ਭਾਰਤ ਨੇ ਪ੍ਰਗਟਾਇਆ ਖ਼ਦਸ਼ਾ-ਪਾਕਿ ਸੁਣਵਾਈ ਮੁਕੰਮਲ ਹੋਣ ਤੋਂ ਪਹਿਲਾਂ ਹੀ ਜਾਧਵ ਨੂੰ ਦੇ ਸਕਦਾ ਹੈ ਫਾਂਸੀ

ਭਾਰਤ ਨੇ ਪ੍ਰਗਟਾਇਆ ਖ਼ਦਸ਼ਾ-ਪਾਕਿ ਸੁਣਵਾਈ ਮੁਕੰਮਲ ਹੋਣ ਤੋਂ ਪਹਿਲਾਂ ਹੀ ਜਾਧਵ ਨੂੰ ਦੇ ਸਕਦਾ ਹੈ ਫਾਂਸੀ
ਕੈਪਸ਼ਨ-ਭਾਰਤੀ ਵਿਦੇਸ਼ ਮੰਤਰਾਲੇ ਦੇ ਸੰਯੁਕਤ ਸਕੱਤਰ ਡਾ. ਦੀਪਕ ਮਿੱਤਲ (ਖੱਬੇ) ਵੱਲ ਹੱਥ ਵਧਾਉਂਦੇ ਹੋਏ ਪਾਕਿਸਤਾਨ ਦੇ ਸੱਯਦ ਫਰਾਜ਼ ਹੁਸੈਨ ਜ਼ੈਦੀ ਨੂੰ ਜਵਾਬ ਵਿੱਚ ਨਮਸਕਾਰ ਕਰਦੇ ਹੋਏ ਸ੍ਰੀ ਮਿੱਤਲ।

ਹੇਗ/ਬਿਊਰੋ ਨਿਊਜ਼ :
ਭਾਰਤ ਨੇ ਇਥੇ ਕੌਮਾਂਤਰੀ ਨਿਆਇਕ ਅਦਾਲਤ (ਆਈਸੀਜੇ) ਵਿੱਚ ਮੰਗ ਕੀਤੀ ਕਿ ਪਾਕਿਸਤਾਨ ਵੱਲੋਂ ਭਾਰਤੀ ਸ਼ਹਿਰੀ ਕੁਲਭੂਸ਼ਣ ਜਾਧਵ ਨੂੰ ਸੁਣਾਈ ਗਈ ਸਜ਼ਾ-ਏ-ਮੌਤ ਫ਼ੌਰੀ ਮੁਅੱਤਲ ਕੀਤੀ ਜਾਵੇ। ਭਾਰਤ ਨੇ ਖ਼ਦਸ਼ਾ ਜ਼ਾਹਰ ਕੀਤਾ ਕਿ ਕੌਮਾਂਤਰੀ ਅਦਾਲਤ ਵਿੱਚ ਮਾਮਲੇ ਦੀ ਸੁਣਵਾਈ ਪੂਰੀ ਹੋਣ ਤੋਂ ਪਹਿਲਾਂ ਹੀ ਪਾਕਿਸਤਾਨ ਵੱਲੋਂ ਜਾਧਵ ਨੂੰ ਫਾਂਸੀ ਲਾਈ ਜਾ ਸਕਦੀ ਹੈ ਤੇ ਉਸ ਨੂੰ ਸਫ਼ਾਰਤੀ ਪਹੁੰਚ ਮੁਹੱਈਆ ਨਾ ਕਰਵਾਏ ਜਾਣ ਨੂੰ ਭਾਰਤ ਨੇ ਵੀਏਨਾ ਕਨਵੈਨਸ਼ਨ ਦਾ ਉਲੰਘਣ ਦੱਸਿਆ। ਦੂਜੇ ਪਾਸੇ ਭਾਰਤ ਦੇ ਸਾਰੇ ਦਾਅਵਿਆਂ ਨੂੰ ਖ਼ਾਰਜ ਕਰਦਿਆਂ ਪਾਕਿਸਤਾਨ ਨੇ ਕਿਹਾ ਕਿ ਵੀਏਨਾ ਕਨਵੈਨਸ਼ਨ ਤਹਿਤ ਦਹਿਸ਼ਤੀ ਸਰਗਰਮੀਆਂ ਵਿੱਚ ਸ਼ਾਮਲ ‘ਜਾਸੂਸ’ ਨੂੰ ਸਫ਼ਾਰਤੀ ਪਹੁੰਚ ਦੇਣੀ ਜ਼ਰੂਰੀ ਨਹੀਂ ਹੈ।
ਭਾਰਤੀ ਨਾਗਰਿਕ ਤੇ ਸਮੁੰਦਰੀ ਫ਼ੌਜ ਦੇ ਸਾਬਕਾ ਅਧਿਕਾਰੀ ਜਾਧਵ (46) ਨੂੰ ਪਾਕਿਸਤਾਨ ਵੱਲੋਂ ਸੁਣਾਈ ਸਜ਼ਾ-ਏ-ਮੌਤ ਖ਼ਿਲਾਫ਼ ਭਾਰਤੀ ਅਪੀਲ ਉਤੇ ਆਈਸੀਜੇ ਵਿੱਚ ਸੁਣਵਾਈ ਸ਼ੁਰੂ ਹੋਈ। ਸਜ਼ਾ ਦਾ ਵਿਰੋਧ ਕਰਦਿਆਂ ਭਾਰਤ ਨੇ ਕਿਹਾ ਕਿ ਇਸ ਮਾਮਲੇ ਵਿੱਚ ਸਥਿਤੀ ਇੰਨੀ ਨਾਜ਼ੁਕ ਹੈ ਕਿ ਉਸ ਨੂੰ ‘ਬੜੇ ਘੱਟ ਸਮੇਂ’ ਵਿੱਚ ਕੌਮਾਂਤਰੀ  ਅਦਾਲਤ ਦਾ ਬੂਹਾ ਖੜਕਾਉਣਾ ਪਿਆ ਹੈ। ਭਾਰਤ ਦਾ ਪੱਖ ਰੱਖਦਿਆਂ ਵਿਦੇਸ਼ ਮੰਤਰਾਲੇ ਦੇ ਸੰਯੁਕਤ ਸਕੱਤਰ ਦੀਪਕ ਮਿੱਤਲ ਨੇ ਕਿਹਾ, ”ਜਾਧਵ ਨੂੰ ਢੁਕਵੀਂ ਕਾਨੂੰਨੀ ਸਹਾਇਤਾ ਲੈਣ ਤੇ ਸਫ਼ਾਰਤੀ ਪਹੁੰਚ ਦਾ ਹੱਕ ਹਾਸਲ ਨਹੀਂ ਹੋਇਆ। ਉਸ ਨੂੰ ਇਸ ਅਦਾਲਤ ਵੱਲੋਂ ਫ਼ੈਸਲਾ ਸੁਣਾਏ ਜਾਣ ਤੋਂ ਪਹਿਲਾਂ ਹੀ ਪਾਕਿਸਤਾਨ ਵੱਲੋਂ ਫਾਂਸੀ ਦੇ ਦਿੱਤੇ ਜਾਣ ਦਾ ਖ਼ਤਰਾ ਬਣਿਆ ਹੋਇਆ ਹੈ।” ਦੋਵੇਂ ਮੁਲਕ 18 ਸਾਲ ਬਾਅਦ ਆਈਸੀਜੇ ਵਿੱਚ ਆਹਮੋ-ਸਾਹਮਣੇ ਹੋਏ ਹਨ। ਇਸ ਤੋਂ ਪਹਿਲਾਂ ਪਾਕਿਸਤਾਨ ਨੇ ਆਪਣੀ ਸਮੁੰਦਰੀ ਸੈਨਾ ਦੇ ਹਵਾਈ ਜਹਾਜ਼ ਨੂੰ ਭਾਰਤ ਵੱਲੋਂ ਫੁੰਡੇ ਜਾਣ ਖ਼ਿਲਾਫ਼ ਕੌਮਾਂਤਰੀ ਅਦਾਲਤ ਦਾ ਦਖ਼ਲ ਮੰਗਿਆ ਸੀ।
ਭਾਰਤ ਨੇ ਕਿਹਾ ਕਿ ਪਾਕਿਸਤਾਨ ਨੇ ਵੀਏਨਾ ਕਨਵੈਨਸ਼ਨ ਦਾ ਉਲੰਘਣ ਕਰਦਿਆਂ ਜਾਧਵ ਨੂੰ ਸਫ਼ਾਰਤੀ ਰਸਾਈ ਨਹੀਂ ਦਿੱਤੀ ਅਤੇ ਉਸ ਖ਼ਿਲਾਫ਼ ‘ਹਾਸੋਹੀਣੇ’ ਤੇ ‘ਬਨਾਵਟੀ’ ਸਬੂਤਾਂ ਦੇ ਆਧਾਰ ਉਤੇ ਮੁਕੱਦਮਾ ਚਲਾਇਆ ਗਿਆ। ਭਾਰਤੀ ਵਕੀਲ ਹਰੀਸ਼ ਸਾਲਵੇ ਨੇ ਕਿਹਾ, ”ਜਦੋਂ ਇਹ ਅਦਾਲਤ ਅਪੀਲ ਉਤੇ ਸੁਣਵਾਈ ਕਰ ਰਹੀ ਹੋਵੇ ਤਾਂ ਫਾਂਸੀ ਦੀ ਸਜ਼ਾ ਨੂੰ ਅਮਲ ਵਿੱਚ ਨਹੀਂ ਲਿਆਂਦਾ ਜਾ ਸਕਦਾ। ਨਹੀਂ ਤਾਂ ਇਹ ਵੀਏਨਾ ਕਨਵੈਨਸ਼ਨ ਦਾ ਉਲੰਘਣ ਹੋਵੇਗਾ।” ਗ਼ੌਰਤਲਬ ਹੈ ਕਿ ਭਾਰਤ ਦੀਆਂ ਸਫ਼ਾਰਤੀ ਪਹੁੰਚ ਦੀਆਂ 16 ਬੇਨਤੀਆਂ ਨੂੰ ਪਾਕਿਸਤਾਨ ਠੁਕਰਾ ਚੁੱਕਾ ਹੈ। ਬੀਤੇ ਹਫ਼ਤੇ ਆਈਸੀਜੇ ਨੇ ਸਜ਼ਾ ਉਤੇ ਰੋਕ ਲਾ ਦਿੱਤੀ ਸੀ, ਜਿਸ ਤੋਂ ਬਾਅਦ ਮਾਮਲੇ ਉਤੇ ਇਹ ਫ਼ੌਰੀ ਸੁਣਵਾਈ ਹੋ ਰਹੀ ਹੈ। ਪਾਕਿਸਤਾਨ ਨੇ ਜਦੋਂ ਆਪਣਾ ਪੱਖ ਪੇਸ਼ ਕਰਦਿਆਂ ਜਾਧਵ ਦੇ ਇਕਬਾਲੀਆ ਬਿਆਨ ਦੀ ਵੀਡੀਓ ਚਲਾਉਣੀ ਚਾਹੀ ਤਾਂ ਅਦਾਲਤ ਨੇ ਇਸ ਦੀ ਇਜਾਜ਼ਤ     ਨਹੀਂ ਦਿੱਤੀ। ਪਾਕਿਸਤਾਨ ਨੇ ਉਸ ਦੀ ਸਜ਼ਾ ਖ਼ਿਲਾਫ਼ ਦਾਇਰ ਅਪੀਲ ਨੂੰ ‘ਬੇਲੋੜੀ ਤੇ ਗ਼ਲਤ ਢੰਗ ਨਾਲ ਪੇਸ਼’ ਕੀਤੇ ਜਾਣ ਦਾ ਦੋਸ਼ ਲਾਉਂਦਿਆਂ ਮੰਗ ਕੀਤੀ ਕਿ ਅਪੀਲ ਖ਼ਾਰਜ ਕਰ ਦਿੱਤੀ ਜਾਵੇ। ਪਾਕਿਸਤਾਨੀ ਵਿਦੇਸ਼ ਮੰਤਰਾਲੇ ਦੇ ਅਧਿਕਾਰੀ ਮੁਹੰਮਦ ਫ਼ੈਸਲ ਨੇ ਦੋਸ਼ ਲਾਇਆ ਕਿ ਜਾਧਵ ਕੋਲੋਂ ਮਿਲੇ ਪਾਸਪੋਰਟ ਵਿੱਚ ਉਸ ਦਾ ਮੁਸਲਮਾਨੀ ਨਾਂ ਲਿਖਿਆ ਹੈ, ਜਿਸ ਬਾਰੇ ਭਾਰਤ ਨੇ ਕੋਈ ਸਫ਼ਾਈ ਨਹੀਂ ਦਿੱਤੀ। ਉਨ੍ਹਾਂ ਜਾਧਵ ਨੂੰ ਭਾਰਤੀ ਖ਼ੁਫ਼ੀਆ ਏਜੰਸੀ ‘ਰਾਅ’ ਦਾ ਏਜੰਟ ਕਰਾਰ ਦਿੱਤਾ। ਉਨ੍ਹਾਂ ਦੋਸ਼ ਲਾਇਆ ਕਿ ਭਾਰਤ ਵੱਲੋਂ ਇਸ ਅਦਾਲਤ ਨੂੰ ‘ਸਿਆਸੀ ਡਰਾਮੇ’ ਵਜੋਂ ਵਰਤਿਆ ਜਾ ਰਿਹਾ ਹੈ। ਪਾਕਿਸਤਾਨ ਦੇ ਵਕੀਲ ਖ਼ਾਵਰ ਕੁਰੈਸ਼ੀ ਨੇ ਕਿਹਾ ਕਿ ਜਾਧਵ ਉਤੇ ਪਾਕਿਸਤਾਨ ਵੱਲੋਂ ਲਾਏ ਗਏ ਦੋਸ਼ਾਂ ਦਾ ਭਾਰਤ ਨੇ ਕੋਈ ਜਵਾਬ ਨਹੀਂ ਦਿੱਤਾ ਤੇ ਪੂਰੀ ਤਰ੍ਹਾਂ ਚੁੱਪ ਧਾਰ ਲਈ ਹੈ।

ਭਾਰਤੀ ਸਫ਼ੀਰ ਨੇ ਦੂਰੋਂ ਹੀ ਕੀਤਾ ਨਮਸਕਾਰ :
ਭਾਰਤ ਤੇ ਪਾਕਿਸਤਾਨ ਦੇ ਰਿਸ਼ਤਿਆਂ ਵਿਚ ਆ ਚੁੱਕੀ ਠੰਢਕ ਇਥੇ ਉਦੋਂ ਜ਼ਾਹਰ ਹੋਈ ਜਦੋਂ ਇਥੇ ਕੌਮਾਂਤਰੀ ਨਿਆਇਕ ਅਦਾਲਤ ਵਿੱਚ ਕੁਲਭੂਸ਼ਣ ਜਾਧਵ ਦੇ ਕੇਸ ਦੀ ਸੁਣਵਾਈ ਦੌਰਾਨ ਪਾਕਿਤਸਾਨੀ ਵਫ਼ਦ ਦੇ ਅਧਿਕਾਰੀ ਵੱਲੋਂ ਹੱਥ ਮਿਲਾਉਣ ਲਈ ਕੱਢੇ ਜਾਣ ਉਤੇ ਭਾਰਤੀ ਸਫ਼ੀਰ ਨੇ ਦੂਰੋਂ ਹੀ ਨਮਸਕਾਰ ਆਖ ਸਾਰ ਦਿੱਤਾ। ਭਾਰਤੀ ਵਿਦੇਸ਼ ਮੰਤਰਾਲੇ ਵਿੱਚ ਸੰਯੁਕਤ ਸਕੱਤਰ ਦੀਪਕ ਮਿੱਤਲ, ਜੋ ਭਾਰਤ ਦੀ ਨੁਮਾਇੰਦਗੀ ਕਰ ਰਹੇ ਹਨ, ਨਾਲ ਜਦੋਂ ਨੀਦਰਜ਼ਲੈਂਡ ਵਿੱਚ ਪਾਕਿਸਤਾਨੀ ਸਫ਼ਾਰਤਖ਼ਾਨੇ ਦੇ  ਅਧਿਕਾਰੀ ਸੱਯਦ ਫ਼ਰਾਜ਼ ਹੁਸੈਨ ਜ਼ੈਦੀ ਨੇ ਹੱਥ ਮਿਲਾਉਣਾ ਚਾਹਿਆ ਤਾਂ ਸ੍ਰੀ ਮਿੱਤਲ ਮਹਿਜ਼ ਹੱਥ ਜੋੜ ਕੇ ਅੱਗੇ ਵਧ ਗਏ।