ਗੁਰਦੁਆਰੇ ਦੀ ਜ਼ਮੀਨ ਨੂੰ ਲੈ ਕੇ ਮੌੜ ਕਲਾਂ ਵਾਸੀਆਂ ਨੇ ਸ਼੍ਰੋਮਣੀ ਕਮੇਟੀ ਖ਼ਿਲਾਫ਼ ਖੋਲ੍ਹਿਆ ਮੋਰਚਾ

ਗੁਰਦੁਆਰੇ ਦੀ ਜ਼ਮੀਨ ਨੂੰ ਲੈ ਕੇ ਮੌੜ ਕਲਾਂ ਵਾਸੀਆਂ ਨੇ ਸ਼੍ਰੋਮਣੀ ਕਮੇਟੀ ਖ਼ਿਲਾਫ਼ ਖੋਲ੍ਹਿਆ ਮੋਰਚਾ

ਕੈਪਸ਼ਨ-ਮੌੜ ਕਲਾਂ ਵਾਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਖਿਲਾਫ ਇਕਜੁੱਟਤਾ ਦਾ ਪ੍ਰਗਟਾਵਾ ਕਰਦੇ ਹੋਏ।
ਮੌੜ ਮੰਡੀ/ਬਿਊਰੋ ਨਿਊਜ਼ :
ਇਥੋਂ ਨੇੜਲੇ ਪਿੰਡ ਮੌੜ ਕਲਾਂ ਵਿੱਚ ਇਤਿਹਾਸਕ ਗੁਰਦੁਆਰਾ ਪਾਤਸ਼ਾਹੀ ਨੌਵੀਂ ਦੀ ਸੈਂਕੜੇ ਏਕੜ ਜ਼ਮੀਨ ਨੂੰ ਲੈ ਕੇ ਪਿੰਡ ਵਾਸੀਆਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚਕਾਰ ਤਣਾਅ ਲਗਾਤਾਰ  ਵਧਦਾ ਜਾ ਰਿਹਾ ਹੈ। ਸ਼੍ਰੋਮਣੀ ਕਮੇਟੀ ਅਧਿਕਾਰੀਆਂ ਵੱਲੋਂ ਗੁਰਦੁਆਰੇ ਦਾ ਕਬਜ਼ਾ ਲੈਣ ਸਬੰਧੀ ਆਉਣ ਬਾਰੇ ਪਿੰਡ ਵਾਸੀਆਂ ਨੂੰ ਸੂਚਨਾ ਮਿਲੀ ਤਾਂ ਪਿੰਡ ਦੇ ਲੋਕ ਗੁਰਦੁਆਰੇ ਵਿਖੇ ਇਕੱਠੇ ਹੋ ਗਏ ਅਤੇ ਉਨ੍ਹਾਂ ਸ਼੍ਰੋਮਣੀ ਕਮੇਟੀ ਖਿਲਾਫ਼ ਨਾਅਰੇਬਾਜ਼ੀ ਕੀਤੀ।
ਗੁਰਦੁਆਰੇ ਦੀ ਲੋਕਲ  ਕਮੇਟੀ ਦੇ ਪ੍ਰਧਾਨ ਗੁਰਚਰਨ ਸਿੰਘ, ਭੁਪਿੰਦਰ ਸਿੰਘ, ਗੁਰਜੀਤ ਸਿੰਘ, ਜਗਦੀਸ਼ ਸਿੰਘ, ਜਸਵਿੰਦਰ ਸਿੰਘ, ਰਮਨਦੀਪ ਸਿੰਘ ਆਦਿ ਨੇ ਦੱਸਿਆ ਕਿ ਪਿੰਡ ਦੇ ਇਤਿਹਾਸਕ ਗੁਰਦੁਆਰੇ ਦੀ ਲਗਭਗ 130 ਏਕੜ ਜ਼ਮੀਨ ਮਾਲ ਰਿਕਾਰਡ ਅੰਦਰ ਲੰਮੇ ਸਮੇਂ ਤੋਂ ਗੁਰੂ ਤੇਗ ਬਹਾਦਰ ਨੌਵੀਂ ਪਾਤਸ਼ਾਹੀ ਦੇ ਨਾਂਅ ਦਰਜ ਸੀ। ਸਾਲ 2006 ਵਿੱਚ ਗੁਰਦੁਆਰੇ ਦਾ ਪ੍ਰਬੰਧ ਸੰਭਾਲਣ ਵਾਲੇ ਗ੍ਰੰਥੀ ਪ੍ਰੀਤਮ ਸਿੰਘ ਤੋਂ ਪਿੰਡ ਵਾਸੀਆਂ ਵੱਲੋਂ ਕਾਫ਼ੀ ਜੱਦੋਜਹਿਦ ਤੋਂ ਬਾਅਦ ਪ੍ਰਬੰਧ ਵਾਪਸ ਲਿਆ ਗਿਆ ਸੀ। ਇਸੇ ਸੰਘਰਸ਼ ਸਮੇਂ ਪਿੰਡ ਦੇ ਇੱਕ ਨੌਜਵਾਨ ਦੀ ਮੌਤ ਸਮੇਤ ਦਰਜਨ ਦੇ ਕਰੀਬ ਵਿਅਕਤੀ ਜ਼ਖ਼ਮੀ ਹੋ ਗਏ ਸਨ। ਪਿੰਡ ਵਾਸੀਆਂ ਅਨੁਸਾਰ ਤਤਕਾਲੀ ਡਿਪਟੀ ਕਮਿਸ਼ਨਰ ਰਾਹੁਲ ਭੰਡਾਰੀ ਨੇ ਪਿੰਡ ਦੀ ਲੋਕਲ ਕਮੇਟੀ ਬਣਾ ਕੇ ਗੁਰਦੁਆਰਾ ਤੇ ਇਸ ਦੀ ਜ਼ਮੀਨ ਦਾ ਪ੍ਰਬੰਧ ਪਿੰਡ ਵਾਸੀਆਂ ਨੂੰ ਸੌਂਪ ਦਿੱਤਾ ਸੀ। ਗ੍ਰੰਥੀ ਪ੍ਰੀਤਮ ਸਿੰਘ ਤੇ ਹੋਰਾਂ ਨੂੰ ਕਤਲ ਕੇਸ ਅਧੀਨ ਜੇਲ੍ਹ ਜਾਣਾ ਪਿਆ। ਇਸੇ ਦੌਰਾਨ ਸ਼੍ਰੋਮਣੀ ਕਮੇਟੀ ਅਤੇ ਗ੍ਰੰਥੀ ਵਿਚਕਾਰ ਗੁਰਦੁਆਰੇ ਦੀ ਮਾਲਕੀ ਨੂੰ ਲੈ ਕੇ ਕੇਸ ਸੁਪਰੀਮ ਕੋਰਟ ਵਿੱਚ ਚੱਲਦਾ ਰਿਹਾ।
ਪਿੰਡ ਵਾਸੀਆਂ ਨੇ ਦੱਸਿਆ ਕਿ ਉਕਤ ਗ੍ਰੰਥੀ ਪ੍ਰੀਤਮ ਸਿੰਘ ਦੀ ਮੌਤ ਤੋਂ ਬਾਅਦ ਹੁਣ ਉਸ ਦੇ ਪਰਿਵਾਰਕ ਮੈਂਬਰਾਂ ਨੇ ਗੁਰਦੁਆਰੇ ਦੀ ਜ਼ਮੀਨ ਨੂੰ ਸ਼੍ਰੋਮਣੀ ਕਮੇਟੀ ਨਾਲ ਮਿਲ ਕੇ ਹਥਿਆਉਣ ਦੀ ਸਾਜ਼ਿਸ਼ ਰਚੀ। ਇਸ ਤਹਿਤ ਉਨ੍ਹਾਂ ਨੇ ਅਦਾਲਤ ਵਿੱਚ ਸ਼੍ਰੋਮਣੀ ਕਮੇਟੀ ਨੂੰ ਗੁਰਦੁਆਰੇ ਦੀ 130 ਏਕੜ ਜ਼ਮੀਨ ਵਿਚੋਂ 100 ਏਕੜ ਜ਼ਮੀਨ ਦੇਣ ਦੀ ਸਹਿਮਤੀ ਦੇ ਦਿੱਤੀ ਜਦਕਿ 30 ਏਕੜ ਜ਼ਮੀਨ ‘ਤੇ ਆਪਣਾ ਹੱਕ ਰੱਖਿਆ। ਅਦਾਲਤ ਨੇ 1 ਫਰਵਰੀ 2011 ਨੂੰ 30 ਏਕੜ ਜ਼ਮੀਨ ਗ੍ਰੰਥੀ ਪ੍ਰੀਤਮ ਸਿੰਘ ਤੇ 100 ਏਕੜ ਜ਼ਮੀਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦੇਣ ਦਾ ਫੈਸਲਾ ਸੁਣਾ ਦਿੱਤਾ ਜਿਸ ਦੇ ਅਧਾਰ ‘ਤੇ ਹੀ ਸ਼੍ਰੋਮਣੀ ਕਮੇਟੀ ਵੱਲੋਂ ਜ਼ਮੀਨ ‘ਤੇ ਕਬਜ਼ਾ ਕਰਨ ਦੀਆਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਸਮੂਹ ਪਿੰਡ ਵਾਸੀਆਂ ਨੇ ਇਕਜੁੱਟਤਾ ਦਾ ਪ੍ਰਗਟਾਵਾ ਕਰਦਿਆਂ ਚਿਤਾਵਨੀ ਦਿੱਤੀ ਕਿ ਜੇਕਰ ਗੁਰਦੁਆਰੇ ਦੀ ਜ਼ਮੀਨ ‘ਤੇ ਕਾਬਜ਼ ਹੋਣ ਦਾ ਯਤਨ ਕੀਤਾ ਗਿਆ ਤਾਂ ਉਹ ਕੋਈ ਵੀ ਕੁਰਬਾਨੀ ਦੇਣ ਤੋਂ ਪਿੱਛੇ ਨਹੀਂ ਹਟਣਗੇ। ਉਨ੍ਹਾਂ ਮੰਗ ਕੀਤੀ ਕਿ ਗੁਰਦੁਆਰਾ ਇਤਿਹਾਸਕ ਹੋਣ ਕਾਰਨ ਇਸ ਦੀ ਸਮੁੱਚੀ ਜਾਇਦਾਦ ਗੁਰੂ ਤੇਗ ਬਹਾਦਰ ਪਾਤਸ਼ਾਹੀ ਨੌਵੀਂ ਦੇ ਨਾਂਅ ‘ਤੇ ਹੀ ਰਹਿਣ ਦਿੱਤੀ ਜਾਵੇ। ਹਾਲੇ ਕੋਈ ਵੀ ਧਿਰ ਕਬਜ਼ਾ ਲੈਣ ਨਹੀਂ ਪੁੱਜੀ।