ਸਿੱਖ ਨੌਜਵਾਨ ਦੀਪ ਰਾਏ ਨਸਲੀ ਹਿੰਸਾ ਦਾ ਸ਼ਿਕਾਰ

ਸਿੱਖ ਨੌਜਵਾਨ ਦੀਪ ਰਾਏ ਨਸਲੀ ਹਿੰਸਾ ਦਾ ਸ਼ਿਕਾਰ

ਗੋਰੇ ਨੇ ‘ਆਪਣੇ ਵਤਨ ਪਰਤਣ’ ਦੀ ਧਮਕੀ ਦੇ ਕੇ ਮਾਰੀ ਗੋਲੀ
ਐਫ.ਬੀ.ਆਈ. ਕਰੇਗੀ ਮਾਮਲੇ ਦੀ ਜਾਂਚ
ਵਾਸ਼ਿੰਗਟਨ/ਬਿਊਰੋ ਨਿਊਜ਼ :
ਅਮਰੀਕਾ ਵਿੱਚ 39 ਸਾਲਾ ਇਕ ਸਿੱਖ ਨੂੰ ਉਸ ਦੇ ਘਰ ਬਾਹਰ ਗੋਲੀ ਮਾਰ ਕੇ ਫੱਟੜ ਕਰ ਦਿੱਤਾ ਗਿਆ। ਢਕੇ ਮੂੰਹ ਵਾਲੇ ਹਮਲਾਵਰ ਨੇ ਉੱਚੀ ਆਵਾਜ਼ ਵਿੱਚ ਕਿਹਾ ‘ਆਪਣੇ ਮੁਲਕ ਨੂੰ ਮੁੜ ਜਾਓ’। ਦੱਸਣਯੋਗ ਹੈ ਕਿ ਪਿਛਲੇ ਮਹੀਨੇ ਸਪੱਸ਼ਟ ਤੌਰ ‘ਤੇ ਨਫ਼ਰਤੀ ਅਪਰਾਧ ਵਿਚ ਕੈਨਸਾਸ ਵਿੱਚ ਭਾਰਤੀ ਇੰਜਨੀਅਰ ਸ੍ਰੀਨਿਵਾਸ ਕੁਚੀਭੋਤਲਾ ਦੀ ਅਮਰੀਕੀ ਜਲ ਸੈਨਾ ਦੇ ਸਾਬਕਾ ਅਧਿਕਾਰੀ ਐਡਮ ਪੁਰਿੰਟਨ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ। ਪਿਛਲੇ ਹਫ਼ਤੇ ਲੈਂਕਾਸਟਰ ਵਿਚ ਭਾਰਤੀ ਮੂਲ ਦੇ ਸਟੋਰ ਮਾਲਕ ਹਰਨੀਸ਼ ਪਟੇਲ (43) ਦੀ ਘਰ ਬਾਹਰ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਅਮਰੀਕੀ ਨਾਗਰਿਕ ਦੀਪ ਰਾਏ ਸ਼ੁੱਕਰਵਾਰ ਨੂੰ ਵਾਸ਼ਿੰਗਟਨ ਦੇ ਕੈਂਟ ਵਿੱਚ ਆਪਣੇ ਘਰ ਬਾਹਰ ਵਾਹਨ ਦੀ ਸਫ਼ਾਈ ਕਰ ਰਿਹਾ ਸੀ। ਇਸ ਦੌਰਾਨ ਉਸ ਕੋਲ ਇਕ ਅਣਜਾਣ ਵਿਅਕਤੀ ਆਇਆ। ਕੈਂਟ ਪੁਲੀਸ ਨੇ ਦੱਸਿਆ ਕਿ ਦੀਪ ਤੇ ਦੂਜੇ ਵਿਅਕਤੀ ਵਿਚਾਲੇ ਬਹਿਸ ਹੋ ਗਈ। ਦੀਪ ਮੁਤਾਬਕ ਹਮਲਾਵਰ ਨੇ ਇਸ ਦੌਰਾਨ ਉਸ ਨੂੰ ਕਿਹਾ, ‘ਤੁਸੀਂ ਆਪਣੇ ਦੇਸ਼ ਪਰਤ ਜਾਓ ਅਤੇ ਬਾਅਦ ਵਿੱਚ ਉਸ ਦੀ ਬਾਂਹ ਵਿੱਚ ਗੋਲੀ ਮਾਰ ਦਿੱਤੀ।’ ਪੀੜਤ ਨੇ ਦੱਸਿਆ ਕਿ ਹਮਲਾਵਰ ਛੇ ਫੁੱਟ ਲੰਬਾ ਗੋਰਾ ਵਿਅਕਤੀ ਸੀ, ਜਿਸ ਨੇ ਆਪਣੇ ਮੂੰਹ ਦਾ ਹੇਠਲਾ ਹਿੱਸਾ ਢਕਿਆ ਹੋਇਆ ਸੀ। ਇਥੇ ਅਮਰੀਕੀ ਸਫ਼ਾਰਤਖਾਨੇ ਦੀ ਉਪ ਅਧਿਕਾਰੀ ਮੇਰੀਕੇਅ ਐਲ ਕਾਰਲਸਨ ਨੇ ਕਿਹਾ ਕਿ ਵਾਸ਼ਿੰਗਟਨ ਸੂਬੇ ਵਿੱਚ ਗੋਲੀਬਾਰੀ ਤੋਂ ਉਹ ਉਦਾਸ ਹੈ। ਉਨ੍ਹਾਂ ਟਵੀਟ ਕੀਤਾ, ‘ਅਸੀਂ ਦੀਪ ਰਾਏ ਦੇ ਛੇਤੀ ਤੇ ਪੂਰੀ ਤਰ੍ਹਾਂ ਸਿਹਤਯਾਬ ਹੋਣ ਦੀ ਕਾਮਨਾ ਕਰਦੇ ਹਾਂ। ਅਸੀਂ ਹਰ ਪ੍ਰਕਾਰ ਦੀ ਨਫ਼ਰਤ ਦੀ ਨਿੰਦਾ ਕਰਦੇ ਹਾਂ।’
ਕੈਂਟ ਪੁਲੀਸ ਦੇ ਮੁਖੀ ਕੇਨ ਥਾਮਸ ਨੇ ਦੱਸਿਆ ਕਿ ਸਿੱਖ ਵਿਅਕਤੀ ਦੇ ‘ਜ਼ਖ਼ਮ ਜਾਨਲੇਵਾ ਨਹੀਂ’ ਹਨ ਪਰ ਉਹ ਇਸ ਨੂੰ ‘ਬੇਹੱਦ ਗੰਭੀਰ ਘਟਨਾ’ ਮੰਨ ਰਹੇ ਹਨ। ਭਾਰਤ ਸਰਕਾਰ ਦੇ ਇਕ ਅਧਿਕਾਰੀ ਨੇ ਕਿਹਾ ਕਿ ਰਾਏ ਗੱਲਬਾਤ ਕਰ ਰਿਹਾ ਹੈ। ਸਰਕਾਰ ਪੀੜਤ ਨੂੰ ਹਰ ਸੰਭਵ ਮਦਦ ਦੇਣ ਲਈ ਤਿਆਰ ਹੈ।
‘ਸਿਆਟਲ ਟਾਈਮਜ਼’ ਮੁਤਾਬਕ ਅਧਿਕਾਰੀਆਂ ਵੱਲੋਂ ਇਸ ਹਮਲੇ ਦੀ ਨਫ਼ਰਤੀ ਅਪਰਾਧ ਵਜੋਂ ਪੜਤਾਲ ਕੀਤੀ ਜਾ ਰਹੀ ਹੈ। ਸਾਨ ਫਰਾਂਸਿਸਕੋ ਵਿੱਚ ਭਾਰਤੀ ਕੌਂਸਲੇਟ, ਸਥਾਨਕ ਅਧਿਕਾਰੀਆਂ ਦੇ ਸੰਪਰਕ ਵਿੱਚ ਹੈ। ਕੈਂਟ ਪੁਲੀਸ ਨੇ ਇਸ ਮਾਮਲੇ ਦੀ ਪੜਤਾਲ ਆਰੰਭ ਦਿੱਤੀ ਹੈ। ਪੁਲੀਸ ਵੱਲੋਂ ਮਦਦ ਲਈ ਐਫਬੀਆਈ ਤੇ ਹੋਰ ਏਜੰਸੀਆਂ ਤਕ ਪਹੁੰਚ ਕੀਤੀ ਜਾ ਰਹੀ ਹੈ। ਰੈਨਟਨ ਵਿੱਚ ਸਿੱਖ ਭਾਈਚਾਰੇ ਦੇ ਆਗੂ ਜਸਮੀਤ ਸਿੰਘ ਨੇ ਕਿਹਾ, ‘ਪੀੜਤ ਤੇ ਉਸ ਦਾ ਪਰਿਵਾਰ ਧੁਰ ਅੰਦਰੋਂ ਕੰਬ ਗਿਆ ਹੈ। ਨਫ਼ਰਤ ਦਾ ਜੋ ਮਾਹੌਲ ਸਿਰਜਿਆ ਗਿਆ ਹੈ ਉਹ ਕਿਸੇ ਨੂੰ ਵੀ ਨਹੀਂ ਬਖ਼ਸ਼ਦਾ। ਉਸ ਦੇ ਭਾਈਚਾਰੇ ਦੇ ਵਿਅਕਤੀਆਂ ਨਾਲ ਗਾਲੀ ਗਲੋਚ ਦੀਆਂ ਰਿਪੋਰਟਾਂ ਆ ਰਹੀਆਂ ਹਨ। 11 ਸਤੰਬਰ ਦੇ ਅਤਿਵਾਦੀ ਹਮਲੇ ਬਾਅਦ ਕਈ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਗਿਆ। ਪਰ ਉਦੋਂ ਲੱਗਦਾ ਸੀ ਕਿ ਪ੍ਰਸ਼ਾਸਨ (ਰਾਸ਼ਟਰਪਤੀ) ਉਸ ਡਰ ਨੂੰ ਦਬਾਉਣ ਲਈ ਸਰਗਰਮੀ ਨਾਲ ਕੰਮ ਕਰ ਰਿਹਾ ਸੀ ਪਰ ਹੁਣ ਤਾਂ ਇਹ ਬਿਲਕੁਲ ਵੱਖਰਾ ਪਹਿਲੂ ਹੈ।’

ਸੁਸ਼ਮਾ ਨੇ ਪੀੜਤ ਪਰਿਵਾਰ ਨਾਲ ਦੁੱਖ ਪ੍ਰਗਟਾਇਆ :
ਵਿਦੇਸ਼ ਮਾਮਲਿਆਂ ਬਾਰੇ ਮੰਤਰੀ ਸੁਸ਼ਮਾ ਸਵਰਾਜ ਨੇ ਦੱਸਿਆ, ‘ਭਾਰਤੀ ਮੂਲ ਦੇ ਅਮਰੀਕੀ ਨਾਗਰਿਕ ਦੀਪ ਰਾਏ ਉਤੇ ਹਮਲੇ ਬਾਰੇ ਸੁਣ ਕੇ ਮੈਨੂੰ ਬਹੁਤ ਦੁੱਖ ਹੋਇਆ। ਮੈਂ ਪੀੜਤ ਦੇ ਪਿਤਾ ਸ੍ਰੀ ਹਰਪਾਲ ਸਿੰਘ ਨਾਲ ਗੱਲਬਾਤ ਕੀਤੀ ਹੈ। ਉਨ੍ਹਾਂ ਨੇ ਮੈਨੂੰ ਦੱਸਿਆ ਕਿ ਉਸ ਦੇ ਪੁੱਤਰ ਦੇ ਬਾਂਹ ਵਿੱਚ ਗੋਲੀ ਲੱਗੀ ਹੈ। ਉਹ ਖ਼ਤਰੇ ਤੋਂ ਬਾਹਰ ਹੈ ਅਤੇ ਇਕ ਪ੍ਰਾਈਵੇਟ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ।’

ਸਿੱਖ ਕੁਲੀਸ਼ਨ ਨੇ ਨਫ਼ਰਤੀ ਅਪਰਾਧ ਵਜੋਂ ਜਾਂਚ ਮੰਗੀ :
ਸਿੱਖਾਂ ਦੇ ਹੱਕਾਂ ਲਈ ਲੜਨ ਵਾਲੀ ਵਕੀਲਾਂ ਦੀ ਜਥੇਬੰਦੀ ‘ਸਿੱਖ ਕੁਲੀਸ਼ਨ’ ਨੇ ਕਿਹਾ ਕਿ ਉਸ ਵੱਲੋਂ ਸਥਾਨਕ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਉਨ੍ਹਾਂ ਨੂੰ ਇਸ ਮਾਮਲੇ ਦੀ ਸੰਭਾਵੀਂ ਨਫ਼ਰਤੀ ਅਪਰਾਧ ਵਜੋਂ ਜਾਂਚ ਕਰਨ ਲਈ ਕਿਹਾ ਹੈ। ਅਧਿਕਾਰਾਂ ਲਈ ਸੰਘਰਸ਼ ਕਰਨ ਵਾਲੀਆਂ ਹੋਰ ਜਥੇਬੰਦੀਆਂ ਵੱਲੋਂ ਵੀ ਭਾਰਤੀ ਭਾਈਚਾਰੇ ਦੇ ਲੋਕਾਂ ਤਕ ਪਹੁੰਚ ਕਰਕੇ ਉਨ੍ਹਾਂ ਨੂੰ ਦਬਾਅ ਅੱਗ ਝੁਕਣ ਬਜਾਏ ਹਿੰਸਾ ਤੇ ਨਫ਼ਰਤੀ ਅਪਰਾਧ ਬਾਰੇ ਤੁਰੰਤ ਪੁਲੀਸ ਕੋਲ ਪਹੁੰਚ ਕਰਨ ਲਈ ਕਿਹਾ ਜਾ ਰਿਹਾ ਹੈ।

ਐੱਫ.ਬੀ.ਆਈ. ਕਰੇਗੀ ਘਟਨਾ ਦੀ ਜਾਂਚ :
ਸਿਆਟਲ : ਅਮਰੀਕਾ ਦੇ ਕੈਂਟ ਸ਼ਹਿਰ ਵਿਚ ਸ਼ੁੱਕਰਵਾਰ ਨੂੰ ਗੋਲੀ ਮਾਰ ਕੇ ਜ਼ਖਮੀ ਕੀਤੇ ਗਏ ਸਿੱਖ ਨੌਜਵਾਨ ਦੇ ਮਾਮਲੇ ਦੀ ਜਾਂਚ ਹੁਣ ਐੱਫ.ਬੀ.ਆਈ. (ਸੰਘੀ ਜਾਂਚ ਬਿਊਰੋ ਏਜੰਸੀ) ਕਰੇਗੀ। ਐੱਫ.ਬੀ.ਆਈ. ਦੀ ਸਿਆਟਲ ਸਥਿਤ ਬਰਾਂਚ ਦੇ ਬੁਲਾਰੇ ਨੇ ਕਿਹਾ ਕਿ ਉਹ ਇਸ ਮਾਮਲੇ ਦੀ ਜਾਂਚ ਵਿਚ ਕੈਂਟ ਪੁਲੀਸ ਦੀ ਹਰ ਤਰ੍ਹਾਂ ਨਾਲ ਸਹਾਇਤਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਐੱਫ.ਬੀ.ਆਈ. ਨਫਰਤ ਭਰੇ ਅਤੇ ਨਸਲੀ ਅਪਰਾਧਾਂ ਦੀ ਜਾਂਚ ਲਈ ਵਚਨਬੱਧ ਹੈ। ਇਸ ਤੋਂ ਪਹਿਲਾਂ ਕੈਨਸਾਸ ਵਿਚ ਬੀਤੇ ਹਫਤੇ ਹੋਈ ਗੋਲੀਬਾਰੀ ਦੀ ਜਾਂਚ ਵੀ ਐੱਫ.ਬੀ.ਆਈ. ਕਰ ਰਹੀ ਹੈ। ਇਸੇ ਦੌਰਾਨ ਭਾਰਤੀ ਮੂਲ ਦੇ ਅਮਰੀਕੀ ਕਾਂਗਰਸ ਮੈਂਬਰ ਐਮੀ ਬੇਰਾ ਨੇ ਇਨ੍ਹਾਂ ਘਟਨਾਵਾਂ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਨਸਲਵਾਦ ਅਤੇ ਨਫਰਤ ਤੋਂ ਪ੍ਰੇਰਿਤ ਅਪਰਾਧ ਵਧਦੇ ਜਾ ਰਹੇ ਹਨ। ਬੇਰਾ ਨੇ ਕਿਹਾ ਕਿ ਅਮਰੀਕਾ ਪਰਵਾਸੀਆਂ ਦਾ ਦੇਸ਼ ਹੈ ਅਤੇ ਇਸ ਨਾਅਤੇ ਅਸੀਂ ਜਿਸ ਪੱਖ ਵਿਚ ਖੜ੍ਹੇ ਹਾਂ, ਇਹ ਅਪਰਾਧ ਉਸ ਹਰ ਗੱਲ ਦੇ ਵਿਰੋਧ ਤੋਂ ਉਪਜੀ ਨਫਰਤ ਦਾ ਨਤੀਜਾ ਹੈ। ਇਸ ਨੂੰ ਛੇਤੀ ਤੋਂ ਛੇਤੀ ਰੋਕਣ ਦੀ ਲੋੜ ਹੈ।

ਭਾਰਤ ਨੇ ਅਮਰੀਕਾ ਸਾਹਮਣੇ ਡੂੰਘੀ ਚਿੰਤਾ ਪ੍ਰਗਟਾਈ :
ਵਾਸ਼ਿੰਗਟਨ : ਭਾਰਤ ਨੇ ਸਿੱਖ ਨੌਜਵਾਨ ਨੂੰ ਗੋਲੀ ਮਾਰ ਕੇ ਜ਼ਖ਼ਮੀ ਕਰਨ ਅਤੇ ਹਰਦਿਸ਼ ਪਟੇਲ ਦੀ ਹੱਤਿਆ ਸਣੇ ਭਾਰਤੀ ਮੂਲ ਦੇ ਲੋਕਾਂ ਨਾਲ ਜੁੜੀਆਂ ਦੁਖਦਾਈ ਘਟਨਾਵਾਂ ਨੂੰ ਲੈ ਕੇ ਅਮਰੀਕੀ ਸਰਕਾਰ ਸਾਹਮਣੇ ਆਪਣੀ ਡੂੰਘੀ ਚਿੰਤਾ ਪ੍ਰਗਟਾਈ ਹੈ। ਵਾਸ਼ਿੰਗਟਨ ਵਿਚ ਭਾਰਤੀ ਦੂਤਘਰ ਨੇ ਟਵਿਟ ਕੀਤਾ ਕਿ ਰਾਜਦੂਤ ਨ’ਤੇਜ ਸਰਨਾ ਨੇ ਹਰਦਿਸ਼ ਪਟੇਲ ਅਤੇ ਦੀਪ ਰਾਏ ਨਾਲ ਜੁੜੀ ਹਾਲ ਦੀ ਦੁਖਦਾਈ ਘਟਨਾਵਾਂ ‘ਤੇ ਅਮਰੀਕੀ ਸਰਕਾਰ ਸਾਹਮਣੇ ਡੂੱਘੀ ਚਿੰਤਾ ਪ੍ਰਗਟਾਈ ਹੈ।
ਦੂਤਘਰ ਨੇ ਇਕ ਹੋਰ ਟਵਿਟ ਵਿਚ ਕਿਹਾ, ”ਰਾਜਦੂਤ ਨਵਤੇਜ ਸਰਨਾ ਨੇ ਅਜਿਹੀ ਘਟਨਾਵਾਂ ਰੋਕਣ ਅਤੇ ਭਾਰਤੀ ਭਾਈਚਾਰੇ ਦੀ ਰੱਖਿਆ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ।” ਭਾਰਤੀ ਮੂਲ ਦੇ 43 ਸਾਲਾਂ ਪਟੇਲ ਦੀ ਵੀਰਵਾਰ ਨੂੰ ਅਮਰੀਕਾ ਵਿਚ ਉਸ ਦੇ ਘਰ ਦੇ ਬਾਹਰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਉਸ ਤੋਂ ਕੁੱਝ ਦਿਨ ਪਹਿਲਾਂ ਕੈਨਸਾਸ ਵਿਚ ਇਕ ਭਾਰਤੀ ਇੰਜੀਨੀਅਰ ਦੀ ਹੱਤਿਆ ਕਰ ਦਿੱਤੀ ਗਈ ਸੀ। ਇਸੇ ਦੌਰਾਨ ਅਮਰੀਕੀ ਸਿੱਖ ਕੌਂਸਲ ਨੇ ਸਾਰੇ ਗੁਰਦੁਆਰਿਆਂ ਨੂੰ ਚੌਕਸ ਰਹਿਣ ਅਤੇ ਕਿਸੇ ਵੀ ਸ਼ੱਕੀ ਸਰਗਰਮੀ ਦੀ ਤੁਰੰਤ ਕਾਨੂੰਨ ਲਾਗੂ ਕਰਨ ਵਾਲੀ ਏਜੰਸੀ ਨੂੰ ਸੂਚਨਾ ਦੇਣ ਲਈ ਕਿਹਾ ਹੈ। ਉਸ ਨੇ ਆਪਣੇ ਬਿਆਨ ਵਿਚ ਸਿੱਖ ਅਮਰੀਕੀਆਂ ਨੂੰ ਸਾਰੇ ਭਾਈਚਾਰੇ, ਆਮ ਜਨਤਾ, ਸਕੂਲ, ਨਾਗਰਿਕ ਸੰਗਠਨਾਂ ਦੇ ਸੰਪਰਕ ਵਿਚ ਰਹਿਣ ਲਈ ਅਪੀਲ ਕੀਤਾ ਤਾਂ ਜੋ ਉਨ੍ਹਾਂ ਨੂੰ ਭਾਈਚਾਰੇ ਦੇ ਮੈਂਬਰਾਂ ‘ਤੇ ਹਮਲਿਆਂ ਨੂੰ ਲੈ ਕੇ ਜਾਗਰੂਕ ਕੀਤਾ ਜਾ ਸਕੇ।

ਅਮਰੀਕੀ ਸੰਸਦ ਪ੍ਰਮਿਲਾ ਜੈਪਾਲ ਨੇ ਹਮਲੇ ਦੀ ਨਿੰਦਾ ਕੀਤੀ :
ਨਿਊ ਯਾਰਕ : ਭਾਰਤੀ ਮੂਲ ਦੀ ਅਮਰੀਕੀ ਸੰਸਦ ਪ੍ਰਮਿਲਾ ਜੈਪਾਲ ਨੇ ਸਿੱਖ ਵਿਅਕਤੀ ਨੂੰ ਗੋਲੀ ਮਾਰਨ ਦੀ ਘਟਨਾ ਦੀ ਜਾਂਚ ਨਸਲੀ ਨਫਰਤ ਦੇ ਤੌਰ ‘ਤੇ ਕਰਵਾਉਣ ਲਈ ਟਰੰਪ ਪ੍ਰਸ਼ਾਸਨ ਤੋਂ ਅਪੀਲ ਕਰਦੇ ਹੋਏ ਕਿਹਾ ਕਿ ਪ੍ਰਸ਼ਾਸਨ ਅਜਿਹੀਆਂ ਘਟਨਾਵਾਂ ‘ਤੇ ਸਖਤ ਕਦਮ ਚੁੱਕੇ। ਅਮਰੀਕੀ ਪ੍ਰਤੀਨਿਧੀ ਸਭਾ ਵਿਚ ਚੁਣੀ ਜਾਣ ਵਾਲੀ ਭਾਰਤੀ ਮੂਲ ਦੀ ਪਹਿਲੀ ਮਹਿਲਾ ਸੰਸਦ ਪ੍ਰਮਿਲਾ ਨੇ ਕਿਹਾ, ”ਮੈਂ ਟਰੰਪ ਪ੍ਰਸ਼ਾਸਨ ਨੂੰ ਅਪੀਲ ਕਰਦੀ ਹਾਂ ਕਿ ਇਸ ਗੋਲੀਬਾਰੀ ਦੀ ਜਾਂਚ ਨਾ ਸਿਰਫ ਨਸਲੀ ਨਫਰਤ ਦੇ ਰੂਪ ਵਿਚ ਕਰਵਾਈ ਜਾਏ ਸਗੋਂ ਨਸਲੀ ਨਫਰਤ ‘ਤੇ ਆਧਾਰਤ ਸਾਡੇ ਭਾਈਚਾਰੇ ਖਿਲਾਫ ਹਿੰਸਾ ਤੋਂ ਨਜਿੱਠਣ ਲਈ ਸਖਤ ਕਦਮ ਚੁੱਕੇ।”
ਉਨ੍ਹਾਂ ਕਿਹਾ ਕਿ ਇਹ ਗੋਲੀਬਾਰੀ ਨਸਲੀ ਨਫਰਤ ਦੀਆਂ ਕਈ ਘਟਨਾਵਾਂ ਵਿਚੋਂ ਇਕ ਹੈ ਜੋ ਭਾਈਚਾਰੇ ਨੂੰ ਪ੍ਰੇਸ਼ਾਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਗੈਰ-ਗੋਰੇ ਲੋਕ ਨਸਲੀ ਨਫਰਤ ਤੋਂ ਪ੍ਰੇਰਿਤ ਹਿੰਸਾ ਦੇ ਡਰ ਵਿਚ ਜੀ ਰਹੇ ਹਨ। 11 ਸਤੰਬਰ 2001 ਤੋਂ ਬਾਅਦ ਜੋ ਹਮਲੇ ਹੋਏ ਸੀ, ਇਹ ਹਮਲੇ ਉਨ੍ਹਾਂ ਦੀ ਯਾਦ ਦਿਵਾਉਂਦੇ ਹਨ।

‘ਹਾਊਸ ਆਫ ਕਾਰਡਜ਼’ ਦੇ ਨਿਰਮਾਤਾ ਨੇ ਟਰੰਪ ਦੇ ਟਵਿੱਟਰ ਅਕਾਊਂਟ ਖ਼ਤਮ ਕਰਨ ਦੀ ਮੰਗ ਕੀਤੀ :
ਲਾਸ ਏਂਜਲਸ : ਅਮਰੀਕੀ ਟੈਲੀਵਿਜ਼ਨ ਸੀਰੀਜ਼ ‘ਹਾਊਸ ਆਫ ਕਾਰਡਜ਼’ ਦੇ ਨਿਰਮਾਤਾ ਬਿਊ ਵਿਲਿਮੋਨ ਨੇ ਕਿਹਾ ਕਿ ਟਵਿੱਟਰ ਤੋਂ ਰਾਸ਼ਟਰਪਤੀ ਟਰੰਪ ਦੇ ਅਕਾਊਂਟ ਹਟਾ ਦੇਣੇ ਚਾਹੀਦੇ ਹਨ। ਇਸ ਬਿਆਨ ਦੇ ਪੱਖ ਵਿਚ ਉੁਨ੍ਹਾਂ ਨੇ ਦਲੀਲ ਵੀ ਪੇਸ਼ ਕੀਤੀ ਸੀ। ਐਤਵਾਰ ਨੂੰ ਟਰੰਪ ਨੇ ਦੋਸ਼ ਲਗਾਇਆ ਸੀ ਕਿ ਓਬਾਮਾ ਨੇ ਪਿਛਲੇ ਸਾਲ ਚੋਣ ਮੁਹਿੰਮ ਦੌਰਾਨ ਉਨ੍ਹਾਂ ਦਾ ਫੋਨ ਟੈਪਿੰਗ ਕਰਵਾਇਆ ਸੀ।
ਟਰੰਪ ਦੇ ਟਵੀਟ ਦਾ ਹਵਾਲਾ ਦਿੰਦੇ ਹੋਏ 39 ਸਾਲਾ ਵਿਲਿਮੋਨ ਨੇ ਕਿਹਾ, ”ਅੱਜ ਦੀ ਇਹ ਬੇਚੈਨੀ ਇਸ ਗੱਲ ਦੀ ਤਾਜ਼ਾ ਮਿਸਾਲ ਹੈ ਕਿ ਟਰੰਪ ਦੇ ਅਕਾਊਂਟ ਕਿਉਂ ਖਤਮ ਕਰਨੇ ਚਾਹੀਦੇ ਹਨ।” ਉਨ੍ਹਾਂ ਕਿਹਾ ਕਿ ਕਿ ਟਰੰਪ ਦੇ ਦੋ ਅਕਾਊਂਟ ਚੱਲ ਰਹੇ ਹਨ ਅਤੇ ਉਹ ਇਨ੍ਹਾਂ ‘ਤੇ ਲੋਕਾਂ ਨੂੰ ਗੁਮਰਾਹ ਕਰਨ ਵਾਲੇ ਟਵੀਟ ਕਰਦੇ ਹਨ। ਉਨ੍ਹਾਂ ਵੱਲੋਂ ਨਿਆਂਪਾਲਿਕਾ ‘ਤੇ ਹਮਲੇ ਕੀਤੇ ਜਾਂਦੇ ਹਨ ਅਤੇ ਪ੍ਰੈੱਸ, ਰਾਸ਼ਟਰਾਂ ਅਤੇ ਜਨਤਾ ਨੂੰ ਧਮਕਾਇਆ ਜਾਂਦਾ ਹੈ।” ਉਨ੍ਹਾਂ ਕਿਹਾ ਕਿ ਟਰੰਪ ਦੇ ਟਵੀਟ ਰਾਸ਼ਟਰੀ ਸੁਰੱਖਿਆ ਲਈ ਖਤਰਾ ਹਨ। ਇਹ ਸਾਡੇ ਦੁਸ਼ਮਣਾਂ ਨੂੰ ਉਨ੍ਹਾਂ ਦੀਆਂ ਕਮੀਆਂ ਦਾ ਲਾਭ ਉਠਾਉਣ ਲਈ ਉਤਸ਼ਾਹਿਤ ਕਰਦੇ ਹਨ।

ਕੈਨਸਾਸ ਦੇ ਗਵਰਨਰ ਨੇ ਕਿਹਾ- ਸਾਡੇ ਲਈ ਕੀਮਤੀ ਹਨ ਭਾਰਤੀ :
ਕੈਨਸਾਸ :ਅਮਰੀਕਾ ਵਿਚ ਇਕ ਤੋਂ ਬਾਅਦ ਇਕ ਭਾਰਤੀਆਂ ‘ਤੇ ਨਸਲੀ ਹਮਲੇ ਹੋ ਰਹੇ ਹਨ। ਅਮਰੀਕਾ ਦੇ ਕੈਨਸਾਸ ਵਿਚ ਬੀਤੇ ਦਿਨੀਂ ਭਾਰਤੀ ਇੰਜਨੀਅਰ ਸ਼੍ਰੀਨਿਵਾਸ ਕੋਚੀਭੋਤਲਾ ਦੀ ਹੱਤਿਆ ਕਰ ਦਿੱਤੀ ਗਈ। ਕੈਨਸਾਸ ਦੇ ਗਵਰਨਰ ਸੈਮ ਬਰਾਊਨਬੈਕ ਨੇ ਸ਼੍ਰੀਨਿਵਾਸ ਦੀ ਮੌਤ ‘ਤੇ ਡੂੰਘਾ ਦੁੱਖ ਜ਼ਾਹਰ ਕਰਦੇ ਹੋਏ ਕਿਹਾ ਕਿ ਭਾਰਤੀ ਉਨ੍ਹਾਂ ਲਈ ਬੇਹੱਦ ਕੀਮਤੀ ਹਨ। ਸੈਮ ਨੇ ਕਿਹਾ ਕਿ ਭਾਰਤੀ-ਅਮਰੀਕੀ ਕਿਤੇ ਨਹੀਂ ਜਾ ਸਕਦੇ ਹਨ ਅਤੇ ਸਾਰੇ ਭਾਰਤੀਆਂ ਦਾ ਉਨ੍ਹਾਂ ਦੇ ਸੂਬੇ ਵਿਚ ਸੁਆਗਤ ਹੈ। ਭਾਰਤੀ ਭਾਈਚਾਰੇ ਦੇ ਲੋਕਾਂ ਅਤੇ ਡਿਪਲੋਮੈਟਾਂ ਨਾਲ ਗੱਲਬਾਤ ਕਰਦੇ ਹੋਏ ਬਰਾਊਨਬੈਕ ਨੇ ਇਹ ਗੱਲ ਕਹੀ ਹੈ। ਉਨ੍ਹਾਂ ਕਿਹਾ ਕਿ ਕੈਨਸਾਸ ਹਮਲੇ ਵਿਚ ਮਾਰੇ ਗਏ ਸ਼੍ਰੀਨਿਵਾਸ ਅਤੇ ਆਲੋਕ ਮਦਸਾਨੀ ਨੂੰ ਜ਼ਖਮੀ ਕੀਤੇ ਜਾਣ ਦੀਆਂ ਘਟਨਾਵਾਂ ਤੋਂ ਉਹ ਸ਼ਰਮਿੰਦਾ ਹਨ, ਜੋ ਕਿ ਬੇਹੱਦ ਸ਼ਰਮਨਾਕ ਹੈ।

ਸਿੱਖਾਂ ਵਲੋਂ ਜਾਗਰੂਕਤਾ ਮੁਹਿੰਮ ਚਲਾਉਣ ਦੀ ਪੇਸ਼ਕਸ਼ :
ਕੈਲੀਫੋਰਨੀਆ : ਅਮਰੀਕਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਟਰੰਪ ਸਰਕਾਰ ਅਤੇ ਪ੍ਰਸ਼ਾਸਨ ਨੂੰ ਸਿੱਖਾਂ ਦੀ ਪਛਾਣ, ਧਰਮ ਅਤੇ ਵਿਰਸੇ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਮੁਹਿੰਮ ਚਲਾਉਣ ਦੀ ਪੇਸ਼ਕਸ਼ ਕੀਤੀ ਹੈ। ਹਾਲ ਹੀ ਵਿਚ ਅਮਰੀਕਾ ਵਿਚ ਸਿੱਖਾਂ ‘ਤੇ ‘ਹੇਟ ਕ੍ਰਾਈਮ’ ਤਹਿਤ ਹਮਲਿਆਂ ਦੀ ਗਿਣਤੀ ਵਧੀ ਹੈ ਅਤੇ ਸ਼ਨੀਵਾਰ ਰਾਤ ਇਕ ਅਮਰੀਕਨ ਗੋਰੇ ਵਲੋਂ ਇਕ 39 ਸਾਲਾ ਸਿੱਖ ਵਿਅਕਤੀ ‘ਤੇ ਕੀਤੇ ਗਏ ਹਮਲੇ ਨੇ ਸਿੱਖ ਭਾਈਚਾਰੇ ਨੂੰ ਚਿੰਤਾ ਵਿਚ ਪਾ ਦਿੱਤਾ ਹੈ। ਅਮਰੀਕਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਡਾ. ਪ੍ਰਿਤਪਾਲ ਸਿੰਘ ਨੇ ਕਿਹਾ ਹੈ ਕਿ ਇਹ ਹਮਲੇ ਚਿੰਤਾ ਦਾ ਵਿਸ਼ਾ ਹਨ ਅਤੇ ਸਿੱਖਾਂ ਦੀ ਪਛਾਣ ਨਾ ਹੋਣ ਕਾਰਨ ਅਮਰੀਕਾ ਦੇ ਸਥਾਨਕ ਨਾਗਰਿਕ ਸਿੱਖ ਭਾਈਚਾਰੇ ਦੇ ਲੋਕਾਂ ‘ਤੇ ਹਮਲੇ ਕਰ ਰਹੇ ਹਨ। ਸਥਾਨਕ ਲੋਕਾਂ ਨੂੰ ਸਿੱਖੀ ਅਤੇ ਸਿੱਖਾਂ ਬਾਰੇ ਜਾਗਰੂਕ ਕਰਨ ਲਈ ਅਮਰੀਕਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਸ਼ਾਸਨ ਦੀ ਮਦਦ ਲਈ ਤਿਆਰ ਹੈ।

ਪ੍ਰੋ. ਬਡੂੰਗਰ ਨੇ ਕਿਹਾ-ਟਰੰਪ ਸਰਕਾਰ ਨੂੰ ਲਿਖਿਆ ਜਾਵੇਗਾ ਪੱਤਰ :
ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਵੀ ਅਮਰੀਕਾ ਵਿਚ ਹੋਏ ਸਿੱਖ ‘ਤੇ ਹਮਲੇ ਦੀ ਨਿੰਦਾ ਕੀਤੀ ਹੈ ਅਤੇ ਡੋਨਲਡ ਟਰੰਪ ਦੀ ਸਰਕਾਰ ਨੂੰ ਹਮਲਾਵਰਾਂ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਘਟਨਾਵਾਂ ਵਿਸ਼ਵ ਸ਼ਾਂਤੀ ਲਈ ਖ਼ਤਰਾ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਹਮਲਿਆਂ ਨੂੰ ਰੋਕਣ ਲਈ ਉਹ ਟਰੰਪ ਸਰਕਾਰ ਨੂੰ ਪੱਤਰ ਲਿਖਣਗੇ। ਇਸੇ ਦੌਰਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਵੀ ਕਿਹਾ ਹੈ ਕਿ ਉਹ ਅਮਰੀਕਨ ਲੋਕਾਂ ਨੂੰ ਸਿੱਖ ਭਾਈਚਾਰੇ ਬਾਰੇ ਜਾਗਰੂਕ ਕਰਨ ਲਈ ਮੁਹਿੰਮ ਵਿਚ ਸਹਿਯੋਗ ਦੇਣ ਲਈ ਤਿਆਰ ਹਨ।