‘ਆਪ’ ਆਗੂ ਵਿਗਾੜਨਾ ਚਾਹੁੰਦੇ ਹਨ ਪੰਜਾਬ ਦਾ ਮਾਹੌਲ : ਬਾਦਲ

‘ਆਪ’ ਆਗੂ ਵਿਗਾੜਨਾ ਚਾਹੁੰਦੇ ਹਨ ਪੰਜਾਬ ਦਾ ਮਾਹੌਲ  : ਬਾਦਲ

ਮਲੋਟ/ਬਿਊਰੋ ਨਿਊਜ਼ :
ਵਿਧਾਨ ਸਭਾ ਹਲਕਾ ਲੰਬੀ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸ. ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਨਾਮਜ਼ਦਗੀ ਕਾਗਜ਼ ਮਲੋਟ ਦੇ ਮਿਮਿਟ ਕਾਲਜ ਵਿਖੇ ਰਿਟਰਨਿੰਗ ਅਫ਼ਸਰ ਅਨਮੋਲ ਸਿੰਘ ਧਾਲੀਵਾਲ ਕੋਲ ਦਾਖ਼ਲ ਕਰਵਾਏ, ਜਦਕਿ ਕਵਰਿੰਗ ਉਮੀਦਵਾਰ ਬਣੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਵੀ ਆਪਣੇ ਕਾਗਜ਼ ਭਰੇ। ਸ. ਬਾਦਲ ਦੇ ਨਾਲ ਇਸ ਮੌਕੇ ਪੰਜਾਬ ਦੇ ਉਪ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੋਂ ਇਲਾਵਾ ਪਰਮਜੀਤ ਸਿੰਘ ਲਾਲੀ ਬਾਦਲ ਸਾਬਕਾ ਪੀ.ਪੀ.ਐਸ.ਸੀ. ਮੈਂਬਰ ਤੇ ਭੁਪਿੰਦਰ ਸਿੰਘ ਬਾਦਲ ਸਿਆਸੀ ਸਲਾਹਕਾਰ ਮੁੱਖ ਮੰਤਰੀ ਪੰਜਾਬ ਵੀ ਹਾਜ਼ਰ ਰਹੇ। ਇਨ੍ਹਾਂ ਦੋਵਾਂ ਉਮੀਦਵਾਰਾਂ ਨੇ ਐਡਵੋਕੇਟ ਹਰਪ੍ਰੀਤ ਸਿੰਘ ਬਰਾੜ ਅਤੇ ਐਡਵੋਕੇਟ ਗੁਰਮੀਤ ਸਿੰਘ ਮਾਨ ਦੀ ਨਿਗਰਾਨੀ ਹੇਠ ਕਾਗਜ਼ ਭਰੇ। ਇਸ ਉਪਰੰਤ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ‘ਆਪ’ ਆਗੂ ਪੰਜਾਬ ਦਾ ਮਾਹੌਲ ਖ਼ਰਾਬ ਕਰ ਰਹੇ ਹਨ ਤੇ ਉਹ ਲੋਕਾਂ ਨੂੰ ਗੁਮਰਾਹ ਕਰਨ ਵਾਲੇ ਭਾਸ਼ਣ ਦੇ ਕੇ ਪੰਜਾਬ ਵਿਚ ਅਮਨ-ਸ਼ਾਂਤੀ ਭੰਗ ਕਰਨਾ ਚਾਹੁੰਦੇ ਹਨ। ਸ. ਬਾਦਲ ਨੇ ਇਹ ਵੀ ਕਿਹਾ ਕਿ ‘ਆਪ’ ਦੇ ਆਗੂ ਦੇਸ਼ ਨੂੰ ਵੱਖ-ਵੱਖ ਕਰਨ ਵਾਲੀਆਂ ਤਾਕਤਾਂ ਨਾਲ ਮਿਲ ਕੇ ਦੇਸ਼ ਦੀ ਅਖੰਡਤਾ ਲਈ ਖ਼ਤਰਾ ਪੈਦਾ ਕਰ ਰਹੇ ਹਨ। ਸ. ਬਾਦਲ ਨੇ ਕਿਹਾ ਕਿ ਪੰਜਾਬ ਦੀ ਅਮਨ ਸ਼ਾਂਤੀ ਹਰ ਹੀਲੇ ਕਾਇਮ ਰੱਖੀ ਜਾਵੇਗੀ। ਇਸ ਮੌਕੇ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ‘ਆਪ’ ਦੇ ਮੁਖੀ ਅਰਵਿੰਦ ਕੇਜਰੀਵਾਲ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡ ਰਹੇ। ਉਨ੍ਹਾਂ ਯੂਨਾਈਟਿਡ ਅਕਾਲੀ ਦਲ ਦੇ ਆਗੂਆਂ ਭਾਈ ਮੋਹਕਮ ਸਿੰਘ ਅਤੇ ਭਾਈ ਗੁਰਦੀਪ ਸਿੰਘ ਦਾ ਨਾਂਅ ਲੈ ਕੇ ਇਹ ਗੱਲ ਕਹੀ ਕਿ ਇਨ੍ਹਾਂ ਆਗੂਆਂ ਤੋਂ ਇਲਾਵਾ ਬੱਬਰ ਖ਼ਾਲਸਾ ਤੇ ਹੋਰ ਉਹ ਆਗੂ ਜੋ ਖਾਲਿਸਤਾਨ ਦੇ ਮੁੱਦਈ ਹਨ, ਨਾਲ ਮੋਹਾਲੀ ਵਿਖੇ ਸਵੇਰ ਦਾ ਖਾਣਾ ਖਾਧਾ ਅਤੇ ਉਥੇ ਹੀ ਪੰਜਾਬ ਦੀ ਅਮਨ ਸ਼ਾਂਤੀ ਨੂੰ ਭੰਗ ਕਰਨ ਜਿਹੇ ਮਨਸੂਬੇ ਘੜੇ ਗਏ ਹਨ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਵਿਚ ਕਾਇਮ ਕੀਤੀ ਗਈ ਅਮਨ ਸ਼ਾਂਤੀ ਤੇ ਤਰੱਕੀ ਜਿਸ ਨੂੰ ਸਾਰੇ ਪੰਜਾਬ ਦੇ ਲੋਕ ਚਾਹੁੰਦੇ ਹਨ, ਨੂੰ ਕਾਇਮ ਰੱਖਿਆ ਜਾਵੇਗਾ।
ਜਲਾਲਾਬਾਦ ਤੋਂ ਨਾਮਜ਼ਦਗੀ ਭਰੀ :
ਜਲਾਲਾਬਾਦ  : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਰਿਟਰਨਿੰਗ ਅਫਸਰ ਸ੍ਰੀ ਅਵਿਕੇਸ਼ ਗੁਪਤਾ ਦੇ ਕੋਲ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ। ਇਸ ਮੌਕੇ ਉਨ੍ਹਾਂ ਨਾਲ ਕੈਬਨਿਟ ਮੰਤਰੀ ਭਾਰਤ ਸਰਕਾਰ ਬੀਬੀ ਹਰਸਿਮਰਤ ਕੌਰ ਬਾਦਲ ਨੇ ਬਤੌਰ ਕਵਰਿੰਗ ਉਮੀਦਵਾਰ ਵਜੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ। ਇਸ ਮੌਕੇ ਉਨ੍ਹਾਂ ਨਾਲ ਪਰਮਜੀਤ ਸਿੰਘ ਸਿੰਧਵਾ, ਸਤਿੰਦਰਜੀਤ ਸਿੰਘ ਮੰਟਾ, ਪ੍ਰੇਮ ਵਲੇਚਾ, ਅਸ਼ੋਕ ਅਨੇਜਾ, ਅਨਿਲ ਵਲੇਚਾ, ਲਖਵਿੰਦਰ ਸਿੰਘ ਰੋਹੀਵਾਲਾ ਜ਼ਿਲ੍ਹਾ ਪ੍ਰਧਾਨ ਯੂਥ ਅਕਾਲੀ ਦਲ ਦਿਹਾਤੀ, ਜਗਸੀਰ ਸਿੰਘ ਬੱਬੂ ਜੈਮਲਵਾਲਾ ਤੇ ਹੋਰ ਅਕਾਲੀ ਆਗੂ ਮੌਜੂਦ ਸਨ। ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਵਿਧਾਇਕ ਅਹੁਦੇ ਦੀ ਚੋਣ ਲਈ ਉਮੀਦਵਾਰ 11 ਜਨਵਰੀ ਤੋਂ 18 ਜਨਵਰੀ ਤੱਕ ਨਾਮਜ਼ਦਗੀ ਪੱਤਰ ਦਾਖਲ ਕਰ ਸਕਦੇ ਹਨ ਤੇ ਜਲਾਲਾਬਾਦ ਹਲਕੇ ਤੋਂ ਸੁਖਬੀਰ ਸਿੰਘ ਬਾਦਲ ਨੇ ਪਹਿਲੇ ਉਮੀਦਵਾਰ ਵਜੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਗਠਜੋੜ ਸਰਕਾਰ ਦਾ ਪਹਿਲਾਂ ਵੀ ਮਕਸਦ ਸੂਬੇ ਦਾ ਵਿਕਾਸ ਰਿਹਾ ਹੈ ਤੇ ਭਵਿੱਖ ਵਿਚ ਵੀ ਵਿਕਾਸ ਹੀ ਰਹੇਗਾ। ਉਨ੍ਹਾਂ ਕਿਹਾ ਕਿ ਵਿਰੋਧੀ ਜੋ ਮਰਜ਼ੀ ਕਰ ਲੈਣ ਲੋਕ ਵਿਕਾਸ ਦੀ ਸੋਚ ‘ਤੇ ਪਹਿਰਾ ਦੇ ਕੇ ਗਠਜੋੜ ਸਰਕਾਰ ਨੂੰ ਫ਼ਤਵਾ ਦੇਣਗੇ ਤੇ ਤੀਜੀ ਵਾਰ ਸੂਬੇ ਵਿਚ ਸਰਕਾਰ ਬਣਾਉਣਗੇ। ਇਸ ਮੌਕੇ ਬੀਬੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਝੂਠ ਦਾ ਪੁਲੰਦਾ ਹੈ ਤੇ ਪਾਰਟੀ ਵਿਚ ਮੌਜੂਦ ਗਲਤ ਅਨਸਰ ਮਾਹੌਲ ਨੂੰ ਵਿਗਾੜਨ ਲੱਗੇ ਹੋਏ ਹਨ ਪਰ ਚੋਣਾਂ ਤੋਂ ਬਾਅਦ ਇਨ੍ਹਾਂ ਨੂੰ ਆਪਣੀ ਅਸਲੀਅਤ ਪਤਾ ਲੱਗ ਜਾਵੇਗੀ।