ਫ਼ੌਜੀ ਕੰਟੀਨ ਵਿਚ ਪਤੰਜਲੀ ਆਂਵਲਾ ਜੂਸ ‘ਤੇ ਪਾਬੰਦੀ

ਫ਼ੌਜੀ ਕੰਟੀਨ ਵਿਚ ਪਤੰਜਲੀ ਆਂਵਲਾ ਜੂਸ ‘ਤੇ ਪਾਬੰਦੀ

ਮੁੰਬਈ/ਬਿਊਰੋ ਨਿਊਜ਼ :
ਕੰਟੀਨ ਸਟੋਰਸ ਡਿਪਾਰਟਸਮੈਂਟ (ਸੀ.ਐਸ.ਡੀ.) ਨੇ ਯੋਗ ਗੁਰੂ ਰਾਮਦੇਵ ਦੀ ਪਤੰਜਲੀ ਆਯੁਰਵੈਦ ਦੇ ਆਂਵਲਾ ਜੂਸ ਦੀ ਵਿਕਰੀ ‘ਤੇ ਰੋਕ ਲਗਾ ਦਿੱਤੀ ਹੈ। ਸੀ.ਐਸ.ਡੀ. ਨੇ ਇਹ ਕਦਮ ਇਸ ਪ੍ਰੋਡਕਟ ਬਾਰੇ ਸਰਕਾਰੀ ਲੈਬੋਰਟਰੀ ਤੋਂ ਨਮੂਨੇ ਫੇਲ੍ਹ ਹੋਣ ਤੋਂ ਬਾਅਦ ਚੁੱਕਿਆ ਹੈ। ਸੀ.ਐਸ.ਡੀ. ਨੇ 3 ਅਪ੍ਰੈਲ 2017 ਨੂੰ ਲਿਖੇ ਗਏ ਇਕ ਪੱਤਰ ਵਿਚ ਆਪਣੇ ਸਾਰੇ ਡਿਪੂਆਂ ਨੂੰ ਕਿਹਾ ਹੈ ਕਿ ਉਹ ਮੌਜੂਦਾ ਸਟਾਕ ਲਈ ਇਕ ਡੇਬਿਟ ਨੋਟ ਬਣਾਉਣ ਤਾਂ ਕਿ ਉਸ ਨੂੰ ਵਾਪਸ ਕੀਤਾ ਜਾ ਸਕੇ। ਪਤੰਜਲੀ ਆਯੁਰਵੈਦ ਨੇ ਸ਼ੁਰੂਆਤ ਵਿਚ ਜੋ ਉਤਪਾਦ ਬਾਜ਼ਾਰ ਵਿਚ ਉਤਾਰੇ ਸਨ, ਉਨਾਂ ਵਿਚੋਂ ਆਂਵਲਾ ਜੂਸ ਸ਼ਾਮਲ ਸੀ। ਬਾਜ਼ਾਰ ਵਿਚ ਆਂਵਲਾ ਜੂਸ ਦੀ ਸਫਲਤਾ ਨੇ ਕੰਪਨੀ ਨੂੰ ਦੋ ਦਰਜਨ ਤੋਂ ਜ਼ਿਆਦਾ ਕੈਟਾਗਰੀ ਵਿਚ ਪ੍ਰੋਡਕਟ ਪੇਸ਼ ਕਰਨ ਵਿਚ ਮਦਦ ਕੀਤੀ ਸੀ। ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਦੋ ਅਧਿਕਾਰੀਆਂ ਨੇ ਦੱਸਿਆ ਕਿ ਇਸ ਬੈਚ ਦੀ ਜਾਂਚ ਕੋਲਕਾਤਾ ਦੀ ਸੈਂਟਰਲ ਫੂਡ ਲੈਬੋਰਟਰੀ ਵਿਚ ਕੀਤੀ ਗਈ ਸੀ। ਜਾਂਚ ਵਿਚ ਉਸ ਨੂੰ ਉਪਯੋਗ ਕਰਨ ਯੋਗ ਨਹੀਂ ਪਾਇਆ ਗਿਆ। ਕੋਲਕਾਤਾ ਦੀ ਰੈਫਰਲ ਗੌਰਮੈਂਟ ਲੈਬੋਰਟਰੀ ਉਹੀ ਪ੍ਰਯੋਗਸ਼ਾਲਾ ਹੈ ਜਿਸ ਨੇ ਦੋ ਸਾਲ ਪਹਿਲਾਂ ਮੈਗੀ ਵਿਚ ਜ਼ਿਆਦਾ ਮਾਤਰਾ ਵਿਚ ਰਾਸਾਇਣ ਹੋਣ ਦਾ ਐਲਾਨ ਕੀਤਾ ਸੀ।