ਸਿਆਸੀ ਵੰਡੀਆਂ ਨੇ ਪੇਂਡੂ ਲੋਕ ਰਾਜ ਦਾ ਦਮ ਘੁੱਟਿਆ

ਸਿਆਸੀ ਵੰਡੀਆਂ ਨੇ ਪੇਂਡੂ ਲੋਕ ਰਾਜ ਦਾ ਦਮ ਘੁੱਟਿਆ

ਕੈਪਸ਼ਨ-ਬਠਿੰਡਾ ਦੇ ਪਿੰਡ ਅਕਲੀਆ ਕਲਾਂ ਦੀ ਸਰਪੰਚ ਲੋਕਾਂ ਨਾਲ।  
ਬਠਿੰਡਾ/ਬਿਊਰੋ ਨਿਊਜ਼ :
ਪੰਜਾਬ ਦੇ ਪੇਂਡੂ ਲੋਕ ਰਾਜ ਵਿਚ ਹੁਣ ਰੂਹ ਨਹੀਂ ਧੜਕਦੀ। ਸਿਆਸੀ ਵੰਡੀ ਨੇ ਲੋਕ ਤਾਕਤ ਨੂੰ ਦਮੋਂ ਕੱਢ ਦਿੱਤਾ ਹੈ। ਤਾਹੀਓਂ ਪੇਂਡੂ ਵਿਕਾਸ ਵਿਚੋਂ ਲੋਕ ਮਨਫ਼ੀ ਹੁੰਦੇ ਜਾ ਰਹੇ ਹਨ। ਹੁਣ ਸਰਪੰਚਾਂ ਦੀ ਮਨਮਰਜ਼ੀ ਹੀ ‘ਲੋਕ ਰਾਇ’ ਬਣ ਜਾਂਦੀ ਹੈ। ਚੇਤਨਤਾ ਦੀ ਕਮੀ ਤੇ ਪੰਚਾਇਤਾਂ ਵਿਚ ਭਰੋਸੇ ਨੂੰ ਵੱਜੀ ਸੱਟ ਨੇ ਗਰਾਮ ਸਭਾ ਦਾ ਵਜੂਦ ਦਾਅ ‘ਤੇ ਲਾ ਦਿੱਤਾ ਹੈ। ਮਾਲਵਾ ਖ਼ਿੱਤੇ ਵਿਚ ਗਰਾਮ ਸਭਾ ਦੇ ਆਮ ਇਜਲਾਸ ਵੀ ਹੁਣ ਫਰਜ਼ੀ ਹੁੰਦੇ ਹਨ। ਸਰਪੰਚਾਂ ਦੇ ਘਰਾਂ ਵਿਚੋਂ ਇਹ ਇਜਲਾਸ ਬਾਹਰ ਨਹੀਂ ਨਿਕਲਦੇ। ਬਠਿੰਡਾ ਅਤੇ ਮਾਨਸਾ ਜ਼ਿਲ੍ਹੇ ਵਿਚ ਹਕੀਕੀ ਰੂਪ ਵਿਚ ਸਿਰਫ਼ ਚਾਰ ਪੰਜ ਪਿੰਡਾਂ ਵਿਚ ਗਰਾਮ ਸਭਾ ਦੇ ਇਜਲਾਸ ਬਕਾਇਦਾ ਰੂਪ ਵਿਚ ਹਾੜੀ ਸਾਉਣੀ ਹੁੰਦੇ ਹਨ। ਬਾਕੀ ਬਹੁਤੇ ਪਿੰਡਾਂ ਵਿਚ ਕਾਗਜ਼ੀ ਅਜਲਾਸ ਹੁੰਦੇ ਹਨ।
ਸੀਨੀਅਰ ਪੱਤਰਕਾਰ ਚਰਨਜੀਤ ਭੁੱਲਰ ਦੀ ਰਿਪੋਰਟ ਅਨੁਸਾਰ ਪੰਜਾਬ ਵਿਚ 7754 ਪੰਚਾਇਤਾਂ ਕੋਲ ਤਾਂ ਪੰਚਾਇਤ ਘਰ ਹੀ ਨਹੀਂ ਹੈ। ਕੇਂਦਰ ਸਰਕਾਰ ਬਾਕੀ ਸੂਬਿਆਂ ਨੂੰ ਪੰਚਾਇਤ ਘਰਾਂ ਵਾਸਤੇ ਫੰਡ ਭੇਜ ਰਹੀ ਹੈ ਪ੍ਰੰਤੂ ਪੰਜਾਬ ਇਸ ਮਾਮਲੇ ਵਿਚ ਪਛੜਿਆ ਹੋਇਆ ਹੈ। ਪੰਚਾਇਤ ਘਰ ਨਾ ਹੋਣ ਕਰਕੇ ਸਰਪੰਚ ਇਹੋ ਬਹਾਨਾ ਘੜਦੇ ਹਨ ਕਿ ਉਹ ਆਮ ਇਜਲਾਸ ਕਰਨ ਕਿਥੇ। ਬਠਿੰਡਾ ਦੇ ਅਕਲੀਆਂ ਕਲਾਂ ਦੀ ਮਹਿਲਾ ਸਰਪੰਚ ਅਮਰਦੀਪ ਕੌਰ ਏਦਾਂ ਦੀ ਸੋਚ ਨਹੀਂ ਰੱਖਦੀ। ਉਹ ਮਈ ਜੂਨ ਅਤੇ ਦਸੰਬਰ ਦੇ ਮਹੀਨੇ ਵਿਚ ਬਕਾਇਦਾ ਆਮ ਇਜਲਾਸ ਕਰਾ ਰਹੀ ਹੈ। ਉਹ ਦੱਸਦੀ ਹੈ ਕਿ ਆਮ ਇਜਲਾਸ ਦਾ ਇਹੋ ਫਾਇਦਾ ਹੁੰਦਾ ਹੈ ਕਿ ਲੋਕਾਂ ਨਾਲ ਰਾਇ ਮਸ਼ਵਰਾ ਹੋਣ ਕਰਕੇ ਪਿੰਡ ਦੇ ਵਿਕਾਸ ਵਿਚ ਕੋਈ ਅੜਿੱਕਾ ਨਹੀਂ ਪੈਂਦਾ।
ਮਹਿਲਾ ਸਰਪੰਚ ਆਖਦੀ ਹੈ ਕਿ ਕਈ ਮੁਸ਼ਕਲਾਂ ਦੇ ਹੱਲ ਲੋਕਾਂ ਦੇ ਮਸ਼ਵਰੇ ਨਾਲ ਨਿਕਲ ਆਉਂਦੇ ਹਨ। ਉਹ ਦੱਸਦੀ ਹੈ ਕਿ ਉਹ ਆਮ ਇਜਲਾਸ ਤੋਂ ਕਈ ਦਿਨ ਪਹਿਲਾਂ ਗੁਰੂ ਘਰ ਵਿਚੋਂ ਮੁਨਿਆਦੀ ਕਰਾਉਣੀ ਸ਼ੁਰੂ ਕਰ ਦਿੰਦੇ ਹਨ ਅਤੇ ਲੋਕ ਪੂਰੀ ਰੁਚੀ ਲੈਂਦੇ ਹਨ। ਇਸੇ ਤਰ੍ਹਾਂ ਬਠਿੰਡਾ ਦਾ ਗੁਰੂਸਰ ਮਹਿਰਾਜ ਅਜਿਹਾ ਪਿੰਡ ਹੈ, ਜਿਥੇ ਸਾਰੀ ਵਸੋਂ ਦਲਿਤ ਵਰਗ ਨਾਲ ਸਬੰਧਤ ਹੈ। ਪਿੰਡ ਦੀ ਮਹਿਲਾ ਸਰਪੰਚ ਪਰਮਜੀਤ ਕੌਰ ਆਖਦੀ ਹੈ ਕਿ ਆਮ ਇਜਲਾਸ ਕਰਾਏ ਜਾਣ ਨਾਲ ਲੋਕਾਂ ਦਾ ਪੰਚਾਇਤ ਵਿਚ ਵੱਡਾ ਭਰੋਸਾ ਬਣ ਗਿਆ ਹੈ ਅਤੇ ਲੋਕ ਪੰਚਾਇਤੀ ਕੰਮਾਂ ਵਿਚ ਪੂਰਨ ਸਹਿਯੋਗ ਕਰਦੇ ਹਨ। ਉਹ ਦੱਸਦੀ ਹੈ ਕਿ ਲੋਕ ਰਾਇ ਨਾਲ ਹੀ ਪਿੰਡ ਦੇ ਵਿਕਾਸ ਕੰਮ ਉਲੀਕੇ ਜਾਂਦੇ ਹਨ।
ਮਾਨਸਾ ਦੇ ਪਿੰਡ ਤਾਮਕੋਟ ਵਿੱਚ ਪੰਚਾਇਤ ਆਮ ਇਜਲਾਸ ਕਰਾਉਣ ਤੋਂ ਕਦੇ ਖੁੰਝੀ ਨਹੀਂ। ਪੰਚਾਇਤੀ ਕੰਮਾਂ ਨੂੰ ਦੇਖਦੇ ਹੋਏ ਸਰਕਾਰਾਂ ਨੇ ਐਵਾਰਡਾਂ ਦੀ ਝੜੀ ਲਾ ਦਿੱਤੀ। ਮਾਲਵੇ ਵਿਚ ਹੋਰ ਏਦਾਂ ਦੇ ਪਿੰਡ ਘੱਟ ਹੀ ਹਨ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਜੱਦੀ ਪਿੰਡ ਬਾਦਲ ਵਿਚ ਆਮ ਇਜਲਾਸ ਕਾਗ਼ਜ਼ਾਂ ਵਿਚ ਹੁੰਦੇ ਹਨ। ਪਿੰਡ ਦੇ ਸਾਬਕਾ ਸਰਪੰਚ ਸੁਖਦੇਵ ਸਿੰਘ ਨੇ ਦੱਸਿਆ ਕਿ ਕਾਫੀ ਅਰਸੇ ਤੋਂ ਆਮ ਇਜਲਾਸ ਹੋਇਆ ਹੀ ਨਹੀਂ ਹੈ। ਹਾਲਾਂਕਿ ਇਸ ਪਿੰਡ ਵਿਚ ਆਲੀਸ਼ਾਨ ਪੰਚਾਇਤ ਘਰ ਵੀ ਹੈ। ਇਵੇਂ ਬਾਕੀ ਨੇਤਾਵਾਂ ਦੇ ਪਿੰਡਾਂ ਵਿਚ ਆਮ ਅਜਲਾਸ ਨਹੀਂ ਹੁੰਦੇ। ਸੂਤਰ ਦੱਸਦੇ ਹਨ ਕਿ ਬਹੁਗਿਣਤੀ ਸਰਪੰਚ ਤਾਂ ਗੁਰੂ ਘਰਾਂ ਵਿਚੋਂ ਆਮ ਅਜਲਾਸ ਦਾ ਹੋਕਾ ਦਿਵਾਏ ਜਾਣ ਤੱਕ ਸੀਮਿਤ ਹੋ ਗਏ ਹਨ।
ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਲੁਧਿਆਣਾ ਹਰਕਮਲਜੀਤ ਸਿੰਘ ਦਾ ਪ੍ਰਤੀਕਰਮ ਸੀ ਕਿ ਅਸਲ ਵਿਚ ਲੋਕਾਂ ਨੂੰ ਆਪਣੀ ਤਾਕਤ ‘ਤੇ ਯਕੀਨ ਨਹੀਂ ਰਿਹਾ, ਜਿਸ ਕਰਕੇ ਸਰਪੰਚ ਵੀ ਇਸ ਮਾਮਲੇ ਵਿਚ ਸੁਸਤੀ ਦਿਖਾ ਰਹੇ ਹਨ। ਉਨ੍ਹਾਂ ਆਖਿਆ ਕਿ ਬਹੁਤੇ ਸਰਪੰਚ ਸਿਰਫ਼ ਆਮ ਅਜਲਾਸ ਦੀ ਮੁਨਿਆਦੀ ਕਰਾ ਕੇ ਸੁਰਖਰੂ ਹੋ ਜਾਂਦੇ ਹਨ, ਜਦੋਂ ਕਿ ਸਰਪੰਚ ਨੂੰ ਤਾਂ ਆਮ ਅਜਲਾਸ ਲਈ ਲੋਕਾਂ ਨੂੰ ਘਰੋਂ ਘਰੀਂ ਜਾ ਕੇ ਸੱਦਣ ਤੱਕ ਜਾਣਾ ਚਾਹੀਦਾ ਹੈ। ਆਮ ਅਜਲਾਸ ਲਗਾਤਾਰ ਦੋ ਵਾਰ ਨਾ ਹੋਵੇ ਤਾਂ ਸਰਪੰਚਾਂ ਦਾ ਅਹੁਦਾ ਆਪਣੇ ਆਪ ਖੁੱਸ ਜਾਂਦਾ ਹੈ।