ਧਾਰਮਿਕ ਆਜ਼ਾਦੀ ਰੋਕ ਸਕਦੇ ਹਨ ਟਰੰਪ, ਅੱਤਵਾਦ ਵਿਚ ਵੀ ਸਿਰਫ਼ ਇਸਲਾਮਿਕ ਕੱਟੜਪੰਥ ‘ਤੇ ਕੇਂਦਰਤ

ਧਾਰਮਿਕ ਆਜ਼ਾਦੀ ਰੋਕ ਸਕਦੇ ਹਨ ਟਰੰਪ, ਅੱਤਵਾਦ ਵਿਚ ਵੀ ਸਿਰਫ਼ ਇਸਲਾਮਿਕ ਕੱਟੜਪੰਥ ‘ਤੇ ਕੇਂਦਰਤ

ਵਾਸ਼ਿੰਗਟਨ/ਬਿਊਰੋ ਨਿਊਜ਼ :
ਡੋਨਲਡ ਟਰੰਪ ਦੋ ਅਜਿਹੇ ਫੈਸਲੇ ਲੈ ਸਕਦੇਹਨ ਜਿਨ੍ਹਾਂ ਨਾਲ ਅਮਰੀਕਾ ਅਤੇ ਦੁਨੀਆ ਭਰ ਵਿਚ ਵਿਵਾਦ ਖੜ੍ਹਾ ਹੋ ਸਕਦਾ ਹੈ। ਪਹਿਲਾ-ਅੱਤਵਾਦ ਖ਼ਿਲਾਫ਼ ਉਨ੍ਹਾਂ ਦੀ ਨੀਤੀ ਵਿਚ ਸਿਰਫ਼ ਇਸਲਾਮਿਕ ਕੱਟੜਪੰਥ ‘ਤੇ ਕੇਂਦਰਤ ਹੋਵੇਗਾ। ਹਿੰਸਾ ਫੈਲਾਉਣ ਵਾਲੇ ਗੋਰੇ ਇਸ ਦੇ ਦਾਇਰੇ ਵਿਚ ਨਹੀਂ ਹੋਣਗੇ। ਦੂਸਰਾ- ਉਹ ਅਜਿਹਾ ਵਿਵਾਦਤ ਆਦੇਸ਼ ਲਿਆਉਣ ਦੀ ਤਿਆਰੀ ਵਿਚਹਨ ਜੋ ਅਮਰੀਕਾ ਵਿਚ ਧਾਰਮਿਕ ਆਜ਼ਾਦੀ ਨੂੰ ਰੋਕੇਗਾ। ਜੇਕਰ ਉਹ ਨਵੇਂ ਹੁਕਮਾਂ ‘ਤੇ ਹਸਤਾਖ਼ਰ ਕਰ ਦਿੰਦੇ ਹਨ ਤਾਂ ਅਮਰੀਕੀ ਲੋਕ ਤੇ ਉਥੋਂ ਦੇ ਸੰਗਠਨਾਂ ਨੂੰ ਉਨ੍ਹਾਂ ਲੋਕਾਂ ਨਾਲ ਭੇਦਭਾਵ ਕਰਨ ਦਾ ਹੱਕ ਮਿਲ ਜਾਵੇਗਾ, ਜੋ ਦੂਸਰੇ ਧਰਮਾਂ ਨੂੰ ਮੰਨਦੇ ਹਨ। ਅਮਰੀਕੀ ਮੀਡੀਆ ਦਾ ਕਹਿਣਾ ਹੈ ਕਿ ਜੇਕਰ ਟਰੰਪ ਅਜਿਹਾ ਹੁਕਮ ਜਾਰੀ ਕਰਦੇ ਹਨ ਤਾਂ ਇਸ ਨਾਲ ਸੁਸਾਇਟੀ ਵਿਚ ਵੱਡੇ ਪੱਧਰ ‘ਤੇ ਭੇਦਭਾਵ ਨੂੰ ਹੱਲਾਸ਼ੇਰੀ ਮਿਲੇਗੀ। ਜੇਕਰ ਰਾਸ਼ਟਰਪਤੀ ਨੇ ਦਸਤਖ਼ਤ ਕਰ ਦਿੱਤੇ ਤਾਂ ਧਰਮ ਦੇ ਆਧਾਰ ‘ਤੇ ਲੋਕਾਂ ਨੂੰ ਸੇਵਾਵਾਂ, ਰੁਜ਼ਗਾਰ ਅਤੇ ਹੋਰ ਲਾਭ ਦੇਣ ਤੋਂ ਵਿਅਕਤੀ ਅਤੇ ਜਥੇਬੰਦੀਆਂ ਇਨਕਾਰ ਕਰ ਸਕਦੀਆਂ ਹਨ। ਰੂੜੀਵਾਦੀ ਇਸਾਈਆਂ ਵੱਲੋਂ ਕਈ ਸਾਲਾਂ ਤੋਂ ਕੀਤੀਆਂ ਜਾ ਰਹੀਆਂ ਮੰਗਾਂ ਨੂੰ ਵੀ ਇਸ ਤਜਵੀਜ਼ ਵਿਚ ਸ਼ਾਮਲ ਕੀਤਾ ਗਿਆ ਹੈ। ‘ਦਿ ਵਾਲ ਸਟਰੀਟ ਜਰਨਲ’ ਮੁਤਾਬਕ ਧਾਰਮਿਕ ਆਧਾਰ ‘ਤੇ ਸੇਵਾਵਾਂ ਦੇਣ ਤੋਂ ਇਨਕਾਰ ਕੀਤੇ ਜਾਣ ‘ਤੇ ਜਥੇਬੰਦੀਆਂ ਨੂੰ ਕਾਨੂੰਨੀ ਸਹਾਇਤਾ ਸਮੇਤ ਹੋਰ ਕਈ ਤਜਵੀਜ਼ਾਂ ਇਸ ਹੁਕਮ ਵਿਚ ਸ਼ਾਮਲ ਹਨ। ਉਂਜ ਵ੍ਹਾਈਟ ਹਾਊਸ ਦੇ ਪ੍ਰੈੱਸ ਸਕੱਤਰ ਸੀਨ ਸਪਾਈਸਰ ਨੇ ਕਿਹਾ ਹੈ ਕਿ ਸਰਕਾਰ ਵੱਲੋਂ ਇਸ ਮੁੱਦੇ ‘ਤੇ ਨਿਰਦੇਸ਼ ਜਾਰੀ ਕਰਨ ਦੀ ਕੋਈ ਯੋਜਨਾ ਨਹੀਂ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਧਰਮ ਮੰਨਣ ਦੀ ਪੂਰੀ ਖੁੱਲ੍ਹ ਹੈ।
ਅਦਾਕਾਰਾ ਪ੍ਰਿਅੰਕਾ ਵੀ ਟਰੰਪ ਦੇ ਫ਼ੈਸਲੇ ਤੋਂ ਨਿਰਾਸ਼ :
ਅਦਾਕਾਰਾ ਪ੍ਰਿਅੰਕਾ ਚੋਪੜਾ ਨੇ ਟਰੰਪ ਦੇ ਇਮੀਗਰੇਸ਼ਨ ਸਬੰਧੀ ਫ਼ੈਸਲੇ ਦਾ ਵਿਰੋਧ ਕਰਦਿਆਂ ਕਿਹਾ ਹੈ ਕਿ ਇਸ ਨਾਲ ਉਸ ‘ਤੇ ਅਸਰ ਪਿਆ ਹੈ। ਲਿੰਕਡਇਨ ਬਲੌਗ ‘ਤੇ ਉਸ ਨੇ ਕਿਹਾ ਕਿ ਪਾਬੰਦੀਸ਼ੁਦਾ ਮੁਲਕਾਂ ਵਿਚ ਯੂਨੀਸੈਫ਼ ਦਾ ਕੰਮ ਚੱਲ ਰਿਹਾ ਹੈ ਅਤੇ ਉਸ ਦੀ ਉਹ ਗੁੱਡਵਿਲ ਅੰਬੈਸਡਰ ਹੈ। ਉਸ ਨੇ ਫ਼ੈਸਲੇ ਦਾ ਹੋਰਾਂ ਨੂੰ ਵੀ ਵਿਰੋਧ ਕਰਨ ਦਾ ਸੱਦਾ ਦਿੱਤਾ ਹੈ।
ਟਰੰਪ ਖ਼ਿਲਾਫ਼ ਟਵਿਟਰ ਦੇ ਅਮਲੇ ਵੱਲੋਂ 15 ਲੱਖ ਡਾਲਰ ਦਾਨ : ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਸੱਤ ਮੁਸਲਿਮ ਮੁਲਕਾਂ ਦੇ ਲੋਕਾਂ ਅਤੇ ਸ਼ਰਨਾਰਥੀਆਂ ਖ਼ਿਲਾਫ਼ ਲਾਈ ਗਈ ਪਾਬੰਦੀ ਦੇ ਫ਼ੈਸਲੇ ਵਿਰੁੱਧ ਕੇਸ ਲੜਨ ਲਈ ਟਵਿਟਰ ਦੇ ਸੀਈਓ ਜੈਕ ਡੋਰਸੀ ਅਤੇ ਅਮਲੇ ਦੇ ਇਕ ਹਜ਼ਾਰ ਸਾਥੀਆਂ ਨੇ 15 ਲੱਖ ਡਾਲਰ ਇਕੱਤਰ ਕੀਤੇ ਹਨ ਜੋ ਅਮਰੀਕਨ ਸਿਵਲ ਲਿਬਰਟੀਜ਼ ਯੂਨੀਅਨ ਨੂੰ ਦਿੱਤੇ ਗਏ ਹਨ। ਇਸ ਜਥੇਬੰਦੀ ਨੇ ਪਿਛਲੇ ਕੁਝ ਦਿਨਾਂ ਵਿਚ 24 ਕਰੋੜ ਡਾਲਰ ਆਨਲਾਈਨ ਇਕੱਠੇ ਕੀਤੇ ਹਨ।
ਮਾਈਕਰੋਸਾਫਟ ਨੇ ਆਪਣੇ ਮੁਲਾਜ਼ਮਾਂ ਲਈ ਛੋਟ ਮੰਗੀ :
ਆਈਟੀ ਕੰਪਨੀ ਮਾਈਕਰੋਸਾਫਟ ਨੇ ਟਰੰਪ ਪ੍ਰਸ਼ਾਸਨ ਨੂੰ ਆਪਣੇ 76 ਮੁਲਾਜ਼ਮਾਂ ਅਤੇ ਉਨ੍ਹਾਂ ਦੇ 41 ਪਰਿਵਾਰਕ ਮੈਂਬਰਾਂ ਲਈ ਯਾਤਰਾ ਤੋਂ ਛੋਟ ਮੰਗੀ ਹੈ।
ਡੈਮੋਕਰੇਟਿਕ ਪਾਰਟੀ ਟਰੰਪ ਦੀ ਵਿਦੇਸ਼ ਨੀਤੀ ‘ਤੇ ਚਿੰਤਤ :
ਵਿਰੋਧੀ ਧਿਰ ਡੈਮੋਕਰੇਟਿਕ ਪਾਰਟੀ ਨੇ ਆਸਟਰੇਲੀਆ ਅਤੇ ਮੈਕਸੀਕੋ ਦੇ ਮੁਖੀਆਂ ਨਾਲ ਟਰੰਪ ਵੱਲੋਂ ਕੀਤੀ ਗਈ ਤਿੱਖੀ ਗੱਲਬਾਤ ਦੀ ਆਲੋਚਨਾ ਕੀਤੀ ਹੈ।
ਓਬਾਮਾ ਦੀ ਵਾਪਸੀ ਚਾਹੁੰਦੇ ਹਨ ਲੋਕ :
ਵਾਸ਼ਿੰਗਟਨ : ਡੋਨਲਡ ਟਰੰਪ ਨੂੰ ਮੁਲਕ ਦਾ ਰਾਸ਼ਟਰਪਤੀ ਬਣਿਆਂ ਅਜੇ ਦੋ ਹਫ਼ਤੇ ਤੋਂ ਘੱਟ ਦਾ ਸਮਾਂ ਹੋਇਆ ਹੈ ਪਰ ਬਹੁਤੇ ਅਮਰੀਕੀ ਬਰਾਕ ਓਬਾਮਾ ਨੂੰ ਮੁੜ ਤੋਂ ਰਾਸ਼ਟਰਪਤੀ ਦੇ ਅਹੁਦੇ ‘ਤੇ ਦੇਖਣਾ ਚਾਹੁੰਦੇ ਹਨ। ਇਕ ਨਵੇਂ ਸਰਵੇਖਣ ਵਿਚ ਖ਼ੁਲਾਸਾ ਹੋਇਆ ਹੈ ਕਿ 52 ਫ਼ੀਸਦੀ ਵੋਟਰ ਓਬਾਮਾ ਨੂੰ ਪਸੰਦ ਕਰਦੇ ਹਨ ਜਦਕਿ 43 ਫ਼ੀਸਦੀ ਟਰੰਪ ਦੇ ਕੰਮਕਾਜ ਤੋਂ ਖੁਸ਼ ਹਨ। ਪਬਲਿਕ ਪਾਲਸੀ ਪੋਲਿੰਗ ਵੱਲੋਂ ਕਰਵਾਏ ਸਰਵੇਖਣ ਮੁਤਾਬਕ 40 ਫ਼ੀਸਦੀ ਵੋਟਰ ਟਰੰਪ ‘ਤੇ ਮਹਾਂਦੋਸ਼ ਚਲਾਉਣ ਦੇ ਪੱਖ ਵਿਚ ਹਨ। ਹਫ਼ਤਾ ਪਹਿਲਾਂ 35 ਫ਼ੀਸਦੀ ਵੋਟਰ ਇਸ ਦੇ ਹੱਕ ਵਿਚ ਸਨ। ਸਿਰਫ਼ 48 ਫ਼ੀਸਦੀ ਵੋਟਰਾਂ ਨੇ ਕਿਹਾ ਹੈ ਕਿ ਉਹ ਟਰੰਪ ਦੇ ਮਹਾਂਦੋਸ਼ ਦਾ ਵਿਰੋਧ ਕਰਨਗੇ। ਸਰਵੇਖਣ ਵਿਚ ਕਿਹਾ ਗਿਆ ਹੈ ਕਿ ਟਰੰਪ ਵੱਲੋਂ ਪਰਵਾਸੀਆਂ ਖ਼ਿਲਾਫ਼ ਕੱਢੇ ਗਏ ਹੁਕਮਾਂ ਦੀ 47 ਫ਼ੀਸਦੀ ਲੋਕਾਂ ਨੇ ਹਮਾਇਤ ਕੀਤੀ ਹੈ ਜਦਕਿ 49 ਫ਼ੀਸਦੀ ਨੇ ਇਸ ਦਾ ਵਿਰੋਧ ਕੀਤਾ ਹੈ।