ਸ਼੍ਰੋਮਣੀ ਕਮੇਟੀ ਵਲੋਂ ਤਿੰਨ ਮੈਂਬਰੀ ਕਮੇਟੀ ਕਰੇਗੀ ਅਰਦਾਸ ਮਾਮਲੇ ਦੀ ਜਾਂਚ

ਸ਼੍ਰੋਮਣੀ ਕਮੇਟੀ ਵਲੋਂ ਤਿੰਨ ਮੈਂਬਰੀ ਕਮੇਟੀ ਕਰੇਗੀ ਅਰਦਾਸ ਮਾਮਲੇ ਦੀ ਜਾਂਚ

ਅੰਮ੍ਰਿਤਸਰ/ਬਿਊਰੋ ਨਿਊਜ਼ :
ਪੰਜਾਬ ਦੇ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਦੇ ਚੋਣ ਦਫ਼ਤਰ ਦੇ ਉਦਘਾਟਨ ਸਮੇਂ ਸਿੱਖ ਅਰਦਾਸ ਦੀ ਨਕਲ ਕਰਨ ਦੇ ਮਾਮਲੇ ਦੀ ਜਾਂਚ ਲਈ ਸ਼੍ਰੋਮਣੀ ਕਮੇਟੀ ਨੇ ਤਿੰਨ ਮੈਂਬਰੀ ਕਮੇਟੀ ਕਾਇਮ ਕੀਤੀ ਹੈ, ਜੋ 15 ਦਿਨਾਂ ਵਿਚ ਰਿਪੋਰਟ ਦੇਵੇਗੀ। ਇਹ ਰਿਪੋਰਟ ਅਗਲੀ ਕਾਰਵਾਈ ਵਾਸਤੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਸੌਂਪੀ ਜਾਵੇਗੀ। ਇਸ ਘਟਨਾ ਦੀ ਵੀਡੀਓ ਵਾਇਰਲ ਹੋਣ ਬਾਅਦ ਜਥੇਦਾਰ ਗੁਰਬਚਨ ਸਿੰਘ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਇਸ ਮਾਮਲੇ ਦੀ ਜਾਂਚ ਦੇ ਆਦੇਸ਼ ਦਿੱਤੇ ਸਨ। ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਦੱਸਿਆ ਕਿ ਅਕਾਲ ਤਖ਼ਤ ਦੇ ਜਥੇਦਾਰ ਦੇ ਆਦੇਸ਼ ਅਨੁਸਾਰ ਮਾਮਲੇ ਦੀ ਜਾਂਚ ਵਾਸਤੇ ਤਿੰਨ ਮੈਂਬਰੀ ਕਮੇਟੀ ਬਣਾਈ ਹੈ, ਜਿਸ ਵਿਚ ਸ਼੍ਰੋਮਣੀ ਕਮੇਟੀ ਦੇ ਮੀਤ ਪ੍ਰਧਾਨ ਬਾਬਾ ਬੂਟਾ ਸਿੰਘ, ਜਨਰਲ ਸਕੱਤਰ ਅਮਰਜੀਤ ਸਿੰਘ ਚਾਵਲਾ ਤੇ ਸਥਾਨਕ ਮੈਂਬਰ ਮੋਹਨ ਸਿੰਘ ਬੰਗੀ ਸ਼ਾਮਲ ਹਨ। ਵੀਡੀਓ ਪ੍ਰਾਪਤ ਕਰਨ ਲਈ ਵੀ ਆਦੇਸ਼ ਦਿੱਤੇ ਗਏ ਹਨ। ਇਸ ਦੌਰਾਨ ਸ਼੍ਰੋਮਣੀ ਕਮੇਟੀ ਵੱਲੋਂ ਫਾਰਗ ਕੀਤੇ ਪੰਜ ਪਿਆਰਿਆਂ ਭਾਈ ਸਤਨਾਮ ਸਿੰਘ ਖੰਡਾ, ਭਾਈ ਮੇਜਰ ਸਿੰਘ, ਭਾਈ ਮੰਗਲ ਸਿੰਘ, ਭਾਈ ਤਰਲੋਕ ਸਿੰਘ ਅਤੇ ਭਾਈ ਸਤਨਾਮ ਸਿੰਘ ਖਾਲਸਾ ਨੇ ਅਰਦਾਸ ਬਦਲਣ ਨੂੰ ਬੱਜਰ ਗਲਤੀ ਕਰਾਰ ਦਿੰਦਿਆਂ ਸਿੱਖਾਂ ਨੂੰ ਸਿਕੰਦਰ ਸਿੰਘ ਮਲੂਕਾ ਦੇ ਬਾਈਕਾਟ ਦਾ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਿੱਖ ਪੰਥ ਇਸ ਵਿਅਕਤੀ ਨਾਲ ਕੋਈ ਤਾਲਮੇਲ ਨਾ ਰੱਖੇ। ਉਨ੍ਹਾਂ ਕਿਹਾ ਕਿ ਸਿੱਖ ਅਰਦਾਸ ਦੀ ਨਕਲ ਖਾਲਸਾ ਪੰਥ ਦੀ ਹੋਂਦ ਲਈ ਖ਼ਤਰੇ ਦੀ ਘੰਟੀ ਹੈ। ਦਲ ਖਾਲਸਾ ਦੇ ਪ੍ਰਧਾਨ ਹਰਪਾਲ ਸਿੰਘ ਚੀਮਾ ਤੇ ਬੁਲਾਰੇ ਕੰਵਰਪਾਲ ਸਿੰਘ ਨੇ ਇਸ ਕਾਰਵਾਈ ਨੂੰ ਸ਼ਰਾਰਤੀ ਮਾਨਸਿਕਤਾ ਦੀ ਉਪਜ ਕਰਾਰ ਦਿੰਦਿਆਂ ਕਿਹਾ ਕਿ ਇਸ ਖ਼ਤਰਨਾਕ ਰੁਝਾਨ ਨੂੰ ਇਥੇ ਹੀ ਰੋਕਣਾ ਹੋਵੇਗਾ, ਨਹੀਂ ਤਾਂ ਇਸ ਨਾਲ ਦੋਵਾਂ ਧਰਮਾਂ ਦੇ ਰਿਸ਼ਤਿਆਂ ਵਿਚ ਕੜਵਾਹਟ ਵਧੇਗੀ। ਇਸ ਹਰਕਤ ਨੂੰ ਸਿੱਖ ਧਰਮ ਵਿਚ ਦਖਲਅੰਦਾਜ਼ੀ ਤੋਂ ਵੱਖ ਕਰਕੇ ਨਹੀਂ ਦੇਖਿਆ ਜਾ ਸਕਦਾ। ਉਨ੍ਹਾਂ ਨੇ ਇਸ ਘਟਨਾ ਨੂੰ ਡੂੰਘੀ ਸਾਜ਼ਿਸ਼ ਦੱਸਦਿਆਂ ਕਿਹਾ ਕਿ ਇਸ ਅਰਦਾਸ ਦੇ ਪੜ੍ਹੇ ਜਾਣ ਸਮੇਂ ਸਿਕੰਦਰ ਮਲੂਕਾ ਦਾ ਚੁੱਪ ਰਹਿਣਾ ਤੇ ਕੋਈ ਇਤਰਾਜ਼ ਨਾ ਕਰਨਾ ਸ਼ਰਮਨਾਕ ਹੈ। ਪੰਥਕ ਤਾਲਮੇਲ ਸੰਗਠਨ ਦੇ ਕਨਵੀਨਰ ਗਿਆਨੀ ਕੇਵਲ ਸਿੰਘ ਨੇ ਕਿਹਾ ਕਿ ਅਰਦਾਸ ਦੀ ਨਕਲ ਮਾਮਲੇ ਵਿਚ ਅਕਾਲੀ ਆਗੂਆਂ ਦੀ ਸ਼ਮੂਲੀਅਤ ਸਿੱਧ ਕਰਦੀ ਹੈ ਕਿ ਉਨ੍ਹਾਂ ਦਾ ਧਰਮ ਸਿਰਫ਼ ਨੋਟ ਤੇ ਵੋਟ ਹੈ।
ਪੰਜ ਪਿਆਰਿਆਂ ਨੇ ਮਲੂਕਾ ਦੇ ਬਾਈਕਾਟ ਦੀ ਕੀਤੀ ਅਪੀਲ :
ਅੰਮ੍ਰਿਤਸਰ : ਸ੍ਰੀ ਅਕਾਲ ਤਖਤ ਸਾਹਿਬ ਦੇ ਬਰਖਾਸਤ ਪੰਜ ਪਿਆਰਿਆਂ ਨੇ ਅਰਦਾਸ ਦੀ ਬੇਅਦਬੀ ਮਾਮਲੇ ਵਿਚ ਸਿੱਖ ਪੰਥ ਨੂੰ ਅਪੀਲ ਕੀਤੀ ਹੈ ਕਿ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਦਾ ਬਾਈਕਾਟ ਕੀਤਾ ਜਾਵੇ। ਇਥੇ ਜਾਰੀ ਬਿਆਨ ਵਿਚ ਸਾਬਕਾ ਪੰਜ ਪਿਆਰਿਆਂ ਭਾਈ ਸਤਨਾਮ ਸਿੰਘ ਖੰਡਾ, ਭਾਈ ਮੰਗਲ ਸਿੰਘ, ਭਾਈ ਮੇਜਰ ਸਿੰਘ, ਭਾਈ ਸਤਨਾਮ ਸਿੰਘ ਖਾਲਸਾ ਤੇ ਭਾਈ ਤਰਲੋਕ ਸਿੰਘ ਨੇ ਕਿਹਾ ਕਿ ਸਿਕੰਦਰ ਸਿੰਘ ਮਲੂਕਾ ਵੱਲੋਂ ਆਪਣੇ ਚੋਣ ਦਫਤਰ ਦੀ ਆਰੰਭਤਾ ਵੇਲੇ ਸਿੱਖ ਅਰਦਾਸ ਨਾਲ ਕੀਤੀ ਛੇੜਛਾੜ ਨਾਲ ਸਿੱਖ ਜਗਤ ਦੇ ਹਿਰਦੇ ਵਲੂੰਧਰੇ ਗਏ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਸਿਆਸੀ ਅਖੌਤੀ ਆਗੂਆਂ ਨੇ ਸ੍ਰੀ ਗੁਰੂ ਗ੍ਰਥ ਸਾਹਿਬ ਤੇ ਗੁਰੂ ਪੰਥ ਤੋਂ ਮੂੰਹ ਫੇਰ ਕੇ ਗੁਰੂ ਦੋਖੀਆਂ ਦੀ ਕਤਾਰ ਵਿਚ ਖੜ੍ਹੇ ਹੋਣ ਦਾ ਕਰੂਰ ਫੈਸਲਾ ਕਰ ਲਿਆ ਹੈ ਜੋ ਨਿੰਦਣਯੋਗ ਹੈ। ਉਨ੍ਹਾਂ ਸਮੂਹ ਪੰਥ ਨੂੰ ਅਪੀਲ ਕੀਤੀ ਕਿ ਸਿਕੰਦਰ ਸਿੰਘ ਮਲੂਕਾ ਨੂੰ ਪੰਥ ਬਿਲਕੂਲ ਮੂੰਹ ਨਾ ਲਾਵੇ ਤੇ ਉਸ ਦਾ ਬਾਈਕਾਟ ਕੀਤਾ ਜਾਵੇ।
ਮਲੂਕਾ ਨੇ ਮੰਗੀ ਮੁਆਫੀ :
ਬਠਿੰਡਾ : ਇਸੇ ਦੌਰਾਨ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਉਹ ਹਮੇਸ਼ਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਗੁਰੂ ਮੰਨਦੇ ਹਨ ਫਿਰ ਵੀ ਜੇਕਰ ਉਨ੍ਹਾਂ ਕੋਲੋ ਬੇ-ਧਿਆਨੀ ਜਾਂ ਪਤਾ ਨਾ ਹੋਣ ਕਾਰਨ ਕੋਈ ਗਲਤੀ ਹੋਈ ਹੈ ਤਾਂ ਉਹ ਸਾਰਿਆਂ ਤੋਂ ਮੁਆਫੀ ਮੰਗਦੇ ਹਨ ਤੇ ਜਦੋਂ ਵੀ ਉਨ੍ਹਾਂ ਨੂੰ ਸਿੰਘ ਸਾਹਿਬਾਨ ਇਸ ਸਬੰਧੀ ਬੁਲਾਉਣਗੇ ਤਾਂ ਉਹ ਹਾਜ਼ਰ ਹੋਣਗੇ ਤੇ ਸ੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਖਿੜੇ ਮੱਥੇ ਮੰਨਣਗੇ। ਉਨ੍ਹਾਂ ਕਿਹਾ ਕਿ ਇਹ ਅਰਦਾਸ ਸੁਣ ਕੇ ਉਨ੍ਹਾਂ ਨੂੰ ਖੁਦ ਸ਼ੰਕਾ ਪੈਦਾ ਹੋਈ ਤਾਂ ਉਨ੍ਹਾਂ ਪੁਜਾਰੀ ਤੋਂ ਇਸ ਅਰਦਾਸ ਬਾਰੇ ਜਾਣਕਾਰੀ ਹਾਸਲ ਕੀਤੀ, ਜਿਸ ‘ਤੇ ਪੁਜਾਰੀ ਨੇ ਦੱਸਿਆ ਕਿ ਇਹ ਅਰਦਾਸ ਕਈ ਸਾਲਾਂ ਤੋਂ ਪ੍ਰਚਲਿਤ ਹੈ ਤੇ ਸਨਾਤਨ ਧਰਮ ਦੇ ਕਈ ਗ੍ਰੰਥਾਂ ਤੇ ਕਿਤਾਬਾਂ ਵਿਚ ਵੀ ਛਪੀ ਹੋਈ ਹੈ। ਪੰਚਾਇਤ ਮੰਤਰੀ ਨੇ ਕਿਹਾ ਕਿ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲੇ ਸਿੱਖ ਹਨ ਤੇ ਸਿੱਖ ਧਰਮ ਦੀਆਂ ਰਹੁ ਰੀਤਾਂ ਤੇ ਧਾਰਮਿਕ ਰਵਾਇਤਾਂ ਬਾਰੇ ਪ੍ਰਪੱਕ ਹਨ ਤੇ ਦੂਜੇ ਧਰਮਾਂ ਦਾ ਵੀ ਸਤਿਕਾਰ ਕਰਦੇ ਹਨ ਤੇ ਸਿੱਖ ਧਰਮ ਦਾ ਨਿਰਾਦਰ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ। ਪੰਚਾਇਤ ਮੰਤਰੀ ਨੇ ਕਿਹਾ ਕਿ ਕਈ ਸਾਲਾਂ ਤੋਂ ਚੱਲ ਰਹੀ ਇਸ ਅਰਦਾਸ ਬਾਰੇ ਪਹਿਲਾਂ ਨੋਟਿਸ ਨਹੀਂ ਲਿਆ ਗਿਆ ਤੇ ਨਾ ਹੀ ਸ੍ਰੀ ਅਕਾਲ ਤਖਤ ਸਾਹਿਬ ਜਾਂ ਕਿਸੇ ਹੋਰ ਸਿੱਖ ਵਿਦਵਾਨ ਨੇ ਰਹਿਬਰੀ ਦਿੱਤੀ ਹੈ। ਪੰਚਾਇਤ ਮੰਤਰੀ ਨੇ ਸ਼ੰਕਾ ਜ਼ਾਹਰ ਕੀਤੀ ਕਿ ਇਹ ਰੋਲਾ-ਰੱਪਾ ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕਰਨ ਜਾਂ ਵੋਟ ਦੀ ਰਾਜਨੀਤੀ ਨਾਲ ਵੀ ਸਬੰਧਤ ਹੋ ਸਕਦਾ ਹੈ।

 

ਸਿੱਖ ਅਰਦਾਸ ਵਿਗਾੜਨ ਦੇ ਮਾਮਲੇ ਦੀ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਕਰਵਾਏਗੀ ਸੁਤੰਤਰ ਜਾਂਚ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਣਾਈ ਕਮੇਟੀ ਰੱਦ
ਚੰਡੀਗੜ੍ਹ/ਬਿਊਰੋ ਨਿਊਜ਼:
ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਨੇ ਅਕਾਲੀ-ਭਾਜਪਾ ਗਠਜੋੜ ਦੇ ਕੈਬਨਿਟ ਮੰਤਰੀ ਅਤੇ ਹਲਕਾ ਰਾਮਪੁਰਾ ਫੂਲ ਤੋਂ ਚੋਣ ਲੜ ਰਹੇ ਉਮੀਦਵਾਰ ਸਿਕੰਦਰ ਸਿੰਘ ਮਲੂਕਾ ਦੇ ਦਫਤਰ ਦੇ ਉਦਘਾਟਨ ਮੌਕੇ ਰਾਮਾਇਣ ਦੇ ਭੋਗ ਬਾਅਦ ਸਿੱਖਾਂ ਦੀ ਅਰਦਾਸ ਨੂੰ ਗਲਤ ਰੰਗਤ ਵਿੱਚ ਪੇਸ਼ ਕੀਤੇ ਜਾਣ ਦੇ ਮਾਮਲੇ ਦੀ ਜਾਂਚ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਣਾਈ ਕਮੇਟੀ ਰੱਦ ਨੂੰ ਰੱਦ ਕਰਦਿਆਂ ਐਲਾਨ ਕੀਤਾ ਹੈ ਕਿ ਸਭਾ ਇਸ ਮਾਮਲੇ ਦੀ ਸੁਤੰਤਰ ਜਾਂਚ ਕਰਵਾਏਗੀ। ਸ੍ਰ੍ਰੀ ਗੁਰੂ ਗ੍ਰੰਥ ਸਾਹਿਬ ਭਵਨ, ਸੈਕਟਰ 28 ਏ, ਚੰਡੀਗੜ੍ਹ ਵਿਖੇ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਅਤੇ ਸਹਿਯੋਗੀ ਸੰਸਥਾਵਾਂ ਦੀ ਬੁੱਧਵਾਰ ਨੂੰ ਹੋਈ ਵਿਸ਼ੇਸ਼ ਇਕੱਤਰਤਾ ਵਿਚ ਬੁਲਾਰਿਆਂ ਨੇ ਸਿੱਖਾਂ ਦੀ ਨਿੱਤ ਦੀ ਅਰਦਾਸ ਨੂੰ ਵਿਗਾੜ ਕੇ ਸਿੱਖ ਧਰਮ ਵਿਚ ਸਿੱਧੀ ਦਖਲ-ਅੰਦਾਜ਼ੀ ਦੀ ਕੋਸ਼ਿਸ਼ ਕਰਨ ਦੀ ਕੀਤੀ ਗਈ ਕਾਰਵਾਈ ਦੀ ਨਿੰਦਿਆ ਕਰਦਿਆਂ ਕਿਹਾ ਕਿ ਬਾਅਦ ਸੋਚੀ ਸਮਝੀ ਸਾਜ਼ਿਸ਼ ਅਧੀਨ ਸਿੱਖ ਅਰਦਾਸ ‘ਚ ਅਦਲਾ-ਬਦਲੀ ਕਰਕੇ ਨਕਲ ਕੀਤੀ ਗਈ ਹੈ, ਜਿਸ ਨਾਲ ਸਮੁੱਚੀ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ।
ਜਨਰਲ ਸਕੱਤਰ ਖੁਸ਼ਹਾਲ ਸਿੰਘ ਵਲੋਂ ਇੱਥੇ ਜਾਰੀ ਇੱਕ ਲਿਖਤੀ ਪ੍ਰੈਸ ਬਿਆਨ ਅਨੁਸਾਰ ਸਿੱਖ ਅਰਦਾਸ ‘ਚ ਅਦਲਾ-ਬਦਲੀ ਕਰਨ ਦੀ ਸਾਜ਼ਿਸ਼ ਨਾਲ ਜੁੜੇ ਸਾਰੇ ਤੱਥਾਂ ਅਤੇ ਘਟਨਾਵਾਂ ਨੂੰ ਸਿੱਖ ਪੰਥ ਸਾਹਮਣੇ ਲਿਆਉਣ ਲਈ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਵੱਲੋਂ ਦੂਜੀਆਂ ਸਿੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਇਕ ਜਾਂਚ ਕਮੇਟੀ ਸਥਾਪਤ ਕੀਤੀ ਜਾਵੇਗੀ। ਇਹ ਕਮੇਟੀ ਸਮਾਂਬੱਧ ਘਟਨਾਵਾਂ ਦੀ ਜਾਂਚ-ਪੜਤਾਲ ਕਰਕੇ ਕੌਮ ਸਾਹਮਣੇ ਰਿਪੋਰਟ ਰੱਖੇਗੀ।
ਸਿੱਖ ਆਗੂਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੱਲੋਂ ਨਿਯੁਕਤ ਕੀਤੀ ਕਮੇਟੀ ਦੇ ਮੈਂਬਰਾਂ ਦੀ ਭਰੋਸੇਯੋਗਤਾ ਨੂੰ ਰੱਦ ਕਰਦੇ ਹੋਏ ਕਿਹਾ ਕਿ ਇਸ ਕਮੇਟੀ ਦੇ ਦੋ ਮੈਂਬਰ ਮਲੂਕੇ ਦੇ ਨਜ਼ਦੀਕੀ ਸਾਥੀ ਹਨ। ਇਸ ਕਮੇਟੀ ਤੋਂ ਸਿੱਖ ਪੰਥ ਨੂੰ ਕੋਈ ਉਮੀਦ ਨਹੀਂ ਰੱਖਣੀ ਚਾਹੀਦੀ। ਇਸ ਲਈ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਅਤੇ ਸਿੱਖ ਜਥੇਬੰਦੀਆਂ ਸੁਤੰਤਰ ਤੌਰ ‘ਤੇ ਇਸ ਦੁਖਦਾਈ ਮਾਮਲੇ ਨਾਲ ਜੁੜੀ ਹੋਈ ਸਾਜ਼ਿਸ਼ ਦੀਆਂ ਸਾਰੀਆਂ ਪਰਤਾਂ ਨੂੰ ਸਾਹਮਣੇ ਲਿਆਉਣ ਦਾ ਉਪਰਾਲਾ ਕਰਨਗੀਆਂ।
ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਅਤੇ ਸਹਿਯੋਗੀ ਸੰਸਥਾਵਾਂ ਨੇ ਕਿਹਾ ਹੈ ਕਿ ਇਸ ਤਰ੍ਹਾਂ ਦੀਆਂ ਨਿੰਦਣਯੋਗ ਕਾਰਵਾਈਆਂ ਦੋਵਾਂ ਧਰਮਾਂ ਵਿਚ ਕੁੜੱਤਣ ਪੈਦਾ ਕਰਦੀਆਂ ਹਨ। ਹਰ ਕਿਸੇ ਨੂੰ ਆਪਣੇ ਧਾਰਮਿਕ ਵਿਸ਼ਵਾਸਾਂ ਅਨੁਸਾਰ ਜੀਵਨ ਜੀਊਣ ਦਾ ਹੱਕ ਹੈ ਪਰ ਜਦੋਂ ਕੋਈ ਕਿਸੇ ਦੂਸਰੇ ਦੇ ਧਰਮ ਦੇ ਸਿਧਾਂਤਾਂ ਅਤੇ ਪ੍ਰੰਪਰਾਵਾਂ ‘ਤੇ ਹਮਲਾ ਕਰਦਾ ਹੈ ਤਾਂ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਸਮੂਹ ਸਿੱਖ ਜਥੇਬੰਦੀਆਂ ਨੇ ਸਿੱਖ ਅਰਦਾਸ ਨੂੰ ਵਿਗਾੜਨ ਦੀ ਕੋਸ਼ਿਸ਼ ਕਰਨ ਵਾਲੇ ਅਜਿਹੇ ਸ਼ਰਾਰਤੀ ਅਨਸਰਾਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ।

 

ਦਰਬਾਰ ਸਾਹਿਬ ਦੀ ਨਕਲ ਕਰਕੇ ਦੁਰਗਿਆਣਾ ਮੰਦਰ 
ਬਣਾਉਣ ਵਾਲੀ ਮਾਨਸਿਕਤਾ ਨੇ ਅਰਦਾਸ ਦੀ ਨਕਲ ਕੀਤੀ
ਜਲੰਧਰ/ ਸਿੱਖ ਸਿਆਸਤ ਬਿਊਰੋ:
ਦਲ ਖ਼ਾਲਸਾ ਨੇ ਹਿੰਦੂ ਕੱਟੜਪੰਥੀਆਂ ਨੂੰ ਸਖਤ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਸਿੱਖ ਅਰਦਾਸ ਦੀ ਨਕਲ ਕਰਕੇ ਇਸ ਨੂੰ ਹਿੰਦੂ ਅਰਦਾਸ ਵਾਂਗ ਪੇਸ਼ ਕਰਨਾ ਸ਼ਰਾਰਤੀ ਮਾਨਸਿਕਤਾ ਦੀ ਉਪਜ ਹੈ ਅਤੇ ਇਸ ਖਤਰਨਾਕ ਰੁਝਾਨ ਨੂੰ ਇੱਥੇ ਹੀ ਰੋਕਣਾ ਹੋਵੇਗਾ ਨਹੀਂ ਤਾਂ ਦੋਨਾਂ ਧਰਮਾਂ ਦੇ ਆਪਸੀ ਰਿਸ਼ਤਿਆਂ ਵਿੱਚ ਵਧੇਰੇ ਕੜਵਾਹਟ ਵਧੇਗੀ।
ਦਲ ਖ਼ਾਲਸਾ ਦੇ ਪ੍ਰਧਾਨ ਹਰਪਾਲ ਸਿੰਘ ਚੀਮਾ ਅਤੇ ਬੁਲਾਰੇ ਕੰਵਰਪਾਲ ਸਿੰਘ ਨੇ ਇਕ ਬਿਆਨ ਜਾਰੀ ਕਰਕੇ ਕਿਹਾ ਕਿ ਹਿੰਦੂਵਾਦੀ ਤਾਕਤਾਂ ਆਪਣੇ ਖ਼ਤਰਨਾਕੇ ਮਨਸੂਬਿਆਂ ਨਾਲ ਦੋਵਾਂ ਧਰਮਾਂ ਦੇ ਲੋਕਾਂ ਨੂੰ ਫਿਰਕਾਪ੍ਰਸਤੀ ਦੀ ਭੱਠੀ ਵਿਚ ਝੋਕਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਇਹੋ ਜਿਹੀਆਂ ਹਰਕਤਾਂ ਤੋਂ ਬਾਅਦ ਸਿੱਖਾਂ ਕੋਲ ਬਲਦਾਂ ਨੂੰ ਸਿੰਗਾਂ ਤੋਂ ਫੜਨ ਤੋਂ ਬਿਨਾਂ ਕੋਈ ਚਾਰਾ ਨਹੀਂ ਰਹਿ ਜਾਂਦਾ।
ਆਗੂਆਂ ਨੇ ਕਿਹਾ ਕਿ ਇਸ ਘਟਨਾ ਨੂੰ ਹਿੰਦੂਵਾਦੀਆਂ ਵਲੋਂ ਸਿੱਖ ਧਰਮ ਵਿਚ ਦਖਲਅੰਦਾਜ਼ੀ ਦੇ ਹੋਰ ਕੰਮਾਂ ਤੋਂ ਵੱਖ ਕਰਕੇ ਨਹੀਂ ਦੇਖਿਆ ਜਾ ਸਕਦਾ, ਪਰ ਇਥੇ ਸਿੱਖ ਅਰਦਾਸ ਨੂੰ ਛੁਟਿਆ ਕੇ ਇਹ ਅਹਿਸਾਸ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਹਿੰਦੂ ਧਰਮ ਪੁਰਾਣਾ ਹੈ ਅਤੇ ਸਿੱਖਾਂ ਨੇ ਹਿੰਦੂਆਂ ਦੀ ਅਰਦਾਸ ਦੀ ਨਕਲ ਕੀਤੀ ਹੈ। ਉਹਨਾਂ ਕਿਹਾ ਕਿ ਇਹ ਸਿੱਖਾਂ ਲਈ ਡੂੰਘੀ ਸਾਜ਼ਿਸ਼ ਦੀ ਚੁਣੌਤੀ ਹੈ ਅਤੇ ਸਿੱਖ ਇਸਨੂੰ ਪ੍ਰਵਾਨ ਕਰਦੇ ਹਨ ਅਤੇ ਸਿੱਖ ਇਸਦਾ ਢੁਕਵਾਂ ਜਵਾਬ ਦੇਣਗੇ। ਉਨ੍ਹਾਂ ਕਿਹਾ, ‘ਇਹ ਹਰਕਤ ਉਸ ਕਟੱੜਪੰਥੀ ਹਿੰਦੂ ਮਾਨਸਿਕਤਾ ਨੂੰ ਦਰਸਾਉਂਦੀ ਹੈ, ਜਿਸ ਨੇ ਪਹਿਲਾਂ ਦੁਰਗਿਆਣਾ ਮੰਦਰ ਨੂੰ ਦਰਬਾਰ ਸਾਹਿਬ ਦੀ ਨਕਲ ਕਰਕੇ ਬਰਾਬਰ ਤੇ ਖੜ੍ਹਾ ਕੀਤਾ, ਹੁਣ ਉਸੇ ਮਾਨਸਿਕਤਾ ਨੇ ਅਰਦਾਸ ਦੀ ਨਕਲ ਕੀਤੀ ਹੈ।
ਉਨ੍ਹਾਂ ਕਿਹਾ ਕਿ ਇਸ ਮੁੱਦੇ ਨਾਲ ਸ਼੍ਰੋਮਣੀ ਕਮੇਟੀ ਦੇ ਨਵੇਂ ਬਣੇ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਦੀ ਪਰ ਖਰਖ ਹੋਵੇਗੀ। ਉਨ੍ਹਾਂ ਸੁਝਾਅ ਦਿੱਤਾ ਕਿ ਸ਼੍ਰੋਮਣੀ ਕਮੇਟੀ ਨੂੰ ਪੰਥਕ ਮਸਲਿਆਂ ਦੇ ਮਾਹਰਾਂ ਦਾ ਇਕ ਪੈਨਲ ਬਣਾ ਕੇ ਜਾਂਚ ਕਰਨੀ ਚਾਹੀਦੀ ਹੈ ਕਿ ਸਿੱਖ ਅਰਦਾਸ ਨੂੰ ਹਿੰਦੂ ਅਰਦਾਸ ਵਜੋਂ ਬਦਲਣ ਪਿੱਛੇ ਕਿਸਦਾ ਦਿਮਾਗ ਕੰਮ ਕਰ ਰਿਹਾ ਹੈ ਅਤੇ ਇਹੋ ਜਿਹੀ ਅਰਦਾਸ ਹਿੰਦੂ ਮੰਦਰਾਂ ਵਿਚ ਕਦੋਂ ਤੋਂ ਚੱਲ ਰਹੀ ਹੈ।
ਦਲ ਖਾਲਸਾ ਦੇ ਆਗੂਆਂ ਨੇ ਕਿਹਾ ਕਿ ‘ਸ਼ਾਂਤੀ ਬਣਾਈ ਰੱਖਣਾ’ ਸਿਰਫ ਸਿੱਖਾਂ ਦੀ ਹੀ ਜ਼ਿੰਮੇਵਾਰੀ ਨਹੀਂ ਹੈ। ਉਨ੍ਹਾਂ ਕਿਹਾ ਕਿ ਸ਼ਾਂਤੀ ਬਣਾਈ ਰੱਖਣ ਵਿਚ ਸਰਕਾਰ ਅਤੇ ਹੋਰ ਫਿਰਕਿਆਂ ਦੀ ਵੀ ਬਰਾਬਰ ਦੀ ਜ਼ਿੰਮੇਵਾਰੀ ਹੈ।
ਦਲ ਖ਼ਾਲਸਾ ਨੇ ਕੱਟੜਪੰਥੀ ਹਿੰਦੂਆਂ ਵਲੋਂ ਕੀਤੀ ਗਈ ਸ਼ਰਾਰਤ ‘ਤੇ ਹਿੰਦੂ ਸਮਾਜ ਵਲੋਂ ਧਾਰੀ ਚੁੱਪ ‘ਤੇ ਸਵਾਲ ਚੁੱਕਿਆ ਹੈ। ਉਨ੍ਹਾਂ ਆਖਿਆ ਕਿ ਹਿੰਦੂ ਧਾਰਮਿਕ ਆਗੂਆਂ ਨੂੰ ਚਾਹੀਦਾ ਹੈ ਕਿ ਉਹ ਅਜਿਹੇ ਸ਼ਰਾਰਤੀ ਅਨਸਰਾਂ ‘ਤੇ ਪਾਬੰਦੀ ਲਾਉਣ ਅਤੇ ਇਸ ਸਪੱਸ਼ਟ ਕਰਨ ਦੀ ਅਜਿਹੇ ਸ਼ਰਾਰਤੀ ਅਨਸਰਾਂ ਦਾ ਉਨ੍ਹਾਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।
ਦਲ ਖ਼ਾਲਸਾ ਦੇ ਆਗੂਆਂ ਨੇ ਕਿਹਾ ਕਿ ਜਿਸ ਪ੍ਰੋਗਰਾਮ ਵਿਚ ਇਹ ਨਕਲ ਕੀਤੀ ਅਰਦਾਸ ਪੜ੍ਹੀ ਗਈ ਉਥੇ ਅਕਾਲੀ ਮੰਤਰੀ ਸਿਕੰਦਰ ਸਿੰਘ ਮਲੂਕਾ ਦਾ ਚੁੱਪ ਰਹਿਣਾ ਅਤੇ ਕੋਈ ਇਤਰਾਜ਼ ਨਾ ਪ੍ਰਗਟ ਕਰਨ ਦਾ ਰਵੱਈਆ ਬਹੁਤ ਸ਼ਰਮਨਾਕ ਹੈ। ਇਸ ਨੂੰ ਵੇਖਦਿਆਂ ਇਸ ਸਬੰਧੀ ਕੋਈ ਸ਼ੰਕਾ ਨਹੀਂ ਰਹਿ ਜਾਂਦਾ ਕਿ ਅਕਾਲੀ ਦਲ ਦਾ ਪੂਰੀ ਤਰੀਕੇ ਨਾਲ ਹਿੰਦੂਕਰਨ ਹੋ ਚੁੱਕਾ ਹੈ।