ਫੱਸ ਗਏ ਟਰੰਪ : ਹੁਣ ਰਾਬਰਟ ਮਿਊਲਰ ਕਰਨਗੇ ਟਰੰਪ-ਰੂਸ ਰਿਸ਼ਤਿਆਂ ਦੀ ਜਾਂਚ

ਫੱਸ ਗਏ ਟਰੰਪ : ਹੁਣ ਰਾਬਰਟ ਮਿਊਲਰ ਕਰਨਗੇ ਟਰੰਪ-ਰੂਸ ਰਿਸ਼ਤਿਆਂ ਦੀ ਜਾਂਚ

ਐਫ.ਬੀ.ਆਈ. ਦੇ ਸਾਬਕਾ ਡਾਇਰੈਕਟਰ ਹਨ ਮਿਊਲਰ, ਬੁਸ਼ ਨੇ ਕੀਤਾ ਸੀ ਨਿਯੁਕਤ
ਵਾਸ਼ਿੰਗਟਨ/ਬਿਊਰੋ ਨਿਊਜ਼ :
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਰੂਸ ਨਾਲ ਉਨ੍ਹਾਂ ਰਿਸ਼ਤਿਆਂ ਦੀ ਜਾਂਚ ਕਰ ਰਹੇ ਜੇਮਸ ਕੋਮੀ ਨੂੰ ਹਟਾ ਦਿੱਤਾ ਸੀ। ਪਰ ਹੁਣ ਇਸ ਮਾਮਲੇ ਦੀ ਜਾਂਚ ਕਰਨ ਲਈ ਐਫ.ਬੀ.ਆਈ. ਦੇ ਸਾਬਕਾ ਡਾਇਰੈਕਟਰ ਰਾਬਰਟ ਮਿਊਲਰ ਨੂੰ ਨਿਯੁਕਤ ਕੀਤਾ ਗਿਆ ਹੈ। ਇਹ ਨਿਯੁਕਤੀ ਡਿਪਟੀ ਅਟਾਰਨੀ ਜਨਰਲ ਰੋਡ ਰੋਸੈਂਸਟੀਨ ਨੇ ਕੀਤੀ ਹੈ। ਮਿਊਲਰ 72 ਸਾਲ ਦੇ ਹਨ ਅਤੇ ਜੋਰਜ ਡਬਲਿਊ ਬੁਸ਼ ਅਤੇ ਬਰਾਕ ਉਬਾਮਾ ਦੇ ਰਾਸ਼ਟਰਪਤੀ ਸ਼ਾਸਨ ‘ਚ 2001 ਤੋਂ 2013 ਤੱਕ ਐਫ.ਬੀ.ਆਈ. ਦੇ ਨਿਦਰੇਸ਼ਕ ਸਨ।
ਰੋਸੈਂਸਟੀਨ ਨੇ ਵੀਰਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਇਹ ਫੈਸਲਾ 2016 ਦੇ ਰਾਸ਼ਟਰਪਤੀ ਚੋਣ ਸਮੇਂ ਰੂਸੀ ਸਰਕਾਰ ਦੇ ਦਖਲ ਦੀਆਂ ਕੋਸ਼ਿਸ਼ਾਂ ਦੀ ਡੂੰਘਾਈ ਨਾਲ ਜਾਂਚ ਲਈ ਕੀਤਾ ਗਿਆ ਹੈ। ਇਸ ‘ਚ ਉਸ ਦੌਰਾਨ ਰੂਸੀ ਸਰਕਾਰ ਅਤੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਚੋਣ ਮੁਹਿੰਮ ‘ਚ ਸ਼ਾਮਲ ਕਿਸੇ ਵੀ ਵਿਅਕਤੀ ਦੇ ਸੰਪਰਕਾਂ ਦੀ ਜਾਂਚ ਵੀ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ‘ਚ ਸਪੈਸ਼ਲ ਕੌਂਸਲ ਜ਼ਰੂਰੀ ਹੈ, ਤਾਂ ਕਿ ਅਮਰੀਕੀ ਲੋਕਾਂ ਦਾ ਭਰੋਸਾ ਨਿਆਂ ਪ੍ਰੀਕਿਰਿਆ ‘ਤੇ ਬਣਿਆ ਰਹੇ। ਮਿਊਲਰ, ਕੂਮੀ ਤੋਂ ਪਹਿਲਾਂ ਐਫ.ਬੀ.ਆਈ. ਦੇ ਨਿਦੇਸ਼ਕ ਸਨ।
ਏ.ਬੀ.ਸੀ. ਨਿਊਜ਼ ਨੇ ਦੱਸਿਆ ਸੀ ਕਿ ਟਰੰਪ ਨੇ ਕੋਮੀ ਨੂੰ ਫਰਵਰੀ ‘ਚ ਕਿਹਾ ਸੀ ਕਿ ਉਹ ਰਾਸ਼ਟਰੀ ਸੁਰੱਖਿਆ ਸਲਾਕਹਾਰ ਮਾਈਕਲ ਫਲਿਨ ਦੇ ਵਿਰੁੱਧ ਰੂਸੀ ਸੰਪਰਕਾਂ ਦੀ ਜਾਂਚ ਰੋਕ ਦੇਣ, ਪਰ ਕੋਮੀ ਨਹੀਂ ਮੰਨੇ। ਫਲਿਨ ਨੂੰ ਅਹੁਦਾ ਛੱਡਣਾ ਪਿਆ। ਬਾਅਦ ‘ਚ ਟਰੰਪ ਨੇ ਕੂਮੀ ਨੂੰ ਬਰਖ਼ਾਸਤ ਕਰ ਦਿੱਤਾ।

2004 ‘ਚ ਕੋਮੀ ਅਤੇ ਮਿਊਲਰ ਨੇ ਬੁਸ਼ ਨੂੰ ਰੋਕਿਆ ਸੀ :
ਉਸ ਸਮੇਂ ਮਿਊਲਰ ਐਫ.ਬੀ.ਆਈ. ਦੇ ਨਿਦੇਸ਼ਕ ਸਨ ਅਤੇ ਕੋਮੀ ਡਿਪਟੀ ਅਟਾਰਨੀ ਜਨਰਲ। ਰਾਸ਼ਟਰਪਤੀ ਬੁਸ਼ ਚਾਹੁੰਦੇ ਸਨ ਕਿ ਗੁਪਤ ਤਰੀਕੇ ਨਾਲ ਸਰਕਾਰੀ ਨਿਗਰਾਨੀ ਪ੍ਰੋਗਰਾਮ ਨੂੰ ਫਿਰ ਤੋਂ ਲਾਗੂ ਕਰ ਦਿੱਤਾ ਜਾਵੇ। ਦੋਨਾਂ ਨੇ ਮਿਲ ਕੇ ਉਸ ਕੋਸ਼ਿਸ਼ ਨੂੰ ਰੋਕ ਦਿੱਤਾ। ਉਨ੍ਹਾਂ ਦੇ ਨਾਂ ਅਤੇ ਅਸਤੀਫੇ ਦੇਣ ਦੀ ਧਮਕੀ ਨੇ ਉਸ ਸਮੇਂ ਐਫ.ਬੀ.ਆਈ. ਅਤੇ ਨਿਆਂ ਵਿਭਾਗ ਨੂੰ ਹੋਰ ਮਜ਼ਬੂਤੀ ਦਿੱਤੀ ਸੀ।

ਮੈਂ ਚਾਹੁੰਦਾ ਹਾਂ ਕਿ ਪੂਰੇ ਮਾਮਲੇ ਦੀ ਜਾਂਚ ਹੋਵੇ, ਕਿਉਂਕਿ ਜਿੰਨੀ ਮਰਜ਼ੀ ਜਾਂਚ ਕਰਵਾ ਲਓ, ਨਤੀਜਾ ਉਹੀ ਸਾਹਮਣੇ ਆਵੇਗਾ ਜੋ ਸਾਰੇ ਜਾਣਦੇ ਹਨ ਕਿ ਮੇਰੀ ਚੋਣ ਮੁਹਿੰਮ ‘ਚ ਕੋਈ ਵਿਅਕਤੀ ਰੂਸੀ ਸਰਕਾਰ ਦੇ ਸੰਪਰਕ ‘ਚ ਨਹੀਂ ਸੀ।
ਡੋਨਲਡ ਟਰੰਪ, ਰਾਸ਼ਟਰਪਤੀ ਅਮਰੀਕਾ