12 ਨਵੇਂ ਪੁਲਾੜ ਯਾਤਰੀਆਂ ਵਾਲੀ ਨਾਸਾ ਟੀਮ ‘ਚ ਭਾਰਤੀ-ਅਮਰੀਕੀ ਸ਼ਾਮਲ

12 ਨਵੇਂ ਪੁਲਾੜ ਯਾਤਰੀਆਂ ਵਾਲੀ ਨਾਸਾ ਟੀਮ ‘ਚ ਭਾਰਤੀ-ਅਮਰੀਕੀ ਸ਼ਾਮਲ

ਹਿਊਸਟਨ/ਬਿਊਰੋ ਨਿਊਜ਼ :
ਨਾਸਾ ਨੇ ਰਿਕਾਰਡ 18,000 ਤੋਂ ਵਧ ਬਿਨੈਕਾਰਾਂ ‘ਚੋਂ ਇਕ ਭਾਰਤੀ-ਅਮਰੀਕੀ ਸਮੇਤ 12 ਨਵੇਂ ਪੁਲਾੜ ਯਾਤਰੀਆਂ ਦੀ ਚੋਣ ਕੀਤੀ ਹੈ, ਜਿਨ੍ਹਾਂਂ ਨੂੰ ਧਰਤੀ ਦੇ ਪੰਥ ਅਤੇ ਪੁਲਾੜ ਵਿਚ ਮੁਹਿੰਮਾਂ ਲਈ ਟ੍ਰੇਨਿੰਗ ਦਿੱਤੀ ਜਾਵੇਗੀ। ਇਸ ਭਾਰਤੀ-ਅਮਰੀਕੀ ਦਾ ਨਾਂ ਰਾਜਾ ਚਾਰੀ ਹੈ। ਇਸ ਸਮੂਹ ‘ਚ 7 ਪੁਰਸ਼ ਅਤੇ 5 ਔਰਤਾਂ ਸ਼ਾਮਲ ਹਨ। ਨਾਸਾ ਦਾ ਇਹ ਪਿਛਲੇ ਦੋ ਦਹਾਕਿਆਂ ਵਿਚ ਸਭ ਤੋਂ ਵੱਡਾ ਚੋਣ ਸਮੂਹ ਹੈ। ਇਨ੍ਹਾਂ ਲੋਕਾਂ ਦੀ ਚੋਣ 18,300 ਬਿਨੈਕਾਰਾਂ ‘ਚੋਂ ਕੀਤੀ ਗਈ ਹੈ। ਨਾਸਾ ਨੂੰ ਕਿਸੇ ਖੁੱਲ੍ਹੇ ਪੁਲਾੜ ਯਾਤਰੀ ਸੱਦੇ ਦੌਰਾਨ ਪਹਿਲਾਂ ਕਦੇ ਇੰਨੀਆਂ ਬੇਨਤੀਆਂ ਨਹੀਂ ਮਿਲੀਆਂ।
ਪੁਲਾੜ ਯਾਤਰੀ ਦੇ ਤੌਰ ‘ਤੇ ਚੁਣੇ ਜਾਣ ਲਈ ਉਮੀਦਵਾਰਾਂ ਨੂੰ ਸਿੱਖਿਆ ਅਤੇ ਅਨੁਭਵ ਸੰਬੰਧੀ ਮਾਪਦੰਡਾਂ ਨੂੰ ਪੂਰਾ ਕਰਨਾ ਸੀ, ਜਿਵੇਂ ਕਿ ਉਨ੍ਹਾਂ ਕੋਲ ਵਿਗਿਆਨ, ਤਕਨੀਕ, ਇੰਜਨੀਅਰਿੰਗ ਅਤੇ ਗਣਿਤ ‘ਚ ਗਰੈਜੂਏਟ ਦੀ ਡਿਗਰੀ ਜਾਂ ਜੈੱਟ ਜਹਾਜ਼ ਨੂੰ ਉਡਾਣ ਦਾ 1,000 ਘੰਟਿਆਂ ਦਾ ਅਨੁਭਵ ਹੋਣਾ ਚਾਹੀਦਾ ਹੈ। ਚੁਣੇ ਗਏ ਪੁਲਾੜ ਯਾਤਰੀਆਂ ਨੂੰ ਦੋ ਸਾਲ ਦੀ ਟ੍ਰੇਨਿੰਗ ਦਿੱਤੀ ਜਾਵੇਗੀ। ਟ੍ਰੇਨਿੰਗ ਖਤਮ ਹੋਣ ਤੋਂ ਬਾਅਦ ਉਨ੍ਹਾਂ ਨੂੰ ਕੌਮਾਂਤਰੀ ਪੁਲਾੜ ਸਟੇਸ਼ਨ ‘ਚ ਮਿਸ਼ਨ ਦੌਰਾਨ ਖੋਜ ਦਾ ਕੰਮ ਸੌਂਪਿਆ ਜਾ ਸਕਦਾ ਹੈ।
ਅਮਰੀਕਾ ਦੇ ਉਪ ਰਾਸ਼ਟਰਪਤੀ ਮਾਈਕ ਪੇਂਸ ਨੇ ਨਾਸਾ ਅਧਿਕਾਰੀਆਂ ਨਾਲ ਮਿਲ ਕੇ ਚੁਣੇ ਗਏ ਪੁਲਾੜ ਯਾਤਰੀਆਂ ਦਾ ਐਲਾਨ ਹਿਊਸਟਨ ‘ਚ ਕੀਤਾ। ਪੇਂਸ ਨੇ ਕਿਹਾ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਪੁਲਾੜ ‘ਚ ਨਾਸਾ ਦੇ ਮਿਸ਼ਨ ਪ੍ਰਤੀ ਵਚਨਬੱਧ ਹਨ।