ਸਿੱਖੀ ਦੇ ਸਨਮੁਖ ਬੁੱਤ ਪੂਜਾ ਦੇ ਰਾਹ ਅਤੇ ਰੂਪ

ਸਿੱਖੀ ਦੇ ਸਨਮੁਖ ਬੁੱਤ ਪੂਜਾ ਦੇ ਰਾਹ ਅਤੇ ਰੂਪ

ਸਿੱਖ ਜਗਤ ਜੋ ਕਾਫੀ ਹੱਦ ਤੱਕ ਪਹਿਲਾਂ ਹੀ ਬੁੱਤ, ਮਨੁੱਖ ਅਤੇ ਮੂਰਤ ਪੂਜਾ ਦਾ ਆਦੀ ਹੋ ਗਿਆ ਹੈ ਉਹ ਬਿਜਲਈ ਜਗਤ ਦੀ ਮੂਰਤੀ ਪੂਜਾ ਵੱਲ ਵੱਧ ਰਿਹਾ ਹੈ। ਇਸ ਦਾ ਪਤਾ ਇਸ ਗੱਲ ਤੋਂ ਲਗਦਾ ਹੈ ਕਿ ਸਿੱਖੀ ਦੀ ਪਰੰਪਰਾ ਵਜੋਂ ਰਾਖੀ ਕਰਨ ਵਾਲੇ ਵੀ ਅਤੇ ਸਿੱਖੀ ਦੀ ਦਲੀਲਪੂਰਨ ਵਿਆਖਿਆ ਕਰਨ ਵਾਲੇ ਵੀ ਕਿੰਨੀ ਵੱਡੀ ਅਤੇ ਸੂਖਮ ਬੇਅਦਬੀ ਵਿਰੁੱਧ ਬੋਲੇ ਨਹੀਂ ਹਨ। ਲਗਭਗ ਸਾਰੀਆਂ ਧਿਰਾਂ ਦੀ ਮੂਕ ਪਰਵਾਨਗੀ ਵੱਡੇ ਖਤਰੇ ਨੂੰ ਸੱਦਾ ਦੇ ਰਹੀ ਹੈ। ਚਾਰ ਸਾਹਿਬਜਾਦੇ ਫਿਲਮ (ਦੇ ਦੋਵੇਂ ਭਾਗਾਂ) ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਨਾਮਵਰ ਲੋਕਾਂ ਦੀ ਮਾਨਤਾ (ਜੋ ਫਿਲਮਾਂ ਵਿਚ ਲ਼ਿਖਤੀ ਤੌਰ ਤੇ ਵਿਖਾਈ ਜਾਂਦੀ ਹੈ) ਖਤਰੇ ਨੂੰ ਦਿੱਤਾ ਹੋਇਆ ਸੱਦਾ ਹੈ। ਯਾਦ ਰਹੇ ਕਿ ਬੱਚਿਆਂ ਅਤੇ ਅਣਜਾਣ ਲੋਕਾਂ ਨੂੰ ਨਵੇਂ ਬੁੱਤਾਂ ਰਾਹੀਂ ਸਿੱਖੀ ਬਾਰੇ ਦਿੱਤੀ ਗਈ ਜਾਣਕਾਰੀ ਉਹਨਾਂ ਨੂੰ ਕਦੇ ਵੀ ਇਸ ਨੁਕਤੇ ਤੇ ਪਹੁੰਚਣ ਨਹੀਂ ਦੇਵੇਗੀ ਕਿ ਗੁਰੂ ਸਾਹਿਬ ਬੁਨਿਆਦੀ ਰੂਪ ਵਿਚ ਬੁੱਤ-ਬੰਦੇ ਦੀ ਪੂਜਾ ਦੇ ਵਿਰੁੱਧ ਸਨ।

ਸੇਵਕ ਸਿੰਘ

ਨਵੀਆਂ ਖੋਜਾਂ ਮਨੁੱਖ ਦੇ ਮਨ ਅਤੇ ਸਰੀਰ ਉੱਤੇ ਸੰਸਾਰਕ ਸੁਖਾਂ ਦਾ ਅਸਰ ਵਧੇਰੇ ਪੱਕਾ ਅਤੇ ਗੁੰਝਲ਼ਦਾਰ ਕਰਦੀਆਂ ਹਨ। ਮਨੁੱਖੀ ਇਤਿਹਾਸ ਵਿਚ ਕੁਝ ਖੋਜਾਂ ਐਸੀਆਂ ਹਨ ਜਿਨ੍ਹਾਂ ਨੇ ਅਣਕਿਆਸੇ ਤਰੀਕੇ ਨਾਲ ਮਨੁੱਖੀ ਜੀਵਨ ਅਤੇ ਆਲੇ ਦੁਆਲੇ ਦੇ ਕੁਦਰਤੀ ਚਲਣ (ਵਹਾਅ) ਵਿਚ ਵੀ ਸਦਾ ਲਈ ਫਰਕ ਪਾ ਦਿੱਤਾ ਹੈ।ਇਹਨਾਂ ਫਰਕਾਂ ਦਾ ਸਾਂਝਾ ਅਧਾਰ ਬਿਜਲਈ ਦੁਨੀਆਂ ਹੈ, ਜਿਸ ਦੀ ਸਿੱਖ ਨੁਕਤੇ ਤੋਂ ਚਰਚਾ ਵਜੋਂ ਇਹ ਲਿਖਤ ਹੈ। ਉਞ ਤੇ ਹਰ ਕਾਢ ਨੇ ਬੰਦੇ ਦੀ ਜਿੰਦਗੀ ਤੇ ਅਸਰ ਪਾਇਆ ਹੈ ਪਰ ਬਿਜਲੀ ਦੀ ਖੋਜ ਨਾਲ ਸ਼ੁਰੂ ਹੋਈ ਨਵੀਂ ਜਿੰਦਗੀ ਦੀ ਕਲਪਨਾ ਦਾ ਚੌਖਟਾ ਮਨੁੱਖੀ ਦਿਮਾਗ ਦੇ ਬਦਲ ਵਜੋਂ ਉਪਜੇ ਸੰਦ (ਕੰਪਿਊਟਰ) ਨੇ ਪੂਰਾ ਕਰ ਦਿੱਤਾ। ਜਿਸ ਨੇ ਸਦੀਆਂ ਤੋਂ ਚਲੇ ਆ ਰਹੇ ਮਨੁੱਖੀ ਕਰਮਾਂ, ਉਹਨਾਂ ਦੀ ਵਿਆਖਿਆ ਅਤੇ ਕੀਮਤ ਨੂੰ ਬਦਲ ਦਿੱਤਾ।

ਕੀਮਤ: ਮਨੁੱਖਤਾ ਦੇ ਕੁੱਲ ਵਰਤਾਰਿਆਂ ਵਿਚਲੀਆਂ ਵੱਖ ਵੱਖ ਕੀਮਤਾਂ ਅਸਲ ਵਿਚ ਮਨੁੱਖੀ ਮਨ ਵਿਚ ਵਸਦੀ ਕੀਮਤ ਹੀ ਹਨ। ਕੁਦਰਤ ਵਿਚ ਵਾਪਰਦੇ ਵਰਤਾਰਿਆਂ ਅਤੇ ਸ਼ੈਆਂ ਦੀ ਕੀਮਤ ਵੀ ਮਨੁੱਖ ਲਈ ਉਸ ਦੇ ਮਨ ਵਿਚ ਵਸੀ ਕੀਮਤ ਅਨੁਸਾਰ ਹੀ ਹੈ। ਮਨੁੱਖੀ ਮਨ ਵਿਚਲੇ ਕੀਮਤ ਪਰਬੰਧ ਦਾ ਮੂਲ ਧਰਮ ਰੂਪ ਵਿਚ ਵਿਗਸਦਾ ਹੈ। ਜਦੋਂ ਕੰਪਿਊਟਰ ਮਨੁੱਖੀ ਦਿਮਾਗ ਦਾ ਬਦਲ ਬਣ ਗਿਆ ਹੈ ਤਾਂ ਹੁਣ ਸਿਰਫ ਕੀਮਤ ਨਹੀਂ ਬਦਲਣੀ ਸਗੋਂ ਕੀਮਤ ਦਾ ਬਦਲ ਪੈਦਾ ਹੋ ਰਿਹਾ ਹੈ। ਪਹਿਲਾਂ ਹਰ ਕੀਮਤ ਮੁੜ-ਮੁੜ ਕੇ ਧਰਮ ਮੁਤਾਬਿਕ ਤੈਅ ਹੁੰਦੀ ਰਹੀ ਹੈ। ਅੱਜ ਇਕ ਪਾਸੇ, ਮੌਜੂਦਾ ਦੁਨੀਆਂ ਦੀ ਕੁੱਲ ਮੁਸੀਬਤਾਂ/ਮੁਸ਼ਕਲਾਂ ਦਾ ਹੱਲ ਲੱਭਣ ਵਾਲੇ ਵਿਦਵਾਨ ਅਤੇ ਨੇਤਾ ਵੀ ਅਤੇ ਦੂਜੇ ਪਾਸੇ, ਇਸ ਹਾਲਤ ਨੂੰ ਬਦ ਤੋਂ ਬਦਤਰ ਬਣਾਈ ਰੱਖਣ ਵਾਲੇ ਲੋਭੀ ਅਤੇ ਜਾਲਮ ਵੀ ਆਪਣੇ ਆਪਣੇ ਹਿਸਾਬ ਨਾਲ ਧਰਮ ਦੀ ਕੀਮਤ ਘੜ੍ਹ ਰਹੇ ਹਨ। ਜੋ ਕੀਮਤ ਬਿਜਲਈ ਦੁਨੀਆਂ ਵਿਚ ਅਤੇ ਮਨੁੱਖੀ ਦੁਨੀਆਂ ਵਿਚ ਇਕ ਸਾਰ ਪਰਵਾਨ ਅਤੇ ਲਾਗੂ ਹੋ ਸਕੇ ਇਸ ਦੀ ਉਧੇੜ ਬੁਣ ਵਿਚ ਹਰ ਧਿਰ ਲੱਗੀ ਹੋਈ ਹੈ। ਧਰਮ ਦੀ ਇਕ ਕੀਮਤ (ਵਿਆਖਿਆ) ਦੁਨੀਆਂ ਪੱਧਰ ਤੇ ਘੜ੍ਹੀ ਜਾ ਰਹੀ ਹੈ ਅਤੇ ਦੂਜੀ ਹਰ ਰਾਜਸੀ ਢਾਂਚੇ (ਦੇਸ਼ਾਂ) ਦੀਆਂ ਨਿੱਜੀ/ਸਥਾਨਕ ਲੋੜਾਂ ਅਨੁਸਾਰ ਘੜੀ ਅਤੇ ਫੈਲਾਈ ਜਾ ਰਹੀ ਹੈ। ਇਹਨਾਂ ਪੱਖਾਂ ਦੀ ਮਹੱਤਤਾ ਦੇ ਬਾਵਜੂਦ ਇਸ ਲਿਖਤ ਦਾ ਸਬੰਧ ਸਿੱਖ ਪੱਖ ਤੋਂ ਤਕਨੀਕ ਨੂੰ ਵੇਖਣ ਨਾਲ ਵਧੇਰੇ ਹੈ।

ਬੁੱਤਾਂ ਵੱਲ ਰਾਹ: ਜਦੋਂ ਤੋਂ ਗੁਰੂ ਗੋਬਿੰਦ ਸਿੰਘ ਜੀ ਨੇ ਸਭ ਸਿੱਖਾਂ ਨੂੰ ਸ਼ਬਦ ਗੁਰੂ ਨੂੰ ‘ਗੁਰੂ ਮਾਨਿਓ ਗ੍ਰੰਥ’ ਦਾ ਹੁਕਮ ਦਿੱਤਾ ਹੈ ਉਸ ਤੋਂ ਛੇਤੀ ਬਾਅਦ ਹੀ ਪੰਥ ਅੰਦਰ ਗੁਰੂ ਦੇ ਸ਼ਬਦ ਰੂਪ ਦੀ ਥਾਂ ਮਨੁੱਖ, ਬੁੱਤ ਅਤੇ ਚਿੱਤਰ ਦੇ ਪ੍ਰਚਲਣ ਦੇ ਯਤਨ ਹੁੰਦੇ ਆਏ ਹਨ (ਗੁਰੂ ਸਾਹਿਬ ਦੇ ਵੇਲੇ ਵੀ ਇਹ ਯਤਨ ਹੋਏ ਪਰ ਉਹਨਾਂ ਦੀ ਚਰਚਾ ਇਥੇ ਨਹੀਂ ਕੀਤੀ ਜਾਣੀ)। ਇਸ ਪ੍ਰਸੰਗ ਵਿਚ ਸਭ ਤੋਂ ਪਹਿਲੀ ਵਾਰੀ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਆਉਂਦੀ ਹੈ। ਬਾਬਾ ਬੰਦਾ ਸਿੰਘ ਬਹਾਦਰ ਨੂੰ ਸਿੱਖੀ ਅਕੀਦੇ ਮੁਤਾਬਕ ਸ਼ਹਾਦਤ ਦੇਣ ਦੇ ਬਾਵਜੂਦ ਉਹਨਾਂ ਨੂੰ ਇਕ ਪਾਸੇ ਗੁਰੂ ਬਣਨ ਲਈ ਭੰਡਿਆ ਗਿਆ ਅਤੇ ਦੂਜੇ ਪਾਸੇ ਕੁਝ ਲੋਕਾਂ ਵਲੋਂ ਉਹਨਾਂ ਨੂੰ ਇਸ ਰੂਪ ਵਿਚ ਪੂਜਿਆ ਵੀ ਗਿਆ। ਇਕ ਪਾਸੇ ਸ਼ਬਦ ਗੁਰੂ ਤੋਂ ਭਟਕਣ ਦੀ, ਦੂਜੇ ਪਾਸੇ ਭਟਕਿਆਂ ਦਾ ਵਿਰੋਧ ਕਰਦਿਆਂ ਸਤਿਕਾਰਤ ਹਸਤੀ ਨੂੰ ਹੀ ਸ਼ੱਕ ਅਧੀਨ ਕਰਨ ਦੀ ਇਹ ਪਹਿਲੀ ਗਵਾਹੀ ਹੈ। ਉਸ ਸਮੇਂ ਸ਼ੁਰੂ ਹੋਇਆ ਕੰਮ ਹੁਣ ਵੀ ਜਾਰੀ ਹੈ।ਬਿਖੜੇ ਸਮੇਂ ਨੂੰ ਛੱਡ ਕੇ ਜਦੋਂ ਸਿਰਾਂ ਦੇ ਮੁੱਲ ਪੈਂਦੇ ਸਨ, ਉਸ ਤੋਂ ਤੁਰੰਤ ਬਾਅਦ ਇਹ ਕਾਰਜ ਫੇਰ ਸ਼ੁਰੂ ਹੁੰਦਾ ਹੈ। ਹੱਥਲਿਖਤ ਬੀੜਾਂ ਅਤੇ ਜਨਮ ਸਾਖੀਆਂ ਦੇ ਅਗਲੇ-ਪਿਛਲੇ ਪੱਤਰਿਆਂ ਤੇ ਉਸ ਸਮੇਂ ਦੇ ਪੜ੍ਹਿਆਂ ਨੇ ਗੁਰੂ ਸਾਹਿਬ ਦੇ ਚਿੱਤਰ ਬਣਾਉਣੇ ਸ਼ੁਰੂ ਕਰ ਦਿੱਤੇ। ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਤੱਕ ਇਸ ਕੰਮ ਨੇ ਪੂਰਾ ਜੋਰ ਫੜ ਲਿਆ ਸੀ। ਇਕ ਪਾਸੇ ਅਕਾਲ ਤਖਤ ਸਾਹਿਬ ਸਮੇਤ ਪ੍ਰਮੁੱਖ ਗੁਰੂਧਾਮਾਂ ਵਿਚ ਚਿੱਤਰਾਂ ਅਤੇ ਅਨਮਤੀ ਰਸਮਾਂ ਦਾ ਜ਼ੋਰ, ਦੂਜੇ ਪਾਸੇ ਦੇਹਧਾਰੀ ਪੂਜਾ ਖਾਸ ਕਰਕੇ ਗੁਰੂ ਪਰਿਵਾਰਾਂ ਨਾਲ ਸਬੰਧਤ ਮਨੁੱਖਾਂ ਦੀ, ਤੀਜੇ ਪਾਸੇ ਗੁਰੂ ਸਾਹਿਬ ਅਤੇ ਸ਼ਹੀਦਾਂ ਦੀ ਬੁੱਤ ਪੂਜਾ ਦਾ ਰੁਝਾਨ ਅਤੇ ਚੌਥੇ ਪਾਸੇ, ਅਨਮਤੀ ਬੁੱਤਾਂ ਦੀ ਪੂਜਾ ਸ਼ੁਰੂ ਹੋਈ। ਇਸ ਸਾਰੇ ਵਰਤਾਰੇ ਵਿਚੋਂ ਸੌ ਸਾਲਾ ਯਾਦਾਂ ਮਨਾਉਣ ਦੇ ਸਰਕਾਰੀ ਰੁਝਾਨ (ਜੋ 1966 ਈਸਵੀ ਤੋਂ ਸ਼ੁਰੂ ਹੋ ਕੇ 2016 ਤੱਕ ਆ ਗਿਆ ਹੈ) ਨੇ ਗੁਰੂ ਸਾਹਿਬ ਅਤੇ ਸ਼ਹੀਦਾਂ ਦੀ ਬੁੱਤ ਪੂਜਾ ਨੂੰ ਵਧੇਰੇ ਵਧਾਇਆ ਹੈ।

ਤਖਤ ਕੇਸਗੜ੍ਹ ਸਾਹਿਬ

ਨਵੀਆਂ ਜੜ੍ਹਾਂ: ਮੌਜੂਦਾ ਭਾਰਤੀ ਹਕੂਮਤ ਦਾ ਖਾਲਸਾ ਪੰਥ ਨਾਲ ਜੋ ਰਿਸ਼ਤਾ ਬਣਦਾ ਹੈ ਉਸ ਦੀ ਨਵੇਂ ਜਮਾਨੇ ਵਾਲੀ ਤਸਵੀਰ ਬੰਗਾਲ ਤੋਂ ਬਣਨੀ ਸ਼ੁਰੂ ਹੁੰਦੀ ਹੈ। ਬੰਗਾਲ ਵਿਚ ਅੰਗਰੇਜ਼ੀ ਰਾਜ ਦੀ ਆਮਦ ਦਾ ਪੰਜਾਬ ਤੱਕ ਪਹੁੰਚਣ ਦਾ ਫਾਸਲਾ ਪੌਣੀ ਸਦੀ ਬਣਦਾ ਹੈ। ਜਿਥੇ ਜਿਥੇ ਮੁਗਲ ਰਾਜ ਸੀ ਓਥੇ ਬਿਪਰ ਸੰਸਕਾਰ ਲਈ ਰੱਬੀ ਵਰਦਾਨ ਬਣ ਕੇ ਬਹੁੜੇ ਅੰਗਰੇਜ਼ੀ ਰਾਜ ਨੇ ਨਾ ਸਿਰਫ ਮੁਗਲ ਰਾਜ ਤੋਂ ਉਹਨਾਂ ਨੂੰ ਛੁਟਕਾਰਾ ਦਿਵਾਇਆ ਸਗੋਂ ਨਵੀਂ ਪਛਾਣ ਲਈ ਰਾਜਸੀ ਸਿਧਾਂਤ ਅਤੇ ਢਾਂਚਾ ਵੀ ਮੁਹਈਆ ਕਰਵਾਇਆ। ਇਸ ਵਿਚ ਸਭ ਤੋਂ ਵੱਡਾ ਅਸਰ ਛਾਪੇਖਾਨੇ ਦਾ ਸੀ, ਜਿਸ ਰਾਹੀ ਸਿੱਖਿਆ, ਪੈਸਾ ਅਤੇ ਧਰਮ ਸਮੇਤ ਕੁੱਲ ਮਾਮਲਿਆਂ ਬਾਰੇ ਪੱਛਮੀ ਗਿਆਨ ਮਾਨਤਾ ਦੀ ਚੜ੍ਹਤ ਹੋਈ। ਇਸ ਚੜ੍ਹਤ ਦੇ ਆਸਰੇ ਬਿਪਰ ਵਿਚਾਰ ਨੇ ਰਾਜਸੀ ਚੇਤਨਾ ਦੇ ਰੂਪ ਵਿਚ ਆਮ ਲੋਕਾਂ ਦੇ ਮਨਾਂ ਵਿਚ ਥਾਂ ਬਣਾਉਣੀ ਸ਼ੁਰੂ ਕੀਤੀ। ਇਸ ਤਰ੍ਹਾਂ ਇਸ ਮਹਾਂਦੀਪ ਵਿਚ ਨਵੀਂ ਚੇਤਨਾ ਦਾ ਮੁੱਢ ਅਸਲ ਵਿਚ ਬਿਪਰ ਚੇਤਨਾ ਨਾਲ ਬੱਝਾ, ਜਿਸ ਦਾ ਅੰਦਾਜਾ (ਐਮ.ਜੇ. ਅਕਬਰ ਅਨੁਸਾਰ) ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਇਥੇ ਸਦੀਆਂ ਤੋਂ ਰਾਜ ਕਰਨ ਵਾਲੇ ਮੁਸਲਮਾਨਾਂ ਨੇ ਵੀ ਨਵੇਂ ਗਿਆਨ ਅਧੀਨ ਆਪਣੇ ਆਪ ਨੂੰ ਘੱਟ ਗਿਣਤੀ ਸਮਝਿਆ।

ਪੰਜਾਬ ਵਿਚ ਅੰਗਰੇਜ਼ੀ ਰਾਜ ਭਾਵੇਂ ਸਭ ਤੋਂ ਬਾਅਦ ਵਿਚ ਆਇਆ ਪਰ ਰਾਜਸੀ ਮੁਹਾਂਦਰੇ ਵਾਲੀ ਬਿਪਰ ਚੇਤਨਾ ਸਭ ਤੋਂ ਪਹਿਲਾਂ ਆਈ। ਆਰੀਆ ਸਮਾਜ ਲਹਿਰ ਦੀ ਪੰਜਾਬ ਵਿਚ ਆਮਦ ਛਾਪੇਖਾਨੇ ਅਤੇ ਸਿਖਿਆ ਪ੍ਰਬੰਧ ਵਰਗੇ ਅਹਿਮ ਪਰਬੰਧਾਂ ਰਾਹੀਂ ਹੋਈ। ਯਾਦ ਰਹੇ ਕਿ ਆਰੀਆ ਸਮਾਜ ਦਾ ਸਿੱਖਾਂ ਵਿਚ ਪਰਚਲਤ ਹੋਣ ਦਾ ਇਕ ਕਾਰਨ ਮੂਰਤੀ ਪੂਜਾ ਦਾ ਵਿਰੋਧ ਵੀ ਸੀ। ਸਿੰਘ ਸਭਾ ਲਹਿਰ ਨੇ ਦੇਹਧਾਰੀ ਪੂਜਾ ਅਤੇ ਬੁੱਤ ਪੂਜਾ ਨੂੰ ਤਾਂ ਠੱਲ੍ਹ ਪਾ ਲਈ ਪਰ ਛਾਪੇਖਾਨੇ ਦੀ ਸਹਾਇਤਾ ਨਾਲ ਚਲਣ ਵਾਲੀ ਇਹ ਲਹਿਰ, ਇਸੇ ਕਾਢ (ਛਾਪੇਖਾਨੇ) ਦੇ ਆਸਰੇ ਨਾਲ ਫੈਲਣ ਵਾਲੀ ਚਿਤਰ ਪੂਜਾ ਨੂੰ ਪੂਰੀ ਤਰ੍ਹਾਂ ਠੱਲ ਨਾ ਪਾ ਸਕੀ। ਇਸ ਦੇ ਕਈ ਵੱਡੇ ਕਾਰਨ ਸਨ:

ਇਕ ਤਾਂ ਸ਼ਬਦ ਗੁਰੂ ਦੇ ਵਿਰੋਧੀ ਧੜੇ ਦੀ ਪਹੁੰਚ ਛਾਪੇਖਾਨੇ ਤੱਕ ਬਹੁਤ ਪਹਿਲਾਂ ਅਤੇ ਵਧੇਰੇ ਹੋਣ ਕਰਕੇ ਨਵੇਂ ਜਮਾਨੇ ਦਾ ਚੇਤਨਾ ਪ੍ਰਵਾਹ (ਸਿੱਖਾਂ ਦੇ ਸੁਚੇਤ ਹੋਣ ਤੋਂ) ਪਹਿਲਾਂ ਬਿਪਰ ਵਰਤਾਰੇ ਅਧੀਨ ਹੋ ਗਿਆ ਸੀ।

ਦੂਜਾ, ਮਨੁੱਖ ਦੀ ਮਾਦਾਪ੍ਰਸਤੀ ਹੋਣ ਦੀ ਕਮਜ਼ੋਰੀ ਕਰਕੇ ਸਿੰਘ ਸਭਾ ਲਹਿਰ ਦੇ ਕੁੱਲ ਯਤਨਾਂ ਦੇ ਬਾਵਜੂਦ ਸਿੱਖਾਂ ਅੰਦਰ ਆਈਆਂ ਕੁਰੀਤੀਆਂ ਕਰਕੇ ਬੁੱਤ ਅਤੇ ਮਨੁੱਖ ਦੀ ਪੂਜਾ ਨੂੰ ਕਾਫੀ ਹਿਮਾਇਤ ਮਿਲਦੀ ਰਹੀ।

ਤੀਜਾ, ਜਦੋਂ ਸਿੰਘ ਸਭਾ ਲਹਿਰ ਨੇ ਗੁਰੂ ਧਾਮਾਂ ਨੂੰ ਦੇਹਧਾਰੀਆਂ, ਬੁੱਤਾਂ ਅਤੇ ਚਿਤਰਾਂ ਤੋਂ ਮੁਕਤ ਕਰਾਉਣਾ ਸ਼ੁਰੂ ਕੀਤਾ ਤਾਂ ਕੁਝ ਸਮੇਂ ਬਾਅਦ ਹੀ ਭਾਰੂ ਚੇਤਨਾ ਪ੍ਰਵਾਹ ਦੇ ਰਾਜਸੀ ਹੱਲੇ ਨਾਲ ਇਹ ਧਾਰਮਿਕ ਚੇਤਨਾ ਦੀ ਲਹਿਰ (ਜਿਸ ਨੇ ਆਪਣੇ ਸਿਖਰ ਵਜੋਂ ਰਾਜਸੀ ਰੂਪ ਧਾਰਨ ਕਰਨਾ ਸੀ ਉਹ) ਸਮੇਂ ਤੋਂ ਪਹਿਲਾਂ ਹੀ ਖਤਮ ਹੋ ਗਈ। ਸਿੰਘ ਸਭਾ ਲਹਿਰ ਵਲੋਂ ਜਿਸ ਗਲਬੇ ਤੋਂ ਸਿੱਖ ਸਮਾਜ ਅਤੇ ਗੁਰੂਧਾਮਾਂ ਨੂੰ ਧਾਰਮਿਕ ਪੱਧਰ ਤੇ ਮੁਕਤ ਕਰਾਇਆ ਜਾ ਰਿਹਾ ਸੀ, ਉਸ ਗਲਬੇ ਨੇ ਹੀ (ਜੋ ਪਹਿਲਾਂ ਰਾਜਸੀ ਤੌਰ ਤੇ ਚੇਤੰਨ ਸੀ) ਸਿੱਖਾਂ ਦੇ ਵੱਡੇ ਹਿੱਸੇ ਨੂੰ ਆਪਣੀ (ਬਿਪਰ ਸੰਸਕਾਰ ਦੀ) ਸਮਾਜਿਕ ਧਾਰਮਿਕ ਹਸਤੀ ਨੂੰ ਪੱਕਾ (ਰਾਜਸੀ) ਰੂਪ ਦੇਣ ਦੀ ਮੁਹਿੰਮ ਦਾ ਸ਼ਰੀਕ ਬਣਾ ਲਿਆ।

ਇਸ ਇਤਿਹਾਸਕ ਮੋੜੇ ਨੇ ਪੰਥ ਦੇ ਸਿਧਾਂਤਕ, ਇਤਿਹਾਸਕ ਅਤੇ ਸਭਿਆਚਰਕ ਪਹਿਲੂਆਂ ਨੂੰ ਗੰਧਲਾਇਆ ਹੀ ਨਹੀਂ ਸਗੋਂ ਉਸ ਬਿਪਰ ਗਲਬੇ ਨੂੰ ਪੱਕਿਆਂ ਵੀ ਕੀਤਾ ਜਿਸ ਤੋਂ ਛੁਟਕਾਰਾ ਪਾਉਣਾ ਸੀ। ਬਿਪਰ ਧਿਰ ਨੇ ਇਕ ਪਾਸੇ ਸਿੱਖ ਭਾਵਨਾ ਨੂੰ ਧਾਰਮਿਕ ਨੁਕਤੇ ਤੋਂ ਆਪਣੇ ਹੱਕ ਵਿਚ ਢਾਲਣ ਦੀ ਸਫਲਤਾ ਹਾਸਲ ਕੀਤੀ ਜਿਸ ਨਾਲ ਅੰਗਰੇਜਾਂ ਅਤੇ ਮੁਸਲਮਾਨਾਂ ਦੇ ਖਿਲਾਫ ਹਿੰਦੂ ਸਿੱਖ ਭਾਈ ਭਾਈ ਕਰ ਲਏ ਅਤੇ ਦੂਜੇ ਪਾਸੇ ਸਿੱਖ ਚੇਤਨਾ ਦੇ ਦ੍ਰਿੜ ਹਿੱਸੇ (ਜੋ ਵੱਖਰੀ ਸਿੱਖ ਪਛਾਣ ਦੇ ਯਤਨ ਕਰਦੇ ਸਨ) ਦੇ ਯਤਨਾਂ ਨੂੰ ਅੰਗਰੇਜ਼ਾਂ ਦੀ ਚਾਲ ਸਿੱਧ ਕਰਨ ਦੀ ਬਹੁਪੱਖੀ ਮੁਹਿੰਮ ਵੀ ਤੋਰੀ (ਇਹ ਵੱਖਰੇ ਲੇਖ ਦਾ ਮਸਲਾ ਹੈ)।

ਇਹ ਪੈਂਤੜਾ ਇਸ ਮਹਾਂਦੀਪ ਦੀਆਂ (ਸਿੱਖਾਂ ਸਮੇਤ) ਬਾਕੀ ਸਭ ਧਿਰਾਂ ਨਾਲ ਵੀ ਖੇਡਿਆ ਗਿਆ ਪਰ ਸਿੱਖਾਂ ਦੇ ਮਾਮਲੇ ਵਿਚ ਇਹ ਵਧੇਰੇ ਸਫਲ ਰਿਹਾ। ਸਿੱਖਾਂ ਦੇ ਮਾਤ ਖਾ ਜਾਣ ਦੇ ਦੋ ਵੱਡੇ ਕਾਰਨ ਸਨ ਇਕ ਤਾਂ ਸਿੱਖਾਂ ਦਾ ਮੁਸਲਮਾਨਾਂ ਨਾਲ ਖੂਨੀ ਸੰਘਰਸ਼ ਦਾ ਇਤਿਹਾਸ ਜੋ ਹਿੰਦੂ ਸਿੱਖਾਂ ਨੂੰ ਉਹਨਾਂ ਦੇ ਖਿਲਾਫ ਇਕੱਠੇ ਕਰਦਾ ਸੀ, ਜਿਸ ਦੀ ਵੱਡੀ ਮਿਸਾਲ 1947 ਦੀ ਵੰਡ ਵੇਲੇ ਮਿਲਦੀ ਹੈ। ਦੂਜਾ ਕਾਰਨ ਸੀ ਪੱਛਮੀ ਗਿਆਨ ਪ੍ਰਬੰਧ ਦਾ ਬਿਪਰ ਢਾਂਚੇ ਨੂੰ ਸਿੱਖਾਂ ਦੇ ਮੁਕਾਲਬਲੇ ਵਧੇਰੇ ਸੂਤ ਬੈਠਣਾ, ਜਿਸ ਵਿਚ ਉਹ ਸਿੱਖਾਂ ਨਾਲੋਂ ਇਕ ਸਦੀ ਪਹਿਲਾਂ ਵੜੇ।

ਗਿਆਨ ਕੇਂਦਰ: ਪਿਛਲੇ ਸਾਲ ਜੂਨ ਮਹੀਨੇ ਵਿਚ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹਾਦਤ ਦਾ 300 ਸਾਲਾਂ ਦਿਹਾੜਾ ਸੀ।ਇਸ ਕਰਕੇ ਪਹਿਲੀਆਂ ਸਤਾਬਦੀਆਂ ਵਾਂਗ ਬਹੁਤ ਸਾਰੀ ਖੋਜ ਅਤੇ ਵਿਖਾਵਾ ਹੋਇਆ। ਕੁਝ ਸਮਾਂ ਪਹਿਲਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਇਸੇ ਸੌ ਸਾਲਾਂ ਯਾਦ ਅਧੀਨ ਬਾਬਾ ਬੰਦਾ ਸਿੰਘ ਬਹਾਦਰ ਨੂੰ ਪਾਤਰ ਰੂਪ ਵਿਚ ਪੇਸ਼ ਕਰਨ ਵਾਲੇ ਨਾਟਕ ਦਾ ਵਿਰੋਧ ਹੋਇਆ। ਨਿੱਤ ਅਨੇਕਾਂ ਛੋਟੇ-ਵੱਡੇ ਵਿਰੋਧ ਵੇਖਣ ਵਾਲੇ ਪੰਜਾਬ ਵਿਚ ਇਸ ਛੋਟੇ ਜਿਹੇ ਵਿਰੋਧ ਅਤੇ ਵਿਰੋਧ ਦੇ ਵਿਰੋਧ ਦੀ ਚਰਚਾ ਕਰਨੀ ਬਣਦੀ ਹੈ। ਇਥੇ ਇਸ ਚਰਚਾ ਕਰਨ ਦੇ ਦੋ ਕਾਰਨ ਹਨ:

ਪਹਿਲਾ, ਅਜੋਕੇ ਸਮੇਂ ਵਿਚ ਯੂਨੀਵਰਸਿਟੀਆਂ ਨੂੰ ਗਿਆਨ ਦੇ ਸਭ ਤੋਂ ਸਰਬੋਤਮ ਅਦਾਰੇ ਮੰਨਿਆ ਜਾਂਦਾ ਹੈ। ਇਹ ਚਰਚਾ ਇਸ ਕਰਕੇ ਵੀ ਜ਼ਿਕਰਯੋਗ ਹੈ ਕਿ ਇਸ ਨਾਟਕ ਦਾ ਲਿਖਤ ਰੂਪ ਇਤਿਹਾਸ ਦੇ ਇਕ ਪ੍ਰੋਫੈਸਰ ਨੇ ਤਿਆਰ ਕੀਤਾ/ਕਰਵਾਇਆ ਸੀ। ”ਪੰਜਾਬੀ ਟ੍ਰਿਬਿਊਨ” ਵਿਚ ਛਪੀ ਖਬਰ ਮੁਤਾਬਿਕ ਨਾਟਕ ਦੇ ਲੇਖਕ ਪ੍ਰੋਫੈਸਰ ਸਾਹਿਬ ਨੇ ਇਸ ਵਿਰੋਧ ਬਾਰੇ ਕਿਹਾ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਸਾਡੇ ਜਰਨੈਲ ਸਨ ਉਹ ਗੁਰੂ ਨਹੀਂ ਸਨ, ਇਸ ਕਰਕੇ ਉਹਨਾਂ ਨੂੰ ਪਾਤਰ ਵਜੋਂ ਵਿਖਾਇਆ ਜਾ ਸਕਦਾ ਹੈ।

ਦੂਜਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਇਸੇ ਮਸਲੇ ਬਾਰੇ ਬਣਾਈ ਕਮੇਟੀ ਦੇ ਵਿਦਵਾਨ ਪ੍ਰੋਫੈਸਰਾਂ ਨੇ ਇਹ ਮਾਨਤਾ ਪ੍ਰਵਾਨ ਕਰ ਦਿੱਤੀ ਕਿ ਸ਼ਹੀਦਾਂ ਨੂੰ ਪਾਤਰ ਰੂਪ ਵਿਚ ਪੇਸ਼ ਕੀਤਾ ਜਾ ਸਕਦਾ ਹੈ ।

ਯੂਨੀਵਰਸਿਟੀ ਵਿਦਵਾਨਾਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ਼ਹੀਦਾਂ ਨੂੰ ਪੁਤਲੀਆਂ ਵਜੋਂ ਵਿਖਾਉਣ ਦੀ ਤਾਜਾ ਮਾਨਤਾ ਨੇ ਪਿਛਲੀ ਸਦੀ ਤੋਂ ਤੁਰੀ ਆ ਰਹੀ ਚਰਚਾ ਨੂੰ ਮੁੜ ਭਖਾਇਆ ਹੈ ਕਿ ਸਿਧਾਂਤਕ ਅਤੇ ਇਤਿਹਾਸਕ ਰੂਪ ਵਿਚ ਬੁੱਤ ਅਤੇ ਬੰਦੇ ਦੀ ਪੂਜਾ ਦੇ ਵਿਰੋਧੀ ਖਾਲਸਾ ਪੰਥ ਨੂੰ ਪੁਰਾਣੀ ਬੁੱਤ ਪੂਜਾ ਤੋਂ ਛੁਟਕਾਰਾ ਪਾਉਣ ਤੋਂ ਪਹਿਲਾਂ ਹੀ ਪੈਦਾ ਹੋਈ ਨਵੀਂ ਕਿਸਮ ਦੀ ਬੁੱਤ ਪੂਜਾ ਨੂੰ ਕਿਵੇ ਲਵੇ?

ਸਿੱਖ ਜਗਤ ਜੋ ਕਾਫੀ ਹੱਦ ਤੱਕ ਪਹਿਲਾਂ ਹੀ ਬੁੱਤ, ਮਨੁੱਖ ਅਤੇ ਮੂਰਤ ਪੂਜਾ ਦਾ ਆਦੀ ਹੋ ਗਿਆ ਹੈ ਉਹ ਬਿਜਲਈ ਜਗਤ ਦੀ ਮੂਰਤੀ ਪੂਜਾ ਵੱਲ ਵੱਧ ਰਿਹਾ ਹੈ। ਇਸ ਦਾ ਪਤਾ ਇਸ ਗੱਲ ਤੋਂ ਲਗਦਾ ਹੈ ਕਿ ਸਿੱਖੀ ਦੀ ਪਰੰਪਰਾ ਵਜੋਂ ਰਾਖੀ ਕਰਨ ਵਾਲੇ ਵੀ ਅਤੇ ਸਿੱਖੀ ਦੀ ਦਲੀਲਪੂਰਨ ਵਿਆਖਿਆ ਕਰਨ ਵਾਲੇ ਵੀ ਕਿੰਨੀ ਵੱਡੀ ਅਤੇ ਸੂਖਮ ਬੇਅਦਬੀ ਵਿਰੁੱਧ ਬੋਲੇ ਨਹੀਂ ਹਨ। ਲਗਭਗ ਸਾਰੀਆਂ ਧਿਰਾਂ ਦੀ ਮੂਕ ਪਰਵਾਨਗੀ ਵੱਡੇ ਖਤਰੇ ਨੂੰ ਸੱਦਾ ਦੇ ਰਹੀ ਹੈ। ਚਾਰ ਸਾਹਿਬਜਾਦੇ ਫਿਲਮ (ਦੇ ਦੋਵੇਂ ਭਾਗਾਂ) ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਨਾਮਵਰ ਲੋਕਾਂ ਦੀ ਮਾਨਤਾ (ਜੋ ਫਿਲਮਾਂ ਵਿਚ ਲ਼ਿਖਤੀ ਤੌਰ ਤੇ ਵਿਖਾਈ ਜਾਂਦੀ ਹੈ) ਖਤਰੇ ਨੂੰ ਦਿੱਤਾ ਹੋਇਆ ਸੱਦਾ ਹੈ। ਯਾਦ ਰਹੇ ਕਿ ਬੱਚਿਆਂ ਅਤੇ ਅਣਜਾਣ ਲੋਕਾਂ ਨੂੰ ਨਵੇਂ ਬੁੱਤਾਂ ਰਾਹੀਂ ਸਿੱਖੀ ਬਾਰੇ ਦਿੱਤੀ ਗਈ ਜਾਣਕਾਰੀ ਉਹਨਾਂ ਨੂੰ ਕਦੇ ਵੀ ਇਸ ਨੁਕਤੇ ਤੇ ਪਹੁੰਚਣ ਨਹੀਂ ਦੇਵੇਗੀ ਕਿ ਗੁਰੂ ਸਾਹਿਬ ਬੁਨਿਆਦੀ ਰੂਪ ਵਿਚ ਬੁੱਤ-ਬੰਦੇ ਦੀ ਪੂਜਾ ਦੇ ਵਿਰੁੱਧ ਸਨ।

ਪਰਛਾਵੇਂ ਪੁਤਲੇ: ਭਾਰਤ ਸਰਕਾਰ ਨੇ ਆਪਣੀ ਕੀਮਤ ਅਨੁਸਾਰ ‘ਨਾਨਕ ਸ਼ਾਹ ਫਕੀਰ’ ਨਾਮੀ ਫਿਲਮ ਨੂੰ ‘ਦੇਸ਼ ਦੀ ਏਕਤਾ ਮਜਬੂਤੀ’ ਵਾਲੇ ਖਾਨੇ ਵਿਚ ਪਾ ਕੇ ਫਿਲਮ ਫੇਅਰ ਅਵਾਰਡ (2016) ਦਿੱਤਾ ਹੈ। ਇਹ ਫਿਲਮ ਗੁਰੂ ਸਾਹਿਬ ਨੂੰ ਪਾਤਰ ਰੂਪ ਵਿਚ ਵਿਖਾਉਣ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਕੋਸ਼ਿਸ਼ ਸੀ। ਗੁਰੂ ਸਾਹਿਬ ਨੂੰ ਸੂਖਮ ਮੂਰਤੀ ਵਿਚ ਪੇਸ਼ ਕਰਨ ਵਾਲਾ ਇਹ ਅਮਲ ਭਾਰਤ ਸਰਕਾਰ ਨੂੰ ਏਨਾ ਪਸੰਦ ਆਇਆ ਕਿ ਫਿਲਮ ਦੇ ਬਿਨਾਂ ਚੱਲੇ ਵੀ ਉਸ ਨੂੰ ਇਨਾਮ ਦੇ ਦਿੱਤਾ। ਇਹ ਫਿਲਮ ਦਾ ਬਣਨਾ ਅਤੇ ਇਨਾਮ ਮਿਲਣਾ ਅਜਿਹੇ ਵਰਤਾਰੇ ਨੂੰ ਸਾਹਮਣੇ ਲਿਆਉਂਦਾ ਹੈ ਜਿਹੜਾ ਨਾ ਸਿਰਫ ਮੌਜੂਦਾ ਰਾਜਸੀ ਢਾਂਚੇ ਅੰਦਰਲੇ ਵਿਰੋਧ ਨੂੰ ਸਗੋਂ ਸਿੱਖ-ਬਿਪਰ ਪਰੰਪਰਾ ਦੇ ਮੁਢ ਕਦੀਮੀ ਵਿਰੋਧ ਨੂੰ ਵੀ ਨਾਲ ਜੋੜਦਾ ਹੈ। ਇਸ ਫਿਲਮ ਬਾਰੇ ਜਰੂਰ ਸੋਚਣਾ ਬਣਦਾ ਹੈ ਕਿ ਬਿਪਰ ਵਿਚਾਰਧਾਰਾ ਵਾਲੀ ਸਰਕਾਰ ਨੂੰ ਇਸ ਫਿਲਮ ਵਿਚੋਂ ਕਿਸ ਕਿਸਮ ਦੀ ਏਕਤਾ ਲੱਭਦੀ ਹੈ? ਅਤੇ ਇਹ ਏਕਤਾ ਕਿਹੜੇ ਲੋਕਾਂ ਦੇ ਕਿਸ ਕਿਸ ਬਿਧ ਕੰਮ ਆਉਂਦੀ ਹੈ?

ਅੱਜ ਦੇ ਵੇਲੇ ਛਾਪੇਖਾਨੇ ਨਾਲੋਂ ਵੀ ਸੂਖਮ (ਬਿਜਲਈ) ਤਕਨੀਕ ਦੀ ਵਰਤੋਂ ਖਾਲਸਾ ਪੰਥ ਦੇ ਵੱਡੇ ਹਿੱਸੇ ਨੂੰ ਅਮਲੀ ਤੌਰ ਤੇ ਗਲਤ ਨਹੀਂ ਲੱਗ ਰਹੀ (ਭਾਵ ਇਹ ਬੁੱਤ ਵਾਂਗ ਨਹੀਂ ਜਾਪਦੀ)। ਇਸ ਦਾ ਵੱਡਾ ਕਾਰਨ ਇਹ ਹੈ ਕਿ ਉਹ ਹਾਲੇ ਛਾਪੇਖਾਨੇ ਦੀ ਤਸਵੀਰਾਂ ਵਾਲੀ ਗਲਤੀ ਤੋਂ ਵੀ ਮੁਕਤ ਨਹੀਂ ਹੋ ਸਕੇ। ਜਿਹੜੇ ਲੋਕਾਂ ਨੂੰ ਤਸਵੀਰ ਪੂਜਾ ਗਲਤ ਨਹੀਂ ਲਗਦੀ ਉਹ ਬਿਜਲਈ ਬੁੱਤਾਂ ਨੂੰ ਕਿਸੇ ਤਰ੍ਹਾਂ ਵੀ ਗਲਤ ਨਹੀਂ ਸਮਝਣਗੇ। ਪਛੜੇ ਹੋਣ ਦੇ ਅਹਿਸਾਸ ਕਰਕੇ ਅਤੇ ਦੁਨੀਆਂ ਦਾ ਮੁਕਾਬਲਾ ਦੁਨੀਆਂ ਦੇ ਤਰੀਕਿਆਂ ਨਾਲ ਕਰਨ ਦੀ ਰੀਝ ਸਿੱਖਾਂ ਦੀ ਇਤਿਹਾਸਕ ਧਰਤ (ਪੰਜਾਬ) ਸਮੇਤ ਵਿਦੇਸ਼ੀਂ ਵਸਣ ਵਾਲੇ ਵੱਡੇ ਹਿੱਸੇ ਅੰਦਰ ਵੀ ਭਾਰੂ ਹੈ। ਇਹ ਰੁਝਾਨ ਇਕ ਪਾਸੇ ਬਿਪਰ ਮਾਨਤਾਵਾਂ ਦੇ ਅਸਰ ਹੇਠ ਹੈ ਅਤੇ ਦੂਜੇ ਪਾਸੇ ਪਰਚਾਰ ਦੇ ਪੱਛਮੀ ਤਰੀਕੇ ਤੋਂ ਪ੍ਰਭਾਵਿਤ ਹੈ।

ਪਰਚਾਰ ਲਈ ਬਿਜਲ ਬੁਤਾਂ ਵਰਤੋਂ ਦੀ ਇਹ ਮੁਸ਼ਕਲ ਜਿਸ ਰੂਪ ਵਿਚ ਦਿਸ ਰਹੀ ਹੈ, ਇਹ ਸਿਰਫ ਏਨੀ ਨਹੀਂ ਹੈ ਸਗੋਂ ਇਸ ਦਾ ਮਾਰੂ ਪਰਛਾਵਾਂ ਬਹੁਤ ਦੂਰ ਤੱਕ ਜਾਵੇਗਾ। ਇਹ ਰੁਝਾਨ ਜਦੋਂ ਇਤਿਹਾਸਕ ਹਸਤੀਆਂ ਨੂੰ ਪਾਤਰਾਂ ਨੂੰ ਮੰਚ ਤੇ ਪੇਸ਼ ਕਰਦਾ ਹੈ ਤਾਂ ਇਹ ਸਿਰਫ ਇਥੇ ਨਹੀਂ ਰੁਕਦਾ। ਇਸ ਦਾ ਅਗਲਾ ਕਦਮ ਪਵਿੱਤਰ ਹਸਤੀਆਂ ਦੀ ਪੇਸ਼ਕਾਰੀ ਹੁੰਦੀ ਹੈ। ਉਹਨਾਂ ਸਤਿਕਾਰਤ ਹਸਤੀਆਂ (ਸ਼ਹੀਦਾਂ ਤੇ ਮਹਾਂਪੁਰਖਾਂ) ਨੂੰ ਬੁੱਤਾਂ ਵਿਚ ਢਾਲਣ ਤੋਂ ਬਾਅਦ ਅਗਲੀ ਆਪਮੁਹਾਰੀ ਪਹੁੰਚ ਗੁਰੂ ਸਾਹਿਬਾਨ ਦੀ ਪੇਸ਼ਕਾਰੀ ਹੈ। ਗੁਰੂ ਸਾਹਿਬ ਨੂੰ ਬਿਜਲ ਬੁੱਤ ਵਿਚ ਪੇਸ਼ ਕਰਨ ਬਾਅਦ ਅਗਲਾ ਪੜਾਅ ਵੀ ਆਵੇਗਾ ਜਦੋਂ ਅਕਾਲ ਪੁਰਖ ਦੀ ਬੁੱਤਰੂਪ ਪੇਸ਼ਕਾਰੀ (ਜਿਵੇਂ ਹਿੰਦੀ ਫਿਲਮਾਂ ਵਿਚ ਰੱਬ ਜਾਂ ਦੇਵਤੇ ਬੋਲਦੇ ਹਨ) ਹੋਵੇਗੀ।ਇਸ ਰੁਝਾਣ ਦਾ ਇਹੋ ਵਹਾਅ ਹੈ ਸ਼ੁਰੂ ਹੋਣ ਬਾਅਦ ਠੱਲ਼੍ਹਣਾ ਸੰਭਵ ਨਹੀਂ ਹੈ।

ਮਨੁੱਖ ਸਮਕਾਲ ਦੇ ਅਸਰ ਅਧੀਨ ਵਧੇਰੇ ਹੁੰਦਾ ਹੈ ਭਾਵੇਂ ਉਹ ਬੀਤੇ ਜਾਂ ਆਉਣ ਵਾਲੇ ਸਮੇਂ ਬਾਰੇ ਹੀ ਕਿਉਂ ਨਾ ਸੋਚਦਾ ਹੋਵੇ? ਇਹ ਸੂਖਮ ਬੁੱਤਕਾਰੀ, ਇਸ ਲਈ ਜਰੂਰੀ ਮੰਨੀ ਜਾ ਰਹੀ ਹੈ ਕਿਉਂਕਿ ਇਹ ਵੇਲਾ ਇਸ ਤਕਨੀਕ ਦਾ ਹੈ? ਯਾਦ ਰਹਿਣਾ ਚਾਹੀਦਾ ਹੈ ਕਿ ਬੁੱਤਾਂ ਦੇ ਸਾਰੇ ਰੂਪ ਹੀ ਆਪਣੇ ਵੇਲਿਆਂ ਵਿਚ ਪ੍ਰਚਾਰ ਦੇ ਉਤਮ ਸਾਧਨ ਰਹੇ ਹਨ। ਇਕ ਨਵੀਂ ਵਧੀ ਆਉਣ ਤੋਂ ਬਾਅਦ ਪੁਰਾਣੀ ਵਿਧੀ ਦੀ ਵਰਤੋਂ ਬਿਲਕੁਲ ਖਤਮ ਨਹੀਂ ਹੁੰਦੀ। ਅਜੋਕੇ ਸਮੇਂ ਤੱਕ ਪਹੁੰਚਦਿਆਂ ਬੁੱਤਕਾਰੀ ਦੇ ਸਾਰੇ ਪੁਰਾਣੇ ਰੂਪ ਵੀ ਹਾਜ਼ਰ ਹਨ ਅਤੇ ਨਾਲ-ਨਾਲ ਨਵੇਂ ਰੂਪ ਵੀ ਆਪਣਾ ਅਸਰ ਪਾ ਰਹੇ ਹਨ। ਵਧਦੀ ਤਕਨੀਕ ਦੀ ਕੁੱਲ ਪ੍ਰਾਪਤੀ ਇਹ ਹੈ ਕਿ ਮਨੁੱਖੀ ਜਗਤ ਦਾ ਦਿਸਦਾ ਘੇਰਾ ਹੋਰ ਵੱਡਾ ਹੋ ਰਿਹੈ ਅਤੇ ਜੋ ਸੂਖਮ ਹੈ ਉਸ ਨੂੰ ਸਥੂਲ ਅਤੇ ਬੁੱਤ ਵਿਚ ਬਦਲ ਰਹੀ ਹੈ। ਬਹੁਤ ਕੁਝ ਅਜਿਹਾ ਹੈ ਜੋ ਪਹਿਲਾਂ ਰੂਹਾਨੀ ਜਗਤ ਦਾ ਹਿੱਸਾ ਸੀ ਹੁਣ ਪਦਾਰਥਕ ਜਗਤ ਵਿਚ ਬਦਲ ਰਿਹਾ ਹੈ। ਤਕਨੀਕ ਨੇ ਪਦਾਰਥ ਦਾ ਘੇਰਾ ਏਨਾ ਵਧਾ ਦਿੱਤਾ ਹੈ ਕਿ ਧਰਮ ਜੋ ਸਾਰੇ ਜਗਤ ਵਰਤਾਰੇ ਨੂੰ ਸਮਝੇ ਜਾਣ ਦੀ ਮੂਲ਼ ਸੀ ਹੁਣ ਉਸ ਨੂੰ ਵੀ ਸਮਝੇ ਜਾਣ ਦਾ ਅਧਾਰ ਇਤਿਹਾਸਕ ਪਦਾਰਥ (ਸਥੂਲ) ਬਣ ਗਿਆ ਹੈ । ਧਰਮ ਦੀ ਮਾਨਤਾ ਜੋ ਸੂਖਮ ਨੂੰ ਅਨੁਭਵ ਕਰਨ ਅਤੇ ਜੀਵਨ ਜਿਉਣ ਦਾ ਨਾਂ ਸੀ ਉਹ ਇਤਿਹਾਸਕ ਪਦਾਰਥਕ ਸਿੱਧੀ ਵਿਚ ਬਦਲ ਰਹੀ ਹੈ।

ਇਤਿਹਾਸਕ ਅਤੇ ਪਵਿੱਤਰ: ਵਰਤਮਾਨ ਸਮੇਂ ਦੇ ਪ੍ਰਸਿੱਧ ਸਿੱਖ ਸ਼ਹੀਦ ਪਹਿਲਾਂ ਹੀ ਫਿਲਮਾਂ ਦੇ ਘੇਰੇ ਵਿਚ ਆ ਗਏ ਹਨ। ਭਾਈ ਬੇਅੰਤ ਸਿੰਘ, ਭਾਈ ਸਤਵੰਤ ਅਤੇ ਭਾਈ ਕੇਹਰ ਸਿੰਘ ਨੂੰ ਇਕ ਫਿਲਮ ਵਿਚ ਅਤੇ ਦੂਜੀ ਫਿਲਮ ਵਿਚ ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਭਾਈ ਸੁਖਦੇਵ ਸਿੰਘ ਸੁੱਖਾ ਨੂੰ ਵਿਖਾਇਆ ਗਿਆ ਹੈ। ਇਕ ਹੋਰ ਫਿਲਮ ਵਿਚ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਪਾਤਰ ਵਿਖਾਇਆ ਹੈ ਜਿਸ ਨਾਲ ਵਰਤਮਾਨ ਸਮੇਂ ਦੀ ਸ਼ਹੀਦ ਪਰੰਪਰਾ ਪੂਰਨ ਰੂਪ ਵਿਚ ਬੁੱਤ ਪਰੰਪਰਾ ਵਿਚ ਤਬਦੀਲ ਹੋਣ ਦਾ ਮੁੱਢ ਬੱਝ ਗਿਆ ਹੈ।

ਸ਼ਹਾਦਤਾਂ ਦਾ ਅਹਿਸਾਸ ਜੋ ਪੰਥਕ ਸਿਮਰਤੀ ਦਾ ਹਿੱਸਾ ਹੋਣਾ ਸੀ ਅਤੇ ਜਿਸ ਨੇ ਸਾਰੇ ਇਤਿਹਾਸ ਨੂੰ ਮੁੜ ਤਾਜਾ ਕਰਨਾ ਸੀ ਉਹ (ਸਾਡੇ ਸੁਚੇਤ ਹੋਣ ਤੋਂ ਪਹਿਲਾਂ) ਸਮੁੱਚੀ ਸ਼ਹੀਦ ਪਰੰਪਰਾ ਸਮੇਤ (ਜਿਸਦਾ ਅਹਿਸਾਸ ਰੂਹਾਨੀ ਸਬੰਧ ਰਾਹੀਂ ਹੋਣਾ ਸੀ) ਖੁਸ਼ਕ ਇਤਿਹਾਸਕ ਜਾਣਕਾਰੀ ਵਿਚ ਬਦਲਣ ਲੱਗਿਆ ਹੈ। ਇਤਿਹਾਸਕ ਹਸਤੀਆਂ ਨੂੰ ਪਾਤਰਾਂ ਵਿਚ ਢਾਲਣ ਵੇਲੇ ਉਹਨਾਂ ਨੂੰ ਹੋਰ ਵਧੇਰੇ ਮਨੁੱਖੀ ਅਤੇ ਇਤਿਹਾਸੀ ਕਰਨ ਦਾ ਚੱਕਰ ਉਹਨਾਂ ਦੇ ਸਨਮਾਨ ਨੂੰ ਪੂੰਝ ਕੇ ਸੁੱਟ ਦਿੰਦਾ ਹੈ। ਉਹਨਾਂ ਨੂੰ ਆਮ ਮਨੁੱਖੀ ਆਦਤਾਂ ਅਤੇ ਕਮਜੋਰੀਆਂ ਦੇ ਪੁਤਲੇ ਮੰਨਣ ਵੱਲ ਧੱਕ ਦਿੰਦਾ ਹੈ। ਹੈਰੀ ਬਵੇਜਾ ਦੀ ”ਚਾਰ ਸ਼ਾਹਿਬਜਾਦੇ- 2” (ਬਾਬਾ ਬੰਦਾ ਸਿੰਘ ਬਹਾਦਰ ਵਾਲੀ) ਫਿਲਮ ਵਿਚ ਬਾਬਾ ਬੰਦਾ ਸਿੰਘ ਬਹਾਦਰ ਦੇ ਪਾਤਰ ਨੂੰ ਮੁੜ ਮੁੜ ਕੇ ਕਰੋਧ ਵਿਚ ਆਉਂਦਾ ਹੈ ਜਦੋਂ ਵੀ ਸਾਹਿਬਜਾਦਿਆਂ ਦੇ ਸ਼ਹੀਦ ਹੋਣ ਦੀ ਗੱਲ ਚਲਦੀ ਹੈ। ਭਾਵੇਂ ਇਕ ਥਾਂ ਕਿਹਾ ਗਿਆ ਹੈ ਕਿ ਉਹਨਾਂ ਦਾ ਕੰਮ ਬਦਲਾ ਲੈਣਾ ਨਹੀਂ ਹੈ ਪਰ ਸਾਰੀ ਕਹਾਣੀ ਅੰਦਰ ਆਲਾ ਦੁਆਲਾ ਇਸੇ ਤਰ੍ਹਾਂ ਹੀ ਉਸਾਰਿਆ ਗਿਆ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਦਾ ਮਕਸਦ ਅਤੇ ਉਹਨਾਂ ਦੀ ਕੁੱਲ ਪਰਾਪਤੀ ਵਜੀਰ ਖਾਨ ਨੂੰ ਮਾਰਨਾ ਹੀ ਸੀ। ਕਹਾਣੀ ਮਹਾਨ ਸਿੱਖ ਸ਼ਹੀਦ ਅਤੇ ਬਾਦਸ਼ਾਹ ਨੂੰ ਇਸ ਹੱਦ ਤੱਕ ਥੱਲੇ ਲੈ ਕੇ ਜਾਂਦੀ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਜੰਗ ਵਿਚ ਜਾਣ ਤੋਂ ਪਹਿਲਾਂ ਗੁਰੂ ਸਾਹਿਬ ਅੱਗੇ ਬੇਨਤੀ ਕਰਦੇ ਹਨ ਕਿ ‘ਜਦੋਂ ਵਜੀਰ ਖਾਨ ਮੇਰੇ ਸਾਹਮਣੇ ਹੋਵੇ ਉਸ ਤੋਂ ਬਦਲਾ ਲੈਣ ਵੇਲੇ ਮੈਨੂੰ ਅਸੂਲ ਤੋੜਨ ਲਈ ਮੁਆਫ ਕਰ ਦੇਣਾ’। ਕਹਾਣੀ ਦੇ ਵਹਾਅ ਵਿਚ ਭਿੱਜੇ/ਭਾਵਕ ਹੋਏ ਦਰਸ਼ਕ ਨੂੰ ਇਹ ਗੱਲ ਬੜੀ ਜਚਦੀ ਹੈ। ਉਹ ਦਰਸ਼ਕ ਸੋਚ ਵੀ ਨਹੀਂ ਸਕਦਾ ਕਿ ਕੇਡੀ ਗਲਤ ਗੱਲ ਉਸ ਦੇ ਜਿਹਨ ਵਿਚ ਉਤਾਰੀ ਗਈ ਹੈ। ਸਿੱਖ ਇਤਿਹਾਸ ਦਾ ਲਾਸਾਨੀ ਜਰਨੈਲ, ਬਾਦਸ਼ਾਹ ਅਤੇ ਸ਼ਹੀਦ ਕਿਵੇਂ ਇਕ ‘ਬਦਲਾਪੁਰ’ ਫਿਲਮ ਦੇ ਪਾਤਰ ਵਾਂਗ ਬਦਲਾ ਲੈਣ ਲਈ ਅਨੈਤਕ ਹੋਣ ਤੇ ਉਤਾਰੂ ਹੈ ਅਤੇ ਆਮ ਦਰਸ਼ਕ ਨੂੰ ਕੁਝ ਗਲਤ ਨਹੀਂ ਜਾਪਦਾ। ਕਿਉਂਕਿ ਪਰਦੇ ਤੇ ਸ਼ੀਸੇ ਉਪਰ ਅਣਗਿਣਤ ਕਹਾਣੀਆਂ ਦੀ ਚਾਲ ਨੇ ਮਨੁੱਖ ਮਨ ਅੰਦਰ ਅਸਾਧਰਨ ਮਨੁੱਖੀ ਕਿਰਦਾਰ ਦੀ ਪੜ੍ਹਤ ਵੀ ਪਕਾ ਦਿੱਤੀ ਹੈ। ਪਰਦੇ ਉਪਰ ਨਾਇਕ ਇਸ ਕਮਜ਼ੋਰ ਮਨੋਦਸ਼ਾ ਵਾਲੀ ਮਾਨਤਾ ਤੋਂ ਵੱਖਰਾ ਹੋ ਹੀ ਨਹੀਂ ਸਕਦਾ।

ਅਜੋਕੇ ਹਾਲਾਤ ਨੂੰ ਵੇਖ ਕੇ ਲੱਗਦਾ ਹੈ ਕਿ ਬਹੁਤ ਛੇਤੀ ਇਹ ਨਵੀਂ ਬੁੱਤ ਪੂਜਾ ਪੂਰੇ ਇਤਿਹਾਸ ਨੂੰ ਲਪੇਟ ਵਿਚ ਲੈ ਲਵੇਗੀ ਕਿਉਂਕਿ ਸੰਤ ਜਰਨੈਲ ਸਿੰਘ ਤੋਂ ਇਤਿਹਾਸ ਵੱਲ ਜਾਂਦਿਆਂ ਅਤੇ ਗੁਰੂ ਸਾਹਿਬ ਤੋਂ ਬਾਅਦ ਸਮਕਾਲ ਵੱਲ ਮੁੜਦਿਆਂ ਸਭ ਤੋਂ ਵਧੇਰੇ ਸਤਿਕਾਰਤ ਸ਼ਹੀਦ ਅਤੇ ਰਾਜਸੀ ਹਸਤੀ ਬਾਬਾ ਬੰਦਾ ਸਿੰਘ ਬਹਾਦਰ ਹਨ। 300 ਸਾਲਾਂ ਸ਼ਤਾਬਦੀ ਦੇ ਨਾਂ ਹੇਠ ਉਹਨਾਂ ਨੂੰ (ਬਿਨਾਂ ਕਿਸੇ ਵੱਡੇ ਵਿਰੋਧ ਦੇ) ਪਾਤਰ ਵਿਚ ਢਾਲਣ ਨਾਲ ਮੌਜੂਦਾ ਸਮੇਂ ਤੱਕ ਸਾਰਾ ਸਿੱਖ ਇਤਿਹਾਸ ਨਵੀਂ ਬੁੱਤ ਪਰੰਪਰਾ ਵਿਚ ਢਲਣਯੋਗ ਹੋ ਗਿਆ ਏ। ਯਾਦ ਰਹੇ ਕਿ ਪੰਜਾਬ ਅੰਦਰ ਕੁਝ ਥਾਵਾਂ ਤੇ ਪਹਿਲਾਂ ਹੀ ਸਾਰਾ ਸਿੱਖ ਇਤਿਹਾਸ ਬੁੱਤਾਂ ਦੇ ਰੂਪ ਵਿਚ ਬਣਾਇਆ ਪਿਆ ਹੈ ਅਤੇ ਕਾਗਜ਼ੀ ਅਤੇ ਕੰਧ ਤਸਵੀਰਾਂ ਲਗਭਗ ਸਾਰੇ ਇਤਿਹਾਸ ਦੀਆਂ ਬਣ ਗਈਆਂ ਹਨ। ਇਸ ਏਨੇ ਸਭ ਕੁਝ ਦੇ ਬਾਵਜੂਦ ਸ਼ਹੀਦਾਂ ਅਤੇ ਇਤਿਹਾਸਕ ਹਸਤੀਆਂ ਨੂੰ ਪਰਛਾਵੇਂ ਪੁਤਲਿਆਂ ਦੇ ਰੂਪ ਵਿਚ ਵੇਖਣ ਦਾ ਰੁਝਾਨ ਸ਼ੁਰੂ ਨਹੀਂ ਸੀ ਹੋਇਆ, ਜੋ ਹੁਣ ਹੋਣ ਜਾ ਰਿਹਾ ਹੈ।

ਮਨੋਰੰਜਨ ਤੇ ਮਜਾਕ: ਬਿਜਲ ਪੇਸ਼ਕਾਰੀ ਨਾਲ ਸਭਿਆਚਾਰਕ ਸਮਾਜਕ ਰੂਪ ਵਿਚ ਸ਼ਹੀਦਾਂ ਦੀ ਜੋ ਮਾਨਤਾ ਅਤੇ ਇੱਜ਼ਤ ਹੈ ਉਹ ਖਤਮ ਹੋਣ ਵੱਲ ਵਧੇਗੀ। ਇਸ ਦੀ ਇਕ ਮਿਸਾਲ ”ਚਾਰ ਸਾਹਿਬਜ਼ਾਦੇ” ਫਿਲਮ ਹੈ ਜਿਸ ਦਾ ਪਹਿਲਾ ਭਾਗ ਲੋਕਾਂ ਨੇ ਬੜੀ ਸ਼ਰਧਾ ਨਾਲ ਵੇਖਿਆ ਉਸ ਵਿਚ ਧਾਰਮਿਕ ਅਹਿਸਾਸ ਹਾਜ਼ਰ ਸੀ ਪਰ ਦੋ ਸਾਲਾਂ ਅੰਦਰ ਹੀ ਦੂਜਾ ਭਾਗ ਵੇਖਣ ਵੇਲੇ ਧਾਰਮਿਕ ਅਹਿਸਾਸ ਖਤਮ ਹੋ ਗਿਆ ਸਿਰਫ ਇਤਿਹਾਸਕ ਰਹਿ ਗਿਆ। ਇਹ ਗੱਲ ਤੈਅ ਹੈ ਕਿ ਜੇ ਨਾ ਰੋਕਿਆ ਗਿਆ ਤਾਂ ਇਸ ਤੋਂ ਬਾਅਦ ਆਉਣ ਵਾਲੀਆਂ ਫਿਲਮਾਂ ਵਿਚ ਇਹ ਪਾਤਰ ਸਮਾਜਕ-ਸਭਿਆਚਾਰਕ ਪਰਸੰਗ ਦਾ ਹਿੱਸਾ ਵੀ ਬਣਨਗੇ।’ਹਰਿਆਣਵੀ ਰਮਾਇਣ’ ਵਾਂਗ ਇਹ ਵੀ ਪੂਰਾ ਸੰਭਵ ਹੈ ਕਿ ਇਹ ਸ਼ਰਧਾ ਸਤਿਕਾਰ ਦੇ ਪਾਤਰ ਇਕ ਦਿਨ ਮਜਾਕ ਦੇ ਪਾਤਰ ਵੀ ਬਣਨਗੇ। ਆਉਣ ਵਾਲੇ ਸਮੇਂ ਵਿਚ ਹੋਣ ਵਾਲੀਆਂ ਅਜਿਹੀਆਂ ਗੱਲਾਂ ਨੂੰ ਰੋਕਿਆ ਨਹੀਂ ਜਾ ਸਕੇਗਾ ਕਿਉਂਕਿ ਜਦੋਂ ਅਸੀਂ ਸ਼ਹੀਦਾਂ ਨੂੰ ਪ੍ਰੇਰਨਾ ਸਰੋਤਾਂ ਦੀ ਥਾਂ ਜਾਣਕਾਰੀ ਦੇ ਰਸਦਾਇਕ ਰੂਪ ਵਿਚ ਤਬਦੀਲ ਕਰ ਲਿਆ ਤਾਂ ਇਸ ਦੇ ਅਗਲੇ ਪੜਾਅ ਵਜੋਂ ਇਕ ਦਿਨ ਮਜਾਕ ਵੀ ਸ਼ਾਮਲ ਹੋਵੇਗਾ। ਪਹਿਲਾਂ ਇਹਨਾਂ ਸਤਿਕਾਰਤ ਹਸਤੀਆਂ ਦੇ ਆਲੇ ਦੁਆਲੇ ਦੇ ਪਾਤਰਾਂ ਰਾਹੀਂ ਮਜਾਕ ਦਾ ਮਾਹੌਲ ਉਸਾਰਿਆ ਜਾਏਗਾ ਅਤੇ ਅਖੀਰ ਉਹ ਹਸਤੀਆਂ ਵੀ ਮਜਾਕ ਦਾ ਪਾਤਰ ਬਣਨਗੀਆਂ। ਇਹ ਬਹੁਤ ਸੰਭਵ ਹੈ ਕਿ ਜੇ ਨਾ ਠੱਲ੍ਹ ਪਈ ਤਾਂ ਸਾਡਾ ਸਮੇਂ ਵਿਚ ਹੀ ਸਿਧਾਂਤਕ ਬੇਅਦਬੀ ਦੀ ਅਖੀਰ ਹੋ ਜਾਵੇਗੀ ਨਹੀਂ ਤਾਂ ਆਉਂਦੀਆਂ ਪੀੜ੍ਹੀਆਂ ਲਈ ਇਹ ਰਾਹ ਫਿਲਮਾਂ ਨੇ ਯਕੀਨਨ ਹੀ ਖੋਲ੍ਹ ਦੇਣਾ ਹੈ। ਹੈਰੀ ਬਵੇਜਾ ਦੀ ਦੂਜੀ ਫਿਲਮ ਵਿਚ ਸ਼ਹੀਦਾਂ ਦੇ ਆਲੇ ਦੁਆਲੇ ਮਜਾਕ ਵੇਖਿਆ ਜਾ ਸਕਦਾ ਹੈ।

ਯਾਦ ਰਹੇ ਕਿ ਮਜਾਕ ਮਨੁੱਖੀ ਅਨੰਦ ਦਾ ਸਭ ਤੋਂ ਪਸੰਦੀਦਾ ਰੂਪ ਹੈ। ਫਿਲਮਾਂ ਜਮਾਂਦਰੂ ਰੂਪ ਵਿਚ ਹੀ ਮਨੋਰੰਜਨ ਦਾ ਸਾਧਨ ਹਨ। ਜੇ ਕੋਈ ਮਨੋਰੰਜਨ ਰਾਹੀਂ ਮਨੁੱਖੀ ਲੋੜਾਂ, ਇਛਾਵਾਂ ਤੇ ਵਾਸ਼ਨਾਵਾਂ ਦੀ ਜਾਣਕਾਰੀ ਗੱਲ ਕਰਨੀ ਚਾਹੁੰਦਾ ਹੈ ਤਾਂ ਇਹ ਸੰਭਵ ਹੈ ਕਿ ਸੁਨੇਹਾ ਕਾਮਯਾਬ ਰਹੇਗਾ। ਇਸ ਦੇ ਉਲਟ ਜੇ ਕੋਈ ਇਤਿਹਾਸਕ ਜਾਂ ਸਭਿਆਚਾਰਕ ਨੁਕਤੇ ਨੂੰ ਪੇਸ਼ ਕਰਨਾ ਚਾਹੁੰਦਾ ਹੈ ਤਾਂ ਇਹ ਪੇਸ਼ਕਾਰੀ ਵਿਰੋਧ ਅਤੇ ਵੰਡ ਦਾ ਸੁਨੇਹਾ ਲੈ ਕੇ ਜਰੂਰ ਆਉਂਦੀ ਹੈ ਖਾਸ ਕਰਕੇ ਜੋ ਸੱਤਾਹੀਣ ਲੋਕਾਂ ਲਈ। ਜਦੋਂ ਵੀ ਇਤਿਹਾਸਕ ਸਨਮਾਨ ਫਿਲਮਾਂ ਦਾ ਹਿੱਸਾ ਬਣੇਗਾ ਤਾਂ ਅੱਜ ਨਹੀਂ ਤਾਂ ਕੱਲ੍ਹ ਉਹੀ ਇਤਿਹਾਸਕ ਸਨਮਾਨ ਮਨੋਰੰਜਨ ਦੇ ਸਾਧਨ ਰਾਹੀਂ ਪੇਸ਼ ਹੋਣ ਕਰਕੇ ਮਜਾਕ ਦਾ ਹਿੱਸਾ ਵੀ ਬਣੇਗਾ। ਇਸ ਵਰਤਾਰੇ ਦੀ ਪਹਿਲੀ ਕੜੀ ਇਹ ਹੁੰਦੀ ਹੈ ਕਿ ਚੰਗੇ ਅਤੇ ਬੁਰੇ ਪਾਤਰਾਂ ਨੂੰ ਇਕੱਠਿਆਂ ਪੇਸ਼ ਕਰਕੇ ਇਕ ਮਜਾਕ ਪੈਦਾ ਕਰਨ ਲਈ ਵਰਤਿਆ ਜਾਂਦਾ ਹੈ। ਪਹਿਲੇ ਪੜਾਅ ਤੇ ਬੁਰੇ ਪਾਤਰ ਨਾਲ ਮਜਾਕ ਹੁੰਦਾ ਹੈ ਅਤੇ ਚੰਗੇ ਪਾਤਰ ਵਲੋਂ ਕੀਤਾ ਜਾਂਦਾ ਹੈ। ਜਦੋਂ ਇਹ ਕੌਤਕ ਦਰਸ਼ਕ ਦੇ ਹਜਮ ਹੋ ਜਾਂਦਾ ਹੈ ਤਾਂ ਅਗਲਾ ਪੜਾਅ ਸ਼ੁਰੂ ਹੁੰਦਾ ਹੈ ਕਿ ਮਜਾਕ ਪੈਦਾ ਕਰਨ ਲਈ ਚੰਗਿਆਈ ਦੇ ਵੱਡੇ ਅਤੇ ਛੋਟੇ ਪਾਤਰਾਂ ਨੂੰ ਪੇਸ਼ ਕੀਤਾ ਜਾਂਦਾ ਹੈ ਇਥੇ ਬੁਰੇ ਪਾਤਰ ਦੀ ਲੋੜ ਮੁਕ ਜਾਂਦੀ ਹੈ। ਦੂਜੇ ਪੜਾਅ ਦਾ ਮਜਾਕ ਵੱਡੇ ਚੰਗੇ ਵਲੋਂ ਛੋਟੇ ਚੰਗੇ ਪਾਤਰ ਨਾਲ ਕੀਤਾ ਜਾਂਦਾ ਹੈ। ਹੈਰੀ ਬਵੇਜਾ ਦੀ ਬਾਬਾ ਬੰਦਾ ਸਿੰਘ ਬਹਾਦਰ ਤੇ ਬਣੀ ਫਿਲਮ ਇਸੇ ਰਾਹ ਤੇ ਕਦਮਾਂ ਭਰਦੀ ਹੈ। ਮਿਸਾਲ ਵਜੋਂ ਕਹਾਣੀ ਵਿਚ ਇਕ ਥਾਂ ਪਹਿਲਾਂ ਛੋਟੇ ਸਾਹਿਬਜਾਦੇ ਗੰਗੂ ਬ੍ਰਾਹਮਣ ਨੂੰ ਲਾਲਚ ਦਿੰਦੇ ਹਨ ਤੇ ਹਾਸੇ ਵਾਲਾ ਮਾਹੌਲ ਪੈਦਾ ਹੁੰਦਾ ਹੈ। ਅਗਲੇ ਦ੍ਰਿਸ਼ ਵਿਚ ਮਾਤਾ ਜੀ ਸਾਹਿਬਜਾਦਿਆਂ ਨੂੰ ਖਾਣ ਦਾ ਲਾਲਚ ਦੇ ਰਹੇ ਹਨ, ਮਜਾਕ ਪੈਦਾ ਹੋ ਰਿਹਾ ਹੈ। ਦੋਵੇ ਵਾਰਤਾਲਾਪ ਮਜਾਕ ਪੈਦਾ ਕਰਦੇ ਹਨ ਇਕ ਮਨੁੱਖ ਵਲੋਂ ਦੂਜੇ ਮਨੁੱਖ ਦੀ ਕਮਜੋਰੀ ਨੂੰ ਵਰਤਣ ਦਾ। ਸਧਾਰਨ ਇਨਸਾਨੀ ਮਜਾਕ ਕਦੋਂ ਪਰਬਤ ਜਿੰਨੇ ਉਚੇ ਇਤਿਹਾਸਕ ਸਨਮਾਨ ਦੇ ਪੈਰਾਂ ਹੇਠੋਂ ਫੱਟਾ ਖਿਚ ਦਿੰਦਾ ਹੈ ਸ਼ਰਧਾਲੂਆਂ ਨੂੰ ਵੀ ਪਤਾ ਨਹੀਂ ਲੱਗਦਾ। ਉਹ ਕੁਰਸੀਆਂ ਵਿਚ ਧਸੇ ਮੁਸਕਾਉਂਦੇ ਰਹਿੰਦੇ ਹਨ।

ਦੂਜੇ ਪਾਸੇ, ਜਿਸ ਦੇਸ਼ ਕੌਮ ਨੇ ਆਪਣੇ ਇਤਿਹਾਸ ਜਾਂ ਦੰਦ ਕਥਾਵਾਂ ਦੇ ਜਿਸ ਹਿੱਸੇ ਨੂੰ ਇਕ ਵਾਰ ਫਿਲਮ ਰਾਹੀਂ ਜਾਣਕਾਰੀ ਲਈ ਵਰਤਿਆ ਉਸ ਹਿੱਸੇ ਨੂੰ ਫਿਲਮ ਦੀ ਲੋੜ ਨੇ ਬਹੁਤ ਛੇਤੀ ਅਸੀਮ ਮਨੁੱਖੀ ਮਨੋਰੰਜਨ ਦਾ ਖਾਜਾ ਵੀ ਬਣਾ ਲੈਣਾ ਹੈ। ਬਿਲਕੁਲ ਉਸੇ ਤਰ੍ਹਾਂ ਜਿਵੇਂ ਕੈਂਸਰ ਦੇ ਮਰੀਜ ਨੂੰ ਕੈਂਸਰ ਤੋਂ ਛੁਟਕਾਰਾ ਦਿਵਾਉਣ ਲਈ ਉਸ ਦੇ ਹਾਜਮੇ ਨੂੰ ਵਧਾਉਣ ਅਤੇ ਤੇਜ ਕਰਨ ਦੀ ਦਵਾਈ ਜਦੋਂ ਹਾਜਮਾ ਤੇਜ ਕਰਦੀ ਹੈ ਤਾਂ ਉਹ ਤੇਜੀ ਉਸ ਦੀ ਦਿਲ ਗੁਰਦਿਆਂ ਨੂੰ ਖਾ ਕੇ ਉਸ ਨੂੰ ਕੈਂਸਰ ਤੋਂ ਵੀ ਪਹਿਲਾਂ ਮਾਰ ਦਿੰਦੀ ਹੈ। ਇਹ ਇੰਞ ਵੀ ਵੇਖਿਆ ਜਾ ਸਕਦਾ ਹੈ ਜਿਵੇਂ ਕੋਈ ਭੁੱਖ ਤੋਂ ਬਚਣ ਲਈ ਜ਼ਹਿਰੀਲਾ ਖਾਣਾ ਖਾਵੇ।

ਜੇ ਦੰਤ ਕਥਾ ਜਾਂ ਇਤਿਹਾਸਕ ਸੂਰਮੇ ਫਿਲਮ ਦਾ ਖਾਜੇ ਬਣੇ ਤਾਂ ਇਸ ਤੋਂ ਅਗਲਾ ਪੜਾਅ ਧਾਰਮਿਕ-ਇਤਿਹਾਸ ਹਸਤੀਆਂ ਹੁੰਦੀਆਂ ਹਨ। ਇਹ ਵੀ ਪੜਾਅ ਦਰ ਪੜਾਅ ਖਾਜਾ ਬਣਦੀਆਂ ਹਨ। ਪਹਿਲਾਂ ਜਾਣਕਾਰੀ ਵਾਲੀਆਂ ਫਿਲਮਾਂ ਦਾ ਮਸਾਲਾ ਬਣਦੇ ਹਨ। ਇਸ ਤੋਂ ਠੀਕ ਬਾਅਦ ਉਹੀ ਹਸਤੀਆਂ ਅਤੇ ਉਹਨਾਂ ਦਾ ਦੌਰ ਮਨੋਰੰਜਨ ਪੈਦਾ ਕਰਨ ਦਾ ਸਾਧਨ ਬਣਦੇ ਹਨ। ਮਨੁੱਖ ਦੀ ਮਨੋਰੰਜਨ ਦੀ ਅਸੀਮ ਭੁੱਖ ਜਿੰਦਗੀ ਦੇ ਹਰ ਤਲਖ ਅਤੇ ਨਾਜੁਕ ਮਾਮਲੇ ਨੂੰ ਜਿਵੇਂ ਚੁਟਕਲਿਆਂ ਦਾ ਮਸਾਲਾ ਬਣਾਉਂਦੀ ਹੈ ਉਹ ਕੋਈ ਉਹਲਾ ਨਹੀਂ ਰਹਿਣ ਦਿੰਦੀ ਕਿ ਬਾਂਦਰ ਹੱਥ ਤੀਲੀ ਦਾ ਨਤੀਜਾ ਕੀ ਹੋਵੇਗਾ । ਮਨੋਰੰਜਨ ਦੇ ਸਾਧਨ ਰਾਹੀ ਜਦੋਂ ਕੋਈ ਸ਼ੈਅ (ਉਸ ਦੇ ਅਸਲੀ ਖਾਨੇ ਵਿਚ ਕੱਢ ਕੇ) ਮਨੁੱਖ ਨੂੰ ਸਿਖਿਅਤ ਜਾਂ ਸਿਆਣੇ ਕਰਨ ਲਈ ਵਰਤ ਲਈ ਤਾਂ ਇਹ ਗੱਲ ਪੱਕੀ ਹੈ ਕਿ ਮਨੁੱਖ ਕੋਈ ਸਿਆਣਪ ਹਾਸਲ ਕਰੇ ਜਾਂ ਨਾ ਕਰੇ ਪਰ ਉਸ ਨੂੰ ਮਜਾਕ ਦਾ ਹਿੱਸਾ ਜਰੂਰ ਬਣਾ ਲੈਂਦਾ ਹੈ। ਇਹ ਗੱਲ ਮਨੋਰੰਜਨ ਜਗਤ ਦੇ ਮਾਹਰ ਜਾਣਦੇ ਹਨ ਕਿ ਇਸ ਖੇਤਰ ਵਿਚ ਆਈ ਕਿਸੇ ਵੀ ਗੱਲ ਦੀ ਹੱਦ ਅਖੀਰ ਨੂੰ ਅਸਲੀਲਤਾ ਤੇ ਜਾ ਕੇ ਮੁਕਦੀ ਹੈ।

ਸਿੱਖ ਇਤਿਹਾਸ ਨੂੰ ਬੁੱਤਾਂ, ਪੁਤਲੀਆਂ ਅਤੇ ਲਕੀਰਿਆਂ ਵਿਚ ਢਾਲਣ ਤੋਂ ਬਾਅਦ ਗੁਰੂ ਸਾਹਿਬਾਨ ਨੂੰ ਪਾਤਰਾਂ ਦੇ ਰੂਪ ਚਿਤਰੇ ਜਾਣ ਤੋਂ ਵੀ ਰੋਕਿਆ ਨਹੀਂ ਜਾ ਸਕੇਗਾ, ਜਿਵੇਂ ਕਿ ‘ਨਾਨਕ ਸ਼ਾਹ ਫਕੀਰ’ ਫਿਲਮ ਦਾ ਨਮੂਨਾ ਬਣ ਗਿਆ ਹੈ। ਜਿਹੜੇ ਸਜਣਾਂ ਨੂੰ ਲਗਦਾ ਹੈ ਕਿ ਨਵੇਂ ਤਰੀਕੇ ਨਾਲ ਪਰਚਾਰ ਕਰਨ ਤੋਂ ਬਿਨਾਂ ਇਤਿਹਾਸ ਜਾਂ ਧਰਮ ਆਪਣਿਆਂ ਅਤੇ ਬੇਗਾਨਿਆਂ ਨੂੰ ਕਿਵੇਂ ਦੱਸਿਆਂ ਜਾਵੇਗਾ ਉਹਨਾਂ ਨੂੰ ਬੁੱਧ ਦੀਆਂ ਮੂਰਤੀਆਂ ਅਤੇ ਰਾਮ ਲੀਲਾ-ਰਾਸ ਲੀਲਾ ਦੁਆਰਾ ਸਦੀਆਂ ਤੋਂ ਹੋ ਰਹੇ ਸਨਾਤਨੀ ਪਰਚਾਰ ਨੂੰ ਵੇਖ ਲੈਣਾ ਚਾਹੀਦਾ ਹੈ। ਸਾਡੇ ਸਾਹਮਣੇ ਰਮਾਇਣ ਦੇ ਰਾਮ ਜਾਂ ਸੀਤਾ ਦੇ ਪਾਤਰ ਬਣਨ ਵਾਲੇ ਲੋਕ ਹਾਸਾ ਪੈਦਾ ਕਰਨ ਵਾਲੀਆਂ ਗੱਲਾਂ ਕਰਦੇ ਹਨ। ਵੱਖ ਵੱਖ ਬੋਲੀਆਂ ਵਿਚ ਰਮਾਇਣ ਮਹਾਂਭਾਰਤ ਦੀ ਮਜ਼ਾਕੀਆ ਰੂਪ ਵਿਚ ਜਿਹੜੀ ਮਿਟੀ ਪਲੀਤ ਹੋ ਰਹੀ ਹੈ ਉਹਨੂੰ ਵੇਖ ਕੇ ਸਮਝਣਾ ਚਾਹੀਦਾ ਹੈ ਕਿ ਪਰਚਾਰ ਲਈ ਇਹ ਰਾਹ ਚੁਣਿਆ ਤਾਂ ਇਹ ਦਿਨ ਸਾਨੂੰ ਵੀ ਵੇਖਣੇ ਪੈ ਸਕਦੇ ਨੇ।

ਤਕਨੀਕ ਅਤੇ ਟੇਕ: ਇਹ ਵੀ ਵੇਖਣਾ ਜਾਨਣਾ ਚਾਹੀਦਾ ਹੈ ਕਿ ਜਿਹੜੇ ਖਿੱਤੇ ਵਿਚ ਇਹ (ਪੁਤਲੀਆਂ ਪਰਛਾਵਿਆਂ ਦੀ) ਤਕਨੀਕ ਜੰਮੀ ਹੈ ਉਹਨਾਂ ਨੇ ਆਪਣੇ ਪੁਰਖਿਆਂ ਦਾ ਕਿੰਨਾ ਕੁ ਪਰਚਾਰ ਕਰਕੇ ਆਪਣੇ ਧਰਮ ਨੂੰ ਬਚਾ ਲਿਆ? ਸਿੱਖਾ ਕੋਲ ਤਕਨੀਕ, ਸਮਾਂ, ਪੈਸਾ, ਬੰਦੇ ਅਤੇ ਤਜਰਬੇ ਵਿਚੋਂ ਕੁਝ ਵੀ ਉਹਨਾਂ ਲੋਕਾਂ ਨਾਲੋਂ ਵੱਧ ਨਹੀਂ ਹੈ। ਅੰਗਰੇਜੀ ਫਿਲਮਾਂ ਵਿਚ ਉਹਨਾਂ ਦੇ ਸਾਮੀ ਧਰਮ ਸਿਧਾਂਤ ਦੀ ਹੀ ਨਹੀਂ ਸਗੋਂ ਹਜਰਤ ਈਸਾ ਦੀ ਵੀ ਲਾਹ ਪਾਹ ਕੀਤੀ ਗਈ ਹੈ। ਦੂਜੇ ਪਾਸੇ ਸਭ ਤੋਂ ਵਧੇਰੇ ਨਿੰਦਿਆ ਦੇ ਸ਼ਿਕਾਰ ਮੁਸਲਮਾਨਾਂ ਅੰਦਰ ਉਹਨਾਂ ਦੇ ਪੈਗੰਬਰ ਦੀ ਕੋਈ ਮੂਰਤ ਪਰਚਲਤ ਨਹੀਂ ਹੈ ਅਤੇ ਦੁਨੀਆਂ ਵਿਚ ਕੁਲ ਬਦਨਾਮੀ ਦੇ ਬਾਵਜੂਦ ਅੰਕੜੇ ਦਸਦੇ ਹਨ ਕਿ ਅਮਰੀਕਾ ਵਿਚ ਹੀ ਸਭ ਤੋਂ ਵਧੇਰੇ ਫੈਲ ਰਿਹਾ ਧਰਮ ਇਸਲਾਮ ਹੈ ਭਾਵੇਂ ਕਿ ਉਹਨਾਂ ਆਪਣਾ ਪਰਚਾਰ ਫਿਲਮਾਂ ਰਾਹੀਂ ਨਹੀਂ ਕੀਤਾ।

ਗੁਰ-ਇਤਿਹਾਸ ਜਾਂ ਸਿੱਖ ਇਤਿਹਾਸ ਨੂੰ ਅੱਜ ਕੁਝ ਲੋਕਾਂ ਵਲੋਂ ਸ਼ਰਧਾ ਵਜੋਂ, ਕੁਝ ਵਲੋਂ ਵਪਾਰ ਵਜੋਂ ਅਤੇ ਬਹੁਤਿਆਂ ਵਲੋਂ ਪਰਚਾਰ ਹਿੱਤ ਫਿਲਮਾਇਆ ਜਾ ਰਿਹਾ ਹੈ। ਉਹ ਇਕ ਪਾਸੇ ਇਤਿਹਾਸ ਨੂੰ ਮਜ਼ਾਕ ਬਣਾਉਣ ਲਈ ਰਾਹ ਖੋਲ ਰਹੇ ਹਨ ਅਤੇ ਦੂਜੇ ਪਾਸੇ ਬੁੱਤ ਪੂਜਾ ਦੀ ਨਵੀਂ ਮਾਨਤਾ ਲਈ ਰਾਹ ਤਿਆਰ ਕਰ ਰਹੇ ਹਨ।ਯਾਦ ਰਹੇ ਸਿੱਖ ਸਰੂਪ ਪਹਿਲਾਂ ਹੀ ਫਿਲਮਾਂ ਵਿਚ ਮਜਾਕ ਦਾ ਪਾਤਰ ਬਣਨ ਲੱਗਾ ਹੋਇਆ ਏ।

ਮਨੁੱਖੀ ਹਸਤੀ ਨੂੰ ਕਾਇਆ ਕਲਪ ਦੇ ਅਧਿਆਤਮਕ ਸਰੋਤ ਜਦੋਂ ਜਾਣਕਾਰੀ ਦੀ ਜਰੂਰੀ ਚੀਜ਼ ਵਿਚ ਬਦਲ ਜਾਣਗੇ ਤਾਂ ਜਿੰਦਗੀ ਨੂੰ ਮੁੜ ਮੁੜ ਧੜਕਾਉਣ ਦਾ ਅਧਾਰ ਨਹੀਂ ਰਹਿਣਗੇ। ਜਿੰਨਾ ਚਿਰ (ਪੀੜ੍ਹੀ ਦਰ ਪੀੜ੍ਹੀ) ਸ਼ਬਦਾਂ ਰਾਹੀਂ ਜੀਵੰਤ ਹਸਤੀਆਂ ਨੂੰ ਬੁੱਤ (ਪਾਤਰ ਰੂਪ) ਨਹੀਂ ਬਣਾਇਆ ਜਾਂਦਾ ਉਹ ਓਨਾ ਚਿਰ ਪਵਿੱਤਰ ਹਨ ਅਤੇ ਸਦਾ ਨਵੇਂ ਰਹਿਣਗੇ। ਪਰ ਜਦੋਂ ਹੀ ਉਹ ਪਾਤਰਾਂ (ਬੁੱਤਾਂ) ਵਜੋਂ ਜੀਵੰਤ ਹੋਣਗੇ ਤਾਂ ਸਾਡੀ ਚੇਤਨਾ ਵਿਚ ਜੜ੍ਹ ਹੋ ਜਾਣਗੇ। ਇਹ ਗੱਲ ਸ਼ਹੀਦਾਂ ਦੀ ਯਾਦ ਬਾਰੇ ਵੀ ਅਤੇ ਗੁਰੂ ਦੇ ਧਿਆਨ ਬਾਰੇ ਵੀ ਇਕੋ ਰੂਪ ਵਿਚ ਸਹੀ ਹੈ। ਗੁਰੂ ਸਾਹਿਬ ਦਾ ਧਿਆਨ ਜੋ ਸਿੱਖ ਲਈ ਰੱਬ ਰੂਪ ਹੈ ਉਹ ਪੜ੍ਹੇ ਲਿਖੇ ਜਾਂ ਤਕਨੀਕ ਤੋਂ ਪ੍ਰਭਾਵਿਤ ਲੋਕਾਂ ਲਈ ਇਤਿਹਾਸਕ ਮਹਾਂਪੁਰਖ/ਪਰਮ ਮਨੁੱਖ ਦਾ ਰੂਪ ਬਣ ਗਿਆ ਹੈ। ਇਹ ਜੋ ਬੁੱਤਾਂ ਤੋਂ ਕੰਧ ਚਿੱਤਰਾਂ, ਚਿਤਰਾਂ ਤੋਂ ਕਾਗਜ਼ੀ ਮੂਰਤਾਂ ਅਤੇ ਹੁਣ ਕਾਗਜ਼ੀ ਤੋਂ ਬਿਜਲਈ ਮੂਰਤਾਂ ਰਾਹੀਂ ਗੁਰੂ ਸਾਹਿਬ ਅਤੇ ਸ਼ਹੀਦਾਂ ਦੀ ਪਾਤਰ ਚਿਤਰਣ ਪਰੰਪਰਾ ਅੱਗੇ ਵਧ ਰਹੀ ਹੈ ਇਹ ਸ਼ਹੀਦਾਂ ਦੀ ਯਾਦ ਨੂੰ ਬੁੱਤ ਅੰਦਰ ਹੀ ਨਹੀਂ ਬਦਲੇਗੀ ਸਗੋਂ ਮਜ਼ਾਕ ਮਸਾਲੇ ਤੱਕ ਸੁਟ ਦੇਵੇਗੀ। ਪੁਰਾਣੌਕ ਪੱਧਰ ਤੇ ਡਿੱਗਿਆ ਇਤਿਹਾਸ ਉਤਸ਼ਾਹ ਨਹੀਂ ਦੇਵੇਗਾ। ਇਹ ਬੁੱਤ ਵਰਤਾਰਾ ਇਤਿਹਾਸ ਤੋਂ ਬਾਅਦ ਸਮੁੱਚੇ ਗੁਰੂ ਧਿਆਨ ਨੂੰ ਵੀ ਇਤਿਹਾਸਕ ਜੱਦ ਵਿਚ ਲਿਆ ਕੇ ਸ਼ਹੀਦ ਪਰੰਪਰਾ ਵਾਂਗ ਹੀ ਖੁਸ਼ਕ ਕਰ ਦੇਵੇਗਾ। ਜਦੋਂੱ ਅਪਹੁੰਚ ਧਿਆਨ ਅਤੇ ਯਾਦ ਜਦੋਂ ਬੁੱਤ ਦੀ ਹੱਦ ਅੰਦਰ ਆਏਗੀ ਤਾਂ ਅੱਗੋਂ ਫਿਰ ਇਹ ਬੁੱਤ ਬਿਪਰ ਚੇਤਨਾ ਅਧੀਨ ਅਣਗਿਣਤ ਦੇਵੀ ਦੇਵਤਿਆਂ ਵਾਂਗ ਹੀ ਇਲਾਕੇ, ਜਾਤ ਗੋਤ ਵਾਲੀ ਹੰਨੇ-ਹੰਨੇ ਪੂਜਾ ਵਾਲੀ ਵੰਡ ਦਾ ਰੂਪ ਧਾਰ ਲੈਣਗੇ (ਜਿਸ ਦੀਆਂ ਕੁਝ ਮਿਸਾਲਾਂ ਤਾਂ ਹੁਣ ਵੀ ਲਭਦੀਆਂ ਹਨ)। ਦੂਜੇ ਪਾਸੇ ਸਾਬਤ ਸੂਰਤ ਸਿੱਖ ਦਿੱਖ ਦੇ ਬਰਾਬਰ ਇਕ ਹੋਰ ਰੂਪ ਜੋ ਫਿਲਮਾਂ ਰਾਹੀਂ ਸ਼ੁਰੂ ਹੋ ਗਿਆ ਹੈ ਉਸ ਨਾਲ ਸਿੱਖ ਸਰੂਪ ਦੀਆਂ ਵੀ ਅਣਗਿਣਤ ਵੰਨਗੀਆਂ ਹੋ ਜਾਣਗੀਆਂ ਅਤੇ ਸਿੱਖ ਹਸਤੀ ਖਿੰਡ ਕੇ ਹਿੰਦੂ ਪਹਿਚਾਣ ਵਾਂਗ ਜਾਵੇਗੀ ਅਤੇ ਉਸ ਦਾ ਕੋਈ ਵੀ ਰੂਪ ਪੱਕਾ ਨਹੀਂ ਰਹਿ ਸਕੇਗਾ।ਇਸ ਨਵੀਂ ਬੁੱਤਕਾਰੀ ਨਾਲ ਅਣਦਿਸਦਾ ਜਗਤ ਦਿਸਦੇ ਨਾਲੋਂ ਵੀ ਵਧੇਰੇ ਮਲੀਨ ਹੋ ਜਾਏਗਾ। ਪਹਿਲਾਂ ਪਵਿਤਰ ਇਤਿਹਾਸਕ ਵਿਚ ਬਦਲ ਗਿਆ ਹੈ ਤੇ ਹੁਣ ਇਤਿਹਾਸਕ ਸਿਰਫ ਜਾਣਕਾਰੀ ਵਿਚ ਬਦਲਦਾ ਪਿਆ ਏ ਤੇ ਆਖਰ ਇਹ ਜਾਣਕਾਰੀ ਭੋਗਣ ਵਿਚ ਬਦਲ ਜਾਏਗੀ। ਨਵੇਂ ਤਰੀਕੇ ਦੇ ਧਰਮ ਪਰਚਾਰ ਦੀ ਕੁੱਲ ਪਰਾਪਤੀ ਇਹੋ ਰਹੇਗੀ ਕਿ ਧਿਆਨ ਤੋਂ ਪਹਿਚਾਣ ਤੱਕ ਸਭ ਮਲੀਨ ਹੋ ਜਾਏਗਾ।
(ਸਿੱਖ ਸਿਆਸਤ ਵਿਚੋਂ ਧੰਨਵਾਦ ਸਹਿਤ)