ਰੋਕਾਂ ਦੇ ਬਾਵਜੂਦ ਸਟੂਡੈਂਟਸ ਫਾਰ ਸੁਸਾਇਟੀ ਵਲੋਂ ਪੰਜਾਬ ਯੂਨੀਵਰਸਿਟੀ ‘ਚ ਕਨਵੈਨਸ਼ਨ

ਰੋਕਾਂ ਦੇ ਬਾਵਜੂਦ ਸਟੂਡੈਂਟਸ ਫਾਰ ਸੁਸਾਇਟੀ ਵਲੋਂ ਪੰਜਾਬ ਯੂਨੀਵਰਸਿਟੀ ‘ਚ ਕਨਵੈਨਸ਼ਨ

ਕੈਪਸ਼ਨ-ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿਚ ਉਪ ਕੁਲਪਤੀ ਦਫ਼ਤਰ ਨੇੜੇ ਸੰਬੋਧਨ ਕਰਦੀ ਹੋਈ ਸੀਮਾ ਆਜ਼ਾਦ।
ਚੰਡੀਗੜ੍ਹ/ਬਿਊਰੋ ਨਿਊਜ਼ :
ਹੈਦਾਰਾਬਾਦ ਯੂਨੀਵਰਸਿਟੀ ਦੇ ਖੋਜਾਰਥੀ ਰੋਹਿਤ ਵੇਮੁਲਾ ਦੀ ਖ਼ੁਦਕੁਸ਼ੀ, ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਵਿਵਾਦ ਤੇ ਦਿੱਲੀ ਯੂਨੀਵਰਸਿਟੀ ਵਿੱਚ ਵਾਪਰੀਆਂ ਘਟਨਾਵਾਂ ਬਾਅਦ ਵਿਚਾਰਾਂ ਦੀ ਆਜ਼ਾਦੀ ਲਈ ਸੁੰਗੜ ਰਹੀ ਜਗ੍ਹਾ ਧਾਰਮਿਕ ਘੱਟ ਗਿਣਤੀਆਂ, ਦਲਿਤ ਤੇ  ਖੱਬੇਪੱਖੀਆਂ ਲਈ ਸਾਂਝਾ ਮੰਚ ਉਸਾਰ ਰਹੀ ਹੈ। ਦਿੱਲੀ ਯੂਨੀਵਰਸਿਟੀ ਦੇ ਰਾਮਜਸ ਕਾਲਜ ਵਿਚ ਵਿਵਾਦ ਬਾਅਦ ਸ੍ਰੀ ਰਾਮ ਕਾਲਜ ਦੀ ਵਿਦਿਆਰਥਣ ਗੁਰਮਿਹਰ ਕੌਰ ਦੇ ਬਿਆਨ ਨਾਲ ਦੇਸ਼ ਪੱਧਰ ‘ਤੇ ਸ਼ੁਰੂ ਹੋਈ ਸਫ਼ਬੰਦੀ ਚੰਡੀਗੜ੍ਹ ਸਥਿਤ ਪੰਜਾਬ ਯੂਨੀਵਰਸਿਟੀ ਵਿੱਚ ਟਕਰਾਅ ਦਾ ਰੂਪ ਧਾਰ ਗਈ। ਭਾਜਪਾ ਦੇ ਵਿਦਿਆਰਥੀ ਵਿੰਗ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ਏਬੀਵੀਪੀ) ਦੀ ਚੁਣੌਤੀ ਦੇ ਬਾਵਜੂਦ ਸਟੂਡੈਂਟਸ ਫਾਰ ਸੁਸਾਇਟੀ (ਐਸਐਫਐਸ) ਦੇ ਹੱਕ ਵਿੱਚ ਖੱਬੇਪੱਖੀ, ਜਮਹੂਰੀ, ਖ਼ਾਲਿਸਤਾਨੀ ਤੇ ਦਲਿਤ ਜਥੇਬੰਦੀਆਂ ਦੇ ਕਾਰਕੁਨ ਖੜ੍ਹ ਗਏ, ਜਿਸ ਬਦੌਲਤ ‘ਦਸਤਕ’ ਰਸਾਲੇ ਦੀ ਸੰਪਾਦਕ ਸੀਮਾ ਆਜ਼ਾਦ ਸਮਾਰੋਹ ਨੂੰ ਸੰਬੋਧਨ ਕਰਨ ਵਿੱਚ ਸਫ਼ਲ ਹੋ ਗਈ।
ਯੂਨੀਵਰਸਿਟੀ ਨੂੰ ਪੁਲੀਸ ਛਾਉਣੀ ਵਿਚ ਤਬਦੀਲ ਕਰ ਦਿੱਤਾ ਗਿਆ। ਏਬੀਵੀਪੀ ਦੇ ਕਾਰਕੁਨਾਂ ਨੇ ਸੀਮਾ ਨੂੰ ਮਾਓਵਾਦੀ ਤੇ ਦੇਸ਼ ਧ੍ਰੋਹੀ ਕਰਾਰ ਦਿੰਦਿਆਂ ‘ਵਰਸਿਟੀ ਵਿੱਚ ਉਸ ਨੂੰ ਬੋਲਣ ਨਾ ਦੇਣ ਦਾ ਐਲਾਨ ਕੀਤਾ ਸੀ। ਵੱਖ ਵੱਖ ਧਿਰਾਂ ਦੀ ਇੱਕਜੁੱਟਤਾ ਕਾਰਨ ਯੂਨੀਵਰਸਿਟੀ ਦੇ ਉਪ ਕੁਲਪਤੀ ਦੇ ਦਫ਼ਤਰ ਨੇੜੇ ਦੁਪਹਿਰ ਦੋ ਵਜੇ ਤੋਂ ਸ਼ਾਮ ਸਵਾ ਪੰਜ ਵਜੇ ਤਕ ਸਮਾਗਮ ਹੋਇਆ। ਪੁਲੀਸ ਤੇ ਏ.ਬੀ.ਵੀ.ਪੀ. ਕਾਰਕੁਨਾਂ ਨੂੰ ਚਕਮਾ ਦੇ ਕੇ ਸੀਮਾ ਆਜ਼ਾਦ ਦਸਤਾਰ ਸਜਾ ਕੇ ਹਰਿਆਣਾ ਵਿਚ ਮਹਿਲਾ ਸੰਗਠਨ ਦੀ ਕਾਰਕੁਨ ਵਜੋਂ ਐਲਾਨੇ ਨਾਂ ਉੱਤੇ ਭਾਸ਼ਣ ਵੀ ਦੇ ਗਈ ਅਤੇ  ਉਸ ਦੇ ਸੁਰੱਖਿਅਤ ਸਥਾਨ ‘ਤੇ ਚਲੇ ਜਾਣ ਬਾਅਦ ਸਟੇਜ ਤੋਂ ਉਸ ਦੀ ਪਛਾਣ ਜਨਤਕ ਕੀਤੀ ਗਈ। ਵਿਦਿਆਰਥੀਆਂ ਦੇ ਪਛਾਣ ਪੱਤਰ ਚੈੱਕ ਕੀਤੇ ਬਿਨਾਂ ਕਿਸੇ ਨੂੰ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਸੀ। ਬਾਹਰੋਂ ਆਏ ਜਥੇਬੰਦੀਆਂ ਦੇ ਆਗੂਆਂ ਖਾਸ ਤੌਰ ਉੱਤੇ ਕਿਸਾਨ ਯੂਨੀਅਨ ਡਕੌਂਦਾ ਦੇ ਕਾਰਕੁਨਾਂ ਨੂੰ ਪੁਲੀਸ ਨੇ ਗੇਟ ਤੋਂ ਹੀ ਹਿਰਾਸਤ ਵਿਚ ਲੈ ਲਿਆ।  ਸਮਾਗਮ ਵਿੱਚ ਪੁੱਜਣ ਵਾਲੇ ਆਗੂਆਂ ਨੇ ਸਟੇਜ ਤੋਂ ਕਿਹਾ ਕਿ ਉਹ ਕੇਵਲ ਇਸ ਲਈ ਆਏ ਹਨ ਕਿਉਂਕਿ ਕਿਸੇ ਨੂੰ ਵੀ ਵਿਚਾਰ ਪ੍ਰਗਟਾਉਣ ਤੋਂ ਰੋਕਣ ਦੀ ਚੁਣੌਤੀ ਦਾ ਮਿਲ ਕੇ ਜਵਾਬ ਦੇਣਾ ਜ਼ਰੂਰੀ ਹੈ।
ਵਿਚਾਰਧਾਰਕ ਤੌਰ ‘ਤੇ ਵੱਖਰੇਵਿਆਂ ਦੇ ਬਾਵਜੂਦ ਸਭ ਤਰ੍ਹਾਂ ਦੇ ਆਗੂ ਇਕਜੁੱਟ ਨਜ਼ਰ ਆਏ ਅਤੇ ਐਸਐਫਐਸ ਵੱਲੋਂ ਵੀ ਸਟੇਜ ਤੋਂ ਸਭ ਨੂੰ ਬਰਾਬਰ ਦਾ ਸਮਾਂ ਦਿੱਤਾ ਗਿਆ। ਬੁਲਾਰਿਆਂ ਨੇ ਹਿੰਦੂਵਾਦੀ ਵਿਚਾਰਧਾਰਾ ਵੱਲੋਂ ਸਦੀਆਂ ਤੋਂ ਜਾਤਪਾਤ ਦੇ ਆਧਾਰ ‘ਤੇ ਦਲਿਤਾਂ ਨੂੰ ਅਛੂਤ ਸਮਝਣ, ਬਹੁਗਿਣਤੀ ਦੇ ਸਹਾਰੇ ਘੱਟ ਗਿਣਤੀਆਂ ਦੇ ਹੱਕਾਂ ਨੂੰ ਦਬਾਉਣ, ਕਬਾਇਲੀਆਂ ‘ਤੇ ਅਤਿਆਚਾਰ ਅਤੇ ਵੰਨ ਸੁਵੰਨੇ ਦੇਸ਼ ਵਿਚ ਇੱਕੋ ਤਰ੍ਹਾਂ ਦੇ ਵਿਚਾਰ ਨੂੰ ਸਥਾਪਤ ਕਰਨ ਦੀ ਕੋਸ਼ਿਸ਼ ਤਹਿਤ ਸੱਤਾ ਦੀ ਤਾਕਤ ਨੂੰ ਵਰਤੇ ਜਾਣ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਹਿਟਲਰ ਸਮੇਤ ਸਾਰੇ ਫਾਸ਼ੀਵਾਦੀ ਸ਼ਾਸਕਾਂ ਨੂੰ ਲੋਕ ਜ਼ਿਆਦਾ ਸਮਾਂ ਬਰਦਾਸ਼ਤ ਨਹੀਂ ਕਰਦੇ। ਦੇਸ਼ ਭਰ ਦੇ ਨੌਜਵਾਨਾਂ ਤੇ ਵਿਦਿਆਰਥੀਆਂ ਵਿੱਚ ਫੈਲ ਰਿਹਾ ਰੋਸ ਇੱਕ ਹਾਂ ਪੱਖੀ ਵਰਤਾਰਾ ਹੈ।
ਖੱਬੇਪੱਖੀ ਲਹਿਰ ਤੋਂ ਸਿੱਖ ਚਿੰਤਕ ਤੱਕ ਸਫ਼ਰ ਤੈਅ ਕਰਨ ਵਾਲੇ ਅਜਮੇਰ ਸਿੰਘ ਨੇ ਕਿਹਾ ਕਿ ਅੰਧ ਰਾਸ਼ਟਰਵਾਦ ਦਾ ਮੌਜੂਦਾ ਦੌਰ ਬ੍ਰਾਹਮਣਵਾਦੀ ਵਿਚਾਰਧਾਰਾ ਤਹਿਤ ਘੜੇ ਡਿਜ਼ਾਈਨ ਦਾ ਹਿੱਸਾ ਹੈ। ਇਸ ਵਿਚ ਦੂਜਿਆਂ ਨੂੰ ਜਜ਼ਬ ਕਰ ਲੈਣ ਦੀ ਸਮਰੱਥਾ ਵੀ ਬਹੁਤ ਹੈ। ਇਸ ਕਾਰਨ ਲੰਬੇ ਸਮੇਂ ਤੋਂ ਜਾਤਪਾਤ ਤੇ ਊਚ ਨੀਚ ਦੇ ਬਾਵਜੂਦ ਸਮਾਜਿਕ ਤੌਰ ‘ਤੇ ਇਸ ਨੇ ਆਪਣੀ ਸੱਤਾ ਕਾਇਮ ਰੱਖੀ ਹੋਈ ਹੈ। ਇਹ ਨਿਰਾ ਲਾਲਚ ਤੇ ਸਿਆਸੀ ਸੱਤਾ ਦੇ ਸਹਾਰੇ ਨਹੀਂ ਬਲਕਿ ਵਿਚਾਰਧਾਰਕ ਤੌਰ ‘ਤੇ ਦੇਸ਼ ਦੇ ਵੱਡੇ ਵਰਗ ਨੂੰ ਆਪਣੇ ਨਾਲ ਸਹਿਮਤ ਕਰ ਲੈਣ ਤੋਂ ਬਾਅਦ ਵੱਡਾ ਹਮਲਾ ਕਰਨ ਦੇ ਸਮਰੱਥ ਹੁੰਦਾ ਹੈ।
ਸ਼ਹੀਦ ਭਗਤ ਸਿੰਘ ਦੇ ਭਾਣਜੇ ਪ੍ਰੋਫੈਸਰ ਜਗਮੋਹਨ ਸਿੰਘ ਨੇ ਕਿਹਾ ਕਿ ਗੁਰਮਿਹਰ ਕੌਰ ਵੱਲੋਂ ਪਾਕਿਸਤਾਨੀਆਂ ਨੇ ਨਹੀਂ, ਉਸ ਦੇ ਪਿਤਾ ਨੂੰ ਜੰਗ ਨੇ ਮਾਰਿਆ ਹੈ, ਇਹ ਵਿਚਾਰ ਹਿੰਦੂਵਾਦੀ ਵਿਚਾਰਧਾਰਾ ਦੀਆਂ ਚੂਲਾਂ ਹਿਲਾ ਦੇਣ ਵਾਲਾ ਹੈ। ਇਸ  ਨਾਲ ਇਨ੍ਹਾਂ ਤਾਕਤਾਂ ਦਾ ਡਿਜ਼ਾਈਨ ਹਿੱਲਦਾ ਹੈ। ਜਬਰ ਜਨਾਹ ਦੀਆਂ ਧਮਕੀਆਂ ਔਰਤ ਨੂੰ ਹੋਣ ਵਾਲੀ ਪੀੜਾ ਦੇ ਅਹਿਸਾਸ ਬਾਰੇ ਅੱਖਾਂ ਬੰਦ ਕਰ ਦੇਣ ਦੀ ਪ੍ਰਕਿਰਿਆ ਹੈ। ਹਿੰਦੂਵਾਦੀ ਵਿਚਾਰਧਾਰਾ ਵਿਚ ਔਰਤ ਨੂੰ ਆਜ਼ਾਦੀ ਜਾਂ ਬਰਾਬਰੀ ਲਈ ਕੋਈ ਥਾਂ ਨਹੀਂ ਹੈ। ਯੂਨੀਵਰਸਿਟੀ ਤੇ ਪ੍ਰਸ਼ਾਸਨ ਵੱਲੋਂ ਸ਼ਾਂਤਮਈ ਪ੍ਰੋਗਰਾਮ ਲਈ ਦਿੱਤੇ ਹਾਲ ਨੂੰ ਰੱਦ ਕਰਨ ਬਾਰੇ ਉਨ੍ਹਾਂ ਕਿਹਾ ਕਿ ਨੌਜਵਾਨਾਂ ਦੀ ਹਿੰਮਤ ਹੀ ਅਜਿਹੇ ਹੱਲਿਆਂ ਦਾ ਜਵਾਬ ਹੈ। ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਨੇ ਵੀ ਇਹੀ ਸੁਨੇਹਾ ਦਿੱਤਾ ਹੈ।
ਇਸ ਮੌਕੇ ਸੀਪੀਆਈ (ਐਮਐਲ) ਲਿਬਰੇਸ਼ਨ ਤੋਂ ਕਮਲਜੀਤ ਸਿੰਘ, ਦਲ ਖਾਲਸਾ ਵੱਲੋਂ ਹਰਪਾਲ ਸਿੰਘ ਚੀਮਾ, ਯੂਨਾਈਟਿਡ ਅਕਾਲੀ ਦਲ ਵੱਲੋਂ ਗੁਰਨਾਮ ਸਿੰਘ, ਸੋਸ਼ਲਿਸਟ ਪਾਰਟੀ ਵੱਲੋਂ ਬਲਵੰਤ ਸਿੰਘ ਖੇੜਾ, ਪੀਐਸਯੂ (ਲਲਕਾਰ) ਪ੍ਰੋਫੈਸਰ ਮਨਜੀਤ ਸਿੰਘ ਸਮੇਤ ਬਹੁਤ ਸਾਰੇ ਆਗੂਆਂ ਨੇ ਸੰਬੋਧਨ ਕਰਦਿਆਂ ਅੱਗੋਂ ਤਾਲਮੇਲ ਬਣਾ ਕੇ ਚੱਲਣ ਦਾ ਫੈਸਲਾ ਕੀਤਾ।

 

ਹੁਣ ਏ.ਬੀ.ਵੀ.ਪੀ. ਦੀ ਮਨਮਾਨੀ ਨਹੀਂ ਚੱਲੇਗੀ : ਸੀਮਾ ਆਜ਼ਾਦ

ਧਮਕੀਆਂ ਦੇ ਬਾਵਜੂਦ ਦਸਤਾਰ ਸਜਾ ਕੇ ਆਈ ਸੀਮਾ ਆਜ਼ਾਦ ਕਰ ਗਈ ਵਿਦਿਆਰਥੀਆਂ ਨੂੰ ਸੰਬੋਧਨ
ਚੰਡੀਗੜ੍ਹ/ਬਿਊਰੋ ਨਿਊਜ਼ :
ਭਾਰੀ ਵਿਰੋਧ ਅਤੇ ਰੋਕਾਂ ਦੇ ਬਾਵਜੂਦ ਪੱਤਰਕਾਰ ਅਤੇ ਸਮਾਜਿਕ ਕਾਰਕੁਨ ਸੀਮਾ ਆਜ਼ਾਦ ਨੇ ਵਿਦਿਆਰਥੀਆਂ ਦਰਮਿਆਨ ‘ਲਾਲ-ਸਲਾਮ’ ਦੇ ਨਾਅਰੇ ਲਾਏ। ਪੰਜਾਬ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਸੀਮਾ ਆਜ਼ਾਦ ਨੂੰ ਕੈਂਪਸ ਵਿਚ ਦਾਖ਼ਲ ਹੋਣ ਦਾ ਇਜ਼ਾਜਤ ਨਾ ਦਿੱਤੇ ਜਾਣੇ ਅਤੇ ਪੁਲੀਸ ਵੱਲੋਂ ਉਸ ਨੂੰ ਰੋਕਣ ਲਈ ਕੀਤੇ ਪ੍ਰਬੰਧ ਵੀ ਉਸ ਨੂੰ ਵਿਦਿਆਰਥੀਆਂ ਦੇ ਰੂਬਰੂ ਹੋਣ ਤੋਂ ਨਹੀਂ ਰੋਕ ਸਕੇ। ਸੈਮੀਨਾਰ ਦੇ ਅਖੀਰ ਵਿਚ ਸੀਮਾ ਆਜ਼ਾਦ ਪੁਲੀਸ ਅਤੇ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਚਕਮਾ ਦੇ ਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਨ ਲੱਗ ਪਈ। ਸੀਮਾ ਆਜ਼ਾਦ ਨੇ ਕ੍ਰਿਤੀ ਨਾਮ ਦੀ ਲੜਕੀ ਦਾ ਭੇਸ ਧਾਰਿਆ ਹੋਇਆ ਸੀ। ਐਸਐਫਐਸ ਦੇ ਵਿਦਿਆਰਥੀ ਆਗੂਆਂ ਵੱਲੋਂ ਸੀਮਾ ਆਜ਼ਾਦ ਨੂੰ ਹਰਿਆਣੇ ਦੇ ਇਕ ਮਹਿਲਾ ਸੰਗਠਨ ਨਾਲ ਜੁੜੀ ਹੋਈ ਕਾਰਕੁਨ ਵਜੋਂ ਪੇਸ਼ ਕੀਤਾ ਗਿਆ ਸੀ। ਕ੍ਰਿਤੀ ਨਾਮ ਦੀ ਲੜਕੀ ਦੇ ਭੇਸ ਵਿਚ ਸੀਮਾ ਆਜ਼ਾਦ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ‘ਲਾਲ-ਸਲਾਮ’ ਦੇ ਨਾਅਰੇ ਲਾਏ। ਜਦੋਂ ਸੀਮਾ ਆਜ਼ਾਦ ਆਪਣਾ ਭਾਸ਼ਨ ਦੇ ਕੇ ਚਲੀ ਗਈ ਤਾਂ ਐਸਐਫਐਸ ਦੇ ਕਾਰਕੁਨਾਂ ਨੇ ਉਸ ਦੀ ਅਸਲੀ ਪਛਾਣ ਦੱਸੀ। ਆਪਣੇ ਸੰਬੋਧਨ ਦੌਰਾਨ ਸੀਮਾ ਆਜ਼ਾਦ ਨੇ ਰੂਸ ਦੀ ਕ੍ਰਾਂਤੀ ਅਤੇ ‘ਫਾਸ਼ੀਵਾਦੀ ਦੌਰ ਵਿਚ ਵਿਦਿਆਰਥੀ ਸੰਘਰਸ਼ ਦੀ ਭੂਮਿਕਾ’ ਵਿਸ਼ੇ ‘ਤੇ ਵਿਚਾਰ ਪ੍ਰਗਟ ਕੀਤੇ। ਸੀਮਾ ਆਜ਼ਾਦ ਨੇ ਕਿਹਾ ਵਿਦਿਆਰਥੀ ਅੱਜ ਜੋ ਸੰਘਰਸ਼ ਕਰ ਰਹੇ ਹਨ, ਇਹੀ ਅਸਲੀ ਪੜ੍ਹਾਈ ਹੈ। ਉਨ੍ਹਾਂ ਕਿਹਾ, ‘ਮੇਰੇ ਲਈ ਹੈਰਾਨੀ ਵਾਲੀ ਗੱਲ ਹੈ ਕਿ ਪੰਜਾਬ ਏ.ਬੀ.ਵੀ.ਪੀ. ਤਾਂ ਮੇਰੇ ਬਾਰੇ ਜਾਣਦੀ ਵੀ ਨਹੀਂ, ਇਸ ਦੇ ਬਾਵਜੂਦ ਉਨ੍ਹਾਂ ਨੇ ਵਿਰੋਧ ਕੀਤਾ। ਏ.ਬੀ.ਵੀ.ਪੀ. ਦੇ ਕਹਿਣ ‘ਤੇ ਚੰਡੀਗੜ੍ਹ ਪ੍ਰਸ਼ਾਸਨ ਨੇ ਵੀ ਏਨੀ ਸੁਰੱਖਿਆ ਲਗਾ ਦਿੱਤੀ। ਚੈੱਕ ਵੀ ਨਹੀਂ ਕੀਤਾ ਕਿ ਜੋ ਦਾਅਵਾ ਏ.ਬੀ.ਵੀ.ਪੀ. ਕਰ ਰਹੀ ਹੈ ਕਿ ਸੀਮਾ ਆਜ਼ਾਦ ‘ਤੇ ਪੰਜ ਸੂਬਿਆਂ ਵਿਚ ਪਾਬੰਦੀ ਹੈ, ਉਹ ਠੀਕ ਵੀ ਹੈ ਜਾਂ ਨਹੀਂ।’ ਇਹ ਸਿੱਧ ਕਰਦਾ ਹੈ ਕਿ ਸੱਤਾ ਉਨ੍ਹਾਂ ਦੇ ਨਾਲ ਹੈ ਤੇ ਉਹ ਝੂਠੇ ਮੁੱਦਿਆਂ ਰਾਹੀਂ ਗਰੀਬਾਂ ਦੀ ਆਵਾਜ਼ ਚੁੱਕਣ ਵਾਲਿਆਂ  ਨੂੰ ਦਬਾ ਰਹੇ ਹਨ। ਭੇਸ ਬਦਲ ਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਨਾ ਕੋਈ ਵੱਡੀ ਕਾਮਯਾਬੀ ਨਹੀਂ, ਬਲਕਿ ਛੋਟਾ ਜਿਹਾ ਕਦਮ ਹੈ, ਇਹ ਸਮਝਾਉਣ ਲਈ ਕਿ ਤੁਹਾਡੀ ਮਨਮਾਨੀ ਨਹੀਂ ਚੱਲੇਗੀ। ਇਹ ਪੁੱਛੇ ਜਾਣ ਕਿ ਉਸ ਦਾ ਪ੍ਰੋਗਰਾਮ ਪਹਿਲਾਂ ਤੋਂ ਤੈਅ ਸੀ ਜਾਂ ਰਾਮਜਸ ਕਾਲਜ ਮਗਰੋਂ ਪੀ.ਯੂ. ਦਾ ਮਾਹੌਲ ਬਦਲਿਆ ਤਾਂ ਤੁਹਾਨੂੰ ਪਤਾ ਸੀ, ਦੇ ਜਵਾਬ ਵਿਚ ਸੀਮਾ ਨੇ ਕਿਹਾ, ‘ਹਾਂ ਵਿਦਿਆਰਥੀਆਂ ਨੇ ਮੈਨੂੰ ਦੱਸ ਦਿੱਤਾ ਸੀ ਪਰ ਉਨ੍ਹਾਂ ਦਾ ਕਹਿਣਾ ਸੀ ਕਿ ਤੁਸੀਂ ਆਉਣਾ ਹੈ ਤਾਂ ਮੈਂ ਆਉਣਾ ਹੀ ਸੀ। ਇਹ ਹਾਲਾਤ ਤਾਂ ਉਹ ਹਰ ਯੂਨੀਵਰਸਿਟੀ ਵਿਚ ਪੈਦਾ ਕਰ ਰਹੇ ਹਨ। ਜਿੰਨਾ ਇਹ ਦੇਸ਼ ਉਨ੍ਹਾਂ ਦਾ ਹੈ, ਓਨਾ ਹੀ ਸਾਡਾ ਵੀ ਹੈ। ਸਕੂਲ ਤੇ ਕਾਲਜ ਵਿਚ ਤਾਂ ਉਨ੍ਹਾਂ ਦੀ ਰੋਕ ਸੀ ਕਿ ਉਥੇ ਤਾਂ ਅਨੁਸ਼ਾਸਨ ਹੈ ਪਰ ਯੂਨੀਵਰਸਿਟੀਆਂ ਤਾਂ ਬਹਿਸ ਦਾ ਮੰਚ ਹਨ। ਅਸੀਂ ਕੁੱਟਮਾਰ ਕਰਨ ਤਾਂ ਨਹੀਂ ਆਏ ਸੀ, ਗੱਲ ਹੀ ਤਾਂ ਕਰਨ ਆਏ ਸੀ। ਉਨ੍ਹਾਂ ਦੀ ਇਸ ਚੁਣੌਤੀ ਦਾ ਜਵਾਬ ਜ਼ਰੂਰੀ ਸੀ। ਇਹ ਦੇਸ਼ ਕਿਸੇ ਇਕ ਧਰਮ, ਜਾਤੀ ਜਾਂ ਸਿਆਸਤ ਵਾਲਿਆਂ ਦਾ ਦੇਸ਼ ਨਹੀਂ ਹੈ। ਹੰਗਾਮੇ ਦੇ ਬਾਵਜੂਦ ਪ੍ਰੋਗਰਾਮ ਨਾ ਟਾਲਣ ‘ਤੇ ਸੀਮਾ ਨੇ ਕਿਹਾ ਕਿ ਏ.ਬੀ.ਵੀ.ਪੀ. ਕੈਂਪਸ ਵਿਚ ਗ਼ਲਤ ਪ੍ਰਚਾਰ ਕਰ ਰਹੀ ਸੀ ਕਿ ਮੇਰੇ ‘ਤੇ ਪੰਜ ਸੂਬਿਆਂ ਵਿਚ ਪਾਬੰਦੀ ਹੈ। ਸੱਚ ਇਹ ਹੈ ਕਿ ਮੇਰੀ ਜ਼ਮਾਨਤ ਵਿਚ ਕੋਈ ਵੀ ਸ਼ਰਤ ਨਹੀਂ ਹੈ। ਝੂਠੀਆਂ ਗੱਲਾਂ ਨਾਲ ਇਹ ਕਾਮਯਾਬ ਨਹੀਂ ਹੋ ਸਕਦੇ। ਬਹਿਸ ਕਰਨੀ ਹੈ ਤਾਂ ਘੱਟੋ-ਘੱਟ ਤੱਥਾਂ ਨਾਲ ਕਰਨ।
ਉਧਰ ਪੁਲੀਸ ਨੇ ਸੈਮੀਨਾਰ ਸ਼ੁਰੂ ਹੋਣ ਤੋਂ ਪਹਿਲਾਂ ਹੀ ਐਸਐਫਐਸ ਦੇ ਪ੍ਰਧਾਨ ਦਮਨਪ੍ਰੀਤ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਤੋਂ ਇਲਾਵਾ ਪੁਲੀਸ ਨੇ ਯੂਨੀਵਰਸਿਟੀ ਦੇ ਗੇਟ ਤੋਂ ਹੀ ਕਈ ਵਿਦਿਆਰਥੀਆਂ, ਸਮਾਜਿਕ ਸੰਸਥਾਵਾਂ ਨਾਲ ਜੁੜੇ ਹੋਏ ਕਾਰਕੁਨਾਂ ਨੂੰ ਹਿਰਾਸਤ ਵਿਚ ਲੈ ਲਿਆ। ਸੂਤਰਾਂ ਅਨੁਸਾਰ ਪੁਲੀਸ ਨੇ ਗੇਟ ਦੇ ਬਾਹਰੋਂ 50 ਤੋਂ ਵੱਧ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ। ਅਣਸੁਖਾਵੀ ਘਟਨਾ ਵਾਪਰਨ ਤੋਂ ਰੋਕਣ ਲਈ ਪੁਲੀਸ ਨੇ ਸਖ਼ਤ ਸੁਰਿੱਖਆ ਪ੍ਰਬੰਧ ਕੀਤੇ ਹੋਏ ਸਨ। ਪੰਜਾਬ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਇਜ਼ਾਜਤ ਨਾ ਦੇਣ ਤੋਂ ਬਾਅਦ ਸਟੂਡੈਂਟਸ ਫਾਰ ਸੁਸਾਇਟੀ ਦੇ ਆਗੂਆਂ ਨੇ ਖੁੱਲ੍ਹੇ ਵਿਚ ਉਪ ਕੁਲਪਤੀ ਦਫ਼ਤਰ ਦੇ ਬਾਹਰ ਸੈਮੀਨਾਰ ਕਰਵਾਇਆ।
ਸੈਮੀਨਾਰ ਦੇ ਵਿਰੋਧ ਵਿਚ ਏਬੀਵੀਪੀ ਅਤੇ ਪੰਜਾਬ ਯੂਨੀਵਰਸਿਟੀਆਂ ਦੀਆਂ ਕੁਝ ਵਿਦਿਆਰਥੀ ਧਿਰਾਂ ਵੱਲੋਂ ਥੋੜ੍ਹਾ ਬਹੁਤ ਹੱਲਾ ਕੀਤਾ ਗਿਆ। ਯੂਨਾਈਟਡ ਅਕਾਲੀ ਦਲ ਚੰਡੀਗੜ੍ਹ ਦੇ ਪ੍ਰਧਾਨ ਗੁਰਨਾਮ ਸਿੰਘ ਸਿੱਧੂ, ਦਲ ਖ਼ਾਲਸਾ ਦੇ ਪ੍ਰਧਾਨ ਅਤੇ ਸਿੱਖਸ ਫ਼ਾਰ ਹਿਊਮਨ ਰਾਈਟਸ ਦੇ ਚੇਅਰਮੈਨ ਹਰਪਾਲ ਸਿੰਘ ਚੀਮਾ, ਆਖੰਡ ਕੀਰਤਨ ਜਥਾ ਅਤੇ ਪੰਜਾਬ ਵਿਚੋਂ ਵੱਖ-ਵੱਖ ਵਿਦਿਆਰਥੀ ਜਥੇਬੰਦੀਆਂ ਸੈਮੀਨਾਰ ਵਿਚ ਪਹੁੰਚੀਆਂ ਹੋਈਆਂ ਸਨ। ਸੈਮੀਨਾਰ ਸ਼ੁਰੂ ਹੋਣ ਤੋਂ ਪਹਿਲਾਂ ਡੀਨ ਵਿਦਿਆਰਥੀ ਭਲਾਈ ਦੇ ਦਫ਼ਤਰ ਵਿਚ ਐਸਐਫਐਸ, ਪੰਜਾਬ ਯੂਨੀਵਰਸਿਟੀ ਵਿਦਿਆਰਥੀ ਕੌਂਸਲ, ਏਬੀਵੀਪੀ ਦੇ ਨੁਮਾਇੰਦਿਆਂ ਤੋਂ ਇਲਾਵਾ ਚੰਡੀਗੜ੍ਹ ਪ੍ਰਸ਼ਾਸਨ, ਪੰਜਾਬ ਪੁਲੀਸ ਅਤੇ ਪੰਜਾਬ ਯੂਨੀਵਰਸਿਟੀ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਦਰਮਿਆਨ ਮੀਟਿੰਗ ਹੋਈ। ਚਾਰ ਘੰਟੇ ਚੱਲੀ ਇਸ ਮੀਟਿੰਗ ਖ਼ਤਮ ਹੋਣ ਤੋਂ ਤੁਰੰਤ ਬਾਅਦ ਚੰਡੀਗੜ੍ਹ ਪੁਲੀਸ ਨੇ ਐਸਐਫਐਸ ਦੇ ਪ੍ਰਧਾਨ ਦਮਨਪ੍ਰੀਤ ਨੂੰ ਗ੍ਰਿਫ਼ਤਾਰ ਕਰ ਲਿਆ। ਐਸਐਫਐਸ ਦੇ ਵਿਦਿਆਰਥੀਆਂ ਮੁਤਾਬਕ ਇਨ੍ਹਾਂ ਚਾਰ ਘੰਟਿਆਂ ਦੌਰਾਨ ਪੁਲੀਸ ਅਤੇ ਯੂਨੀਵਰਸਿਟੀ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਦਮਨਪ੍ਰੀਤ ਨਾਲ ਸੰਪਰਕ ਨਹੀਂ ਕਰਨ ਦਿੱਤਾ। ਦਮਨਪ੍ਰੀਤ ਦੀ ਗ੍ਰਿਫ਼ਤਾਰੀ ਮਗਰੋਂ ਵਿਦਿਆਰਥੀ ਧਿਰਾਂ ਨੇ ਉਪ-ਕੁਲਪਤੀ ਦਫ਼ਤਰ ਦੇ ਬਾਹਰ ਸੈਮੀਨਾਰ ਸ਼ੁਰੂ ਕਰ ਦਿੱਤਾ। ਇਸ ਦੌਰਾਨ ਪ੍ਰੋਫੈਸਰ ਮਨਜੀਤ ਸਿੰਘ ਅਤੇ ਹੋਰ ਸਮਾਜਿਕ ਕਾਰੁਕਨਾਂ ਅਤੇ ਵਿਦਿਆਰਥੀ ਆਗੂਆਂ ਨੇ ਆਪਣੇ ਵਿਚਾਰ ਪ੍ਰਗਟ ਕੀਤੇ। ਦੇਰ ਸ਼ਾਮ ਪੁਲੀਸ ਨੇ ਗ੍ਰਿਫ਼ਤਾਰ ਕੀਤੇ ਸਾਰੇ ਕਾਰਕੁਨ ਰਿਹਾਅ ਕਰ ਦਿੱਤੇ।