ਸਿਆਸੀ ਚੇਤਿਆਂ ਵਿਚੋਂ ਵਿਸਰੀਆਂ ਮਹਾਨ ਯਾਦਗਾਰਾਂ

ਸਿਆਸੀ ਚੇਤਿਆਂ ਵਿਚੋਂ ਵਿਸਰੀਆਂ ਮਹਾਨ ਯਾਦਗਾਰਾਂ

ਸਮੇਂ ਦਿਆਂ ਹਾਕਮਾਂ ਵਲੋਂ ਆਪਣੇ ਲੋਕਾਂ ਨੂੰ ਇਤਿਹਾਸ ਤੋਂ ਅਕਸਰ ਵਿਰਵੇ ਹੀ ਰੱਖਿਆ ਜਾਂਦਾ ਹੈ। ਜੇਕਰ ਇਤਿਹਾਸਕ ਮਿਨਾਰ ਉਸਾਰ ਵੀ ਦਿੱਤੇ ਜਾਂਦੇ ਹਨ ਤਾਂ ਫੰਡਾਂ ਤੇ ਦੇਖ-ਭਾਲ ਖੁਣੋਂ ਉਹ ਹੌਲੀ ਹੌਲੀ ਕਿਰਨੇ ਸ਼ੁਰੂ ਹੋ ਜਾਂਦੇ ਹਨ। ਪੰਜਾਬ ਵਿਚ ਵੀ ਅਕਾਲੀ-ਭਾਜਪਾ ਸਰਕਾਰ ਨੇ ਕਈ ਮੋਰਚਿਆਂ ਤੋਂ ਅਸਫਲ ਹੋਣ ਮਗਰੋਂ ਸੂਬੇ ਵਿਚ ਵੱਡੀਆਂ ਵੱਡੀਆਂ ਯਾਦਗਾਰਾਂ ਉਸਾਰਨ ਦਾ ਕੰਮ ਵਿਢਿਆ ਸੀ। ਪਰ ਜਾਂ ਤਾਂ ਇਹ ਕੰਮ ਮੁਕੰਮਲ ਨਹੀਂ ਹੋ ਸਕੇ ਜਾਂ ਸਰਕਾਰੀ ਅਣਦੇਖੀ ਦਾ ਸ਼ਿਕਾਰ ਹੋ ਗਏ। ਸਮੂਹ ਲੋਕਾਂ, ਖ਼ਾਸ ਤੌਰ ‘ਤੇ ਸਿੱਖਾਂ ਨੂੰ ਆਪਣੇ ਇਤਿਹਾਸ ਤੋਂ ਜਾਣੂ ਕਰਵਾਉਣ ਲਈ ਬਣਾਈਆਂ ਗਈਆਂ ਯਾਦਗਾਰਾਂ ‘ਤੇ ਅਰਬਾਂ ਰੁਪਏ ਖ਼ਰਚੇ ਗਏ ਸਨ ਤੇ ਥੋੜ੍ਹਾ-ਬਹੁਤ ਹੁਣ ਵੀ ਖ਼ਰਚ ਹੋ ਰਿਹਾ ਹੈ। ਪਰ ਕਈ ਇਮਾਰਤਾਂ ਹਾਲੇ ਵੀ ਅਧੂਰੀਆਂ ਪਈਆਂ ਹਨ। ਸਿਆਸੀ ਲਾਹਾ ਲੈਣ ਲਈ ਅੱਧੀਆਂ-ਅਧੂਰੀਆਂ ਇਮਾਰਤਾਂ ਦੇ ਉਦਘਾਟਨ ਤਾਂ ਕਰ ਦਿੱਤੇ ਪਰ ਉਨ੍ਹਾਂ ਦੀ ਦੇਖ-ਰੇਖ ਦਾ ਕੋਈ ਇੰਤਜ਼ਾਮ ਨਹੀਂ ਕੀਤਾ। ਸਰਕਾਰੀ ਅਣਗਹਿਲੀ ਦਾ ਸ਼ਿਕਾਰ ਇਨ੍ਹਾਂ ਇਮਾਰਤਾਂ ਦੀ ਦੁਰਦਸ਼ਾ ਬਿਆਨ ਕਰ ਰਹੇ ਹਨ ਸੀਨੀਅਰ ਪੱਤਰਕਾਰ ਪਾਲ ਸਿੰਘ ਨੌਲੀ, ਮਹੇਸ਼ ਸ਼ਰਮਾ, ਵਰਿੰਦਰਜੀਤ ਜਾਗੇਵਾਲ, ਜੰਗ ਬਹਾਦਰ ਸਿੰਘ ਅਤੇ ਦਰਸ਼ਨ ਸਿੰਘ ਸੋਢੀ।

ਵੱਡਾ ਘੱਲੂਘਾਰਾ: ਪੈਂਤੀ ਹਜ਼ਾਰ ਸਿੰਘਾਂ ਦੀ ਸ਼ਹਾਦਤ ਦਾ ਇਤਿਹਾਸ ਜਾਣਨ ਤੋਂ ਹਾਲੇ ਵੀ ਲੋਕ ਵਾਂਝੇ
ਮੰਡੀ ਅਹਿਮਦਗੜ੍ਹ : ਰਿਆਸਤ ਮਾਲੇਰਕੋਟਲਾ ਦੇ ਪਿੰਡ ਰੋਹੀੜਾ ਵਿੱਚ ਉਨ੍ਹਾਂ ਪੈਂਤੀ ਹਜ਼ਾਰ ਸਿੰਘਾਂ ਦੀ ਯਾਦਗਾਰ ਬਣ ਕੇ ਤਿਆਰ ਹੋ ਚੁੱਕੀ ਹੈ, ਜੋ ਪੰਜ ਫਰਵਰੀ 1762 ਨੂੰ ਅਹਿਮਦਸ਼ਾਹ ਅਬਦਾਲੀ ਦੀਆਂ ਬਖ਼ਤਰਬੰਦ ਫੌਜਾਂ ਦਾ ਨਿਹੱਥੇ ਮੁਕਾਬਲਾ ਕਰਦੇ ਸ਼ਹੀਦ ਹੋ ਗਏ ਸਨ ਪਰ ਇੱਥੇ ਆਉਣ ਵਾਲੇ ਦਰਸ਼ਕ ਹਾਲੇ ਵੀ ਤਸਵੀਰਾਂ ਤੇ ਫਿਲਮ ਰਾਹੀਂ ਵੱਡੇ ਘੱਲੂਘਾਰੇ ਦਾ ਪੂਰਾ ਇਤਿਹਾਸ ਦੇਖਣ ਤੋਂ ਵਾਂਝੇ ਹਨ।
ਅਕਾਲੀ ਸਰਕਾਰ ਵੇਲੇ 24 ਕਰੋੜ ਰੁਪਏ ਤੋਂ ਵੱਧ ਨਾਲ ਤਿਆਰ ਹੋਈ ਇਹ ਯਾਦਗਾਰ 29 ਨਵੰਬਰ 2011 ਨੂੰ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸਿੱਖ ਪੰਥ ਨੂੰ ਸਮਰਪਿਤ ਕੀਤੀ ਸੀ ਅਤੇ ਬਾਅਦ ਵਿੱਚ ਇਸ ਦਾ ਪ੍ਰਬੰਧ ਪੁਰਾਤੱਤਵ ਅਤੇ ਸਭਿਆਚਾਰਕ ਵਿਭਾਗ ਨੂੰ ਸੰਭਾਲ ਦਿੱਤਾ ਗਿਆ ਸੀ।
ਸਮਾਰਕ ਦੀ ਉਸਾਰੀ ਕਰਵਾਉਣ ਵਾਲੇ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਇਲਾਕੇ ਤੋਂ ਇਲਾਵਾ ਹੋਰ ਸੂਬਿਆਂ ਤੇ ਵਿਦੇਸ਼ਾਂ ਤੋਂ ਸਿੱਖ ਇਤਿਹਾਸ ਵਿੱਚ ਰੁਚੀ ਰੱਖਣ ਵਾਲੇ ਵਿਅਕਤੀ ਵੱਡੀ ਗਿਣਤੀ ਵਿਚ ਇੱਥੇ ਆਉਂਦੇ ਹਨ ਅਤੇ ਉਨ੍ਹਾਂ ਨੂੰ ਇਸ ਯਾਦਗਾਰ ਦੇ ਸਾਰੇ ਹਿੱਸਿਆਂ ਬਾਰੇ ਜਾਣਕਾਰੀ ਦੇਣ ਤੋਂ ਇਲਾਵਾ ਕੋਈ ਨਾ ਕੋਈ ਇਤਿਹਾਸਕ ਫ਼ਿਲਮ ਦਿਖਾਈ ਜਾਂਦੀ ਹੈ। ਪੰਜਾਹ ਵਿੱਘੇ ਤੋਂ ਵੱਧ ਖੇਤਰ ਵਿੱਚ ਫੈਲੀ 110 ਫੁੱਟ ਉੱਚੀ ਮੀਨਾਰ ਵਾਲੀ ਯਾਦਗਾਰ ਨੂੰ ਸੂਚਨਾ ਕੇਂਦਰ, ਓਪਨ ਏਅਰ ਥੀਏਟਰ, ਆਡੀਟੋਰੀਅਮ ਅਤੇ ਇੰਟਰਪ੍ਰੀਟੇਸ਼ਨ ਸੈਂਟਰ ਸਮੇਤ ਛੇ ਇਮਾਰਤਾਂ ਨੇ ਵਿਲੱਖਣ ਬਣਾ ਦਿੱਤਾ ਹੈ। ਅਹਿਮਦਸ਼ਾਹ ਅਬਦਾਲੀ ਨੇ 4 ਫਰਵਰੀ, 1762 ਨੂੰ ਸਰਹਿੰਦ ਦੇ ਫ਼ੌਜਦਾਰ ਜੈਨ ਖਾਂ ਅਤੇ ਮਾਲੇਰਕੋਟਲਾ ਦੇ ਨਵਾਬ ਭੀਖਮ ਖਾਂ ਨੂੰ ਕੁੱਪ ਰੋਹੀੜਾ ਵਿੱਚ ਇਕੱਠੇ ਹੋਏ ਸਿੰਘਾਂ ‘ਤੇ ਹਮਲਾ ਕਰਨ ਲਈ ਕਿਹਾ ਸੀ ਅਤੇ ਖ਼ੁਦ ਵੀ ਆਪਣੀ ਫੌਜ ਸਮੇਤ ਅਗਲੇ ਦਿਨ ਤੱਕ ਇੱਥੇ ਪਹੁੰਚ ਗਿਆ ਸੀ। ਇੱਕਦਮ ਹੋਏ ਹਮਲੇ ਨਾਲ ਇੱਕ ਵਾਰ ਤਾਂ ਸਿੰਘ ਘਬਰਾ ਗਏ ਸਨ ਪਰ ਜੱਸਾ ਸਿੰਘ ਆਹਲੂਵਾਲੀਆ, ਚੜ੍ਹਤ ਸਿੰਘ ਤੇ ਸ਼ੁਕਰਚੱਕੀਆ ਦੇ ਜਥਿਆਂ ਨੇ ਜਿਸ ਢੰਗ ਨਾਲ ਪਹਿਲੇ ਦਿਨ ਮੁਕਾਬਲਾ ਕੀਤਾ, ਉਸ ਨਾਲ ਹਮਲਾਵਰਾਂ ਨੂੰ ਵੀ ਹੱਥਾਂ ਪੈਰਾਂ ਦੀ ਪੈ ਗਈ ਸੀ। ਚੜ੍ਹਤ ਸਿੰਘ ਗੋਲੀਬਾਰੀ ਦਾ ਇੰਨਾ ਮਾਹਰ ਸੀ ਕਿ ਪੰਜ ਜਣੇ ਉਸ ਨੂੰ ਬੰਦੂਕਾਂ ਭਰ ਕੇ ਦਿੰਦੇ ਸਨ।
ਸਿੱਖਾਂ ਦੀ ਵੱਡੀ ਸਮੱਸਿਆ ਇਹ ਸੀ ਕਿ ਸਾਰੇ ਮਾਲਵੇ ਦੀਆਂ ਗਿਆਰਾਂ ਮਿਸਲਾਂ ਦੇ ਕਰੀਬ ਦਸ ਹਜ਼ਾਰ ਔਰਤਾਂ, ਬੱਚੇ ਅਤੇ ਬਿਰਧ ਉਨ੍ਹਾਂ ਨਾਲ ਸਨ ਅਤੇ ਗੋਲਾ ਬਾਰੂਦ ਤੇ ਰਾਸ਼ਨ ਗੁਰਮ ਪਿੰਡ ਪਿਆ ਸੀ। ਇਸ ਹਾਲਤ ਵਿੱਚ ਉਨ੍ਹਾਂ ਦੀ ਮਜਬੂਰੀ ਸੀ ਕਿ ਰਵਾਇਤੀ ਯੁੱਧ-ਸ਼ੈਲੀ ਤਿਆਗ ਕੇ ਔਰਤਾਂ ਬੱਚਿਆਂ ਨੂੰ ਬਚਾਉਂਦਿਆਂ ਚੱਲਦੇ ਹੋਏ ਮੁਕਾਬਲਾ ਕਰਨ। ਇਸ ਮਕਸਦ ਵਿੱਚ ਉਹ ਕਾਫ਼ੀ ਹੱਦ ਤੱਕ ਕਾਮਯਾਬ ਵੀ ਹੋ ਗਏ ਸਨ ਅਤੇ ਬਰਨਾਲੇ ਵੱਲ ਚੱਲਣਾ ਸ਼ੁਰੂ ਕਰ ਦਿੱਤਾ ਸੀ ਪਰ ਰਾਤ ਵੇਲੇ ਮੂੰਮਾ ਗਹਿਲਾਂ ਦੇ ਸਰਕੰਡੇ ਦੇ ਮੈਦਾਨ ਵਿੱਚ ਪਨਾਹ ਲੈ ਕੇ ਬੈਠੇ ਦਸ ਹਜ਼ਾਰ ਨਿਹੱਥੇ ਸਿੰਘਾਂ ਨੂੰ ਅਬਦਾਲੀ ਦੇ ਸੈਨਿਕਾਂ ਵੱਲੋਂ ਅੱਗ ਲਗਾ ਕੇ ਸ਼ਹੀਦ ਕਰ ਦਿੱਤਾ ਗਿਆ।
ਵੱਡੇ ਘੱਲੂਘਾਰੇ ਦੇ ਪਿਛੋਕੜ ਬਾਰੇ ਦੱਸਿਆ ਗਿਆ ਹੈ ਕਿ ਅਬਦਾਲੀ ਨੇ ਸਿੱਖਾਂ ਨੂੰ ਸਬਕ ਸਿਖਾਉਣ ਦਾ ਫ਼ੈਸਲਾ ਉਸ ਵੇਲੇ ਕਰ ਲਿਆ ਸੀ, ਜਦੋਂ ਉਹ 1761 ਵਿੱਚ ਪਾਣੀਪਤ ਦੀ ਤੀਸਰੀ ਜੰਗ ਵਿੱਚ ਮਰਾਠਿਆਂ ਨੂੰ ਜਿੱਤ ਕੇ ਵਾਪਸ ਆ ਰਿਹਾ ਸੀ ਅਤੇ ਸਿੱਖਾਂ ਨੇ ਉਸ ਨੂੰ ਸਤਲੁਜ ਨਦੀ ਤੱਕ ਪ੍ਰੇਸ਼ਾਨ ਕਰ ਕੇ ਰੱਖਿਆ ਸੀ। ਸਰਹਿੰਦ ਤੇ ਮਾਲੇਰਕੋਟਲਾ ‘ਤੇ ਹਮਲਾ ਕਰਕੇ ਅਫ਼ਗਾਨਿਸਤਾਨ ਤੋਂ ਭੇਜੇ ਗਏ 12000 ਫੌਜੀਆਂ ਨੂੰ ਸਬਕ ਸਿਖਾਇਆ ਅਤੇ ਤਿੰਨ ਮਹੀਨਿਆਂ ਅੰਦਰ ਲਾਹੌਰ ਨੂੰ ਵੀ ਸਰ ਕਰ ਲਿਆ। 27 ਅਕਤੂਬਰ 1761 ਨੂੰ ਦੀਵਾਲੀ ਮੌਕੇ ਅੰਮ੍ਰਿਤਸਰ ‘ਚ ਹੋਏ ਸਰਬੱਤ ਖ਼ਾਲਸਾ ਦੌਰਾਨ ਸਿੱਖਾਂ ਨੇ ਸੂਹੀਆਂ, ਗ਼ੱਦਾਰਾਂ ਅਤੇ ਅਫ਼ਗਾਨ ਹਮਲਾਵਰਾਂ ਨੂੰ ਪੱਕੇ ਤੌਰ ‘ਤੇ ਸਬਕ ਸਿਖਾਉਣ ਦਾ ਐਲਾਨ ਕੀਤਾ ਤਾਂ ਜੰਡਿਆਲਾ ਦੇ ਅਕਿਲ ਦਾਸ ਦੇ ਕਹਿਣ ‘ਤੇ ਅਹਿਮਦਸ਼ਾਹ ਅਬਦਾਲੀ ਨੇ ਕੁੱਪ ਰੋਹੀੜਾ ਵਿੱਚ ਇਕੱਠੇ ਹੋਏ ਸਿੱਖਾਂ ਨੂੰ ਸੋਧਣ ਦਾ ਫ਼ੈਸਲਾ ਕਰ ਲਿਆ।

ਛੋਟਾ ਘੱਲੂਘਾਰਾ : 11 ਹਜ਼ਾਰ ਸਿੱਖ ਪਰਿਵਾਰਾਂ ਦੇ ਕਤਲ ਨੂੰ ਭੁਲਿਆ ਪ੍ਰਸ਼ਾਸਨ
ਕਾਹਨੂੰਵਾਨ : ਮੁਗ਼ਲ ਹਾਕਮਾਂ ਦੇ ਰਾਜ ਦੌਰਾਨ ਜ਼ੁਲਮਾਂ ਖ਼ਿਲਾਫ਼ ਲੜਨ ਵਾਲੇ ਭਾਰਤੀਆਂ ਨੂੰ ਬਹੁਤ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰਿਆ ਗਿਆ। ਅਜਿਹਾ ਹੀ ਇੱਕ ਘੱਲੂਘਾਰਾ ਸਾਲ 1746 ਵਿੱਚ ਜ਼ਿਲ੍ਹਾ ਗੁਰਦਾਸਪੁਰ ਦੇ ਕਾਹਨੂੰਵਾਨ ਛੰਭ ਵਿੱਚ ਵਾਪਰਿਆ ਸੀ, ਜਿਸ ਵਿਚ 11 ਹਜ਼ਾਰ ਸਿੱਖਾਂ ਨੂੰ ਪਰਿਵਾਰਾਂ ਸਮੇਤ ਮੁਗ਼ਲ ਹਾਕਮਾਂ ਨੇ ਕਤਲ ਕਰ ਦਿੱਤਾ ਸੀ।
ਕਾਹਨੂੰਵਾਨ ਛੰਭ ਦੇ ਇਨ੍ਹਾਂ ਸ਼ਹੀਦਾਂ ਦੀ ਯਾਦ ਵਿਚ ਇਤਿਹਾਸਕ ਗੁਰਦੁਆਰਾ ਛੋਟਾ ਘੱਲੂਘਾਰਾ ਸਾਹਿਬ ਸੁਸ਼ੋਭਿਤ ਹੈ। ਇਸ ਗੁਰਦੁਆਰੇ ਦੇ ਨਾਲ ਨਾਲ ਸ਼ਹੀਦ ਦੀ ਯਾਦ ਵਿੱਚ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਸਰਕਾਰ ਨੇ ਸਾਲ 2010-11 ਵਿੱਚ ਇੱਕ ਸ਼ਹੀਦੀ ਸਮਾਰਕ ਉਸਾਰਿਆ ਸੀ। ਪਿੰਡ ਗੋਨੁਪੋਰ ਦੀ ਪੰਚਾਇਤ ਤੋਂ 10 ਏਕੜ ਜ਼ਮੀਨ ਮੁੱਲ ਖ਼ਰੀਦ ਕੇ ਲਗਭਗ 18 ਕਰੋੜ ਰੁਪਏ ਦੀ ਲਾਗਤ ਨਾਲ ਇਸ ਸ਼ਹੀਦੀ ਯਾਦਗਾਰ ਦੀ ਉਸਾਰੀ ਕਾਰਵਾਈ ਗਈ। ਇਸ ਯਾਦਗਾਰ ਦੀ ਸੰਭਾਲ ਲਈ ਪੰਜਾਬ ਸਰਕਾਰ ਵੱਲੋਂ ਤਤਕਾਲੀ ਡੀਸੀ ਗੁਰਦਾਸਪੁਰ ਅਭਿਨਵ ਤ੍ਰਿਖਾ ਦੀ ਪ੍ਰਧਾਨਗੀ ਹੇਠ ਇੱਕ ਕਮੇਟੀ ਦਾ ਗਠਨ ਕੀਤਾ ਗਿਆ, ਜੋ ਸਮੇਂ ਸਮੇਂ ਇਸ ਯਾਦਗਾਰ ਦੀ ਸਾਂਭ-ਸੰਭਾਲ ਲਈ ਕੰਮ ਕਰਦੀ ਹੈ, ਪਰ ਹੌਲੀ ਹੌਲੀ ਇਸ ਕਮੇਟੀ ਦੇ ਅਵੇਸਲੇ ਹੋਣ ਮਗਰੋਂ ਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਲਾਪ੍ਰਵਾਹੀ ਕਾਰਨ ਸਮਾਰਕ ਦੀ ਦਿੱਖ ਅਤੇ ਜਾਇਦਾਦ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਯਾਦਗਾਰੀ ਸਮਾਰਕ ਨੂੰ ਚਾਰ ਚੰਨ ਲਾਉਣ ਵਾਲੇ ਫੁਹਾਰੇ ਖ਼ਰਾਬ ਪਏ ਹਨ। ਇਮਾਰਤ ਵਿੱਚ ਲੱਗਾ ਕੀਮਤੀ ਪੱਥਰ ਥਾਂ-ਥਾਂ ਤੋਂ ਡਿੱਗ ਰਿਹਾ ਹੈ।  ਇਮਾਰਤ ਦੇ ਦਰਵਾਜ਼ੇ ਵੀ ਉੱਖੜ ਰਹੇ ਹਨ। ਦਰਵਾਜ਼ਿਆਂ ਦਾ ਰੰਗ ਰੋਗਨ ਵੀ ਨਿਕਲ ਚੁੱਕਾ ਹੈ। ਯਾਦਗਾਰ ਵਿੱਚ ਬਣੀ ਇਮਾਰਤ ਦਾ ਰੰਗ ਵੀ ਫਿੱਕਾ ਪੈ ਚੁੱਕਾ ਹੈ। ਮੁੱਖ ਗੇਟ ਲੋਹੇ ਦਾ ਹੋਣ ਕਾਰਨ ਜੰਗ ਫੜ ਚੁੱਕਾ ਹੈ। ਇਮਾਰਤ ਦੇ ਪੱਥਰ ਨੂੰ ਸਾਫ਼ ਕਰਨ ਲਈ ਸਿਲੀਕੌਨ  ਟਰੀਟਮੈਂਟ ਤਕਨੀਕ ‘ਤੇ 18 ਤੋਂ 20 ਲੱਖ ਰੁਪਏ ਖ਼ਰਚੇ ਗਏ ਹਨ, ਪਰ ਇਹ ਤਕਨੀਕ ਬੇਕਾਰ ਸਾਬਤ ਹੋਈ। ਯਾਦਗਾਰ ਵਿਚ ਡੇਢ ਦਰਜਨ ਦੇ ਕਰੀਬ ਕਰਮਚਾਰੀ ਕੰਮ ਕਰਦੇ ਹਨ। ਯਾਦਗਾਰ ਨੂੰ ਮਿਲਣ ਵਾਲੀ ਰਕਮ ਉਨ੍ਹਾਂ ਦੀਆਂ ਤਨਖ਼ਾਹਾਂ ‘ਤੇ ਹੀ ਖ਼ਰਚ ਹੋ ਜਾਂਦੀ ਹੈ। ਇਸ ਯਾਦਗਾਰ ਵਿੱਚ ਹਰ ਮਹੀਨੇ 6 ਹਜ਼ਾਰ ਤੋਂ ਵੱਧ ਸੈਲਾਨੀ ਆਉਂਦੇ ਹਨ। ਯਾਦਗਾਰ ਦੀ ਸਥਾਪਨਾ ਤੋਂ ਲੈ ਕੇ ਹੁਣ ਤੱਕ 3 ਲੱਖ ਦੇ ਕਰੀਬ ਸੈਲਾਨੀਆਂ ਨੇ ਇੱਥੇ ਫੇਰਾ ਪਾਇਆ ਹੈ। ਯਾਦਗਾਰ ਵਿੱਚ ਖਾਣ ਪੀਣ ਦਾ ਕੋਈ ਪ੍ਰਬੰਧ ਨਹੀਂ ਹੈ। ਇੱਕ ਛੋਟੀ ਜਿਹੀ ਕੰਟੀਨ ਵੀ ਕਰੀਬ ਦੋ ਸਾਲ ਪਹਿਲਾਂ ਬੰਦ ਹੋ ਚੁੱਕੀ ਹੈ। ਯਾਦਗਾਰ ਅੰਦਰ ਕੋਈ ਵੀ ਮੁੱਢਲੀ ਸਿਹਤ ਸਹੂਲਤ ਵੀ ਨਹੀਂ ਹੈ। ਯਾਦਗਾਰ ਦੀ ਸਾਂਭ ਸੰਭਾਲ ਲਈ ਪੰਜਾਬ ਲੋਕ ਨਿਰਮਾਣ,  ਵਿਭਾਗ ਪੰਜਾਬ ਸੈਲਾਨੀ ਵਿਭਾਗ, ਬਾਗ਼ਬਾਨੀ ਵਿਭਾਗ, ਸੈਨੀਟੇਸ਼ਨ ਤੇ ਜਲ ਸਪਲਾਈ ਵਿਭਾਗ ਮੁੱਖ ਤੌਰ ‘ਤੇ ਜ਼ਿੰਮੇਵਾਰ ਬਣਾਏ ਗਏ ਸਨ, ਪਰ ਯਾਦਗਾਰ ਦੀ ਹਾਲਤ ਦੇਖ ਕੇ ਲੱਗਦਾ ਹੈ ਕਿ ਉਸ ਵੇਲੇ ਦੀ ਤਤਕਾਲੀ ਸਰਕਾਰ ਨੇ ਇਸ ਯਾਦਗਾਰ ਦੀ ਸੰਭਾਲ ਦੇ ਪ੍ਰਬੰਧਾਂ ਲਈ ਵਿੱਤੀ ਪ੍ਰਬੰਧ ਨਹੀਂ ਕੀਤੇ ਸਨ।

ਦੇਸ਼ ਲਈ ਕੁਰਬਾਨ ਹੋਣ ਵਾਲਿਆਂ ਦੀ ਗਾਥਾ ਬਿਆਨਦੀ ਜੰਗ-ਏ-ਆਜ਼ਾਦੀ ਯਾਦਗਾਰ ਹਾਲੇ ਵੀ ਅਧੂਰੀ
ਜਲੰਧਰ : ਇਥੇ ਕਰਤਾਰਪੁਰ ਵਿੱਚ ਕੌਮੀ ਮਾਰਗ ‘ਤੇ 200 ਕਰੋੜ ਰੁਪਏ ਨਾਲ ਉਸਾਰੀ ਜਾ ਰਹੀ ਜੰਗ-ਏ-ਆਜ਼ਾਦੀ ਯਾਦਗਾਰ ਉਦਘਾਟਨ ਤੋਂ ਕਰੀਬ 7 ਮਹੀਨਿਆਂ ਬਾਅਦ ਵੀ ਅਧੂਰੀ ਹੈ। ਆਮ ਲੋਕਾਂ ਲਈ ਇਹ ਯਾਦਗਾਰ ਦਾ ਇਕ ਹਿੱਸਾ ਹੀ ਦੇਖਣ ਲਈ ਖੋਲ੍ਹਿਆ ਗਿਆ ਹੈ। ਦੂਜਾ ਹਿੱਸਾ ਉਸਾਰੀ ਅਧੀਨ ਹੈ।
ਇਸ ਯਾਦਗਾਰ ਨੂੰ ਦੇਸ਼ ਦੀ ਪਹਿਲੀ ਅਜਿਹੀ ਯਾਦਗਾਰ ਦੱਸਿਆ ਜਾ ਰਿਹਾ ਹੈ, ਜਿੱਥੇ ਦੇਸ਼ ਲਈ ਕੁਰਬਾਨ ਹੋਣ ਵਾਲਿਆਂ ਦੀ ਗਾਥਾ ਨੂੰ ਪੇਸ਼ ਕੀਤਾ ਗਿਆ। 6 ਨਵੰਬਰ 2016 ਨੂੰ ਜੰਗ-ਏ-ਆਜ਼ਾਦੀ ਯਾਦਗਾਰ ਉਸ ਵੇਲੇ ਦੇਸ਼ ਨੂੰ ਅਧੂਰੀ ਹੀ ਸਮਰਪਿਤ ਕਰ ਦਿੱਤੀ ਗਈ ਸੀ ਜਦੋਂ ਪੰਜਾਬ ਚੋਣਾਂ ਦੀਆਂ ਬਰੂਹਾਂ ‘ਤੇ ਸਨ। ਇਸ ਦੇ ਉਦਘਾਟਨ ਸਮੇਂ ਵੀ ਹੰਗਾਮਾ ਹੋ ਗਿਆ ਸੀ ਕਿਉਂਕਿ ਆਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਤੇ ਰਿਸ਼ਤੇਦਾਰਾਂ ਨੇ ਇਸ ਗੱਲ ‘ਤੇ ਇਤਰਾਜ਼ ਕੀਤਾ ਸੀ ਕਿ ਉਨ੍ਹਾਂ ਨੂੰ ਸਮਾਗਮ ਵਿੱਚ ਸਿਰਫ ਸ਼ੋਅਪੀਸ ਵਜੋਂ ਹੀ ਵਰਤਿਆ ਗਿਆ ਹੈ ਤੇ ਉਸ ਵੇਲੇ ਦੀ ਸੱਤਾਧਾਰੀ ਧਿਰ ਨੇ ਇਸ ਨੂੰ ਰਾਜਸੀ ਰੰਗ ਵਿੱਚ ਰੰਗ ਦਿੱਤਾ ਸੀ। ਇਸ ਦੇ ਉਦਘਾਟਨ ਸਮੇਂ ਐਲਾਨ ਕੀਤਾ ਗਿਆ ਸੀ ਕਿ ਦੋ ਮਹੀਨਿਆਂ ਵਿੱਚ ਇਸ ਯਾਦਗਾਰ ਨੂੰ ਲੋਕਾਂ ਵਾਸਤੇ ਖੋਲ੍ਹ ਦਿੱਤਾ ਜਾਵੇਗਾ ਪਰ ਸੱਤ ਮਹੀਨੇ ਬਾਅਦ ਵੀ ਇਸ ਨੂੰ ਅਮਲ ਵਿੱਚ ਨਹੀਂ ਲਿਆਂਦਾ ਗਿਆ।
ਜੰਗ-ਏ-ਆਜ਼ਾਦੀ  ਦੀ ਯਾਦਗਾਰ ਬਣਾਉਣ ਲਈ ਬੁੱਧੀਜੀਵੀ, ਇਤਿਹਾਸਕਾਰ ਅਤੇ ਵਿੱਦਿਅਕ ਮਾਹਰਾਂ ਦੀ ਕਮੇਟੀ ਬਣਾਈ ਗਈ ਸੀ, ਜਿਸ ਨੇ ਇਸ ਇਮਾਰਤ ਵਿੱਚ ਦਿਖਾਏ ਜਾਣ ਵਾਲੇ ਇਤਿਹਾਸ ਬਾਰੇ ਬਾਰੀਕੀ ਨਾਲ ਅਧਿਐਨ ਕੀਤਾ ਸੀ। ਇਸ ਕਮੇਟੀ ਵਿੱਚ ਪ੍ਰੋਫੈਸਰ ਕ੍ਰਿਪਾਲ ਸਿੰਘ, ਡੀਐੱਸ ਗਰੇਵਾਲ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਵਾਈਸ ਚਾਂਸਲਰ ਜਸਪਾਲ ਸਿੰਘ, ਪ੍ਰਿਥੀਪਾਲ ਸਿੰਘ ਕਪੂਰ, ਡਾ. ਹਰੀਸ਼ ਸ਼ਰਮਾ, ਡਾ. ਕੇਐੱਲ ਟੁਟੇਜਾ ਤੇ ਡਾ. ਬਰਜਿੰਦਰ ਸਿੰਘ ਹਮਦਰਦ ਨੇ ਦੇਸ਼ ਦੀਆਂ ਕਈ ਇਤਿਹਾਸਕ ਥਾਵਾਂ ਦਾ ਦੌਰਾ ਵੀ ਕੀਤਾ ਸੀ। ਇਸ ਟੀਮ ਨੇ ਅੰਡੇਮਾਨ ਨਿਕੋਬਾਰ ਦੇ ਇਲਾਕੇ ਪੋਰਟ ਬਲੇਅਰ ਵਿਚ ਬਣੀ ਸੈਲੂਲਰ ਜੇਲ੍ਹ, ਸਾਬਰਮਤੀ ਆਸ਼ਰਮ ਅਹਿਮਦਾਬਾਦ, ਅਕਸ਼ਰਧਾਮ ਮੰਦਰ ਗਾਂਧੀ ਨਗਰ (ਗੁਜਰਾਤ), ਤੀਨ ਮੂਰਤੀ ਭਵਨ ਅਤੇ ਸੰਸਦ ਭਵਨ ਵਿੱਚ ਦੇਸ਼ ਦੀ ਆਜ਼ਾਦੀ ਬਾਰੇ ਬਣੇ ਮਿਊਜ਼ੀਅਮ ਦਾ ਵੀ ਦੌਰਾ ਕੀਤਾ ਸੀ ਅਤੇ ਉਥੋਂ ਦੇ ਇਤਿਹਾਸ ਤੇ ਤਕਨੀਕ ਦਾ ਅਧਿਐਨ ਕੀਤਾ ਸੀ ਤਾਂ ਜੋ ਇਨ੍ਹਾਂ ਸਾਰੀਆਂ ਇਤਿਹਾਸਕ ਘਟਨਾਵਾਂ ਦੇ ਸੁਮੇਲ ਨੂੰ ਜੰਗ-ਏ-ਆਜ਼ਾਦੀ ਯਾਦਗਾਰ ਵਿਚ ਸਥਾਪਤ ਕੀਤਾ ਜਾ ਸਕੇ। ਇਸ ਯਾਦਗਾਰ ਵਿੱਚ ਪੰਜਾਬ ਦਾ ਆਜ਼ਾਦੀ ਵਿੱਚ ਕੀ ਯੋਗਦਾਨ ਰਿਹਾ ਹੈ, ਨੂੰ ਵੀ ਬੜੇ ਵਿਸਥਾਰ ਨਾਲ ਦੱਸਿਆ ਗਿਆ ਹੈ।
ਯਾਦਗਾਰ ਵਿਚ ਸਥਾਪਤ ਕੀਤੀਆਂ ਗਈਆਂ ਗੈਲਰੀਆਂ ਵਿੱਚ 1849 ਦੌਰਾਨ ਮੁਲਤਾਨ ਵਿਚ ਮਹਾਰਾਜਾ ਰਣਜੀਤ ਸਿੰਘ ਵੱਲੋਂ ਲੜੀ ਗਈ ਪਹਿਲੀ ਸਿੱਖ ਲੜਾਈ ਤੋਂ ਲੈ ਕੇ ਆਜ਼ਾਦੀ ਤੱਕ ਦਾ ਸਾਰਾ ਇਤਿਹਾਸ ਲੜੀਵਾਰ ਪੇਸ਼ ਕੀਤਾ ਗਿਆ ਹੈ। ਨਾਮਵਰ ਫਿਲਮਸਾਜ਼ ਸ਼ਿਆਮ ਬੈਨੇਗਲ ਵੱਲੋਂ ਬਣਾਈ ਗਈ 90 ਮਿੰਟ ਦੀ ਫਿਲਮ ਵੀ ਯਾਦਗਾਰ ਵਿੱਚ ਬਣਾਏ ਗਏ ਥੀਏਟਰ ਵਿੱਚ ਦਿਖਾਈ ਜਾਂਦੀ ਹੈ। ਇਸ ਥੀਏਟਰ ਵਿੱਚ 150 ਦੇ ਕਰੀਬ ਦਰਸ਼ਕ ਇਕੋ ਸਮੇਂ ਫਿਲਮ ਦੇਖ ਸਕਦੇ ਹਨ। ਸ਼ਾਮ ਨੂੰ 45 ਮਿੰਟ ਦਾ ਲੇਜ਼ਰ ਸ਼ੋਅ-ਕਮ-ਵਾਟਰ ਫਾਲ ਵੀ ਦਿਖਾਇਆ ਜਾਂਦਾ ਹੈ, ਜਿਸ ਵਿੱਚ ਪੰਜਾਬੀਆਂ ਵੱਲੋਂ ਦੇਸ਼ ਦੀ ਆਜ਼ਾਦੀ ਵਿੱਚ ਪਾਏ ਗਏ ਯੋਗਦਾਨ ਨੂੰ ਪੇਸ਼ ਕੀਤਾ ਜਾਂਦਾ ਹੈ। ਖੁੱਲ੍ਹੇ ਕੰਪਲੈਕਸ ਵਿੱਚ 300 ਲੋਕਾਂ ਦੇ ਬੈਠਣ ਦੀ ਸਮਰੱਥਾ ਵਾਲਾ ਆਡੀਟੋਰੀਅਮ ਬਣਾਇਆ ਗਿਆ ਹੈ। ਪੰਜਾਬ ਦੀ ਮੌਜੂਦਾ ਕੈਪਟਨ ਸਰਕਾਰ ਆਰਥਿਕ ਤੰਗੀਆਂ ਨਾਲ ਤਾਂ ਜੂਝ ਰਹੀ ਹੈ ਪਰ ਇਸ ਯਾਦਗਾਰ ਲਈ ਕੋਈ ਕੰਜੂਸੀ ਨਹੀਂ ਵਰਤੀ ਜਾ ਰਹੀ। ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਆਪਣੀ ਪਹਿਲੀ ਫੇਰੀ ਦੌਰਾਨ ਹੀ 10 ਕਰੋੜ ਦਾ ਚੈੱਕ ਪ੍ਰਬੰਧਕਾਂ ਹਵਾਲੇ ਕਰਕੇ ਇਸ ਦੇ ਕੰਮ ਨੂੰ ਨੇਪਰੇ ਚਾੜ੍ਹਨ ਦੀ ਤਾਕੀਦ ਕੀਤੀ ਸੀ।

ਗੁਰੂ ਰਵਿਦਾਸ ਦੀ ਯਾਦਗਾਰ ਮੀਨਾਰ-ਏ-ਬੇਗਮਪੁਰਾ ਲਈ ਨਹੀਂ ਜੁੜ ਰਹੇ ਫੰਡ
ਗੜ੍ਹਸ਼ੰਕਰ : ਅਕਾਲੀ ਭਾਜਪਾ ਸਰਕਾਰ ਵੱਲੋਂ ਇੱਥੋਂ ਦੇ ਪਿੰਡ ਖੁਰਾਲਗੜ੍ਹ ਵਿੱਚ ਗੁਰੂ ਰਵਿਦਾਸ ਦੀ ਯਾਦਗਾਰ ਵਜੋਂ 110 ਕਰੋੜ ਰੁਪਏ ਨਾਲ ਉਸਾਰੇ ਜਾਣ ਵਾਲਾ ‘ਮੀਨਾਰ-ਏ-ਬੇਗਮਪੁਰਾ’ ਪ੍ਰਾਜੈਕਟ ਫੰਡਾਂ ਦੀ ਘਾਟ ਕਰਕੇ ਪ੍ਰਭਾਵਿਤ ਹੋ ਗਿਆ ਹੈ। ਇੱਥੇ ਪਿਛਲੀ ਅਕਾਲੀ-ਭਾਜਪਾ ਗਠਜੋੜ ਸਰਕਾਰ ਵੱਲੋਂ 151 ਫੁੱਟ ਉੱਚਾ ਮੀਨਾਰੇ-ਏ-ਬੇਗਮਪੁਰਾ ਬਣਾਉਣ ਦੇ ਨਾਲ-ਨਾਲ ਆਧੁਨਿਕ ਤਕਨੀਕ ਵਾਲਾ ਆਡੀਟੋਰੀਅਮ, ਵੱਖਰੀ ਪਾਰਕਿੰਗ ਅਤੇ ਸ਼ਰਧਾਲੂਆਂ ਦੀ ਸਹੂਲਤ ਲਈ ਵੱਖਰੀਆਂ ਇਮਾਰਤਾਂ ਬਣਾਉਣ ਦਾ ਐਲਾਨ ਵੀ ਕੀਤਾ ਗਿਆ ਸੀ ਪਰ ਅਜੇ ਤੱਕ ਇਸ ਪ੍ਰਾਜੈਕਟ ਦਾ ਕੋਈ ਵੀ ਕੰਮ ਨੇਪਰੇ ਨਹੀਂ ਚੜ੍ਹਿਆ। 3 ਅਪ੍ਰੈਲ 2016 ਨੂੰ ਪਿੰਡ ਖੁਰਾਲਗੜ੍ਹ ਵਿਚ ਰਾਜ ਪੱਧਰੀ ਸਮਾਗਮ ਮੌਕੇ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਇਸ ਪ੍ਰਾਜੈਕਟ ‘ਤੇ 110 ਕਰੋੜ ਰੁਪਏ ਖਰਚਣ ਦਾ ਐਲਾਨ ਕੀਤਾ ਸੀ ਤੇ ਇਸ ਨੂੰ ਦੋ ਸਾਲਾਂ ਵਿੱਚ ਪੂਰਾ ਕਰਨ ਦਾ ਦਾਅਵਾ ਕੀਤਾ ਸੀ। ਇਸ ਪਿੱਛੋਂ 19 ਜੂਨ 2016 ਨੂੰ ਪੰਜਾਬ ਦੇ ਸੈਰ ਸਪਾਟਾ, ਜੇਲ੍ਹਾਂ ਅਤੇ ਸਭਿਆਚਾਰਕ ਮਾਮਲਿਆਂ ਬਾਰੇ ਤਤਕਾਲੀ ਮੰਤਰੀ ਸੋਹਣ ਸਿੰਘ ਠੰਡਲ ਨੇ ਇਸ ਪ੍ਰਾਜੈਕਟ ਦਾ ਉਦਘਾਟਨ ਕੀਤਾ ਸੀ ਪਰ ਸਾਲ ਮਗਰੋਂ ਵੀ ਇਸ ਪ੍ਰਾਜੈਕਟ ਦਾ ਕੋਈ ਵੀ ਨਿਰਮਾਣ ਕਾਰਜ ਪੂਰਾ ਨਹੀਂ ਹੋਇਆ। ਮੌਜੂਦਾ ਸਮੇਂ ਇੱਥੇ ਪਾਰਕਿੰਗ ਦੀ ਉਸਾਰੀ ਦਾ ਕੰਮ ਹੋ ਰਿਹਾ ਹੈ, ਕੁਝ ਕੰਮ ਸੰਗਤ ਹਾਲ ਅਤੇ ਮੀਨਾਰ-ਏ-ਬੇਗਮਪੁਰਾ ਦੀ ਉਸਾਰੀ ਸਬੰਧੀ ਹੋਇਆ ਹੈ ਪਰ ਇਸ ਕੰਮ ਦੀ ਚਾਲ ਬੇਹੱਦ ਮੱਠੀ ਹੈ। ਗੁਰੂ ਰਵਿਦਾਸ ਧਰਮ ਅਸਥਾਨ ਕਮੇਟੀ ਖੁਰਾਲਗੜ੍ਹ ਦੇ ਖਜ਼ਾਨਚੀ ਰਣਜੀਤ ਸੂਦ ਨੇ ਕਿਹਾ ਕਿ ਮੀਨਾਰ-ਏ-ਬੇਗਮਪੁਰਾ ਦੀ ਉਸਾਰੀ ਦਾ ਕੰਮ ਪਹਿਲਾਂ ਬਹੁਤ ਜ਼ੋਰ ਸ਼ੋਰ ਨਾਲ ਆਰੰਭ ਹੋਇਆ ਸੀ ਅਤੇ ਚੋਣਾਂ ਮਗਰੋਂ ਇਹ ਕੰਮ ਬੇਹੱਦ ਹੌਲੀ ਹੋ ਗਿਆ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੂੰ ਇਸ ਕੰਮ ਲਈ ਰੁਕੇ ਫੰਡ ਜਾਰੀ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਇਸ ਯਾਦਗਾਰ ਦੀ ਉਸਾਰੀ ਕਰ ਰਹੀ ਏਐੱਸਸੀ ਬਿਲਡਰ ਕੰਪਨੀ ਦੇ ਠੇਕੇਦਾਰਾਂ ਵੱਲੋਂ ਕੀਤੇ ਹੋਏ ਕੰਮ ਦੀ ਸਰਕਾਰ ਵੱਲੋਂ ਕੋਈ ਅਦਾਇਗੀ ਨਾ ਹੋਣ ਦਾ ਦੋਸ਼ ਲਾਇਆ ਜਾ ਰਿਹਾ ਹੈ ਜਿਸ ਕਰਕੇ ਇਹ ਕੰਮ ਨਿਰਵਿਘਨ ਚੱਲਦਾ ਰਹਿਣਾ ਮੁਸ਼ਕਲ ਹੋ ਗਿਆ ਹੈ। ਲੋਕ ਨਿਰਮਾਣ ਵਿਭਾਗ ਦੇ ਐਕਸੀਅਨ ਕਮਲ ਨੈਣ ਨੇ ਕਿਹਾ ਕਿ ਉਸਾਰੀ ਸਬੰਧੀ ਤੀਹ ਫ਼ੀਸਦੀ ਕੰਮ ਹੋਇਆ ਹੈ। ਫੰਡਾਂ ਦੀ ਘਾਟ ਕਾਰਨ ਕੰਮ ਰੁਕ ਰਿਹਾ ਹੈ ਅਤੇ ਬਿੱਲ ਵੀ ਪੈਂਡਿੰਗ ਪਏ ਹਨ।

ਛੇ ਵਰ੍ਹਿਆਂ ਬਾਅਦ ਵੀ ਚੱਪੜਚਿੜੀ ਜੰਗੀ ਯਾਦਗਾਰ ਦੇ 328 ਫੁੱਟ ਉਚੇ ਫਤਹਿ ਮੀਨਾਰ ਨੂੰ ਨਾ ਮਿਲੀ ਲਿਫ਼ਟ
ਐਸਏਐਸ ਨਗਰ (ਮੁਹਾਲੀ) : ਇੱਥੋਂ ਦੇ ਨੇੜਲੇ ਇਤਿਹਾਸਕ ਪਿੰਡ ਚੱਪੜਚਿੜੀ (ਸੈਕਟਰ-91) ਵਿੱਚ ਉਸਾਰੀ ਗਈ ਬਾਬਾ ਬੰਦਾ ਸਿੰਘ ਬਹਾਦਰ ਜੰਗੀ ਯਾਦਗਾਰ ਦੇ ਉਦਘਾਟਨ ਨੂੰ ਛੇ ਸਾਲ ਬੀਤਣ ਦੇ ਬਾਵਜੂਦ ਅਜੇ ਤਾਈਂ 328 ਫੁੱਟ ਉੱਚੇ ਫਤਹਿ ਮੀਨਾਰ ਨੂੰ ਲਿਫ਼ਟਾਂ ਨਹੀਂ ਜੁੜੀਆਂ ਹਨ, ਜਿਸ ਕਾਰਨ ਯਾਦਗਾਰ ‘ਤੇ ਨਤਮਸਤਕ ਹੋਣ ਆਉਂਦੇ ਜ਼ਿਆਦਾਤਰ ਸ਼ਰਧਾਲੂ ਮੀਨਾਰ ਦੇ ਹੇਠਾਂ ਤੋਂ ਹੀ ਪਰਤ ਜਾਂਦੇ ਹਨ। ਇਹੀ ਨਹੀਂ ਫਤਹਿ ਮੀਨਾਰ ‘ਤੇ ਲੱਗੀਆਂ 75 ਫੀਸਦੀ ਰੰਗ ਬਰੰਗੀਆਂ ਲਾਈਟਾਂ ਵੀ ਬੰਦ ਹਨ। ਗਮਾਡਾ ਵੱਲੋਂ ਅਕਾਲੀ ਸਰਕਾਰ ਵੇਲੇ ਖਰੀਦੀਆਂ ਗਈਆਂ ਲਿਫ਼ਟਾਂ ਤਕਨੀਕੀ ਖਰਾਬੀ ਕਾਰਨ ਨਹੀਂ ਲੱਗ ਸਕੀਆਂ ਹਨ।
ਮੁਹਾਲੀ ਤੋਂ ਮੀਨਾਰ ਤੱਕ ਪਹੁੰਚਣ ਵਾਲੀ ਸੜਕ ਦੀ ਹਾਲਤ ਵੀ ਕਾਫੀ ਖਸਤਾ ਹੈ। ਇੱਧਰੋਂ ਲੰਘਦੇ ਵਾਹਨਾਂ ਦੀ ਧੂੜ ਮਿੱਟੀ ਉੱਡ ਕੇ ਸ਼ਹੀਦਾਂ ਦੇ ਬੁੱਤਾਂ ‘ਤੇ ਪੈ ਰਹੀ ਹੈ। ਇੱਥੇ ਪਾਰਕਿੰਗ ਦਾ ਵੀ ਉਚਿਤ ਪ੍ਰਬੰਧ ਨਹੀਂ ਹੈ। ਯਾਦਗਾਰ ਦੇ ਦਰਸ਼ਨਾਂ ਲਈ ਆਉਂਦੇ ਸ਼ਰਧਾਲੂ ਸੜਕ ਕਿਨਾਰੇ ਜਾਂ ਨਾਲ ਲਗਦੀ ਖਾਲੀ ਜ਼ਮੀਨ ‘ਚ ਵਾਹਨ ਖੜ੍ਹੇ ਕਰਦੇ ਹਨ। ਹੁਣ ਤੱਕ ਇੱਥੇ ਕਈ ਸ਼ਰਧਾਲੂਆਂ ਦੇ ਵਾਹਨਾਂ ‘ਚੋਂ ਕੀਮਤੀ ਸਾਮਾਨ ਵੀ ਚੋਰੀ ਹੋ ਚੁੱਕਾ ਹੈ।
ਸੂਬੇ ਦੇ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਸਮੇਤ ਹੋਰ ਸਿੰਘ ਸਾਹਿਬਾਨ ਨੇ 30 ਨਵੰਬਰ 2011 ਨੂੰ ਯਾਦਗਾਰ ਸਮੁੱਚੀ ਮਨੁੱਖਤਾ ਨੂੰ ਸਮਰਪਿਤ ਕੀਤੀ ਸੀ।
ਪੰਥਕ ਵਿਚਾਰ ਮੰਚ ਚੰਡੀਗੜ੍ਹ ਦੇ ਪ੍ਰਧਾਨ ਬਲਜੀਤ ਸਿੰਘ ਖਾਲਸਾ ਤੇ ਚੱਪੜਚਿੜੀ ਖੁਰਦ ਦੇ ਸਾਬਕਾ ਸਰਪੰਚ ਜ਼ੋਰਾ ਸਿੰਘ ਭੁੱਲਰ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿਖ ਕੇ ਗਿਲਾ ਕੀਤਾ ਹੈ ਕਿ ਜੰਗੀ ਯਾਦਗਾਰ ਦੇ ਉਦਘਾਟਨ ਤੋਂ ਬਾਅਦ ਛੇ ਸਾਲਾਂ ਤੱਕ ਫਤਹਿ ਮੀਨਾਰ ਨੂੰ ਲਿਫ਼ਟ ਵੀ ਨਹੀਂ ਲਗਾਈ ਜਾ ਸਕੀ ਹੈ। ਦੋ ਸਾਲ ਪਹਿਲਾਂ ਲਿਫ਼ਟਾਂ ਖਰੀਦੀਆਂ ਗਈਆਂ ਸਨ ਪਰ ਇਨ੍ਹਾਂ ਨੂੰ ਅਜੇ ਤੱਕ ਫਿੱਟ ਨਹੀਂ ਕੀਤਾ ਜਾ ਸਕਿਆ ਹੈ, ਜਿਸ ਕਾਰਨ ਬਹੁਤੇ ਸ਼ਰਧਾਲੂ ਹੇਠਾਂ ਤੋਂ ਪਰਤ ਜਾਂਦੇ ਹਨ। ਉਨ੍ਹਾਂ ਕਿਹਾ ਕਿ ਯਾਦਗਾਰ ਵਿੱਚ ਲੱਗੀਆਂ 75 ਫੀਸਦੀ ਰੰਗ ਬਰੰਗੀਆਂ ਲਾਈਟਾਂ ਵੀ ਬੰਦ ਰਹਿੰਦੀਆਂ ਹਨ। ਪਖਾਨਿਆਂ ਦੀ ਥਾਂ ਕਾਫੀ ਤੰਗ ਹੋਣ ਕਾਰਨ ਸ਼ਰਧਾਲੂਆਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਯਾਦਗਾਰ ਕੰਪਲੈਕਸ ਵਿੱਚ ਇਨਡੋਰ ਥੀਏਟਰ ਬੰਦ ਹੈ ਅਤੇ ਓਪਨ ਥੀਏਟਰ ਵਿਚ ਵੀ ਘੱਟ ਹੀ ਪ੍ਰੋਗਰਾਮ ਹੁੰਦੇ ਹਨ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੈਂਬਰ ਪਰਮਜੀਤ ਕੌਰ ਲਾਂਡਰਾਂ ਨੇ ਕਿਹਾ ਕਿ ਸਿੰਘ ਸ਼ਹੀਦ ਸਭ ਦੇ ਸਾਂਝੇ ਹਨ। ਪੰਜਾਬ ਸਰਕਾਰ ਨੂੰ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਜੰਗੀ ਯਾਦਗਾਰਾਂ ਦੀ ਸੰਭਾਲ ਕਰਨੀ ਚਾਹੀਦੀ ਹੈ ਅਤੇ ਇਤਿਹਾਸਕ ਯਾਦਗਾਰ ਵਿੱਚ ਲਿਫ਼ਟ ਤੇ ਰੰਗ ਬਿਰੰਗੀਆਂ ਲਾਈਟਾਂ ਲਗਾਉਣ ਸਮੇਤ ਹੋਰ ਜਿਹੜੀਆਂ ਘਾਟਾ ਜਾਂ ਕਮੀਆਂ ਰਹਿ ਗਈਆਂ ਹਨ, ਨੂੰ ਤੁਰੰਤ ਪੂਰਾ ਕੀਤਾ ਚਾਹੀਦਾ ਹੈ।
ਗਮਾਡਾ ਦੇ ਮੁੱਖ ਇੰਜਨੀਅਰ ਐਸਕੇ ਕਾਂਸਲ ਨੇ ਕਿਹਾ ਕਿ ਜੰਗੀ ਯਾਦਗਾਰ ਕੰਪਲੈਕਸ ਵਿੱਚ ਫਤਹਿ ਮੀਨਾਰ ਲਈ ਖਰੀਦੀਆਂ ਗਈਆਂ ਤਕਨੀਕੀ ਨੁਕਸ ਵਾਲੀਆਂ ਲਿਫ਼ਟਾਂ ਦੀ ਜਾਂਚ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਜਾਂਚ ਵਿੱਚ ਕਸੂਰਵਾਰ ਪਾਏ ਜਾਣ ਵਾਲੇ ਅਮਲੇ ਅਤੇ ਹੋਰ ਸਬੰਧਤ ਜ਼ਿੰਮੇਵਾਰ ਅਧਿਕਾਰੀਆਂ ਤੇ ਕਰਮਚਾਰੀਆਂ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਭਰੋਸਾ ਦਿੱਤਾ ਕਿ ਜਲਦੀ ਹੀ ਫਤਹਿ ਬੁਰਜ ਵਿੱਚ ਲਿਫ਼ਟ ਲਗਾਈ ਜਾਵੇਗੀ ਤੇ ਬਾਕੀ ਪ੍ਰਬੰਧਕੀ ਘਾਟਾਂ ਵੀ ਛੇਤੀ ਪੂਰੀਆਂ ਕੀਤੀਆਂ ਜਾਣਗੀਆਂ।