ਵਿਦੇਸ਼ੀ ਲਾੜਿਆਂ ਕੋਲੋਂ ਧੋਖਾ ਖਾਣ ਵਾਲਿਆਂ ਮੁਟਿਆਰਾਂ ਨੇ ਕੀਤਾ ਦੁੱਖ ਬਿਆਨ

ਵਿਦੇਸ਼ੀ ਲਾੜਿਆਂ ਕੋਲੋਂ ਧੋਖਾ ਖਾਣ ਵਾਲਿਆਂ ਮੁਟਿਆਰਾਂ ਨੇ ਕੀਤਾ ਦੁੱਖ ਬਿਆਨ

15000 ਪੰਜਾਬਣਾਂ ਵੀ ਪੀੜਤਾਂ ਵਿਚ ਸ਼ਾਮਲ
ਦਸਤਾਵੇਜ਼ੀ ਫ਼ਿਲਮ ਵਿਚ ਹੋਇਆ ਖੁਲਾਸਾ
ਲੰਡਨ/ਬਿਊਰੋ ਨਿਊਜ਼ :
ਪੰਜਾਬ ਵਿਚ 15000 ਲੜਕੀਆਂ ਸਮੇਤ ਕੁੱਲ ਭਾਰਤ ਵਿਚ 25000 ਅਜਿਹੀਆਂ ਲੜਕੀਆਂ ਰਹਿੰਦੀਆਂ ਹਨ ਜਿਨ੍ਹਾਂ ਨੂੰ ਵਿਦੇਸ਼ੀ ਲਾੜਿਆਂ ਵੱਲੋਂ ਦਾਜ ਬਦਲੇ ਜਾਂ ਧੋਖੇ ਨਾਲ ਹੀ ਛੱਡ ਦਿੱਤਾ ਗਿਆ ਹੈ। ਅਜਿਹੀਆਂ ਦਾਸਤਾਨਾਂ ਨੂੰ ਬਿਆਨ ਕਰਦੀ ਇਕ ਦਸਤਾਵੇਜ਼ੀ ਰਿਪੋਰਟ ਬੀ.ਬੀ.ਸੀ. ਵੱਲੋਂ ਯੂ.ਕੇ. ਵਿਚ ਵਿਖਾਈ ਗਈ, ਜਿਸ ਵਿਚ ਜਿੱਥੇ ਲੜਕੀਆਂ ਜਾਂ ਉਨ੍ਹਾਂ ਦੇ ਪਿਤਾ ਜਾਂ ਹੋਰ ਪਰਿਵਾਰਕ ਮੈਂਬਰਾਂ ਨੇ ਆਪਣੇ ਦੁੱਖਾਂ ਦੀ ਕਹਾਣੀ  ਬਿਆਨ ਕੀਤੀ ਹੈ। ਅਮਨਜੋਤ ਕੌਰ ਰਾਮੂਵਾਲੀਆ ਨੇ ਇਸ ਦਸਤਾਵੇਜ਼ੀ ਫ਼ਿਲਮ ਵਿਚ ਕਿਹਾ ਹੈ ਕਿ ਉਨ੍ਹਾਂ ਕੋਲ ਹਰ ਮਹੀਨੇ 15 ਅਜਿਹੀਆਂ ਔਰਤਾਂ ਦੇ ਕੇਸ ਆਉਂਦੇ ਹਨ। ਹੈਰਾਨੀ ਇਸ ਗੱਲ ਦੀ ਹੈ ਕਿ ਇਹ ਔਰਤਾਂ ਸੁੰਦਰ ਅਤੇ ਪੜ੍ਹੀਆਂ ਲਿਖੀਆਂ ਹਨ। ਉਹ ਖੁਦ ਨੂੰ ਸਮਾਜ ਵਿਚ ਛੁੱਟੜ ਔਰਤ ਅਖਵਾ ਕੇ ਸ਼ਰਮ ਮਹਿਸੂਸ ਕਰਦੀਆਂ ਹਨ। ਰਾਮੂਵਾਲੀਆ ਨੇ ਕਿਹਾ ਕਿ ਮਨੁੱਖੀ ਅਧਿਕਾਰਾਂ ਦੀ ਇਹ ਵੱਡੀ ਘਰੇਲੂ ਹਿੰਸਾ ਹੈ। ਇਨ੍ਹਾਂ ਦੇ ਪਤੀ ਸੰਸਾਰ ਦੇ ਵੱਖ-ਵੱਖ ਦੇਸ਼ਾਂ ਨਾਲ ਸਬੰਧਤ ਹਨ ਪਰ ਜ਼ਿਆਦਾ ਕਰਕੇ ਯੂ.ਕੇ., ਅਮਰੀਕਾ ਅਤੇ ਕੈਨੇਡਾ ਨਾਲ ਸਬੰਧਤ ਹਨ। ਲੜਕੀਆਂ ਚੰਗੀ ਜ਼ਿੰਦਗੀ ਦਾ ਸੁਪਨਾ ਵੇਖ ਕੇ ਵਿਆਹ ਲਈ ਸਹਿਮਤ ਹੋ ਜਾਂਦੀਆਂ ਹਨ ਪਰ ਉਨ੍ਹਾਂ ਦੇ ਲਾੜਿਆਂ ਦਾ ਮੁੱਖ ਮਕਸਦ ਪਿਆਰ ਨਹੀਂ ਬਲਕਿ ਪੈਸਾ ਹੁੰਦਾ ਹੈ। ਅਜਿਹੇ ਵਿਅਕਤੀਆਂ ਵਿਚੋਂ ਹਰ ਤੀਜਾ ਵਿਅਕਤੀ ਬਰਤਾਨਵੀ ਹੈ। ਅਮਨਜੋਤ ਕੌਰ ਨੇ ਕਿਹਾ ਕਿ ਉਹ ਇਥੇ ਆਉਂਦੇ ਹਨ ਅਤੇ ਵੱਡੀ ਰਾਸ਼ੀ ਦਾਜ ਵਿਚ ਮੰਗਦੇ ਹਨ। ਉਹ ਵਿਆਹ ਕਰਵਾਉਂਦੇ ਹਨ, ਪੈਸਾ ਲੈਂਦੇ ਹਨ ਕੁਝ ਦਿਨ ਮੌਜ ਮਸਤੀ ਕਰਦੇ ਹਨ, ਫਿਰ ਕਦੇ ਵਾਪਸ ਨਹੀਂ ਮੁੜਦੇ। ਭਾਰਤ ਵਿਚ ਮੁੰਡੇ ਵਾਲਿਆਂ ਨੂੰ ਦਾਜ ਦੇਣ ਦੇ ਵੱਧ ਰਹੇ ਰੁਝਾਨ ਨੂੰ ਵੇਖਦਿਆਂ 1961 ਵਿਚ ਦਾਜ ਵਿਰੋਧੀ ਕਾਨੂੰਨ ਬਣਾਇਆ ਗਿਆ ਸੀ। ਅਕਸਰ ਹੀ ਦਾਜ ਦੀ ਰਕਮ 10 ਹਜ਼ਾਰ ਪੌਂਡ (ਲਗਭਗ 80 ਲੱਖ ਰੁਪਏ) ਦੇ ਕਰੀਬ ਹੁੰਦੀ ਹੈ। ਕਮਲਜੀਤ ਕੌਰ ਨਾਮ ਦੀ ਇਕ ਔਰਤ ਨੇ ਦੱਸਿਆ ਕਿ ਉਹ ਤਿੰਨ ਸਾਲ ਪਹਿਲਾਂ ਇਟਲੀ ਦੇ ਇਕ ਵਿਅਕਤੀ ਨਾਲ ਵਿਆਹੀ ਸੀ, ਜੋ ਕੁਝ ਮਹੀਨਿਆਂ ਬਾਅਦ ਹੀ ਛੱਡ ਕੇ ਚਲਾ ਗਿਆ। ਉਸ ਸਮੇਂ ਉਹ ਗਰਭਵਤੀ ਸੀ ਅਤੇ ਉਹ ਦਾਜ ਦੀ ਮੰਗ ਕਰਦਾ ਸੀ। ਉਸ ਨੇ ਇਕ ਅਪਹਾਜ ਬੱਚੀ ਨੂੰ ਜਨਮ ਦਿੱਤਾ, ਜਿਸ ਦੀ ਕੁਝ ਮਹੀਨਿਆਂ ਬਾਅਦ ਹੀ ਮੌਤ ਹੋ ਗਈ ਪਰ ਉਸ ਦੇ ਪਤੀ ਨੇ ਕਦੇ ਸੰਪਰਕ ਨਹੀਂ ਕੀਤਾ। ਭਾਰਤ ਵਿਚ ਵਿਦੇਸ਼ੀ ਨਾਗਰਿਕਾਂ ਤੋਂ ਤਲਾਕ ਲੈਣ ਦੀ ਪ੍ਰਕ੍ਰਿਆ ਬਹੁਤ ਗੁੰਝਲਦਾਰ ਅਤੇ ਮਹਿੰਗੀ ਹੈ। ਅਜਿਹੇ ਮਾਮਲਿਆਂ ਵਿਚ ਲੜਕੀਆਂ ਦੇ ਘਰ ਵਾਲਿਆਂ ਨੂੰ ਬਹੁਤ ਕੁਝ ਝੱਲਣਾ ਪੈਂਦਾ ਹੈ। ਇਸੇ ਤਰ੍ਹਾਂ ਇਕ ਹੋਰ ਪੀੜਤ ਦਰਸ਼ਨ ਸਿੰਘ ਦੀ ਲੜਕੀ ਦਾ ਵਿਆਹ 1997 ਨੂੰ ਹੋਇਆ ਸੀ, ਜੋ 16 ਵਰ੍ਹੇ ਕਾਨੂੰਨੀ ਲੜਾਈ ਲੜਦਾ ਰਿਹਾ। ਵਿਦੇਸ਼ੀ ਲੜਕੇ ਨੇ ਵਿਆਹ ਤੋਂ ਬਾਅਦ ਦੱਸਿਆ ਕਿ ਉਹ ਉੱਥੇ ਵੀ ਵਿਆਹਿਆ ਹੋਇਆ ਹੈ ਅਤੇ 2 ਬੱਚੇ ਹਨ। ਦਲਜੀਤ ਕੌਰ ਨਾਮ ਦੀ ਇਕ ਵਕੀਲ ਨੇ ਇਸ ਸਬੰਧੀ ਕਿਹਾ ਹੈ ਕਿ ਭਾਰਤ ਦਾ ਕਾਨੂੰਨੀ ਸਿਸਟਮ ਬਹੁਤ ਹੌਲੀ ਹੈ ਅਤੇ ਜੋ ਫ਼ੈਸਲਾ ਲੈਣ ਲਈ ਕਈ ਸਾਲ ਲਗਾ ਦਿੰਦਾ ਹੈ, ਜਿਸ ਕਰਕੇ ਲੜਕੀਆਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਸਭ ਤੋਂ ਵੱਡੀ ਗੱਲ ਉਨ੍ਹਾਂ ਕੋਲ ਕੇਸ ਲੜਨ ਲਈ ਪੈਸੇ ਵੀ ਨਹੀਂ ਹੁੰਦੇ। ਦੂਜੇ ਪਾਸੇ ਯੂ.ਕੇ. ਵਿਚ ਰਹਿੰਦੀਆਂ ਕਈ ਲੜਕੀਆਂ ਨੇ ਆਪਣੀਆਂ ਹੱਡਬੀਤੀਆਂ ਸੁਣਾਈਆਂ ਕਿ ਕਿਸ ਤਰ੍ਹਾਂ ਯੂ.ਕੇ. ਆ ਕੇ ਉਨ੍ਹਾਂ ਦੀ ਜ਼ਿੰਦਗੀ ਨਰਕ ਬਣੀ। ਇਕ ਲੜਕੀ ਨੇ ਆਪਣੀ ਦਾਸਤਾਨ ਸੁਣਾਉਂਦਿਆਂ ਕਿਹਾ ਹੈ ਕਿ ਉਹ ਸਵੇਰ ਤੋਂ ਸ਼ਾਮ ਤੱਕ ਕੰਮ ਕਰਦੀ ਸੀ, ਉਸ ਨੂੰ ਕੁੱਟਿਆ ਮਾਰਿਆ ਜਾਂਦਾ ਸੀ, ਉਸ ਨੂੰ ਲੱਗਦਾ ਸੀ ਕਿ ਉਸ ਨੂੰ ਸਿਰਫ ਘਰ ਦਾ ਕੰਮ ਕਰਵਾਉਣ ਲਈ ਅਤੇ ਬੱਚੇ ਪੈਦਾ ਕਰਨ ਲਈ ਹੀ ਇੰਗਲੈਂਡ ਲਿਆਂਦਾ ਗਿਆ ਸੀ। ਇੰਗਲੈਂਡ ਦੇ ਮਰਦਾਂ ਹੱਥੋਂ ਸਤਾਈਆਂ ਅਜਿਹੀਆਂ ਪੀੜਤਾਂ ਲਈ ਸਾਊਥਾਲ ਬਲੈਕ ਸਿਸਟਰਜ਼ ਸੰਸਥਾ ਵੱਲੋਂ ਮਦਦ ਲਈ ਆਵਾਜ਼ ਉਠਾਈ ਗਈ ਹੈ। ਬਰੈਸਟਰ ਰਾਧਿਕਾ ਹਾਂਡਾ ਨੇ ਕਿਹਾ ਹੈ ਕਿ ਪੀੜਤ ਔਰਤਾਂ ਨੂੰ ਹੋਰ ਮਦਦ ਦੀ ਲੋੜ ਹੈ, ਜੇ ਇਕ ਔਰਤ ਇਕ ਦੇਸ਼ ਵਿਚ ਤਲਾਕ ਲੈ ਲੈਂਦੀ ਹੈ ਤਾਂ ਦੂਜੇ ਦੇਸ਼ ਵਿਚ ਉਸ ਨੂੰ ਮਾਨਤਾ ਮਿਲਣੀ ਚਾਹੀਦੀ ਹੈ।
ਪੋਲੀ ਹਾਰਾਰ ਨਾਮ ਦੀ ਯੂ.ਕੇ. ਸਮਾਜ ਸੇਵੀ ਸੰਸਥਾ ਅਨੁਸਾਰ ਹਰ ਸਾਲ ਇਕੱਲੇ ਪੰਜਾਬ ਵਿਚੋਂ 300 ਅਜਿਹੀਆਂ ਨਵੀਂਆਂ ਪੀੜਤ ਔਰਤਾਂ ਦੇ ਮਾਮਲੇ ਉਨ੍ਹਾਂ ਕੋਲ ਆਉਂਦੇ ਹਨ। ਯੂ.ਕੇ. ਵਿਚ ਏਸ਼ੀਅਨ ਦੇਸ਼ਾਂ ਦੀਆਂ ਵੱਖ-ਵੱਖ ਧਰਮਾਂ ਨਾਲ ਸਬੰਧਤ ਲੜਕੀਆਂ ਘਰੇਲੂ ਹਿੰਸਾ ਦਾ ਸ਼ਿਕਾਰ ਬਣਦੀਆਂ ਹਨ, ਜਿਨ੍ਹਾਂ ਵਿਚ ਪਾਕਿਸਤਾਨ, ਬੰਗਲਾਦੇਸ਼ ਵਰਗੇ ਕਈ ਦੇਸ਼ ਸ਼ਾਮਲ ਹਨ।