ਜਾਂਚ ਕਮੇਟੀ ਨੇ ਅਰਦਾਸ ਮਾਮਲੇ ਦੀ ਰਿਪੋਰਟ ਅਕਾਲ ਤਖ਼ਤ ਨੂੰ ਸੌਂਪੀ

ਜਾਂਚ ਕਮੇਟੀ ਨੇ ਅਰਦਾਸ ਮਾਮਲੇ ਦੀ ਰਿਪੋਰਟ ਅਕਾਲ ਤਖ਼ਤ ਨੂੰ ਸੌਂਪੀ

ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿੱਚ ਹੋਵੇਗੀ ਅਗਲੀ ਕਾਰਵਾਈ; ਮਲੂਕਾ ਨੇ ਦਿੱਤਾ ਸਪਸ਼ਟੀਕਰਨ
ਅੰਮ੍ਰਿਤਸਰ/ਬਿਊਰੋ ਨਿਊਜ਼ :
ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਇੱਥੇ ਕਿਹਾ ਕਿ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਦੇ ਦਫ਼ਤਰ ਦੇ ਉਦਘਾਟਨ ਸਮੇਂ ਅਰਦਾਸ ਦੀ ਨਕਲ ਕਰਨ ਦੇ ਮਾਮਲੇ ਦੀ ਪੜਤਾਲ ਰਿਪੋਰਟ ਸ਼੍ਰੋਮਣੀ ਕਮੇਟੀ ਦੀ ਤਿੰਨ ਮੈਂਬਰੀ ਕਮੇਟੀ ਨੇ ਅਕਾਲ ਤਖ਼ਤ ‘ਤੇ ਸੌਂਪ ਦਿੱਤੀ ਹੈ। ਉਨ੍ਹਾਂ ਕਿਹਾ ਕਿ 8 ਜਨਵਰੀ ਨੂੰ ਸਿੰਘ ਸਾਹਿਬਾਨ ਦੀ ਇਕੱਤਰਤਾ ਵਿੱਚ ਇਸ ਰਿਪੋਰਟ ‘ਤੇ ਵਿਚਾਰ ਕੀਤਾ ਜਾਵੇਗਾ।
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਇਸ ਮਾਮਲੇ ਦੀ ਜਾਂਚ ਲਈ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਸੀ। ਇਸ ਤਿੰਨ ਮੈਂਬਰੀ ਕਮੇਟੀ ਵਿੱਚ ਸ਼੍ਰੋਮਣੀ ਕਮੇਟੀ ਦੇ ਮੀਤ ਪ੍ਰਧਾਨ ਬਾਬਾ ਬੂਟਾ ਸਿੰਘ, ਜਨਰਲ ਸਕੱਤਰ ਅਮਰਜੀਤ ਸਿੰਘ ਚਾਵਲਾ ਤੇ ਮੈਂਬਰ ਮੋਹਨ ਸਿੰਘ ਬੰਗੀ ਸ਼ਾਮਲ ਸਨ। ਇਸ ਮੌਕੇ ਉਨ੍ਹਾਂ ਕਿਹਾ ਕਿ ਸੰਤ ਸਤਨਾਮ ਸਿੰਘ ਪਿਪਲੀ ਵਾਲਿਆਂ ਨੇ ਕੀਰਤਨ ਕਰਦਿਆਂ ਗੁਰੂ ਸਾਹਿਬਾਨ ਦੇ ਪਰਿਵਾਰ ਦੇ ਸਬੰਧ ਵਿੱਚ ਕੁਝ ਅਜਿਹੇ ਸ਼ਬਦ ਬੋਲੇ ਸਨ, ਜੋ ਗੁਰਮਤਿ ਅਨੁਸਾਰ ਨਹੀਂ ਪਰ ਉਨ੍ਹਾਂ ਇਤਿਹਾਸ ਅਨੁਸਾਰ ਆਪਣੀ ਰਾਇ ਭੇਜੀ ਹੈ ਤੇ ਸਪਸ਼ਟੀਕਰਨ ਦਿੰਦਿਆਂ ਖ਼ਾਲਸਾ ਪੰਥ ਤੋਂ ਮੁਆਫ਼ੀ ਮੰਗੀ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ‘ਤੇ ਵਿਚਾਰ ਵੀ 8 ਜਨਵਰੀ ਨੂੰ ਕੀਤਾ ਜਾਵੇਗਾ। ਉਨ੍ਹਾਂ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਸੰਗਤਾਂ ਨੂੰ ਕਿਹਾ ਹੈ ਕਿ ਸੰਗਤ ਤਿੰਨ, ਚਾਰ ਤੇ ਪੰਜ ਜਨਵਰੀ ਨੂੰ ਦੀਪਮਾਲਾ ਕਰੇ ਅਤੇ ਗੁਰੂ ਗੋਬਿੰਦ ਸਿੰਘ ਜੀ ਦਾ ਸੰਦੇਸ਼ ਵਿਸ਼ਵ ਭਰ ਵਿੱਚ ਪਹੁੰਚਾਇਆ ਜਾਵੇ।
ਬਠਿੰਡਾ : ਸ਼੍ਰੋਮਣੀ ਕਮੇਟੀ ਦੀ ਤਿੰਨ ਮੈਂਬਰੀ ਕਮੇਟੀ ਨੇ ਬਠਿੰਡਾ ਦੇ ਗੁਰਦੁਆਰਾ ਹਾਜੀ ਰਤਨ ਵਿੱਚ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਨੂੰ ਤਲਬ ਕੀਤਾ ਸੀ ਅਤੇ ਮਲੂਕਾ ਦੇ ਬਿਆਨ ਦਰਜ ਕਰਨ ਮਗਰੋਂ ਕਮੇਟੀ ਨੇ ਆਪਣੀ ਰਿਪੋਰਟ ਤਿਆਰ ਕਰ ਲਈ ਸੀ। ਸ਼੍ਰੋਮਣੀ ਕਮੇਟੀ ਦੇ ਮੈਂਬਰ ਮੋਹਨ ਸਿੰਘ ਬੰਗੀ ਨੇ ਪੁਸ਼ਟੀ ਕੀਤੀ ਕਿ ਕਮੇਟੀ ਨੇ ਕੈਬਨਿਟ ਮੰਤਰੀ ਮਲੂਕਾ ਨੂੰ ਤਲਬ ਕੀਤਾ ਸੀ ਅਤੇ ਉਨ੍ਹਾਂ ਦੇ ਬਿਆਨ ਦਰਜ ਕਰਨ ਮਗਰੋਂ ਰਿਪੋਰਟ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੂੰ ਸੌਂਪ ਦਿੱਤੀ। ਸ਼੍ਰੋਮਣੀ ਕਮੇਟੀ ਦੇ ਮੀਤ ਪ੍ਰਧਾਨ ਬਾਬਾ ਬੂਟਾ ਸਿੰਘ ਗੁਰਥੜੀ ਨੇ ਕਿਹਾ ਕਿ ਸ੍ਰੀ ਮਲੂਕਾ ਨੇ ਕਮੇਟੀ ਕੋਲ ਆਪਣਾ ਪੱਖ ਰੱਖਿਆ ਹੈ ਕਿ ਭਾਜਪਾ ਤੇ ਹਿੰਦੂ ਜਥੇਬੰਦੀਆਂ ਵੱਲੋਂ ਦਫ਼ਤਰ ਦੇ ਉਦਘਾਟਨ ਦਾ ਸਮਾਗਮ ਰੱਖਿਆ ਗਿਆ ਸੀ, ਜਿਸ ਵਿੱਚ ਉਨ੍ਹਾਂ ਨੇ ਸਿਰਫ਼ ਸ਼ਮੂਲੀਅਤ ਕੀਤੀ ਸੀ। ਸ੍ਰੀ ਮਲੂਕਾ ਨੇ ਆਪਣੇ ਪੱਖ ਵਿੱਚ ਆਖਿਆ ਹੈ ਕਿ ਜਦੋਂ ਅਰਦਾਸ ਹੋ ਰਹੀ ਸੀ ਤਾਂ ਉਦੋਂ ਉਨ੍ਹਾਂ ਨੂੰ ਵੀ ਅਜਿਹਾ ਮਹਿਸੂਸ ਹੋਇਆ ਸੀ। ਉਨ੍ਹਾਂ ਆਖਿਆ ਹੈ ਕਿ ਉਹ ਅਕਾਲ ਤਖ਼ਤ ਨੂੰ ਸਮਰਪਿਤ ਹਨ ਅਤੇ ਪ੍ਰੰਪਰਾ ਅਨੁਸਾਰ ਹਰ ਤਰ੍ਹਾਂ ਦੀ ਸੇਵਾ ਲਈ ਤਿਆਰ ਹਨ। ਪਤਾ ਲੱਗਿਆ ਹੈ ਕਿ ਮਲੂਕਾ ਵੱਲੋਂ ਕਮੇਟੀ ਨੂੰ ਕੋਈ ਰਿਕਾਰਡ ਨਹੀਂ ਪੇਸ਼ ਕੀਤਾ ਗਿਆ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਅਕਾਲ ਤਖ਼ਤ ਸਾਹਿਬ ਦੀ ਹਦਾਇਤ ‘ਤੇ ਉਨ੍ਹਾਂ ਨੇ ਕਮੇਟੀ ਬਣਾਈ ਸੀ ਅਤੇ ਹੁਣ ਰਿਪੋਰਟ ਮਗਰੋਂ ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਹੀ ਅਗਲਾ ਫ਼ੈਸਲਾ ਲਿਆ ਜਾਣਾ ਹੈ।

ਮਲੂਕਾ ਨੂੰ ਹੁਣ ਅਲਾਹਾਬਾਦ ‘ਵਰਸਿਟੀ ਦਾ ਸਹਾਰਾ :
ਬਠਿੰਡਾ : ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਦੀ ਟੀਮ ਅਰਦਾਸ ਮਾਮਲੇ ਵਿੱਚ ਅਲਾਹਾਬਾਦ ਯੂਨੀਵਰਸਿਟੀ ਦੀ ਮੱਦਦ ਲਵੇਗੀ, ਜਿਥੋਂ ਰਮਾਇਣ ਦੇ ਪੁਰਾਣੇ ਰਿਕਾਰਡ ਨੂੰ ਲਿਆਂਦਾ ਜਾ ਰਿਹਾ ਹੈ। ਸ਼੍ਰੋਮਣੀ ਕਮੇਟੀ ਦੀ ਤਿੰਨ ਮੈਂਬਰੀ ਕਮੇਟੀ ਕੋਲ ਆਪਣਾ ਪੱਖ ਰੱਖਣ ਵਾਸਤੇ ਮਲੂਕਾ ਟੀਮ ਪੁਰਾਣਾ ਰਿਕਾਰਡ ਫਰੋਲ ਰਹੀ ਹੈ। ਅਲਾਹਾਬਾਦ ਯੂਨੀਵਰਸਿਟੀ ਤੱਕ ਪਹੁੰਚ ਕੀਤੀ ਜਾ ਰਹੀ ਹੈ, ਜਿਥੇ ਪੁਰਾਣੀ ਰਮਾਇਣ ਹੋਣ ਦਾ ਪਤਾ ਲੱਗਿਆ ਹੈ। ਪਿਛਲੇ ਦੋ ਦਹਾਕਿਆਂ ਦੌਰਾਨ ਧਾਰਮਿਕ ਸਮਾਰੋਹਾਂ ਵਿੱਚ ਰਮਾਇਣ ਦੀ ਹੋਈ ਅਰਦਾਸ ਦੇ ਵੀਡੀਓਜ਼ ਵੀ ਇਕੱਠੇ ਕੀਤੇ ਜਾ ਰਹੇ ਹਨ। ਪੰਥਕ ਆਗੂਆਂ ਵੱਲੋਂ ਇਸ ਮਾਮਲੇ ਵਿੱਚ ਸਿਕੰਦਰ ਸਿੰਘ ਮਲੂਕਾ ਖ਼ਿਲਾਫ਼ ਥਾਣਾ ਰਾਮਪੁਰਾ ਵਿੱਚ ਸ਼ਿਕਾਇਤ ਵੀ ਕੀਤੀ ਗਈ ਹੈ। ਮਲੂਕਾ ਦੇ ਨਜ਼ਦੀਕੀ ਅਕਾਲੀ ਆਗੂ ਰੌਕੀ ਕਾਂਸਲ ਦਾ ਕਹਿਣਾ ਹੈ ਕਿ ਧਾਰਮਿਕ ਸੰਗਠਨਾਂ ਨੂੰ ਅਲਾਹਾਬਾਦ ਯੂਨੀਵਰਸਿਟੀ ਵਿੱਚ ਪੁਰਾਣੀ ਰਮਾਇਣ ਹੋਣ ਦਾ ਪਤਾ ਲੱਗਾ ਹੈ, ਜਿਸ ਵਿੱਚ ਇਹ ਅਰਦਾਸ ਅੰਕਿਤ ਹੈ। ਰੌਕੀ ਕਾਂਸਲ ਨੇ ਦੱਸਿਆ ਕਿ ਜੋ ਪੁਰਾਣੇ ਧਾਰਮਿਕ ਗ੍ਰੰਥ ਹਨ, ਉਨ੍ਹਾਂ ਨੂੰ ਵੀ ਸਬੂਤ ਵਜੋਂ ਪੇਸ਼ ਕੀਤਾ ਜਾਵੇਗਾ।

ਪੰਜ ਪਿਆਰਿਆਂ ਨੇ ਮਲੂਕਾ ਦੇ ਬਾਈਕਾਟ ਦੀ ਕੀਤੀ ਅਪੀਲ :
ਅੰਮ੍ਰਿਤਸਰ : ਸ੍ਰੀ ਅਕਾਲ ਤਖਤ ਸਾਹਿਬ ਦੇ ਬਰਖਾਸਤ ਪੰਜ ਪਿਆਰਿਆਂ ਨੇ ਅਰਦਾਸ ਦੀ ਬੇਅਦਬੀ ਮਾਮਲੇ ਵਿਚ ਸਿੱਖ ਪੰਥ ਨੂੰ ਅਪੀਲ ਕੀਤੀ ਹੈ ਕਿ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਦਾ ਬਾਈਕਾਟ ਕੀਤਾ ਜਾਵੇ। ਇਥੇ ਜਾਰੀ ਬਿਆਨ ਵਿਚ ਸਾਬਕਾ ਪੰਜ ਪਿਆਰਿਆਂ ਭਾਈ ਸਤਨਾਮ ਸਿੰਘ ਖੰਡਾ, ਭਾਈ ਮੰਗਲ ਸਿੰਘ, ਭਾਈ ਮੇਜਰ ਸਿੰਘ, ਭਾਈ ਸਤਨਾਮ ਸਿੰਘ ਖਾਲਸਾ ਤੇ ਭਾਈ ਤਰਲੋਕ ਸਿੰਘ ਨੇ ਕਿਹਾ ਕਿ ਸਿਕੰਦਰ ਸਿੰਘ ਮਲੂਕਾ ਵੱਲੋਂ ਆਪਣੇ ਚੋਣ ਦਫਤਰ ਦੀ ਆਰੰਭਤਾ ਵੇਲੇ ਸਿੱਖ ਅਰਦਾਸ ਨਾਲ ਕੀਤੀ ਛੇੜਛਾੜ ਨਾਲ ਸਿੱਖ ਜਗਤ ਦੇ ਹਿਰਦੇ ਵਲੂੰਧਰੇ ਗਏ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਸਿਆਸੀ ਅਖੌਤੀ ਆਗੂਆਂ ਨੇ ਸ੍ਰੀ ਗੁਰੂ ਗ੍ਰਥ ਸਾਹਿਬ ਤੇ ਗੁਰੂ ਪੰਥ ਤੋਂ ਮੂੰਹ ਫੇਰ ਕੇ ਗੁਰੂ ਦੋਖੀਆਂ ਦੀ ਕਤਾਰ ਵਿਚ ਖੜ੍ਹੇ ਹੋਣ ਦਾ ਕਰੂਰ ਫੈਸਲਾ ਕਰ ਲਿਆ ਹੈ ਜੋ ਨਿੰਦਣਯੋਗ ਹੈ। ਉਨ੍ਹਾਂ ਸਮੂਹ ਪੰਥ ਨੂੰ ਅਪੀਲ ਕੀਤੀ ਕਿ ਸਿਕੰਦਰ ਸਿੰਘ ਮਲੂਕਾ ਨੂੰ ਪੰਥ ਬਿਲਕੂਲ ਮੂੰਹ ਨਾ ਲਾਵੇ ਤੇ ਉਸ ਦਾ ਬਾਈਕਾਟ ਕੀਤਾ ਜਾਵੇ।

ਮਲੂਕਾ ਨੇ ਅਕਾਲ ਤਖ਼ਤ ‘ਤੇ ਕੋਈ ਲਿਖਤੀ ਮੁਆਫ਼ੀ ਨਹੀਂ ਭੇਜੀ
ਅੰਮ੍ਰਿਤਸਰ/ਬਿਊਰੋ ਨਿਊਜ਼ :
ਸਿੱਖ ਅਰਦਾਸ ਦੀ ਨਕਲ ਦੇ ਮਾਮਲੇ ਵਿੱਚ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਮੀਡੀਆ ਵਿੱਚ ਸਿੱਖ ਪੰਥ ਕੋਲੋਂ ਮਾਫੀ ਮੰਗ ਲਈ ਹੈ ਪਰ ਇਸ ਸਬੰਧੀ ਹੁਣ ਤੱਕ ਲਿਖਤੀ ਤੌਰ ‘ਤੇ ਸ੍ਰੀ ਅਕਾਲ ਤਖ਼ਤ ਵਿਖੇ ਕੋਈ ਪੱਤਰ ਨਹੀਂ ਪੁੱਜਾ ਹੈ। ਦੂਜੇ ਪਾਸੇ ਸਿੱਖ ਜਥੇਬੰਦੀ ਦਲ ਖਾਲਸਾ ਨੇ ਆਖਿਆ ਕਿ ਅਕਾਲੀ ਮੰਤਰੀ ਦੀ ਮੁਆਫੀ ਨਾਲ ਮਸਲਾ ਖ਼ਤਮ ਨਹੀਂ ਹੁੰਦਾ ਕਿਉਂਕਿ ਸਮੱਸਿਆ ਦੀ ਜੜ੍ਹ ਅਤੇ ਚਿੰਤਾ ਦਾ ਵਿਸ਼ਾ ਅਰਦਾਸ ਦੀ ਨਕਲ ਹੈ।
ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਇਸ ਮਾਮਲੇ ਦੀ ਜਾਂਚ ਲਈ ਸ਼੍ਰੋਮਣੀ ਕਮੇਟੀ ਨੂੰ ਆਦੇਸ਼ ਦਿੱਤੇ ਗਏ ਸਨ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਮਾਮਲੇ ਦੀ ਜਾਂਚ ਲਈ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ, ਜੋ 15 ਦਿਨਾਂ ਵਿੱਚ ਆਪਣੀ ਜਾਂਚ ਰਿਪੋਰਟ ਸ੍ਰੀ ਅਕਾਲ ਤਖ਼ਤ ਨੂੰ ਸੌਂਪੇਗੀ। ਇਸ ਦੌਰਾਨ ਸ੍ਰੀ ਮਲੂਕਾ ਨੇ ਮੀਡੀਆ ਵਿਚ ਆਖਿਆ ਉਹ ਇਸ ਮਾਮਲੇ ਵਿੱਚ ਸ੍ਰੀ ਅਕਾਲ ਤਖ਼ਤ ਅੱਗੇ ਨਤਮਸਤਕ ਹਨ ਪਰ ਇਸ ਮਾਮਲੇ ਸਬੰਧੀ ਸ੍ਰੀ ਅਕਾਲ ਤਖ਼ਤ ਵਿਖੇ ਉਨ੍ਹਾਂ ਵਲੋਂ ਕੋਈ ਪੱਤਰ ਨਹੀਂ ਪੁੱਜਾ ਹੈ। ਇਸ ਦੀ ਪੁਸ਼ਟੀ ਸ੍ਰੀ ਅਕਾਲ ਤਖ਼ਤ ਦੇ ਸਕੱਤਰੇਤ ਵੱਲੋਂ ਕੀਤੀ ਗਈ ਹੈ।

ਸਿਮਰਨਜੀਤ ਸਿੰਘ ਮਾਨ ਵੱਲੋਂ ਫੌਰੀ ਕਾਰਵਾਈ ਕਰਨ ਦੀ ਮੰਗ :
ਫ਼ਤਹਿਗੜ੍ਹ ਸਾਹਿਬ : ਸ਼੍ਰੋਮਣੀ ਅਕਾਲੀ ਦਲ (ਅ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਅਪੀਲ ਕੀਤੀ ਹੈ ਕਿ ਸਿੱਖ ਕੌਮ ਦੀ ਅਰਦਾਸ ਦੀ ਬੇਅਦਬੀ ਮੌਕੇ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਦੇ ਸ਼ਾਮਲ ਹੋਣ ਕਾਰਨ ਸਿੱਖ ਤਖ਼ਤਾਂ ਦੇ ਜਥੇਦਾਰ ਫ਼ੌਰੀ ਕਾਰਵਾਈ ਕਰਨ। ਉਨ੍ਹਾਂ ਸਪਸ਼ਟ ਕੀਤਾ ਕਿ ਉਹ ਹਿੰਦੂ ਧਰਮ ਗ੍ਰੰਥਾਂ ਦੇ ਵਿਰੁੱਧ ਨਹੀਂ ਹਨ ਪਰ ਸਿੱਖ ਕੌਮ ਦੀ ਅਰਦਾਸ ਜਾਂ ਸਿੱਖਾਂ ਦੀਆਂ ਮਹਾਨ ਰਵਾਇਤਾਂ, ਨਿਯਮਾਂ ਤੇ ਅਸੂਲਾਂ ਦਾ ਅਪਮਾਨ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਸਿੰਘ ਸਾਹਿਬਾਨ ਨੂੰ ਅਪੀਲ ਕੀਤੀ ਕਿ ਉਹ ਕੈਬਨਿਟ ਮੰਤਰੀ ਵੱਲੋਂ ਕੀਤੀ ਗਈ ਕੁਤਾਹੀ ਲਈ ਫੌਰੀ ਕਾਰਵਾਈ ਕਰਦੇ ਹੋਏ ਸਿੱਖੀ ਰਵਾਇਤਾਂ ਅਨੁਸਾਰ ਸਖ਼ਤ ਸਜ਼ਾ ਦੇਣ ਦਾ ਪ੍ਰਬੰਧ ਕਰਨ।

ਮਲੂਕਾ ਦੀ ਮੁਆਫੀ ਨਾਲ ਮਸਲਾ ਖਤਮ ਨਹੀ ਹੁੰਦਾ; ਕਿਉਕਿ 
ਚਿੰਤਾ ਦਾ ਵਿਸ਼ਾ ਅਰਦਾਸ ਦੀ ਨਕਲ ਹੈ : ਦਲ ਖ਼ਾਲਸਾ
ਅੰਮ੍ਰਿਤਸਰ/ਸਿੱਖ ਸਿਆਸਤ ਬਿਊਰੋ:
ਦਲ ਖ਼ਾਲਸਾ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਹੈ ਕਿ ਅਕਾਲੀ ਮੰਤਰੀ ਸਿਕੰਦਰ ਸਿੰਘ ਮਲੂਕਾ ਦੀ ਮੁਆਫੀ ਨਾਲ ਮਸਲਾ ਖਤਮ ਨਹੀ ਹੁੰਦਾ ਕਿਉਂਕਿ ਸਮਸਿਆ ਦੀ ਜੜ੍ਹ ਅਤੇ ਚਿੰਤਾ ਦਾ ਵਿਸ਼ਾ ਅਰਦਾਸ ਦੀ ਨਕਲ ਹੈ ਅਤੇ ਇਸ ਸਮੱਸਿਆ ਨਾਲ ਨਜਿੱਠਣਾ ਸਿੱਖ ਪੰਥ ਲਈ ਬੇਹੱਦ ਜ਼ਰੂਰੀ ਹੈ।
ਜਥੇਬੰਦੀ ਨੇ ਕਿਹਾ ਕਿ ਸਿੱਖ ਅਰਦਾਸ ਦੀ ਨਕਲ ਕਰਕੇ ਇਸਨੂੰ ਹਿੰਦੂ ਅਰਦਾਸ ਵਾਂਗ ਪੇਸ਼ ਕਰਨਾ ਸ਼ਰਾਰਤੀ ਅਤੇ ਈਰਖਾਲੂ ਮਾਨਸਿਕਤਾ ਦੀ ਉਪਜ ਹੈ।
ਦਲ ਖ਼ਾਲਸਾ ਦੇ ਪ੍ਰਧਾਨ ਹਰਪਾਲ ਸਿੰਘ ਚੀਮਾ ਅਤੇ ਬੁਲਾਰੇ ਕੰਵਰਪਾਲ ਸਿੰਘ ਨੇ ਖਦਸ਼ਾ ਜਤਾਇਆ ਕਿ ਅਕਾਲੀ ਸਰਕਾਰ ਮਲੂਕੇ ਦੀ ਮੁਆਫੀ ਨੂੰ ਆਧਾਰ ਬਣਾ ਕੇ ਮਸਲਾ ਰਫਾ-ਦਫਾ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਅਸਲ ਮੁੱਦਾ ਅਰਦਾਸ ਦੀ ਨਕਲ ਕਰਨਾ ਅਤੇ ਉਸ ਦਾ ਹਿੰਦੂਕਰਨ ਕਰਨਾ ਹੈ, ਜੋ ਕਾਬਲੇ-ਬਰਦਾਸ਼ਤ ਨਹੀਂ।
ਉਨ੍ਹਾਂ ਕਿਹਾ ਕਿ ਹਿੰਦੂਵਾਦੀ ਤਾਕਤਾਂ ਆਪਣੇ ਖ਼ਤਰਨਾਕ ਮਨਸੂਬਿਆਂ ਨਾਲ ਦੋਵਾਂ ਧਰਮਾਂ ਦੇ ਲੋਕਾਂ ਨੂੰ ਫਿਰਕਾਪ੍ਰਸਤੀ ਦੀ ਭੱਠੀ ਵਿਚ ਝੋਕਣਾ ਚਾਹੁੰਦੀਆਂ ਹਨ। ਉਨਾਂ ਅੱਗੇ ਕਿਹਾ, ‘ਇਹ ਹਰਕਤ ਉਸ ਕਟੱੜਪੰਥੀ ਹਿੰਦੂ ਮਾਨਸਿਕਤਾ ਨੂੰ ਦਰਸਾਉਂਦੀ ਹੈ, ਜਿਸ ਨੇ ਪਹਿਲਾਂ ਦੁਰਗਿਆਣਾ ਮੰਦਰ ਨੂੰ ਦਰਬਾਰ ਸਾਹਿਬ ਦੀ ਨਕਲ ਕਰਕੇ ਬਰਾਬਰ ‘ਤੇ ਖੜ੍ਹਾ ਕੀਤਾ, ਹੁਣ ਉਸੇ ਮਾਨਸਿਕਤਾ ਨੇ ਅਰਦਾਸ ਦੀ ਨਕਲ ਕੀਤੀ ਹੈ।
ਉਨ੍ਹਾਂ ਸ਼੍ਰੋਮਣੀ ਕਮੇਟੀ ਵਲੋਂ ਬਣਾਏ ਜਾਂਚ ਪੈਨਲ ‘ਤੇ ਟਿੱਪਣੀ ਕਰਦਿਆਂ ਕਿਹਾ ਕਿ ਆਪਣੇ ਮੈਂਬਰਾਂ (ਜੋ ਅਕਾਲੀ ਦਲ ਨਾਲ ਹੀ ਸਬੰਧਤ ਹਨ) ਰਾਹੀਂ ਜਾਂਚ ਕਰਵਾਉਣ ਦਾ ਅਰਥ ਸੰਗਤਾਂ ਦੀਆਂ ਅੱਖਾਂ ਵਿੱਚ ਧੂੜ ਪਾਉਣਾ ਹੈ। ਉਨ੍ਹਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬੰਡੂਗਰ ਨੂੰ ਕਿਹਾ ਹੈ ਕਿ ਉਹ ਮੁੱਦੇ ਦੇ ਮਾਹਰਾਂ ਅਤੇ ਨਾਮਵਰ ਵਿਦਵਾਨਾਂ ਤੇ ਇਤਿਹਾਸਕਾਰਾਂ ਨੂੰ ਜ਼ਿੰਮੇਵਾਰੀ ਦੇਣ ਅਤੇ ਹਿੰਦੂ ਸੰਸਥਾ ‘ਰਮਾਇਣ ਪ੍ਰਚਾਰ ਮੰਡਲ ਰਾਮਪੁਰਾ ਫੂਲ’ ਜਿਨ੍ਹਾਂ ਨੇ ਪ੍ਰੋਗਰਾਮ ਵਿੱਚ ਅਹਿਮ ਭੂਮਿਕਾ ਨਿਭਾਈ, ਉਨ੍ਹਾਂ ਦੇ ਅਧਿਕਾਰੀਆਂ ਨੂੰ ਸੱਦ ਕਿ ਇਸ ਗੱਲ ਦੀ ਜਾਂਚ ਕਰਨ ਕਿ ਇਹ ਨਕਲ ਕੀਤੀ ਅਰਦਾਸ ਕਿਸ ਨੇ ਬਣਾਈ, ਕਦੋਂ ਤੋਂ ਬਣੀ, ਕਿਸ ਹਿੰਦੂ ਗ੍ਰੰਥ ਵਿੱਚ ਇਸ ਦੇ ਪ੍ਰਮਾਣ ਹਨ ਅਤੇ ਇਹ ਕਦੋਂ ਤੋਂ ਮੰਦਰਾਂ ਵਿੱਚ ਪੜ੍ਹੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਇਸ ਸੰਵੇਦਣਸ਼ੀਲ ਮੁੱਦੇ ‘ਤੇ ਗੱਲ ਕਰਨ ਲਈ ਪ੍ਰੋ. ਬੰਡੂਗਰ ਨੂੰ ਮਿਲਣਗੇ।

ਅਰਦਾਸ ਵੇਲੇ ਮੈਂ ਸਮਾਗਮ ਵਿੱਚ ਹਾਜ਼ਰ ਨਹੀਂ ਸੀ : ਮੇਜਰ ਸਿੰਘ
ਅੰਮ੍ਰਿਤਸਰ/ਬਿਊਰੋ ਨਿਊਜ਼ :
ਸਿੱਖ ਅਰਦਾਸ ਦੀ ਨਕਲ ਦੇ ਮਾਮਲੇ ਵਿੱਚ ਰਾਮਪੁਰਾ ਫੂਲ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਮੇਜਰ ਸਿੰਘ ਨੇ ਸ੍ਰੀ ਅਕਾਲ ਤਖ਼ਤ ਦੇ ਸਕੱਤਰੇਤ ਵਿਖੇ ਆਪਣਾ ਸਪਸ਼ਟੀਕਰਨ ਦਿੱਤਾ ਹੈ, ਜਿਸ ਵਿੱਚ ਉਨ੍ਹਾਂ ਨੇ ਦਾਅਵਾ ਕੀਤਾ ਕਿ ਉਹ ਅਰਦਾਸ ਵੇਲੇ ਸਮਾਗਮ ਵਿੱਚ ਹਾਜ਼ਰ ਨਹੀਂ ਸਨ। ਸ੍ਰੀ ਮੇਜਰ ਸਿੰਘ ਆਪਣੇ ਸਮਰਥਕਾਂ ਸਮੇਤ ਸ੍ਰੀ ਅਕਾਲ ਤਖ਼ਤ ਦੇ ਸਕੱਤਰੇਤ ਵਿਖੇ ਪੁੱਜੇ ਸਨ, ਜਿੱਥੇ ਉਹ ਇੰਚਾਰਜ ਪ੍ਰੋ. ਸੁਖਦੇਵ ਸਿੰਘ ਨੂੰ ਮਿਲੇ। ਇਸ ਮੌਕੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਹਾਜ਼ਰ ਨਹੀਂ ਸਨ ਪਰ ਸ਼੍ਰੋਮਣੀ ਕਮੇਟੀ ਮੈਂਬਰ ਨੇ ਆਪਣਾ ਲਿਖਤੀ ਸਪਸ਼ਟੀਕਰਨ ਸਕੱਤਰੇਤ ਵਿਖੇ ਦਿੱਤਾ। ਆਪਣੇ ਸਪਸ਼ਟੀਕਰਨ ਵਿੱਚ ਆਪਣੇ ਆਪ ਨੂੰ ਸ੍ਰੀ ਅਕਾਲ ਤਖ਼ਤ ਨੂੰ ਸਮਰਪਿਤ ਹੋਣ ਦਾ ਦਾਅਵਾ ਕਰਦਿਆਂ ਉਨ੍ਹਾਂ ਆਖਿਆ ਕਿ ਇਸ ਮਾਮਲੇ ਵਿੱਚ ਜਦੋਂ ਵੀ ਗਿਆਨੀ ਗੁਰਬਚਨ ਸਿੰਘ ਵੱਲੋਂ ਉਨ੍ਹਾਂ ਨੂੰ ਸੱਦਿਆ ਜਾਵੇਗਾ, ਉਹ ਹਾਜ਼ਰ ਹੋਣਗੇ। ਆਪਣੇ ਆਪ ਨੂੰ ਇਸ ਮਾਮਲੇ ਵਿੱਚ ਨਿਰਦੋਸ਼ ਦੱਸਦਿਆਂ ਉਨ੍ਹਾਂ ਆਖਿਆ ਕਿ ਉਸ ਸਮਾਗਮ ਵਿੱਚ ਸ਼ਾਮਲ ਹੋਏ ਸਨ ਅਤੇ ਮੱਥਾ ਟੇਕਿਆ ਸੀ। ਮੱਥਾ ਟੇਕਣ ਤੋਂ ਬਾਅਦ ਜਦੋਂ ਤਿਲਕ ਲਾਉਣ ਲਈ ਆਖਿਆ ਤਾਂ ਉਨ੍ਹਾਂ ਨੇ ਮਨ੍ਹਾਂ ਕਰ ਦਿੱਤਾ। ਇਸ ਦੌਰਾਨ ਉਹ ਵਾਪਸ ਚਲੇ ਗਏ ਸਨ। ਜਦੋਂ ਅਰਦਾਸ ਹੋਈ ਤਾਂ ਉਹ ਸਮਾਗਮ ਵਿੱਚ ਹਾਜ਼ਰ ਨਹੀਂ ਸਨ। ਸਮਾਗਮ ਦੀ ਸਮਾਪਤੀ ਮਗਰੋਂ ਜਦੋਂ ਰੋਡ ਸ਼ੋਅ ਸ਼ੁਰੂ ਹੋਇਆ ਤਾਂ ਉਹ ਉਸ ਵੇਲੇ ਰੋਡ ਸ਼ੋਅ ਵਿੱਚ ਸ਼ਾਮਲ ਹੋਏ ਸਨ।
ਸਿੱਖ ਅਰਦਾਸ ਨਾਲ ਮਿਲਦੀ-ਜੁਲਦੀ ਅਰਦਾਸ ਬਾਰੇ ਉਨ੍ਹਾਂ ਆਖਿਆ ਕਿ ਇਹ ਸਿੱਖ ਅਰਦਾਸ ਦੀ ਨਕਲ ਹੈ ਅਤੇ ਜਾਣਬੁੱਝ ਕੇ ਬਣਾਈ ਗਈ ਹੈ। ਅਰਦਾਸ ਨੂੰ ਤੋੜ-ਮਰੋੜ ਕੇ ਪੇਸ਼ ਕਰਨਾ ਸਮਾਜ ਵਿੱਚ ਵੰਡ ਪੈਦਾ ਕਰਨ ਦੇ ਬਰਾਬਰ ਹੈ। ਉਨ੍ਹਾਂ ਆਖਿਆ ਕਿ ਉਹ ਬਤੌਰ ਸਿੱਖ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਨ ਪਰ ਕਿਸੇ ਵੀ ਧਰਮ ਦੇ ਸ਼ਰਧਾਲੂਆਂ ਦੇ ਮਨਾਂ  ਨੂੰ ਠੇਸ ਨਹੀਂ ਪਹੁੰਚਾਉਣੀ ਚਾਹੀਦੀ। ਉਨ੍ਹਾਂ ਆਖਿਆ ਕਿ ਉਹ ਭਾਵੇਂ ਬੇਕਸੂਰ ਹਨ ਪਰ ਜੇਕਰ ਅਕਾਲ ਤਖ਼ਤ ਵੱਲੋਂ ਕੋਈ ਸੇਵਾ ਵੀ ਬਖ਼ਸ਼ੀ ਗਈ ਤਾਂ ਉਹ ਸਿਰ ਮੱਥੇ ਪ੍ਰਵਾਨ ਕਰਨਗੇ।