਾਂ ਬਾਲੀਵੁੱਡ ਦੀ ਇਕ ਲਵ ਸਟੋਰੀ ਫਿਲਮ ਹਿੱਟ ਹੋਈ ਸੀ ਲੈਲਾ ਮਜਨੂੰ, ਜਿਸਦੇ ਇਕ ਗੀਤ ਦੀਆਂ ਸਤਰਾਂ ‘ਹੁਸਨ ਹਾਜ਼ਰ ਹੈ ਮੁਹੱਬਤ ਕੀ ਸਜ਼ਾ ਪਾਨੇ ਕੋ, ਕੋਈ ਪੱਥਰ ਸੇ ਨਾ ਮਾਰੇ ਮੇਰੇ ਦੀਵਾਨੇ ਕੋ’ ਲੋਕਾਂ ਦੀ ਜ਼ੁਬਾਨ ‘ਤੇ ਐਸੀਆਂ ਚੜ੍ਹੀਆਂ ਕਿ ਬਾਅਦ ਵਿੱਚ ਕਹਾਵਤ ਹੀ ਬਣ ਗਈਆਂ। ਗੀਤ ਦੇ ਇਹ ਬੋਲ ਉਸ ਵੇਲੇ ਸੂਬਾ ਸਰਕਾਰ ਤੇ ਕੇਂਦਰ ਸਰਕਾਰ ਦੀਆਂ ਏਜੰਸੀਆਂ ‘ਤੇ ਢੁੱਕਦੇ ਨਜ਼ਰ ਆਉਂਦੇ ਹਨ ਜਦੋਂ ਸਿੱਖਾਂ ਨੂੰ ਚਿੜ੍ਹਾਉਣ ਵਾਲੇ ਕਿਸੇ ਸ਼ਿਵ ਸੈਨਾ ਆਗੂ ਜਾਂ ਵਰਕਰ ਖਿਲਾਫ ਕੋਈ ਸਿੱਖ ਨੌਜਵਾਨ ਤਾੜਨਾ ਭਰਿਆ ਬਿਆਨ ਹੀ ਦਾਗ ਦਿੰਦਾ ਹੈ।
ਸਰਕਾਰੀ ਏਜੰਸੀਆਂ ਦਾ ਇਹ ਵਰਤਾਰਾ ਇਸ ਸਾਲ ਘੱਲੂਘਾਰਾ ਹਫਤਾ ਮਨਾਏ ਜਾਣ ਤੋਂ ਪਹਿਲਾਂ ਉਸ ਵੇਲੇ ਸਾਹਮਣੇ ਆਇਆ ਜਦੋਂ ਅੰਮ੍ਰਿਤਸਰ ਤੋਂ ਸ਼ਿਵ ਸੈਨਾ ਆਗੂਆਂ ਦੇ ਕੁਝ ਨੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦਾ ਪੁਤਲਾ ਸਾੜਣ ਦਾ ਐਲਾਨ ਕਰ ਦਿੱਤਾ। ਬੱਸ ਬਿਆਨ ਸਾਹਮਣੇ ਆਉਣ ਦੀ ਦੇਰ ਸੀ ਕਿ ਵੱਖ-ਵੱਖ ਸਿੱਖ ਜਥੇਬੰਦੀਆਂ ਵਲੋਂ ਸ਼ਿਵ ਸੈਨਾ ਨੂੰ ਤਾੜਨਾ ਕਰਦੇ ਬਿਆਨ ਵੀ ਸਾਹਮਣੇ ਆ ਗਏ। ਸੋਸ਼ਲ ਮੀਡੀਆ ਫੇਸਬੁੱਕ ਅਤੇ ਵਾਟਸਐਪ ‘ਤੇ ਤਾਂ ਜਿਵੇਂ ਵੱਖ-ਵੱਖ ਸਿੱਖ ਗਰੁੱਪਾਂ ਵਿੱਚ ਸ਼ਿਵ ਸੈਨਾ ਖਿਲਾਫ ਬਿਆਨਾਂ ਦੀ ਹਨ੍ਹੇਰੀ ਹੀ ਚਲ ਪਈ। ਪੁਲਿਸ ਦੇ ਖੁਫੀਆ ਦਸਤਿਆਂ ਨੇ ਵੀ ਵੇਖਦਿਆਂ ਵੇਖਦਿਆਂ ਵੱਖ-ਵੱਖ ਪੰਥਕ ਸੰਸਥਾਵਾਂ ਤੇ ਨੌਜੁਆਨ ਸਿੱਖ ਜਥੇਬੰਦੀਆਂ ਦੇ ਆਗੂਆਂ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਤੇ ਜਦੋਂ ਯਕੀਨ ਹੋ ਗਿਆ ਕਿ ਹੁਣ ਕੁਝ ਨਹੀਂ ਹੋਵੇਗਾ ਤਾਂ ਇਹ ਘੇਰਾਬੰਦੀ ਨਰਮ ਹੋ ਗਈ। ਉਧਰ 6 ਜੂਨ ਵਾਲੇ ਦਿਨ ਕੁਝ ਸ਼ਿਵ ਸੈਨਕਾਂ ਨੇ ਜਦੋਂ ਪੁਤਲਾ ਸਾੜਨ ਦੀ ਜ਼ੁਰਅਤ ਵਿਖਾਈ ਤਾਂ ਮੌਕੇ ‘ਤੇ ਮੌਜੂਦ ਪੁਲਿਸ ਮੂਕ ਦਰਸ਼ਕ ਬਣੀ ਨਜ਼ਰ ਆਈ। ਸ਼ਿਵ ਸੈਨਾ ਦੀ ਇਸ ਹਰਕਤ ਖਿਲਾਫ ਅਵਾਜ਼ ਚੁੱਕਣ ਵਾਲੇ ਸਿੱਖ ਨੌਜੁਆਨ ਹੀ ਗ੍ਰਿਫਤਾਰ ਕਰਕੇ ਥਾਣੇ ਬੰਦ ਕਰ ਦਿੱਤੇ ਗਏ। ਸ਼ਿਵ ਸੈਨਾ ਖਿਲਾਫ ਕਾਫੀ ਰੋਹ ਪ੍ਰਗਟਾਏ ਜਾਣ ਤੋਂ ਬਾਅਦ ਪੁਲਿਸ ਵਲੋਂ ਸ਼ਿਵ ਸੈਨਾ ਆਗੂ ਨੂੰ ਫੜ੍ਹ ਕੇ ਜੇਲ੍ਹ ਭੇਜ ਦਿਤਾ ਜਿਥੋਂ ਉਹ ਦੋ ਦਿਨ ਬਾਅਦ ਹੀ ਜ਼ਮਾਨਤ ‘ਤੇ ਬਾਹਰ ਆ ਗਿਆ।

ਦੂਸਰੇ ਪਾਸੇ ਪੁਲਿਸ ਵਲੋਂ ਦਲਜੀਤ ਸਿੰਘ ਬੌਬੀ ਨਾਮ ਦਾ ਇਕ ਨੌਜੁਆਨ ਫੜ੍ਹ ਕੇ ਕਈ ਦਿਨ ਗਾਇਬ ਹੀ ਰੱਖਿਆ ਗਿਆ। ਪਰਿਵਾਰ ਚਾਰ ਦਿਨ ਤੀਕ ਟੱਕਰਾਂ ਮਾਰਦਾ ਰਿਹਾ, ਕਿਸੇ ਵੀ ਪੁਲਸ ਅਧਿਕਾਰੀ ਨੇ ਪੱਲਾ ਨਹੀਂ ਫੜਾਇਆ ਤੇ ਆਖਿਰ ਬੜੀ ਮੁਸ਼ਕਿਲ ਨਾਲ ਬੌਬੀ ਦਾ ਸੁਰਾਗ ਮਿਲਣ ‘ਤੇ ਰਿਹਾਈ ਹੋਈ। ਉਧਰ ਕੁਝ ਦਿਨ੍ਹਾਂ ਤੋਂ ਨਵਾਂਸ਼ਹਿਰ ਦੀ ਪੁਲਿਸ ਵਲੋਂ ਅੰਮ੍ਰਿਤਸਰ, ਬਟਾਲਾ ਤੇ ਗੁਰਦਾਸਪੁਰ ਜਿਲ੍ਹਿਆਂ ਵਿੱਚ ਸਿੱਖ ਨੌਜੁਆਨਾਂ ਦੀ ਧੜ-ਪਕੜ ਲਈ ਛਾਪੇ ਮਾਰੀ ਅਤੇ ਸਿੰਘਾਂ ਦੀ ਕੀਤੀ ਗ੍ਰਿਫਤਾਰੀ ਵੀ ਸਾਹਮਣੇ ਆਈ ਹੈ। ਟਕਸਾਲੀ ਅਕਾਲੀ ਆਗੂ ਜਥੇਦਾਰ ਮੋਹਨ ਸਿੰਘ ਮਟੀਆ ਦੇ ਦੋਹਤਰੇ ਵਿੱਕੀ ਦੀ ਗ੍ਰਿਫਤਾਰੀ ਇਸੇ ਕੜੀ ਦਾ ਹਿੱਸਾ ਦੱਸਿਆ ਜਾ ਰਿਹਾ ਹੈ।

ਇਸ ਪੱਤਰਕਾਰ ਵਲੋਂ ਵੱਖ-ਵੱਖ ਸਰੋਤਾਂ ਤੋਂ ਇੱਕਤਰ ਕੀਤੀ ਜਾਣਕਾਰੀ ਅਨੁਸਾਰ, ਪੁਲਿਸ ਵਲੋਂ ਹੁਣ ਤੀਕ ਫੜੇ ਗਏ ਸਿੱਖ ਨੌਜੁਆਨ ਉਹ ਨੌਜੁਆਨ ਹਨ ਜੋ ਫੇਸਬੁੱਕ ਜਾਂ ਵਾਟਸਐਪ ‘ਤੇ ਵੱਖ-ਵੱਖ ਗਰੁੱਪਾਂ ਦੇ ਰਾਹੀਂ ਅਜਿਹੇ ਲੋਕਾਂ ਖਿਲਾਫ ਕਾਰਵਾਈ ਕਰਨ ਬਾਰੇ ਪੋਸਟਾਂ ਪਾ ਰਹੇ ਸਨ ਜੋ ਸਿੱਖ ਭਾਵਨਾਵਾਂ ਭੜਕਾ ਰਹੇ ਸਨ। ਦੱਸਿਆ ਗਿਆ ਹੈ ਕਿ ਬੀਤੇ ਦਿਨੀਂ ਪੁਲਿਸ ਵਲੋਂ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਜਥੇਬੰਦੀ ਨਾਲ ਸਬੰਧਤ ਦੱਸੇ ਜਾਂਦੇ ਗ੍ਰਿਫਤਾਰ ਕੀਤੇ ਗਏ ਨੌਜੁਆਨ ਅਤੇ ਇਕ ਬੀਬੀ ਦੇ ਫੇਸਬੁੱਕ ਖਾਤੇ ਨਾਲ ਜੁੜੇ ਸਿੱਖ ਨੌਜੁਆਨਾਂ ਨੂੰ ਵੀ ਘੇਰਨ ਲਈ ਪੁਲਿਸ ਦਿਨ ਰਾਤ ਇੱਕ ਕਰ ਰਹੀ ਹੈ। ਫੜੇ ਗਏ ਨੌਜੁਆਨਾਂ ਨੂੰ ਚੰਡੀਗੜ੍ਹ ਲਿਜਾ ਕੇ ਇਸ ਬੀਬੀ ਦੇ ਸਾਹਮਣੇ ਬਿਠਾ ਕੇ, ਤਫਤੀਸ਼ ਕੀਤੀ ਜਾਂਦੀ ਹੈ। ਅਜਿਹੀਆਂ ਰਿਪੋਰਟਾਂ ਹੀ ਸੂਬੇ ਦੇ ਬਾਕੀ ਜਿਲ੍ਹਿਆਂ ਵਿੱਚੋਂ ਆ ਰਹੀਆਂ ਹਨ। ਇਹ ਪੁਲਿਸ ਗ੍ਰਿਫਤਾਰੀਆਂ ਉਨ੍ਹਾਂ 22 ਸਿੱਖ ਨੋਜੁਆਨਾਂ ਨਾਲੋਂ ਅਲੱਗ ਹਨ ਜਿਨ੍ਹਾਂ ਨੂੰ ”ਅੱਤਵਾਦੀ” ਆਖ ਕੇ ਗ੍ਰਿਫਤਾਰ ਕੀਤੇ ਜਾਣ ਦਾ ਮਾਮਲਾ ਮੀਡੀਆ ਦੇ ਵੱਖ-ਵੱਖ ਹਿੱਸਿਆਂ ‘ਚ ਉਜਾਗਰ ਹੋ ਚੁੱਕਾ ਹੈ।

ਜ਼ਿਕਰਯੋਗ ਤਾਂ ਇਹ ਵੀ ਹੈ ਕਿ ਪੁਲਿਸ ਹੁਣ ਤੀਕ ਅਣਗਿਣਤ ਵਾਰ ਦਾਅਵੇ ਕਰ ਚੁੱਕੀ ਹੈ ਕਿ ਅਕਸਰ ਲੋਕ ਸ਼ਿਵ ਸੈਨਾ ਦੇ ਨਾਮ ਹੇਠ, ਪਹਿਲਾਂ ਸਿੱਖ ਭਾਵਨਾਵਾਂ ਭੜਕਾਉਂਦੇ ਹਨ ਤੇ ਫਿਰ ਸੁਰੱਖਿਆ ਦੀ ਆੜ ਹੇਠ ਸਰਕਾਰੀ ਗੰਨਮੈਨ ਮੰਗਦੇ ਹਨ। ਜ਼ਿਕਰਯੋਗ ਤਾਂ ਇਹ ਵੀ ਹੈ ਕਿ ਬੀਤੇ ਸਮੇਂ ਵਿੱਚ ਅਜਿਹੀਆਂ ਘਟਨਾਵਾਂ ਵੀ ਸਾਹਮਣੇ ਆਈਆਂ ਹਨ ਜਿਥੇ ਸਿੱਖ ਭਾਵਨਾਵਾਂ ਭੜਕਾਉਣ ਵਾਲੇ ਕੁਝ ਸ਼ਿਵ ਸੈਨਾ ਆਗੂ ਸਿੱਖਾਂ ਦੇ ਰੋਹ ਦਾ ਸ਼ਿਕਾਰ ਵੀ ਹੋਏ ਹਨ। ਅਜਿਹੇ ਵਿੱਚ ਇਹ ਸਵਾਲ ਬਾਰ-ਬਾਰ ਪੁੱਛਿਆ ਜਾਵੇਗਾ ਕਿ ਹਰ ਵਾਰ ਪੁਲਿਸ ਸਿੱਖ ਵਿਰੋਧੀ ਜਥੇਬੰਦੀਆਂ ਨਾਲ ਸਬੰਧਤ ਲੋਕਾਂ ਨੂੰ ਸਿੱਖ ਭਾਵਨਾਵਾਂ ਭੜਕਾਣ ਦੀ ਖੁੱਲ੍ਹ ਕਿਉਂ ਦਿੰਦੀ ਹੈ? ਅਤੇ ਅਜਿਹੀਆਂ ਜਥੇਬੰਦੀਆਂ ਤੇ ਲੋਕਾਂ ਨੂੰ ਤਾੜਨਾ ਕਰਨੀ ਹੀ ਗੁਨਾਹ ਕਿਉਂ ਬਣ ਜਾਂਦਾ ਹੈ?