ਪ੍ਰਦਰਸ਼ਨ ਦੌਰਾਨ ਇੱਕ ਹੋਰ ਅਧਿਆਪਕ ਵੱਲੋਂ ਆਤਮਦਾਹ ਦੀ ਕੋਸ਼ਿਸ਼

ਪ੍ਰਦਰਸ਼ਨ ਦੌਰਾਨ ਇੱਕ ਹੋਰ ਅਧਿਆਪਕ ਵੱਲੋਂ ਆਤਮਦਾਹ ਦੀ ਕੋਸ਼ਿਸ਼

ਕੈਪਸ਼ਨ-ਹੋਰਡਿੰਗ ਦੀਆਂ ਪਾਈਪਾਂ ‘ਤੇ ਚੜ੍ਹੇ ਅਧਿਆਪਕ ਨੂੰ ਉਤਾਰਦੇ ਹੋਏ ਸਾਥੀ।
ਸਾਥੀ ਅਧਿਆਪਕਾਂ ਨੇ ਅੱਗ ਲੱਗਣ ਤੋਂ ਪਹਿਲਾਂ ਹੀ ਬਚਾ ਲਿਆ
ਬਠਿੰਡਾ/ਬਿਊਰੋ ਨਿਊਜ਼ :
ਬਠਿੰਡਾ ਵਿੱਚ ਇੱਕ ਹੋਰ ਈ.ਜੀ.ਐਸ. ਅਧਿਆਪਕ ਨੇ ਆਪਣੇ ਉਪਰ ਪੈਟਰੋਲ ਛਿੜਕ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸ ਦੇ ਸਾਥੀ ਅਧਿਆਪਕਾਂ ਨੇ ਉਸ ਨੂੰ ਅੱਗ ਲਾਉਣ ਤੋਂ ਪਹਿਲਾਂ ਹੀ ਫੜ ਲਿਆ। ਦੱਸਣਯੋਗ ਹੈ ਕਿ ਦੋ ਦਿਨ ਪਹਿਲਾਂ ਸਰਕਾਰ ਤੋਂ ਅੱਕੇ ਇੱਕ ਈ.ਜੀ.ਐਸ. ਅਧਿਆਪਕ ਨੇ ਆਪਣੇ-ਆਪ ਨੂੰ ਅੱਗ ਲਾ ਲਈ ਸੀ। ਇਸ ਘਟਨਾ ਮਗਰੋਂ ਸੰਘਰਸ਼ੀ ਅਧਿਆਪਕ ਤਲਖੀ ਵਿੱਚ ਆ ਗਏ ਹਨ ਅਤੇ ਅੱਜ ਉਨ੍ਹਾਂ ਨੇ ਦੁਪਹਿਰ ਮਗਰੋਂ ਬਠਿੰਡਾ ਦੇ ਬੱਸ ਅੱਡੇ ਨੇੜੇ ਸੜਕ ‘ਤੇ ਅਣਮਿਥੇ ਸਮੇਂ ਲਈ ਧਰਨਾ ਲਾ ਦਿੱਤਾ ਹੈ, ਜਿਸ ਨਾਲ ਆਵਾਜਾਈ ਪ੍ਰਭਾਵਤ ਹੋ ਗਈ ਹੈ। ਮੁੱਖ ਸੜਕ ‘ਤੇ ਪੁਲੀਸ ਨੇ ਬੈਰੀਕੇਡ ਲਗਾ ਕੇ ਸਾਰਾ ਰਸਤਾ ਬੰਦ ਕਰ ਦਿੱਤਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਸ਼ਹੀਦ ਕਿਰਨਜੀਤ ਕੌਰ ਈਜੀਐਸ/ ਏਆਈਈ/ਐਸਟੀਆਰ ਯੂਨੀਅਨ ਦੀ ਅਗਵਾਈ ਵਿੱਚ ਹਜ਼ਾਰਾਂ ਅਧਿਆਪਕਾਂ ਨੇ ਪਹਿਲਾਂ ਸ਼ਹਿਰ ਵਿੱਚ ਰੋਸ ਮਾਰਚ ਕੀਤਾ ਅਤੇ ਮਗਰੋਂ ਬੱਸ ਅੱਡੇ ਕੋਲ ਜਾਮ ਲਾ ਦਿੱਤਾ। ਇਸ ਮੌਕੇ ਈ.ਜੀ.ਐਸ. ਅਧਿਆਪਕ ਰਾਜਪਾਲ ਸਿੰਘ ਉਰਫ਼ ਸ਼ੇਰ ਸਿੰਘ (ਵਾਸੀ ਗੁਰੂਹਰਸਹਾਏ) ਬੱਸ ਅੱਡੇ ਕੋਲ ਲੱਗੇ ਇੱਕ  ਹੋਰਡਿੰਗ ‘ਤੇ ਚੜ੍ਹ ਗਿਆ ਅਤੇ ਆਪਣੇ ਉਪਰ ਪੈਟਰੋਲ ਛਿੜਕ ਲਿਆ। ਜਦੋਂ ਸਾਥੀ ਅਧਿਆਪਕਾਂ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਨੇ ਫੁਰਤੀ ਵਰਤ ਕੇ ਉਸ ਨੂੰ ਉਤਾਰ ਲਿਆ। ਡਿਊਟੀ ਮੈਜਿਸਟਰੇਟ ਤਹਿਸੀਲਦਾਰ ਲਖਵਿੰਦਰ ਸਿੰਘ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਨੇ ਮੌਕੇ ‘ਤੇ ਅਧਿਆਪਕਾਂ ਨੂੰ ਉਤਾਰ ਲਿਆ  ਸੀ। ਇਸ ਘਟਨਾ ਮਗਰੋਂ ‘ਆਪ’ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਸੰਘਰਸ਼ੀ ਅਧਿਆਪਕਾਂ ਦੇ ਆਗੂਆਂ ਨਾਲ ਫੋਨ ‘ਤੇ ਗੱਲਬਾਤ ਕਰਕੇ ਅੱਗ ਵਿਚ ਝੁਲਸੇ ਸਮਰਜੀਤ ਸਿੰਘ ਦਾ ਦਿੱਲੀ ‘ਚ ਮੁਫ਼ਤ ਇਲਾਜ ਕਰਾਉਣ ਦੀ ਪੇਸ਼ਕਸ਼ ਕੀਤੀ। ਉਨ੍ਹਾਂ ਨੇ ਇਨ੍ਹਾਂ ਅਧਿਆਪਕਾਂ ਨਾਲ ‘ਆਪ’ ਦੀ ਸਰਕਾਰ ਬਣਨ ‘ਤੇ ਨੌਕਰੀ ਦਾ ਪ੍ਰਬੰਧ ਕਰਨ ਦਾ ਵਾਅਦਾ ਵੀ ਕੀਤਾ। ਇਸੇ ਦੌਰਾਨ ਸੰਸਦ ਮੈਂਬਰ ਭਗਵੰਤ ਮਾਨ ਨੇ ਬਠਿੰਡਾ ਪੁੱਜ ਕੇ ਇਨ੍ਹਾਂ ਅਧਿਆਪਕਾਂ ਦੀ ਹਮਾਇਤ ਦਿੱਤੀ ਜਦੋਂਕਿ ਮਨਪ੍ਰੀਤ ਬਾਦਲ ਨੇ ਵੀ ਇਨ੍ਹਾਂ ਅਧਿਆਪਕਾਂ ਕੋਲ ਪੁੱਜ ਕੇ ਹਾਅ ਦਾ ਨਾਅਰਾ ਮਾਰਿਆ ਸੀ। ਠੇਕਾ ਮੁਲਾਜ਼ਮ ਸੰਘਰਸ਼ ਯੂਨੀਅਨ, ਈ.ਟੀ.ਟੀ. ਅਧਿਆਪਕ ਯੂਨੀਅਨ, ਕਿਸਾਨ ਤੇ ਮਜ਼ਦੂਰ ਧਿਰਾਂ ਨੇ ਵੀ ਇਨ੍ਹਾਂ ਅਧਿਆਪਕਾਂ ਦੀ ਹਮਾਇਤ ਕਰਨ ਦਾ ਐਲਾਨ ਕੀਤਾ ਹੈ।
ਵਧੀਕ ਡਿਪਟੀ ਕਮਿਸ਼ਨਰ ਰਾਹੁਲ ਚਾਬਾ ਨੇ ਇਨ੍ਹਾਂ ਅਧਿਆਪਕਾਂ ਨਾਲ ਗੱਲਬਾਤ ਕੀਤੀ ਅਤੇ ਮੁੱਖ ਮੰਤਰੀ ਨਾਲ ਮੀਟਿੰਗ ਕਰਾਉਣ ਦੀ ਗੱਲ ਆਖੀ। ਯੂਨੀਅਨ ਆਗੂ ਕੁਲਵੰਤ ਕੁਮਾਰੀ ਨੇ ਸਮਰਜੀਤ ਦੇ ਪਰਿਵਾਰ ਦੇ ਇੱਕ ਜੀਅ ਨੂੰ ਨੌਕਰੀ ਦਿੱਤੇ ਜਾਣ ਦੀ ਮੰਗ ਕੀਤੀ।