ਟਰੰਪ ਵਲੋਂ ਮੈਰਿਟ ਆਧਾਰਤ ਪਰਵਾਸ ਪ੍ਰਣਾਲੀ ਅਪਨਾਉਣ ਦਾ ਸੱਦਾ

ਟਰੰਪ ਵਲੋਂ ਮੈਰਿਟ ਆਧਾਰਤ ਪਰਵਾਸ ਪ੍ਰਣਾਲੀ ਅਪਨਾਉਣ ਦਾ ਸੱਦਾ

ਵਾਸ਼ਿੰਗਟਨ/ਬਿਊਰੋ ਨਿਊਜ਼ :
ਭਾਰਤ ਵਰਗੇ ਮੁਲਕਾਂ ਦੇ ਉੱਚ ਤਕਨਾਲੋਜੀ ਵਾਲੇ ਪੇਸ਼ੇਵਰਾਂ ਲਈ ਲਾਹੇਵੰਦ ਹੋਣ ਵਾਲੇ ਐਲਾਨ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਮੈਰਿਟ ਆਧਾਰਤ ਪਰਵਾਸ ਪ੍ਰਣਾਲੀ ਅਪਨਾਉਣ ਦਾ ਸੱਦਾ ਦਿੱਤਾ, ਜਦੋਂ ਕਿ ਵੀਜ਼ਾ ਨਿਯਮਾਂ ਵਿੱਚ ਸਖ਼ਤੀ ਦੀ ਤਜਵੀਜ਼ ਤੋਂ ਡਰੇ ਪਰਵਾਸੀ ਭਾਰਤੀਆਂ ਦੇ ਤੌਖਲੇ ਕੈਨਸਾਸ ਵਿੱਚ ਭਾਰਤੀ ਇੰਜਨੀਅਰ ਦੀ ਮੌਤ ਮਗਰੋਂ ਹੋਰ ਵਧ ਗਏ ਹਨ। ਰਾਸ਼ਟਰਪਤੀ ਨੇ ਕਾਂਗਰਸ ਦੇ ਸਾਂਝੇ ਸੈਸ਼ਨ ਨੂੰ ਆਪਣੇ ਪਹਿਲੇ ਸੰਬੋਧਨ ਵਿੱਚ ਕਿਹਾ ਕਿ ਕੈਨੇਡਾ, ਆਸਟਰੇਲੀਆ ਤੇ ਹੋਰ ਮੁਲਕਾਂ ਲਈ ਮੈਰਿਟ ਆਧਾਰਤ ਪਰਵਾਸ ਪ੍ਰਣਾਲੀ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਪ੍ਰਣਾਲੀ ਨਾਲ ਅਣਗਿਣਤ ਡਾਲਰ ਬਚਣਗੇ ਅਤੇ ਕਾਮਿਆਂ ਦੀਆਂ ਉਜਰਤਾਂ ਵਧਣਗੀਆਂ। ਉਨ੍ਹਾਂ ਮਰਹੂਮ ਰਾਸ਼ਟਰਪਤੀ ਲਿੰਕਨ ਨੂੰ ਯਾਦ ਕਰਨ ਮਗਰੋਂ ਮੈਰਿਟ ਆਧਾਰਤ ਪਰਵਾਸ ਪ੍ਰਣਾਲੀ ਦਾ ਵਿਚਾਰ ਪੇਸ਼ ਕੀਤਾ। ਉਨ੍ਹਾਂ ਕਿਹਾ ਕਿ ਲਿੰਕਨ ਠੀਕ ਸਨ ਅਤੇ ਉਨ੍ਹਾਂ ਦੇ ਸ਼ਬਦਾਂ ਨੂੰ ਤਵੱਜੋ ਦੇਣ ਦਾ ਸਮਾਂ ਆ ਗਿਆ ਹੈ। ਉਨ੍ਹਾਂ ਕਿਹਾ ਕਿ ”ਅਸੀਂ ਐਗਜ਼ੀਕਿਊਟਿਵ ਬਰਾਂਚ ਦੇ ਅਧਿਕਾਰੀਆਂ ਵੱਲੋਂ ਲਾਮਬੰਦੀ ਕਰਨ ਉਤੇ ਪੰਜ ਸਾਲ ਅਤੇ ਵਿਦੇਸ਼ੀ ਸਰਕਾਰਾਂ ਲਈ ਲਾਮਬੰਦੀ ਕਰਨ ਉਤੇ ਜੀਵਨ ਭਰ ਦੀ ਪਾਬੰਦੀ ਲਾ ਕੇ ਸਰਕਾਰੀ ਭ੍ਰਿਸ਼ਟਾਚਾਰ ਨੂੰ ਰੋਕਣ ਦਾ ਉਪਰਾਲਾ ਸ਼ੁਰੂ ਕਰ ਦਿੱਤਾ ਹੈ।”
ਟਰੰਪ ਨੇ ਰਿਪਬਲਿਕਨਾਂ ਦੇ ਕਬਜ਼ੇ ਵਾਲੀ ਕਾਂਗਰਸ ਨੂੰ ਸਿਹਤ ਸੰਭਾਲ ਸਕੀਮ ‘ਓਬਾਮਾਕੇਅਰ’ ਖ਼ਤਮ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਸਰਕਾਰ ਤੋਂ ਮਾਨਤਾ ਪ੍ਰਾਪਤ ਸਿਹਤ ਬੀਮਾ ਖਰੀਦਣਾ ਅਮਰੀਕੀਆਂ ਲਈ ਕਦੇ ਵੀ ਸਹੀ ਹੱਲ ਨਹੀਂ ਸੀ। ਉਨ੍ਹਾਂ ਕਿਹਾ ਕਿ ਘੱਟ ਹੁਨਰਮੰਦਾਂ ਦੇ ਪਰਵਾਸ ਵਾਲੀ ਮੌਜੂਦਾ ਪ੍ਰਣਾਲੀ ਦਾ ਤਿਆਗ ਕਰਨ ਅਤੇ ਮੈਰਿਟ ਆਧਾਰਤ ਪ੍ਰਣਾਲੀ ਅਪਨਾਉਣ ਨਾਲ ਕਈਆਂ ਨੂੰ ਲਾਭ ਮਿਲੇਗਾ। ਇਸ ਨਾਲ ਅਣਗਿਣਤ ਡਾਲਰ ਬਚਣਗੇ ਅਤੇ ਉਜਰਤਾਂ ਵਧਣਗੀਆਂ। ਇਸ ਨਾਲ ਮੱਧ ਵਰਗ ਵਿੱਚ ਦਾਖ਼ਲ ਹੋਣ ਲਈ ਜਦੋਂ ਜਹਿਦ ਕਰ ਰਹੇ ਪਰਵਾਸੀ ਪਰਿਵਾਰਾਂ ਸਣੇ ਹੋਰਾਂ ਨੂੰ ਲਾਭ ਮਿਲੇਗਾ। ਟਰੰਪ (70) ਨੇ ਕਿਹਾ ਕਿ ਉਹ ਲੱਖਾਂ ਨੌਕਰੀਆਂ ਵਾਪਸ ਲਿਆ ਰਹੇ ਹਨ। ਉਨ੍ਹਾਂ ਕਿਹਾ ਕਿ ਆਪਣੇ ਕਾਮਿਆਂ ਦੀ ਸੁਰੱਖਿਆ ਦਾ ਮਤਲਬ ਕਾਨੂੰਨੀ ਪਰਵਾਸ ਪ੍ਰਣਾਲੀ ਵਿੱਚ ਸੁਧਾਰ ਕਰਨਾ ਹੈ। ਵੇਲਾ ਵਿਹਾ ਚੁੱਕੀ ਮੌਜੂਦਾ ਪ੍ਰਣਾਲੀ ਨਾਲ ਗਰੀਬ ਕਾਮਿਆਂ ਲਈ ਉਜਰਤਾਂ ਘਟਦੀਆਂ ਹਨ ਅਤੇ ਕਰਦਾਤਾਵਾਂ ਉਤੇ ਦਬਾਅ ਵਧਦਾ ਹੈ।
ਟਰੰਪ ਨੇ ਕਿਹਾ ਕਿ ਜਦੋਂ ਤੱਕ ਦੇਸ਼ ਦੀ ਸੁਰੱਖਿਆ ਅਤੇ ਕਾਨੂੰਨਾਂ ਦਾ ਸਤਿਕਾਰ ਬਹਾਲ ਕਰਨ ਵਾਸਤੇ ਅਮਰੀਕੀਆਂ ਲਈ ਨੌਕਰੀਆਂ ਤੇ ਉਜਰਤਾਂ ਵਿੱਚ ਸੁਧਾਰ ਦੇ ਟੀਚੇ ਉਤੇ ਧਿਆਨ ਕੇਂਦਰਤ ਰਹੇਗਾ ਤਾਂ ਉਸਾਰੂ ਤੇ ਵਾਸਤਵਿਕ ਪਰਵਾਸ ਸੁਧਾਰ ਸੰਭਵ ਹਨ। ਉਨ੍ਹਾਂ ਕਿਹਾ ਕਿ ਜੇ ਅਮਰੀਕੀ ਨਾਗਰਿਕਾਂ ਦੀ ਭਲਾਈ ਦੀ ਨੀਤੀ ਸਾਡਾ ਮਾਰਗ ਦਰਸ਼ਨ ਕਰਦੀ ਹੈ ਤਾਂ ਮੇਰਾ ਮੰਨਣਾ ਹੈ ਕਿ ਰਿਪਬਲਿਕਨ ਤੇ ਡੈਮੋਕਰੇਟ ਇਕੱਠੇ ਮਿਲ ਕੇ ਉਸ ਮੰਜ਼ਿਲ ਉਤੇ ਪੁੱਜ ਸਕਦੇ ਹਨ, ਜਿੱਥੇ ਕਈ ਦਹਾਕਿਆਂ ਤੋਂ ਪੁੱਜਿਆ ਨਹੀਂ ਜਾ ਰਿਹਾ। ਡੈਮੋਕਰੇਟ ਵਿਰੋਧੀਆਂ ਅਤੇ ਮੀਡੀਆ ਸੰਸਥਾਵਾਂ ‘ਤੇ ਹਮਲੇ ਤੋਂ ਵਿਰਵੇ ਇਸ ਭਾਸ਼ਣ ਵਿੱਚ ਰਾਸ਼ਟਰਪਤੀ ਨੇ ਕਿਹਾ ਕਿ ਸਮੱਸਿਆਵਾਂ ਦੇ ਹੱਲ ਲਈ ਸਾਨੂੰ ਪਾਰਟੀ ਮਤਭੇਦਾਂ ਨੂੰ ਪਿੱਛੇ ਛੱਡਣ ਦੀ ਲੋੜ ਪਵੇਗੀ। ਰਾਸ਼ਟਰਪਤੀ ਨੇ ਕਿਹਾ ਕਿ ਉਹ ਅਮਰੀਕਾ ਨੂੰ ਇੰਤਹਾਪਸੰਦਾਂ ਦੀ ਪਨਾਹਗਾਹ ਨਹੀਂ ਬਣਨ ਦੇਣਗੇ। ਉਨ੍ਹਾਂ ਆਪਣੇ ਸਹਿਯੋਗੀਆਂ ਤੇ ਮਿੱਤਰ ਮੁਸਲਿਮ ਮੁਲਕਾਂ ਨਾਲ ਮਿਲ ਕੇ ਇਸਲਾਮਿਕ ਸਟੇਟ ਅਤਿਵਾਦੀ ਗਰੁੱਪ ਨੂੰ ਤਬਾਹ ਕਰਨ ਦਾ ਅਹਿਦ ਲਿਆ।
ਜ਼ਿਕਰਯੋਗ ਹੈ ਕਿ ਪ੍ਰਚਾਰ ਮੁਹਿੰਮ ਦੌਰਾਨ ਟਰੰਪ ਨੇ ਭਰੋਸਾ ਦਿੱਤਾ ਸੀ ਕਿ ਉਹ ਐਚ-1ਬੀ ਅਤੇ ਐਲ-1 ਵੀਜ਼ੇ ਦੀ ਨਜ਼ਰਸਾਨੀ ਕਰਨਗੇ। ਵੀਜ਼ਾ ਪ੍ਰੋਗਰਾਮ ਵਿੱਚ ਸੁਧਾਰ ਲਈ ਅਮਰੀਕੀ ਕਾਂਗਰਸ ਵਿੱਚ ਪੇਸ਼ ਬਿੱਲਾਂ ਤੇ ਪ੍ਰਸਤਾਵਿਤ ਪ੍ਰਸ਼ਾਸਕੀ ਹੁਕਮਾਂ ਕਾਰਨ ਐਚ-1ਬੀ ਵੀਜ਼ਾ ਵਾਲੇ ਭਾਰਤੀਆਂ ਨੂੰ ਹੁਣ ਆਪਣਾ ਭਵਿੱਖ ਅਨਿਸ਼ਚਿਤ ਲੱਗ ਰਿਹਾ ਹੈ। 32 ਸਾਲਾ ਭਾਰਤੀ ਇੰਜਨੀਅਰ ਸ੍ਰੀਨਿਵਾਸ ਕੁਚੀਭੋਤਲਾ ਦੀ ਹੱਤਿਆ ਤੋਂ ਬਾਅਦ ਭਾਰਤੀਆਂ ਦੀਆਂ ਚਿੰਤਾਵਾਂ ਹੋਰ ਵਧ ਗਈਆਂ ਹਨ। ਫਲੋਰਿਡਾ ਵਿੱਚ ਇਕ ਵੱਡੀ ਆਈਟੀ ਕੰਪਨੀ ਵਿੱਚ ਕੰਮ ਕਰ ਰਹੇ 34 ਸਾਲਾ ਭਾਰਤੀ ਇੰਜਨੀਅਰ ਵੈਂਕਟੇਸ਼ ਨੇ ਕਿਹਾ ਕਿ ਉਹ 10 ਸਾਲਾਂ ਤੋਂ ਅਮਰੀਕਾ ਵਿੱਚ ਰਹਿ ਰਿਹਾ ਹੈ ਅਤੇ ਉਹ ਹੁਣ ਗਰੀਨ ਕਾਰਡ ਦੀ ਮਨਜ਼ੂਰੀ ਮਿਲਣ ਦੇ ਨੇੜੇ ਹੈ। ਦੋ ਬੱਚਿਆਂ ਦੇ ਪਿਤਾ ਵੈਂਕਟੇਸ਼ ਨੇ ਕਿਹਾ ਕਿ ਇਸ ਖ਼ਬਰ ਵਿੱਚ ਉਸ ਦਾ ਆਖ਼ਰੀ ਨਾਮ ਅਤੇ ਕੰਪਨੀ ਦਾ ਨਾਮ ਨਾ ਛਾਪਿਆ ਜਾਵੇ। ਉਸ ਨੂੰ ਹੁਣ ਭਰੋਸਾ ਨਹੀਂ ਹੈ ਕਿ ਟਰੰਪ ਪ੍ਰਸ਼ਾਸਨ ਕੋਲੋਂ ਉਹ ਗਰੀਨ ਕਾਰਡ ਹਾਸਲ ਕਰ ਲਵੇਗਾ। ਨਿਊਜਰਸੀ ਦੇ ਇਕ ਹੋਰ ਭਾਰਤੀ ਸਾਫਟਵੇਅਰ ਇੰਜਨੀਅਰ ਨੇ ਆਪਣਾ ਨਾਮ ਨਾ ਛਾਪਣ ਦੀ ਸ਼ਰਤ ਉਤੇ ਕਿਹਾ ਕਿ ਉਸ ਨੇ ਆਪਣੇ ਜੀਵਨ ਦੇ ਕਈ ਅਹਿਮ ਫੈਸਲੇ ਟਾਲ ਦਿੱਤੇ ਹਨ ਕਿਉਂਕਿ ਉਸ ਨੂੰ ਹੁਣ ਅਮਰੀਕਾ ਦਾ ਮਾਹੌਲ ਡਰ ਅਤੇ ਬੇਯਕੀਨੀ ਨਾਲ ਭਰਿਆ ਲੱਗ ਰਿਹਾ ਹੈ।