ਗੁਰਦੁਆਰਾ ਗਿਆਨ ਗੋਦੜੀ ਦੀ ਮੁੜ ਸਥਾਪਨਾ ਲਈ ਸਾਂਝੀ ਮੁਹਿੰਮ ਸ਼ੁਰੂ ਕਰਨ ਦੀ ਅਪੀਲ

ਗੁਰਦੁਆਰਾ ਗਿਆਨ ਗੋਦੜੀ ਦੀ ਮੁੜ ਸਥਾਪਨਾ ਲਈ ਸਾਂਝੀ ਮੁਹਿੰਮ ਸ਼ੁਰੂ ਕਰਨ ਦੀ ਅਪੀਲ
ਕੈਪਸ਼ਨ-ਦਿੱਲੀ ਕਮੇਟੀ ਦਾ ਵਫ਼ਦ ਪ੍ਰਧਾਨ ਮਨਜੀਤ ਸਿੰਘ ਜੀਕੇ ਦੀ ਅਗਵਾਈ ਹੇਠ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨਾਲ ਮੁਲਾਕਾਤ ਕਰਦਾ ਹੋਇਆ।

ਅੰਮ੍ਰਿਤਸਰ/ਬਿਊਰੋ ਨਿਊਜ਼ :
ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਹਰਿਦੁਆਰ ਸਥਿਤ ਹਰਿ ਕੀ ਪਉੜੀ ਵਿਖੇ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਗੁਰਦੁਆਰੇ ਦੀ ਮੁੜ ਉਸਾਰੀ ਦੀ ਮੁਹਿੰਮ ਲਈ ਸਮੁੱਚੀ ਕੌਮ ਨੂੰ ਇਕ ਮੰਚ ‘ਤੇ ਇਕੱਠੇ ਹੋਣ ਦਾ ਸੱਦਾ ਦਿੱਤਾ ਹੈ। ਇਸ ਤਹਿਤ ਦੇਸ਼-ਵਿਦੇਸ਼ ਦੀ ਸੰਗਤ ਨੂੰ 14 ਮਈ ਨੂੰ ਆਪੋ ਆਪਣੇ ਨਗਰ ਦੇ ਗੁਰਦੁਆਰਿਆਂ ਜਾਂ ਘਰਾਂ ਵਿੱਚ ਜਪੁਜੀ ਸਾਹਿਬ ਦੇ ਪਾਠ ਅਤੇ ਅਰਦਾਸ ਕਰਨ ਦੀ ਅਪੀਲ ਕੀਤੀ ਗਈ, ਜਿਸ ਮਗਰੋਂ ਅਗਲਾ ਸਾਂਝਾ ਪ੍ਰੋਗਰਾਮ ਜਾਰੀ ਕੀਤਾ ਜਾਵੇਗਾ।
ਇਸ ਸਬੰਧੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਸਮੇਤ ਹੋਰ ਅਹੁਦੇਦਾਰ ਅਤੇ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਅਮਰਜੀਤ ਸਿੰਘ ਚਾਵਲਾ ਤੇ ਹੋਰ ਮੈਂਬਰ ਸਾਂਝੇ ਰੂਪ ਵਿੱਚ ਗਿਆਨੀ ਗੁਰਬਚਨ ਸਿੰਘ ਨੂੰ ਮਿਲੇ। ਦੋਵਾਂ ਅਹਿਮ ਸਿੱਖ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਗੁਰਦੁਆਰਾ ਗਿਆਨ ਗੋਦੜੀ ਦੀ ਮੁੜ ਸਥਾਪਨਾ ਲਈ ਸਾਂਝੀ ਮੁਹਿੰਮ ਸ਼ੁਰੂ ਕਰਨ ਦੀ ਅਪੀਲ ਕੀਤੀ ਅਤੇ ਇਸ ਮੁਹਿੰਮ ਦੀ ਕਮਾਂਡ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਨੂੰ ਚਲਾਉਣ ਲਈ ਆਖਿਆ। ਇਸ ਨੂੰ ਗਿਆਨੀ ਗੁਰਬਚਨ ਸਿੰਘ ਨੇ ਸਵੀਕਾਰ ਕੀਤਾ ਅਤੇ ਇਸ ਮਾਮਲੇ ਵਿੱਚ ਸਮੁੱਚੀ ਸਿੱਖ ਕੌਮ ਨੂੰ ਸਿਆਸੀ ਤੇ ਨਿੱਜੀ ਮੁਫ਼ਾਦ ਤੋਂ ਉਪਰ ਉੱਠ ਕੇ ਗੁਰਦੁਆਰੇ ਦੀ ਮੁੜ ਸਥਾਪਨਾ ਲਈ ਇਕ ਮੰਚ ‘ਤੇ ਇਕੱਠੇ ਹੋਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸਮੁੱਚੀ ਸਿੱਖ ਕੌਮ ਨੂੰ ਅਪੀਲ ਕੀਤੀ ਹੈ ਕਿ 14 ਮਈ ਨੂੰ ਸਵੇਰੇ ਜਪੁਜੀ ਸਾਹਿਬ ਦੇ ਪਾਠ ਮਗਰੋਂ ਅਰਦਾਸ ਕਰਨ। ਉਨ੍ਹਾਂ ਆਖਿਆ ਕਿ ਹਰਿ ਕੀ ਪਉੜੀ ਵਿਖੇ ਜਿੱਥੇ ਪੁਰਾਤਨ ਗੁਰਦੁਆਰਾ ਸੀ, ਉਹ ਥਾਂ ਲੈਣ ਲਈ ਯਤਨ ਕੀਤਾ ਜਾਵੇਗਾ। ਇਸ ਸਬੰਧੀ ਸ਼ਾਂਤਮਈ ਢੰਗ ਨਾਲ ਮੁਹਿੰਮ ਚਲਾਈ ਜਾਵੇਗੀ।
ਗਿਆਨੀ ਗੁਰਬਚਨ ਸਿੰਘ ਨੇ ਹਰਿਦੁਆਰ ਦੀ ਸਿੱਖ ਸੰਗਤ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਸ੍ਰੀ ਅਕਾਲ ਤਖ਼ਤ ‘ਤੇ ਆ ਕੇ  ਮੌਜੂਦਾ ਸਥਿਤੀ ਸਪੱਸ਼ਟ ਕਰਨ। ਇਸ ਸਬੰਧੀ ਪੰਜ ਸਿੰਘ ਸਾਹਿਬਾਨ, ਦਿੱਲੀ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨਾਂ, ਸਿੱਖ ਬੁੱਧੀਜੀਵੀਆਂ ਨਾਲ ਮੀਟਿੰਗ ਮਗਰੋਂ ਅਗਲੇ ਪ੍ਰੋਗਰਾਮ ਦੀ ਰੂਪ ਰੇਖਾ ਦਾ ਐਲਾਨ ਕੀਤਾ ਜਾਵੇਗਾ। ਇਸ ਦੌਰਾਨ ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਦੱਸਿਆ ਕਿ 1978-79 ਵਿੱਚ ਹਰਿ ਕੀ ਪਉੜੀ ਵਿੱਚ ਪੁਰਾਤਨ ਗੁਰਦੁਆਰਾ ਢਹਿ-ਢੇਰੀ ਕਰ ਦਿੱਤਾ ਗਿਆ ਸੀ, ਜਿੱਥੇ ਹੁਣ ਇਸ ਵੇਲੇ ਸਕਾਊਟ ਐਂਡ ਗਾਇਡ ਦਾ ਦਫ਼ਤਰ ਬਣਿਆ ਹੋਇਆ ਹੈ। ਸਿੱਖ ਸੰਗਤ ਦੀ ਮੰਗ ਹੈ ਕਿ ਉੱਤਰਾਖੰਡ ਸਰਕਾਰ ਇਹ ਥਾਂ ਸਿੱਖ ਸੰਗਤ ਨੂੰ ਸੌਂਪੇ ਤਾਂ ਜੋ ਇੱਥੇ ਯਾਦਗਾਰ ਸਥਾਪਤ ਕੀਤੀ ਜਾ ਸਕੇ। ਉਨ੍ਹਾਂ ਖੁਲਾਸਾ ਕੀਤਾ ਕਿ ਇਸ ਜ਼ਮੀਨ ਦਾ ਮਾਮਲਾ ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਦੋਵਾਂ ਸਰਕਾਰਾਂ ਵਿਚਾਲੇ ਹੋਣ ਕਾਰਨ ਤਕਨੀਕੀ ਤੌਰ ‘ਤੇ ਸਮੱਸਿਆ ਹੈ। ਉਨ੍ਹਾਂ ਉਮੀਦ ਪ੍ਰਗਟਾਈ ਕਿ ਗੁਰੂ ਨਾਨਕ ਦੇਵ ਜੀ ਦੀ ਜਨਮ ਸ਼ਤਾਬਦੀ ਵਰ੍ਹੇ ਤੱਕ ਇਹ ਗੁਰਦੁਆਰੇ ਦੀ ਜ਼ਮੀਨ ਮਿਲ ਜਾਵੇਗੀ ਅਤੇ ਗੁਰਦੁਆਰੇ ਦੀ ਉਸਾਰੀ ਸ਼ੁਰੂ ਹੋ ਜਾਵੇਗੀ।
ਦੱਸਣਯੋਗ ਹੈ ਕਿ ਉੱਤਰਾਖੰਡ ਸਰਕਾਰ ਵੱਲੋਂ ਹਰਿ ਕੀ ਪਉੜੀ ਦੀ ਥਾਂ ਹੋਰ ਜਗ੍ਹਾ ਦੇਣ ਦੀ ਪੇਸ਼ਕਸ਼ ਵੀ ਕੀਤੀ ਜਾ ਚੁੱਕੀ ਹੈ। ਸਿੱਖ ਸੰਗਤ ਦੀ ਮੰਗ ਹੈ ਕਿ ਉੱਤਰਾਖੰਡ ਸਰਕਾਰ ਹਰਿ ਕੀ ਪਉੜੀ ਵਿਖੇ ਗੁਰਦੁਆਰੇ ਵਾਲੀ ਅਸਲ ਥਾਂ ਉਤੇ ਕੁਝ ਜਗ੍ਹਾ ਦੇਵੇ, ਜਿੱਥੇ ਸੰਕੇਤਕ ਯਾਦਗਾਰ ਬਣਾਈ ਜਾਵੇ ਅਤੇ ਗੁਰਦੁਆਰਾ ਕਿਸੇ ਹੋਰ ਥਾਂ ਬਣਾਇਆ ਜਾਵੇ।