ਸਿੱਖ ਕਤਲੇਆਮ : ਸੱਜਣ ਕੁਮਾਰ ਨੂੰ ਸ਼ਰਤਾਂ ਸਹਿਤ ਮਿਲੀ ਅਗਾਉਂ ਜ਼ਮਾਨਤ

ਸਿੱਖ ਕਤਲੇਆਮ : ਸੱਜਣ ਕੁਮਾਰ ਨੂੰ ਸ਼ਰਤਾਂ ਸਹਿਤ ਮਿਲੀ ਅਗਾਉਂ ਜ਼ਮਾਨਤ

ਨਵੀਂ ਦਿੱਲੀ/ਬਿਊਰੋ ਨਿਊਜ਼ :
1984 ਸਿੱਖ ਕਤਲੇਆਮ ਮਾਮਲੇ ਵਿਚ ਕਾਂਗਰਸੀ ਨੇਤਾ ਸੱਜਣ ਕੁਮਾਰ ਨੂੰ ਦਵਾਰਕਾ ਅਦਾਲਤ ਤੋਂ ਰਾਹਤ ਮਿਲੀ ਹੈ। ਅਦਾਲਤ ਨੇ ਸੱਜਣ ਕੁਮਾਰ ਦੀ ਅਗਾਂਹੂ ਜ਼ਮਾਨਤ ਦੀ ਅਰਜ਼ੀ ਮਨਜ਼ੂਰ ਕਰ ਲਈ ਹੈ ਅਤੇ ਇਸ ਲਈ ਅਦਾਲਤ ਨੇ ਸੱਜਣ ਕੁਮਾਰ ਨੂੰ ਤਿੰਨ ਸ਼ਰਤਾਂ ਵੀ ਲਗਾਈਆਂ ਹਨ। ਉਹ ਇਕ ਲੱਖ ਰੁਪਏ ਦਾ ਮੁਚਲਕਾ ਭਰਨਗੇ, ਦੂਜੀ ਜਾਂਚ ਵਿਚ ਸਹਿਯੋਗ ਕਰਨਗੇ ਅਤੇ ਤੀਜੀ ਦੇਸ਼ ਛੱਡ ਕੇ ਨਹੀਂ ਜਾਣਗੇ। ਦਰਅਸਲ 1984 ਸਿੱਖ ਕਤਲੇਆਮ ਮਾਮਲੇ ਵਿਚ ਕਾਂਗਰਸੀ ਨੇਤਾ ਸੱਜਣ ਕੁਮਾਰ ਦੀ ਅਗਾਂਹੂ ਜ਼ਮਾਨਤ ਪਟੀਸ਼ਨ ‘ਤੇ ਅਦਾਲਤ ਨੇ ਇਹ ਫ਼ੈਸਲਾ ਸੁਣਾਇਆ। ਐੱਸ.ਆਈ.ਟੀ. ਦੇ ਸਾਹਮਣੇ ਤੀਜੇ ਸੰਮਨ ਵਿਚ ਪੇਸ਼ ਹੋਣ ਤੋਂ ਪਹਿਲਾਂ ਆਪਣੀ ਗ੍ਰਿਫ਼ਤਾਰੀ ਦੇ ਖਦਸ਼ੇ ਨੂੰ ਲੈ ਕੇ ਸੱਜਣ ਕੁਮਾਰ ਨੇ ਦਵਾਰਕਾ ਅਦਾਲਤ ਵਿਚ ਅਗਾਂਹੂ ਜ਼ਮਾਨਤ ਦੀ ਅਰਜ਼ੀ ਦਾਇਰ ਕਰਵਾਈ ਸੀ। ਐੱਸ.ਆਈ.ਟੀ. ਨੇ ਕਾਂਗਰਸੀ ਨੇਤਾ ਸੱਜਣ ਕੁਮਾਰ ਨੂੰ ਨੋਟਿਸ ਭੇਜ ਕੇ ਪੁੱਛਗਿੱਛ ਕਰਨ ਲਈ ਬੁਲਾਇਆ ਸੀ ਪਰ ਸੱਜਣ ਕੁਮਾਰ ਵੱਲੋਂ ਅਦਾਲਤ ਵਿਚ ਕਿਹਾ ਗਿਆ ਹੈ ਕਿ 32 ਸਾਲ ਬਾਅਦ ਉਨ੍ਹਾਂ ਦਾ ਨਾਂਅ ਲਿਆ ਗਿਆ ਹੈ ਤੇ ਇਹ ਇਕ ਰਾਜਨੀਤਿਕ ਸਾਜਿਸ਼ ਹੈ।
ਇਸ ‘ਤੇ ਐੱਸ. ਆਈ. ਟੀ. ਨੇ ਕਿਹਾ ਕਿ ਸੱਜਣ ਕੁਮਾਰ ਨੂੰ ਦੋ ਵਾਰ ਪੇਸ਼ ਹੋਣ ਲਈ ਸੰਮਨ ਜਾਰੀ ਕੀਤੇ ਗਏ ਪਰ ਉਹ ਇਕ ਵਾਰ ਪੇਸ਼ ਹੋਏ। ਸਵਾਲਾਂ ਦੇ ਜਵਾਬ ਵਿਚ ਉਨ੍ਹਾਂ ਨੇ ਸਿਰਫ਼ ਨਾਂਅ ਪਤਾ ਹੀ ਦੱਸਿਆ ਤੇ ਉਹ ਜਾਂਚ ਵਿਚ ਵੀ ਸਹਿਯੋਗ ਨਹੀਂ ਕਰ ਰਹੇ। ਇਸ ਲਈ ਹਿਰਾਸਤ ਵਿਚ ਲੈ ਕੇ ਪੁੱਛਗਿੱਛ ਜ਼ਰੂਰੀ ਹੈ।

ਸਿੱਖ ਭਾਈਚਾਰੇ ਦੇ ਜ਼ਖ਼ਮਾਂ ‘ਤੇ ਇਕ ਟੱਕ ਹੋਰ ਮਾਰਿਆ : ਸਿਰਸਾ
ਸਾਡੀ ਨਿਆਂ ਪ੍ਰਣਾਲੀ ਕੋਲ ਕਾਲੇ ਹਿਰਨ ਦੇ ਮਾਮਲੇ ਨੂੰ ਨਿਪਟਾਉਣ ਲਈ ਸਮਾਂ ਹੈ, ਪਰ 32 ਸਾਲ ਪਹਿਲਾਂ ਮਾਰੇ ਗਏ ਹਜ਼ਾਰਾਂ ਨਿਰਦੋਸ਼ ਸਿੱਖਾਂ ਦੇ ਪਰਿਵਾਰਾਂ ਨੂੰ ਇਨਸਾਫ਼ ਦੇਣ ਦੀ ਵਿਹਲ ਨਹੀਂ। ਸੱਜਣ ਕੁਮਾਰ ਨੂੰ ਜ਼ਮਾਨਤ ਦੇ ਕੇ ਅਦਾਲਤ ਨੇ ਸਿੱਖ ਭਾਈਚਾਰੇ ਦੇ ਜ਼ਖ਼ਮਾਂ ‘ਤੇ ਇਕ ਟੱਕ ਹੋਰ ਮਾਰ ਦਿੱਤਾ ਹੈ। ਇਹ ਸ਼ਬਦ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦੇ ਸਲਾਹਕਾਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਸ. ਮਨਜਿੰਦਰ ਸਿੰਘ ਸਿਰਸਾ ਅਤੇ 1984 ਦੰਗਾ ਪੀੜਤ ਹਰਵਿੰਦਰ ਸਿੰਘ ਕੋਹਲੀ ਨੇ ਇਥੇ ਸਾਂਝੇ ਤੌਰ ‘ਤੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਕਹੇ। ਇਸ ਮੌਕੇ ਸ. ਕੋਹਲੀ ਨੇ ਦੱਸਿਆ ਕਿ 2 ਨਵੰਬਰ, 1984 ਨੂੰ ਗੁਲਾਬ ਏਰੀਆ, ਉੱਤਮ ਨਗਰ ਦਿੱਲੀ ਵਿਚ ਸੱਜਣ ਕੁਮਾਰ ਦੁਆਰਾ ਉਕਸਾਏ ਦੰਗਾਕਾਰੀਆਂ ਨੇ ਮੇਰੇ ਪਿਤਾ ਸ. ਸੋਹਨ ਸਿੰਘ ਅਤੇ ਜੀਜਾ ਸ. ਅਵਤਾਰ ਨੂੰ ਮੇਰੀਆਂ ਅੱਖਾਂ ਸਾਹਮਣੇ ਜਿਉਂਦੇ ਸਾੜ ਦਿੱਤਾ ਸੀ। ਇਹ ਘਟਨਾ ਵਿਚ ਮੈਂ ਅਤੇ ਮੇਰੇ ਮਾਤਾ ਜੀ ਜ਼ਖ਼ਮੀ ਹੋ ਗਏ ਸਨ। ਮੈਂ ਦੰਗਿਆਂ ਦੀ ਮੁੜ ਜਾਂਚ ਲਈ ਬਣੀ ਐੱਸ.ਆਈ.ਟੀ. ਕੋਲ ਇਸ ਮਾਮਲੇ ਦੀ ਸ਼ਿਕਾਇਤ ਦਰਜ ਕਰਵਾਈ ਸੀ, ਇਸ ਸੰਬੰਧ ਵਿਚ 164 ਗਵਾਹੀਆਂ ਹੋ ਚੁੱਕੀਆਂ ਸਨ। ਤਕਰੀਬਨ ਇਕ ਮਹੀਨਾ ਪਹਿਲਾਂ ਸੱਜਣ ਕੁਮਾਰ ਕੋਰਟ ਵਿਚ ਪੇਸ਼ ਹੋਇਆ ਸੀ ਅਤੇ ਉਸ ਨੂੰ ਮਹਿਸੂਸ ਹੋ ਗਿਆ ਸੀ ਕਿ ਜਲਦੀ ਉਸ ਦੀ ਗ੍ਰਿਫ਼ਤਾਰੀ ਹੋਣ ਵਾਲੀ ਹੈ। ਉਨ੍ਹਾਂ ਕਿਹਾ ਕਿ ਇਹ ਬਹੁਤ ਦੁਖਦਾਈ ਦਿਨ ਹੈ। 32 ਸਾਲਾਂ ਬਾਅਦ ਵੀ ਸਿੱਖਾਂ ਨੂੰ ਇਨਸਾਫ਼ ਨਹੀਂ ਮਿਲਿਆ। ਇਸ ਮੌਕੇ ਸ: ਸਿਰਸਾ ਨੇ ਕਿਹਾ ਕਿ ਅਦਾਲਤ ਦਾ ਫ਼ੈਸਲਾ ਬਹੁਤ ਹੀ ਮੰਦਭਾਗਾ ਅਤੇ ਨਿਰਾਸ਼ਾਜਨਕ ਹੈ। ਇਸ ਨਾਲ ਸਿੱਖਾਂ ਦੇ ਜ਼ਖ਼ਮ ਹੋਰ ਗਹਿਰੇ ਹੋ ਗਏ ਹਨ।

ਇਹ ਵਿਅਕਤੀ ਬਹੁਤ ਤਾਕਤਵਰ : ਫੂਲਕਾ
ਪੀੜਤਾਂ ਵੱਲੋਂ ਪੇਸ਼ ਸੀਨੀਅਰ ਵਕੀਲ ਐਚ.ਐਸ. ਫੂਲਕਾ ਨੇ ਅਗਾਊਂ ਜ਼ਮਾਨਤ ਦਾ ਵਿਰੋਧ ਕਰਦੇ ਹੋਏ ਕਿਹਾ ਕਿ ਇਹ ਵਿਅਕਤੀ ਬਹੁਤ ਤਾਕਤਵਰ ਹੈ ਤੇ ਉਸ ਉਪਰ ਗੰਭੀਰ ਦੋਸ਼ ਲੱਗੇ ਹੋਏ ਹਨ, ਇਸ ਲਈ ਜ਼ਮਾਨਤ ਨਾ ਦਿੱਤੀ ਜਾਵੇ। ਕੇਂਦਰ ਸਰਕਾਰ ਵੱਲੋਂ ਬਣਾਈ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਵੱਲੋਂ ਪੇਸ਼ ਵਕੀਲ ਨੇ ਵੀ ਦਲੀਲ ਦਿੱਤੀ ਕਿ ਸੱਜਣ ਕੁਮਾਰ ਨੂੰ ਐਸਆਈਟੀ ਨੇ ਦੋ ਵਾਰ ਸੰਮਨ ਭੇਜੇ ਪਰ ਉਹ ਇਕ ਵਾਰ ਹੀ ਪੇਸ਼ ਹੋਇਆ।

ਸੱਜਣ ਕੁਮਾਰ ਦੀ ਜ਼ਮਾਨਤ ਨੂੰ ਚੁਣੌਤੀ ਦੇਵੇਗਾ ਹਰਵਿੰਦਰਪਾਲ :
ਅਦਾਲਤ ਦੇ ਫੈਸਲੇ ਤੋਂ ਨਿਰਾਸ਼ ਡੇਰਾਬਸੀ ਵਿੱਚ ਰਹਿੰਦੇ ਹਰਵਿੰਦਰਪਾਲ ਸਿੰਘ ਨੇ ਦੱਸਿਆ ਕਿ ਉਹ ਅਦਾਲਤ ਦੇ ਫੈਸਲੇ ਵਿਰੁੱਧ ਹਾਈਕੋਰਟ ਵਿੱਚ ਅਪੀਲ ਦਾਇਰ ਕਰਕੇ ਜ਼ਮਾਨਤ ਨੂੰ ਚੁਣੌਤੀ ਦੇਵੇਗਾ। ਉਨ੍ਹਾਂ ਕਿਹਾ ਕਿ ਮੁਲਜ਼ਮ ਉਸ ਨੂੰ ਪਹਿਲਾਂ ਹੀ ਗੰਭੀਰ ਸਿੱਟੇ ਭੁਗਤਣ ਦੀ ਚੇਤਾਵਨੀ ਦੇ ਚੁੱਕੇ ਹਨ ਅਤੇ ਹੁਣ ਉਨ੍ਹਾਂ ਨੂੰ ਜ਼ਮਾਨਤ ਮਿਲ ਚੁੱਕੀ ਹੈ। ਉਸਨੇ ਕਿਹਾ, ‘ਮੇਰੀ ਜਾਨ ਨੂੰ ਖਤਰਾ ਹੈ।’ ਦਿੱਲੀ ਦੇ ਗੁਲਾਬ ਬਾਗ ਇਲਾਕੇ ਵਿੱਚ ਹਰਵਿੰਦਰਪਾਲ ਦੇ ਪਿਤਾ ਸੋਹਣ ਸਿੰਘ ਅਤੇ ਇੱਕ ਹੋਰ ਰਿਸ਼ਤੇਦਾਰ ਨੂੰ ਦੰਗਾਕਰੀਆਂ ਨੇ ਜਿਊਂਦਿਆਂ ਨੂੰ ਸਾੜ ਦਿੱਤਾ ਸੀ ਅਤੇ ਉਹ ਖ਼ੁਦ ਗੰਭੀਰ ਜ਼ਖ਼ਮੀ ਹੋ ਗਿਆ ਸੀ।