ਸਿੱਖ ਨਸਲਕੁਸ਼ੀ: ਕੇਂਦਰੀ ਮੰਤਰੀ ਨੇ ਸੰਸਦ ਵਿੱਚ ਮੁਆਫ਼ੀ ਬਾਰੇ ਨਹੀਂ ਦਿੱਤਾ ਜਵਾਬ

ਸਿੱਖ ਨਸਲਕੁਸ਼ੀ: ਕੇਂਦਰੀ ਮੰਤਰੀ ਨੇ ਸੰਸਦ ਵਿੱਚ ਮੁਆਫ਼ੀ ਬਾਰੇ ਨਹੀਂ ਦਿੱਤਾ ਜਵਾਬ
ਕੈਪਸ਼ਨ-ਅੰਮ੍ਰਿਤਸਰ ਵਿੱਚ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਕੇਂਦਰੀ ਵਿੱਤ ਰਾਜ ਮੰਤਰੀ ਅਰਜੁਨ ਰਾਮ ਮੇਘਵਾਲ।

ਅੰਮ੍ਰਿਤਸਰ/ਬਿਊਰੋ ਨਿਊਜ਼ :
ਨਵੰਬਰ 1984 ਸਿੱਖ ਕਤਲੇਆਮ ਨੂੰ ਸਿੱਖ ਨਸਲਕੁਸ਼ੀ ਕਰਾਰ ਦਿੰਦਿਆਂ ਸੰਸਦ ਵਿੱਚ ਮੁਆਫ਼ੀ ਦਾ ਮਤਾ ਲਿਆਉਣ ਸਬੰਧੀ ਮੰਗ ਨੂੰ ਇੱਥੇ ਕੇਂਦਰੀ ਵਿੱਤ ਰਾਜ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਨਜ਼ਰਅੰਦਾਜ਼ ਕਰ ਦਿੱਤਾ। ਉਹ ਇੱਥੇ ਭਾਜਪਾ ਦੇ ਸਥਾਪਨਾ ਦਿਵਸ ਦੇ ਸਬੰਧ ਵਿੱਚ ਆਏ ਸਨ ਅਤੇ ਉਨ੍ਹਾਂ ਦੀ ਹਾਜ਼ਰੀ ਵਿੱਚ ਭਾਜਪਾ ਦੇ ਸੀਨੀਅਰ ਵਰਕਰਾਂ ਦਾ ਸਨਮਾਨ ਕੀਤਾ ਗਿਆ।
ਇੱਥੇ ਸਰਕਟ ਹਾਊਸ ਵਿੱਚ ਮੀਡੀਆ ਨਾਲ ਗੱਲਬਾਤ ਦੌਰਾਨ ਜਦੋਂ ਸ੍ਰੀ ਮੇਘਵਾਲ ਨੂੰ ਪੁੱਛਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਮੰਗ ਕੀਤੀ ਗਈ ਹੈ ਕਿ ਸਿੱਖ ਨਸਲਕੁਸ਼ੀ ਸਬੰਧੀ ਸੰਸਦ ਵਿੱਚ ਮੁਆਫ਼ੀ ਮੰਗੀ ਜਾਵੇ ਤਾਂ ਉਨ੍ਹਾਂ ਇਸ ਦਾ ਉਤਰ ਦੇਣ ਤੋਂ ਟਾਲਾ ਵੱਟਿਆ ਪਰ ਸਿੱਖ ਕਤਲੇਆਮ ਨੂੰ ਭਾਰਤੀ ਜਮਹੂਰੀਅਤ ‘ਤੇ ਕਾਲਾ ਧੱਬਾ ਕਰਾਰ ਦਿੱਤਾ। ਉਨ੍ਹਾਂ ਖ਼ੁਲਾਸਾ ਕੀਤਾ ਕਿ ਭਾਜਪਾ ਦਾ ਅਗਲਾ ਨਿਸ਼ਾਨਾ 2019 ਵਿੱਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਬਹੁਮਤ ਨਾਲ ਜਿੱਤਣਾ ਹੈ। ਇਸ ਟੀਚੇ ਨੂੰ ਸਾਹਮਣੇ ਰੱਖ ਕੇ ਭਾਜਪਾ ਨੇ ਹੁਣ ਤੋਂ ਹੀ ਜਥੇਬੰਦਕ ਪੱਧਰ ‘ਤੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਖਾਸ ਕਰਕੇ ਉਨ੍ਹਾਂ ਹਲਕਿਆਂ ਵਿੱਚ ਵਧੇਰੇ ਧਿਆਨ ਕੇਂਦ੍ਰਿਤ ਕੀਤਾ ਜਾ ਰਿਹਾ ਹੈ, ਜਿੱਥੇ ਇਸ ਵੇਲੇ ਭਾਜਪਾ ਦੇ ਸੰਸਦ ਮੈਂਬਰ ਨਹੀਂ ਹਨ। ਉਨ੍ਹਾਂ ਦੱਸਿਆ ਕਿ ਭਾਜਪਾ ਦੇ ਸੰਸਦ ਮੈਂਬਰਾਂ, ਵਿਧਾਇਕਾਂ ਤੇ ਅਹੁਦੇਦਾਰਾਂ ਨਾਲ ਗੱਲਬਾਤ ਕਰਕੇ ਜਥੇਬੰਦਕ ਪੱਧਰ ‘ਤੇ ਖਾਮੀਆਂ ਦੂਰ ਕਰਨ ਦੇ ਸੁਝਾਅ ਲਏ ਗਏ ਹਨ। ਉਨ੍ਹ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਦੇ ਆਦੇਸ਼ਾਂ ‘ਤੇ ਹਰੇਕ ਸੰਸਦ ਮੈਂਬਰ ਉਨ੍ਹਾਂ ਹਲਕਿਆਂ ਦਾ ਦੌਰਾ ਕਰ ਰਿਹਾ ਹੈ, ਜਿੱਥੇ ਭਾਜਪਾ ਨੂੰ ਹਾਰ ਮਿਲੀ ਹੈ।

ਓਂਟਾਰੀਓ ‘ਚ 1984 ਸਿੱਖ ਨਸਲਕੁਸ਼ੀ ਸਬੰਧੀ ਮਤੇ ਦੀ ਭਾਰਤ ਵਲੋਂ ਵਿਰੋਧਤਾ ਮੰਦਭਾਗੀ : ਸ਼੍ਰੋਮਣੀ ਕਮੇਟੀ
ਪਟਿਆਲਾ/ਬਿਊਰੋ ਨਿਊਜ਼ :
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬੰਡੂਗਰ ਨੇ ਕੈਨੇਡਾ ਦੇ ਓਂਟਾਰੀਓ ਸੂਬੇ ਦੀ ਵਿਧਾਨ ਸਭਾ ਵੱਲੋਂ 1984 ਦੀ ਸਿੱਖ ਨਸਲਕੁਸ਼ੀ ‘ਤੇ ਪਾਸ ਕੀਤੇ ਮਤੇ ਦੀ ਭਾਰਤ ਸਰਕਾਰ ਵੱਲੋਂ ਨਿੰਦਾ ਕਰਨ ਨੂੰ ਮੰਦਭਾਗਾ ਕਰਾਰ ਦਿੰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਫਰਾਖ਼ਦਿਲੀ ਦਿਖਾਉਣ ਲਈ ਕਿਹਾ ਹੈ। ਪ੍ਰੋ. ਬੰਡੂਗਰ ਨੇ ਇੱਥੇ ਪੱਤਰਕਾਰ ਮਿਲਣੀ ਦੌਰਾਨ ਓਂਟਾਰੀਓ ਵਿਧਾਨ ਸਭਾ ਦੇ ਮਤੇ ਦਾ ਸਵਾਗਤ ਕੀਤਾ ਅਤੇ ਮੰਗ ਕੀਤੀ ਕਿ ਭਾਰਤ ਸਰਕਾਰ ਵੀ 1984 ਦੀ ਸਿੱਖ ਨਸਲਕੁਸ਼ੀ ਸਬੰਧੀ ਮੁਆਫ਼ੀ ਮੰਗੇ। ਦੱਸਣਯੋਗ ਹੈ ਕਿ ਓਂਟਾਰੀਓ ਵਿਧਾਨ ਸਭਾ ਵੱਲੋਂ ਪਾਸ ਕੀਤੇ ਮਤੇ ਦੀ ਭਾਰਤ ਸਰਕਾਰ ਨੇ ਨਿੰਦਾ ਕੀਤੀ ਹੈ। ਭਾਰਤ ਦੇ ਵਿਦੇਸ਼ ਵਿਭਾਗ (M51) ਦੇ ਬੁਲਾਰੇ ਨੇ ਅਜਿਹੇ ਮਤੇ ਦੀ ਜਿੱਥੇ ਨਿਖੇਧੀ ਕੀਤੀ ਹੈ, ਉਥੇ ਇਸ ਨੂੰ ਰੱਦ ਕਰਨ ਲਈ ਵੀ ਕਿਹਾ ਹੈ। ਉਧਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬੰਡੂਗਰ ਨੇ ਆਖਿਆ ਹੈ ਕਿ ਸਿੱਖ ਨਸਲਕੁਸ਼ੀ ਕਾਰਨ ਸਿੱਖਾਂ ਦੇ ਜ਼ਖ਼ਮ ਅਜੇ ਵੀ ਅੱਲ੍ਹੇ ਹਨ। ਉਨ੍ਹਾਂ ਕਿਹਾ ਕਿ ਅਜਿਹੀ ਘਟਨਾ ਨੂੰ ਅੰਜਾਮ ਦੇਣ ਵਾਲਿਆਂ ਖ਼ਿਲਾਫ਼ ਅਜੇ ਤੱਕ ਕਾਨੂੰਨੀ ਕਾਰਵਾਈ ਨਹੀਂ ਹੋਈ ਹੈ। ਉਨ੍ਹਾਂ ਕਿਹਾ ਕਿ ਅਜਿਹੇ ਵਿੱਚ ਜੇਕਰ ਓਂਟਾਰੀਓ ਵਿਧਾਨ ਸਭਾ ਨੇ ਸਿੱਖਾਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਿਆ ਹੈ ਤਾਂ ਇਸ ਵਿੱਚ ਹਰਜ਼ ਵੀ ਕੀ ਹੈ?
ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਇਸ ਸਬੰਧੀ ਕੇਂਦਰ ਸਰਕਾਰ ਨੂੰ ਮੁੜ ਪੱਤਰ ਲਿਖਿਆ ਜਾਵੇਗਾ। ਇਸ ਮੌਕੇ ਉਨ੍ਹਾਂ ਦੱਸਿਆ ਕਿ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਦੀ ਭਾਰਤ ਫੇਰੀ ਦੌਰਾਨ 20 ਅਪ੍ਰੈਲ ਨੂੰ ਦਰਬਾਰ ਸਾਹਿਬ, ਅੰਮ੍ਰਿਤਸਰ ਪੁੱਜਣ ‘ਤੇ ਸ਼੍ਰੋਮਣੀ ਕਮੇਟੀ ਨੇ ਉਨ੍ਹਾਂ ਦੇ ਸਨਮਾਨ ਦਾ ਪ੍ਰੋਗਰਾਮ ਉਲੀਕਿਆ ਹੈ।

ਭਾਰਤ ਸਰਕਾਰ ਨੇ ਸਿੱਖਾਂ ਦੇ ਜ਼ਖ਼ਮਾਂ ‘ਤੇ ਲੂਣ ਛਿੜਕਿਆ : ਚੰਦੂਮਾਜਰਾ
ਚੰਡੀਗੜ੍ਹ/ਬਿਊਰੋ ਨਿਊਜ਼ :
ਲੋਕ ਸਭਾ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਇੱਥੇ ਕਿਹਾ ਹੈ ਕਿ ਨਵੰਬਰ, ’84 ਦੇ ਸਿੱਖ ਕਤਲੇਆਮ ਨੂੰ ਕੈਨੇਡਾ ਦੇ ਓਨਟਾਰੀਓ ਸੂਬੇ ਦੀ ਅਸੈਂਬਲੀ ਵਲੋਂ ‘ਸਿੱਖ ਨਸਲਕੁਸ਼ੀ’ ਕਰਾਰ ਦੇਣ ਦੇ ਮਤੇ ਦੀ ਨਿੰਦਾ ਕਰਕੇ ਭਾਰਤ ਸਰਕਾਰ ਨੇ ਇੱਕ ਵਾਰੀ ਫਿਰ ਸਿੱਖਾਂ ਦੇ ਜ਼ਖ਼ਮ ਉਚੇੜ ਕੇ ਰੱਖ ਦਿੱਤੇ ਹਨ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਨੂੰ ਇਸ ਮਤੇ ਦੀ ਨਿੰਦਾ ਕਰਨ ਤੇ ਇਸ ਨੂੰ ਵਾਪਸ ਲੈਣ ਦੀਆਂ ਬੇਤੁਕੀਆਂ ਗੱਲਾਂ ਦੀ ਥਾਂ ਸਗੋਂ ਖੁਦ ਸੰਸਦ ਵਿਚ ਇਸ ਨਸਲਕੁਸ਼ੀ ਦੀ ਨਿੰਦਾ ਦਾ ਮਤਾ ਪਾਸ ਕਰਕੇ ਸਿੱਖ ਭਾਈਚਾਰੇ ਦੀਆਂ ਵਲੂੰਧਰੀਆਂ ਭਾਵਨਾਵਾਂ ਨੂੰ ਸ਼ਾਂਤ ਕਰਨਾ ਚਾਹੀਦਾ ਹੈ। ਅਕਾਲੀ ਆਗੂ ਨੇ ਕਿਹਾ ਕਿ ਉਹ ਇਹ ਮਾਮਲਾ ਲੋਕ ਸਭਾ ਵਿਚ ਉਠਾਉਣਗੇ ਤੇ ਮੰਗ ਕਰਨਗੇ ਕਿ ਸੰਸਦ ਦੇ ਦੋਹਾਂ ਸਦਨਾਂ ਵਿਚ ਅਜਿਹੇ ਮਤੇ ਪਾਸ ਕੀਤੇ ਜਾਣ।

ਸਿੱਖ ਕਤਲੇਆਮ ਨੂੰ ਨਸਲਕੁਸ਼ੀ ਵਜੋਂ ਮਾਨਤਾ ਦੇਣ ਦਾ ਦਲ ਖ਼ਾਲਸਾ ਵਲੋਂ ਸਵਾਗਤ
ਅੰਮ੍ਰਿਤਸਰ/ਸਿੱਖ ਸਿਆਸਤ ਬਿਊਰੋ:
ਅਮਰੀਕਾ ਦੀ ਕਾਂਗਰਸ ਵਿਚ ਖ਼ਾਲਸਾ ਪੰਥ ਦੇ ਸਾਜਨਾ ਦਿਵਸ ਅਤੇ ਸਿੱਖਾਂ ਦੇ ਕੌਮੀ ਤਿਉਹਾਰ ‘ਵਿਸਾਖੀ’ ਨੂੰ ਮਾਨਤਾ ਦੇਣ ਲਈ ਦਲ ਖ਼ਾਲਸਾ ਨੇ ਅਮਰੀਕੀ ਕਾਂਗਰਸ ਦਾ ਧੰਨਵਾਦ ਕਰਦਿਆਂ ਇਸ ਹਾਂ-ਪੱਖੀ ਕਾਰਜ ਲਈ ਅਮਰੀਕਾ ਵਿਚ ਵਸਦੇ ਸਮੁੱਚੇ ਸਿੱਖ ਜਗਤ ਨੂੰ ਵਧਾਈ ਦਿੱਤੀ ਹੈ।
ਏਸੇ ਤਰ੍ਹਾਂ ਜਥੇਬੰਦੀ ਨੇ ਬੀਤੇ ਦਿਨ ਕੈਨੇਡਾ ਦੀ ਸਟੇਟ ਓਂਟਾਰੀਓ ਦੀ ਅਸੈਂਬਲੀ ਵਲੋਂ ਨਵੰਬਰ 1984 ਵਿਚ ਭਾਰਤ ਦੀ ਰਾਜਧਾਨੀ ਦਿੱਲੀ ਸਮੇਤ ਹੋਰ ਥਾਵਾਂ ‘ਤੇ ਹੋਏ ਸਿੱਖ ਕਤਲੇਆਮ ਨੂੰ ਸਿੱਖ ਨਸਲਕੁਸ਼ੀ ਵਜੋਂ ਮਾਨਤਾ ਦੇਣ ਦੇ ਫੈਸਲੇ ਨੂੰ ਮਹੱਤਵਪੂਰਨ ਕਦਮ ਦੱਸਿਆ ਹੈ।
ਦਲ ਖ਼ਾਲਸਾ ਦੇ ਪ੍ਰਧਾਨ ਭਾਈ ਹਰਪਾਲ ਸਿੰਘ ਚੀਮਾ ਅਤੇ ਸੀਨੀਅਰ ਆਗੂ ਕੰਵਰਪਾਲ ਸਿੰਘ ਨੇ ਕਿਹਾ ਕਿ ਅੱਜ ਜਦੋਂ ਅਮਰੀਕਾ ਵਿਚ ਸਿੱਖਾਂ ਉੱਤੇ ਨਸਲੀ ਹਮਲੇ ਵੱਧ ਰਹੇ ਹਨ ਤਾਂ ਅਜਿਹੇ ਮੌਕੇ ਇਹ ਫੈਸਲਾ ਵੱਖਰੀ ਸਿੱਖ ਪਛਾਣ ਨੂੰ ਪੁਖਤਾ ਕਰਨ ਅਤੇ ਅਮਰੀਕਾ ਵਿਚ ਵਸਦੀਆਂ ਹੋਰਨਾਂ ਕੌਮਾਂ ਅਤੇ ਨਸਲਾਂ ਅੰਦਰ ਸਿੱਖ ਪਛਾਣ ਨੂੰ ਉਜਾਗਰ ਕਰਨ ਵਿੱਚ ਸਹਾਈ ਹੋਵੇਗਾ।