ਸਿਕੰਦਰ ਸਿੰਘ ਮਲੂਕਾ ਤਨਖਾਹੀਆ ਕਰਾਰ

ਸਿਕੰਦਰ ਸਿੰਘ ਮਲੂਕਾ ਤਨਖਾਹੀਆ ਕਰਾਰ
ਕੈਪਸ਼ਨ-ਅਰਦਾਸ ਨਕਲ ਮਾਮਲੇ ਵਿੱਚ ਅਕਾਲ ਤਖ਼ਤ ‘ਤੇ ਪੇਸ਼ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ।

ਚਾਰ ਦਿਨ ਸੰਗਤ ਦੇ ਜੋੜੇ ਤੇ ਜੂਠੇ ਭਾਂਡੇ ਸਾਫ ਕਰਨ ਦੀ ਲਾਈ ਸੇਵਾ
ਅੰਮ੍ਰਿਤਸਰ/ਬਿਊਰੋ ਨਿਊਜ਼ :
ਸਿੱਖ ਅਰਦਾਸ ਨਕਲ ਮਾਮਲੇ ਨੂੰ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਵੱਲੋਂ ਵਿਚਾਰਨ ਮਗਰੋਂ ਅਕਾਲੀ ਮੰਤਰੀ ਸਿਕੰਦਰ ਸਿੰਘ ਮਲੂਕਾ ਨੂੰ ਤਨਖਾਹੀਆ ਕਰਾਰ ਦੇ ਦਿੱਤਾ ਗਿਆ ਅਤੇ ਖਿਮਾ ਯਾਚਨਾ ਵਾਸਤੇ ਸ੍ਰੀ ਹਰਿਮੰਦਰ ਸਾਹਿਬ ਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਚਾਰ ਦਿਨ ਸੰਗਤ ਦੇ ਜੋੜੇ ਅਤੇ ਜੂਠੇ ਭਾਂਡੇ ਸਾਫ਼ ਕਰਨ ਦੀ ਤਨਖ਼ਾਹ ਲਾਈ ਗਈ ਹੈ। ਜਾਣਕਾਰੀ ਮੁਤਾਬਕ ਪੰਜ ਸਿੰਘ ਸਾਹਿਬਾਨ ਵੱਲੋਂ ਇਸ ਇਕੱਤਰਤਾ ਵਿਚ ਸਿਰਫ਼ ਪੜਤਾਲੀਆ ਕਮੇਟੀ ਦੀ ਰਿਪੋਰਟ ਵਿਚਾਰੀ ਜਾਣੀ ਸੀ। ਇਸ ਤੋਂ ਬਾਅਦ ਸਿਕੰਦਰ ਮਲੂਕਾ ਨੂੰ ਆਪਣਾ ਪੱਖ ਸਪਸ਼ਟ ਕਰਨ ਲਈ ਸੱਦਿਆ ਜਾਣਾ ਸੀ ਪਰ ਮੁਤਵਾਜ਼ੀ ਜਥੇਦਾਰਾਂ ਨੇ ਵੀ ਇਸ ਮਾਮਲੇ ਨੂੰ ਵਿਚਾਰਨ ਲਈ ਅਗਲੇ ਅਕਾਲ ਤਖ਼ਤ ‘ਤੇ ਮੀਟਿੰਗ ਸੱਦੀ ਹੋਈ ਸੀ, ਜਿਸ ਕਾਰਨ ਕਾਹਲ ਵਿਚ ਇਹ ਸਾਰਾ ਮਾਮਲਾ ਐਤਵਾਰ ਨੂੰ ਹੀ ਨਿਪਟਾ ਦਿੱਤਾ ਗਿਆ ਤਾਂ ਜੋ ਮੁਤਵਾਜ਼ੀ ਜਥੇਦਾਰਾਂ ਕੋਲ ਇਸ ਮੁੱਦੇ ਸਬੰਧੀ ਕੁਝ ਬਾਕੀ ਨਾ ਰਹਿ ਜਾਵੇ।
ਜਾਣਕਾਰੀ ਮੁਤਾਬਕ ਸ੍ਰੀ ਮਲੂਕਾ 10 ਜਨਵਰੀ ਤੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਸੇਵਾ ਸ਼ੁਰੂ ਕਰਨਗੇ। ਇਸ ਤੋਂ ਇਲਾਵਾ ਸਿੱਖ ਵਿਦਵਾਨ ਹਰਜਿੰਦਰ ਸਿੰਘ ਦਿਲਗੀਰ ਦੀਆਂ ਸਿੱਖ ਇਤਿਹਾਸ ਬਾਰੇ ਪੁਸਤਕਾਂ ਵਿਚ ਇਤਰਾਜ਼ਯੋਗ ਟਿੱਪਣੀਆਂ ਦੀ ਪੜਤਾਲ ਕਰਨ ਲਈ ਸਿੱਖ ਵਿਦਵਾਨਾਂ ਦੀ ਪੰਜ ਮੈਂਬਰੀ ਕਮੇਟੀ ਬਣਾਈ ਗਈ ਹੈ, ਜਿਸ ਵਿਚ ਸ਼੍ਰੋਮਣੀ ਕਮੇਟੀ ਦੇ ਸਕੱਤਰ ਡਾ. ਰੂਪ ਸਿੰਘ, ਧਰਮ ਪ੍ਰਚਾਰ ਕਮੇਟੀ ਦੇ ਵਧੀਕ ਸਕੱਤਰ ਹਰਭਜਨ ਸਿੰਘ ਮਨਾਵਾ, ਸਿੱਖ ਵਿਦਵਾਨ ਡਾ. ਇੰਦਰਜੀਤ ਸਿੰਘ ਗੋਗੋਆਣੀ, ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਤੋਂ ਭਾਈ ਪ੍ਰਤਾਪ ਸਿੰਘ, ਆਨੰਦਪੁਰ ਤੋਂ ਸਿੱਖ ਵਿਦਵਾਨ ਭਾਈ ਹਰਸਿਮਰਨ ਸਿੰਘ ਸ਼ਾਮਲ ਹਨ। ਇਸ ਕਮੇਟੀ ਦੇ ਕੋਆਰਡੀਨੇਟਰ ਵਧੀਕ ਸਕੱਤਰ ਸੁਖਦੇਵ ਸਿੰਘ ਭੂਰਾ ਕੋਹਨਾ ਨੂੰ ਬਣਾਇਆ ਗਿਆ ਹੈ। ਇਸ ਕਮੇਟੀ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਆਪਣੀ ਜਾਂਚ ਰਿਪੋਰਟ 7 ਫਰਵਰੀ ਤੱਕ ਮੁਕੰਮਲ ਕਰਕੇ ਅਕਾਲ ਤਖ਼ਤ ਵਿਖੇ ਪੇਸ਼ ਕਰੇ। ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵਿੱਚ ਹੋਈ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਵਿਚ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਮੱਲ ਸਿੰਘ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਗੁਰਮੁਖ ਸਿੰਘ, ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਗਿਆਨੀ ਰਘਬੀਰ ਸਿੰਘ ਅਤੇ ਸ੍ਰੀ ਅਕਾਲ ਤਖ਼ਤ ਦੇ ਗ੍ਰੰਥੀ ਗਿਆਨੀ ਗੁਰਬਖਸ਼ੀਸ਼ ਸਿੰਘ ਸ਼ਾਮਲ ਸਨ। ਇਸ ਮਾਮਲੇ ਨੂੰ ਵਿਚਾਰਨ ਮਗਰੋਂ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਫੈਸਲਾ ਸੁਣਾਉਂਦਿਆਂ ਜਥੇਦਾਰ ਗੁਰਬਚਨ ਸਿੰਘ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਰਾਮਪੁਰਾ ਫੂਲ ਵਿੱਚ ਚੋਣ ਦਫਤਰ ਦੇ ਉਦਘਾਟਨ ਸਮੇਂ ਅਕਾਲੀ ਮੰਤਰੀ ਮਲੂਕਾ ਵੱਲੋਂ ਗੁਰਮਤਿ ਨੂੰ ਅੱਖੋਂ ਪਰੋਖੇ ਕਰਕੇ ਹੋਰ ਧਰਮ ਦੇ ਗ੍ਰੰਥ ਦਾ ਪਾਠ ਕਰਾਇਆ ਗਿਆ ਸੀ, ਜਿਸ ਤਹਿਤ ਸਿੱਖ ਰਹਿਤ ਮਰਿਆਦਾ ਅਨੁਸਾਰ ਤਿਆਰ ਖਾਲਸਾਈ ਰਵਾਇਤ ਦੀ ਰੀਸ ਕਰਦਿਆਂ ਹੋਰ ਢੰਗ ਤਰੀਕੇ ਦੀ ਅਰਦਾਸ ਕੀਤੀ ਗਈ ਸੀ। ਇਸ ਨਾਲ ਸਿੱਖ ਭਾਵਨਾਵਾਂ ਨੂੰ ਵੱਡੀ ਠੇਸ ਪੁੱਜੀ ਹੈ। ਇਸ ਮਾਮਲੇ ਵਿਚ ਸ਼੍ਰੋਮਣੀ ਕਮੇਟੀ ਵੱਲੋਂ ਕਾਇਮ ਕੀਤੀ ਤਿੰਨ ਮੈਂਬਰੀ ਜਾਂਚ ਕਮੇਟੀ ਨੇ ਆਪਣੀ ਰਿਪੋਰਟ ਵਿਚ ਅਕਾਲੀ ਮੰਤਰੀ ਨੂੰ ਦੋਸ਼ੀ ਕਰਾਰ ਦਿੱਤਾ ਹੈ। ਇਸ ਰਿਪੋਰਟ ਦੇ ਆਧਾਰ ‘ਤੇ ਅਕਾਲੀ ਮੰਤਰੀ ਨੂੰ ਤਨਖਾਹੀਆ ਕਰਾਰ ਦਿੱਤਾ ਗਿਆ ਹੈ। ਉਸ ਨੂੰ ਆਦੇਸ਼ ਦਿੱਤਾ ਗਿਆ ਹੈ ਕਿ ਉਹ ਖਿਮਾ ਯਾਚਨਾ ਵਾਸਤੇ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਇਕ ਅਖੰਡ ਪਾਠ ਕਰਾਵੇ, ਤਿੰਨ ਦਿਨਾਂ ਦੌਰਾਨ ਰੋਜ਼ਾਨਾ ਇਕ ਘੰਟਾ ਸੰਗਤ ਦੇ ਜੋੜੇ ਸਾਫ ਕਰੇ, ਇਕ ਘੰਟਾ ਸੰਗਤ ਦੇ ਜੂਠੇ ਬਰਤਨ ਸਾਫ ਕਰੇ ਅਤੇ ਚੱਲ ਰਹੇ ਅਖੰਡ ਪਾਠ ਦੀ ਗੁਰਬਾਣੀ ਸਰਵਣ ਕਰੇ। ਇਸ ਦੌਰਾਨ ਸ੍ਰੀ ਅਕਾਲ ਤਖ਼ਤ ਵਿਖੇ 51 ਹਜ਼ਾਰ ਰੁਪਏ ਦੀ ਰਸੀਦ ਕਟਾਵੇ। ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਇਕ ਦਿਨ ਲੰਗਰ ਅਤੇ ਜੂਠੇ ਬਰਤਨ ਸਾਫ ਕਰਨ ਦੀ ਸੇਵਾ ਕਰੇ। ਉਥੇ 31 ਹਜ਼ਾਰ ਰੁਪਏ ਗੋਲਕ ਵਿਚ ਪਾ ਕੇ ਉਸ ਦੀ ਰਸੀਦ ਕਟਾਵੇ। ਇਸ ਬਾਅਦ ਅਕਾਲ ਤਖ਼ਤ ਸਾਹਿਬ ਵਿਖੇ 500 ਰੁਪਏ ਦੀ ਕੜਾਹ ਪ੍ਰਸਾਦਿ ਦੀ ਦੇਗ ਕਰਾ ਕੇ ਖਿਮਾ ਯਾਚਨਾ ਦੀ ਅਰਦਾਸ ਕਰਾਵੇ।

ਮਲੂਕਾ ਨੇ ਮੀਡੀਆ ਅੱਗੇ ਦੋਸ਼ ਨਹੀਂ ਮੰਨੇ :
ਇਸ ਮੌਕੇ ਅਕਾਲ ਤਖਤ ਸਾਹਮਣੇ ਦਾੜ੍ਹੀ ਖੋਲ੍ਹ ਕੇ ਖੜ੍ਹੇ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਅਕਾਲ ਤਖ਼ਤ ਸਾਹਿਬ ਤੋਂ ਸੁਣਾਏ ਗਏ ਫੈਸਲੇ ਨੂੰ ਉਹ ਪ੍ਰਵਾਨ ਕਰਦੇ ਹਨ। ਪਰ ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਉਨ੍ਹਾਂ ਨੇ ਦੋਸ਼ ਪ੍ਰਵਾਨ ਕੀਤੇ ਹਨ ਤਾਂ ਉਨ੍ਹਾਂ ਟਿੱਪਣੀ ਕਰਨ ਤੋਂ ਇਨਕਾਰ ਕਰਦਿਆਂ ਕਿਹਾ ਕਿ ਅਕਾਲ ਤਖ਼ਤ ਦਾ ਹੁਕਮ ਪ੍ਰਵਾਨ ਹੈ। ਮੀਡੀਆ ਸਾਹਮਣੇ ਉਨ੍ਹਾਂ ਨੇ ਆਪਣੇ ਦੋਸ਼ ਮੰਨਣ ਤੋਂ ਇਨਕਾਰ ਕੀਤਾ ਜਦੋਂ ਕਿ ਅਕਾਲ ਤਖ਼ਤ ਦੇ ਜਥੇਦਾਰ ਨੇ ਕਿਹਾ ਕਿ ਮਲੂਕਾ ਨੇ ਲਿਖਤੀ ਰੂਪ ਵਿਚ ਆਪਣੇ ਦੋਸ਼ ਸਵੀਕਾਰ ਕੀਤੇ ਹਨ। ਇਸ ਇਕੱਤਰਤਾ ਵਿੱਚ ਨੀਲ ਧਾਰੀ ਸੰਪਰਦਾ ਦੇ ਬਾਬਾ ਸਤਨਾਮ ਸਿੰਘ ਦਾ ਮੁਆਫੀਨਾਮਾ, ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਸਮੇਂ ਟੋਪੀ ਪਾ ਕੇ ਆਉਣ ਦਾ ਮਾਮਲਾ ਅਤੇ ‘ਆਪ’ ਦੇ ਸੰਸਦ ਮੈਂਬਰ ਭਗਵੰਤ ਮਾਨ ਵੱਲੋਂ ਦੋਹੇ ਨੂੰ ਤੋੜ ਮਰੋੜ ਕੇ ਪੇਸ਼ ਕਰਨ ਦਾ ਮਾਮਲਾ ਨਹੀਂ ਵਿਚਾਰਿਆ ਗਿਆ। ਇਹ ਮਸਲੇ ਅਗਲੀ ਇਕੱਤਰਤਾ ਵਿਚ ਵਿਚਾਰੇ ਜਾਣਗੇ।

ਕੋਰਮ ਪੂਰਾ ਕਰਨ ਵਿਚ ਆਈ ਮੁਸ਼ਕਲ :
ਅਕਾਲ ਤਖ਼ਤ ਵਿਖੇ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਲਗਭਗ ਦੋ ਘੰਟੇ ਦੇਰ ਨਾਲ ਸ਼ੁਰੂ ਹੋਈ ਕਿਉਂਕਿ ਇਕੱਤਰਤਾ ਲਈ ਪੰਜ ਸਿੰਘ ਸਾਹਿਬਾਨ ਦਾ ਕੋਰਮ ਪੂਰਾ ਨਹੀਂ ਹੋ ਸਕਿਆ ਸੀ। ਪੰਜਾਬ ਤੋਂ ਬਾਹਰਲੇ ਤਖ਼ਤਾਂ (ਤਖ਼ਤ ਪਟਨਾ ਸਾਹਿਬ ਅਤੇ ਤਖ਼ਤ ਹਜ਼ੂਰ ਸਾਹਿਬ) ਦੇ ਨੁਮਾਇੰਦੇ ਨਹੀਂ ਪੁੱਜੇ ਸਨ। ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਵੀ ਸ਼ਾਮਲ ਹੋਣ ਲਈ ਨਹੀਂ ਆਏ ਸਨ। ਇਹ ਚਰਚਾ ਸੀ ਕਿ ਸ੍ਰੀ ਹਰਿਮੰਦਰ ਸਾਹਿਬ ਦੇ ਸਮੂਹ ਗ੍ਰੰਥੀਆਂ ਵੱਲੋਂ ਫੈਸਲਾ ਕੀਤਾ ਗਿਆ ਸੀ ਕਿ ਅਕਾਲੀ ਮੰਤਰੀ ਨੂੰ ਅਰਦਾਸ ਨਕਲ ਮਾਮਲੇ ਵਿਚ ਮੁਆਫ਼ੀ ਦੇਣ ਦੇ ਫੈਸਲੇ ਵਿਚ ਉਹ ਸ਼ਾਮਲ ਨਹੀਂ ਹੋਣਗੇ। ਇਸ ਲਈ ਕਾਫ਼ੀ ਸਮਾਂ ਜੋੜ ਤੋੜ ਦਾ ਸਿਲਸਿਲਾ ਜਾਰੀ ਰਿਹਾ। ਤਕਰੀਬਨ ਡੇਢ ਵਜੇ ਅਕਾਲ ਤਖ਼ਤ ਦੇ ਦੋ ਗ੍ਰੰਥੀ ਸੱਦ ਕੇ ਕੋਰਮ ਪੂਰਾ ਕਰਨ ਦਾ ਯਤਨ ਕੀਤਾ ਗਿਆ। ਕਰੀਬ ਢਾਈ ਵਜੇ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਵਜੋਂ ਗਿਆਨੀ ਰਘਬੀਰ ਸਿੰਘ ਪੁੱਜੇ ਜਿਸ ਬਾਅਦ ਮੀਟਿੰਗ ਸ਼ੁਰੂ ਹੋਈ, ਜੋ ਕੁਝ ਹੀ ਮਿੰਟਾਂ ਵਿਚ ਸਮਾਪਤ ਹੋ ਗਈ।