ਈ.ਵੀ.ਐਮ. ਚੁਣੌਤੀ ਤੋਂ ‘ਆਪ’ ਨੇ ਕੀਤਾ ਕਿਨਾਰਾ, ਸਿਰਫ਼ ਐਨ.ਸੀ.ਪੀ. ਨੇ ਲਵੇਗੀ ਹਿੱਸਾ

ਈ.ਵੀ.ਐਮ. ਚੁਣੌਤੀ ਤੋਂ ‘ਆਪ’ ਨੇ ਕੀਤਾ ਕਿਨਾਰਾ, ਸਿਰਫ਼ ਐਨ.ਸੀ.ਪੀ. ਨੇ ਲਵੇਗੀ ਹਿੱਸਾ

‘ਆਪ’ ਨੇ ਕਿਹਾ-ਹੈਕਾਥਾਨ ‘ਚ ਹਿੱਸਾ ਲਵੇਗੀ, ਪ੍ਰਦਰਸ਼ਨੀ ਵਿਚ ਨਹੀਂ
ਨਵੀਂ ਦਿੱਲੀ/ਬਿਊਰੋ ਨਿਊਜ਼ :
ਚੋਣ ਕਮਿਸ਼ਨ ਦੇ 3 ਜੂਨ ਨੂੰ ਹੋਣ ਵਾਲੇ ਈ.ਵੀ.ਐਮ. ਚੈਲੇਂਜ ਵਿਚ ਸਿਰਫ਼ ਇਕੋ ਪਾਰਟੀ ਐਨ.ਸੀ.ਪੀ. ਹਿੱਸਾ ਲਵੇਗੀ, ਜਦਕਿ ਇਸ ਮੁੱਦੇ ਨੂੰ ਜ਼ੋਰ-ਸ਼ੋਰ ਨਾਲ ਉਠਾਉਣ ਵਾਲੀ ਆਮ ਆਦਮੀ ਪਾਰਟੀ ਨੇ ਇਸ ਤੋਂ ਕਿਨਾਰਾ ਕਰ ਲਿਆ ਹੈ। ‘ਆਪ
ਨੇ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ (ਈ.ਵੀ.ਐਮ.) ਦੀ ਕਾਰਗੁਜ਼ਾਰੀ ‘ਤੇ ਕਈ ਵਾਰ ਉਂਗਲ ਉਠਾਈ ਹੈ। ਇਸ ਨੂੰ ਲੈ ਕੇ ਚੋਣ ਕਮਿਸ਼ਨ ਵੱਲੋਂ ਰਾਜਨੀਤਿਕ ਪਾਰਟੀਆਂ ਨੂੰ ਈ.ਵੀ.ਐਮ. ਮਸ਼ੀਨਾਂ ਵਿਚ ਛੇੜਛਾੜ ਕੀਤੇ ਜਾਣ ਦੇ ਦੋਸ਼ਾਂ ਨੂੰ ਝੁਠਲਾਉਣ ਲਈ ਚੁਣੌਤੀ ਸਵੀਕਾਰ ਕੀਤੀ ਗਈ ਸੀ ਪਰ ਹੁਣ ‘ਆਪ’ ਹਿੱਸਾ ਨਹੀਂ ਲਵੇਗੀ ਕਿਉਂਕਿ ਚੋਣ ਕਮਿਸ਼ਨ ਵੱਲੋਂ ਦਿੱਤੀ ਚੁਣੌਤੀ ਪਾਰਟੀ ਨੂੰ ਮੌਜੂਦਾ ਰੂਪ ਵਿਚ ਸਵੀਕਾਰ ਨਹੀਂ। ਪਾਰਟੀ ਵੱਲੋਂ ਭਾਰਤ ਦੇ ਮੁੱਖ ਚੋਣ ਕਮਿਸ਼ਨ ਨੂੰ ਲਿਖੇ ਇਕ ਪੱਤਰ ਵਿਚ ਕਿਹਾ ਗਿਆ ਹੈ ਕਿ ਚੋਣ ਕਮਿਸ਼ਨ ਜਿਸ ਨੇ ਕਿ ਹਮੇਸ਼ਾ ਲੋਕਤੰਤਰ ਦਾ ਬਚਾਅ ਕੀਤਾ ਹੈ, ਦੇਸ਼ ਦੀ ਚੋਣ ਪ੍ਰਕਿਰਿਆ ਨੂੰ ਬਚਾਉਣ ਲਈ ਈ.ਵੀ.ਐਮ. ਨੂੰ ਖੁੱਲ੍ਹੇ ਤੌਰ ‘ਤੇ ਹੈਕ ਜਾਂ ਛੇੜਛਾੜ ਕਰਨ ਦੀ ਚੁਣੌਤੀ ਕਿਉਂ ਨਹੀਂ ਸਵੀਕਾਰ ਕਰ ਰਿਹਾ।
ਪਾਰਟੀ ਨੇ ਕਿਹਾ ਕਿ ਜੇ ਚੋਣ ਕਮਿਸ਼ਨ ‘ਹੈਕਾਥਨ’ ਕਰਾਏਗਾ ਤਾਂ ਹਿੱਸਾ ਲਿਆ ਜਾਵੇਗਾ ਪਰ ਪ੍ਰਦਰਸ਼ਨੀ ਵਿਚ ਨਹੀਂ। ਪਾਰਟੀ ਨੇ ਕਿਹਾ ਕਿ ‘ਹੈਕਾਥਾਨ’ ਹੋਵੇ, ਮਦਰ ਬੋਰਡ ਨੂੰ ਬਦਲਣ ਦੀ ਆਗਿਆ ਹੋਵੇ। ਪਾਰਟੀ ਨੇ ਕਿਹਾ ਕਿ ਜੇਕਰ ਫਿਰ ਵੀ ਅਸੀਂ ਮਸ਼ੀਨਾਂ ‘ਹੈਕ’ ਨਾ ਕਰ ਸਕੇ ਤਾਂ ਇਸ ਨਾਲ ਲੋਕਤੰਤਰ ਮਜ਼ਬੂਤ ਹੀ ਹੋਵੇਗਾ। ਚੋਣ ਕਮਿਸ਼ਨ ਨੇ ਈ.ਵੀ.ਐਮਜ਼ ਨੂੰ ਹੈਕ ਕਰਨ ਦੀ ਚੁਣੌਤੀ ਲਈ 3 ਜੂਨ ਦਾ ਸਮਾਂ ਦਿੱਤਾ ਹੈ, ਜਿਸ ਲਈ ਅਰਜ਼ੀਆਂ ਲਈ 26 ਮਈ ਆਖਰੀ ਦਿਨ ਤੈਅ ਕੀਤਾ ਸੀ।
ਚੋਣ ਕਮਿਸ਼ਨ ਈ.ਵੀ.ਐੱਮ. ਚੁਣੌਤੀ ਲਈ ਨਿਯਮ ਨਰਮ ਕਰੇ- ਕਾਂਗਰਸ
ਦਾਅਵਾ ਕਰਦਿਆਂ ਕਿ ਈ.ਵੀ.ਐਮ. ਦੀ ਚੁਣੌਤੀ ਲਈ ਚੋਣ ਕਮਿਸ਼ਨ ਵੱਲੋਂ ਰਾਜਨੀਤਕ ਪਾਰਟੀਆਂ ‘ਤੇ ਲਗਾਈਆਂ ਵਿਸ਼ਾਲ ਨਿਯਮਾਂ ਤੇ ਸ਼ਰਤਾਂ ਚੁਣੌਤੀ ਸਵੀਕਾਰ ਕਰਨ ਵਾਲਿਆਂ ਨੂੰ ਇਨ੍ਹਾਂ ਮਸ਼ੀਨਾਂ ਦੇ ਪੂਰੇ ਟੈੱਸਟ ਕਰਨ ਵਿਚ ਰੁਕਾਵਟਾਂ ਪੈਦਾ ਕਰਦੀਆਂ ਹਨ, ਕਾਂਗਰਸ ਨੇ ਚੋਣ ਕਮਿਸ਼ਨ ਨੂੰ ਕਿਹਾ ਕਿ ਇਨ੍ਹਾਂ ਨਿਯਮਾਂ ਵਿਚ ਨਰਮੀ ਕੀਤੀ ਜਾਵੇ। ਆਲ ਇੰਡੀਆ ਕਾਂਗਰਸ ਕਮੇਟੀ ਦੇ ਮੀਡੀਆ ਇੰਚਾਰਜ ਰਣਦੀਪ ਸਿੰਘ ਸੂਰਜੇਵਾਲਾ ਨੇ ਚੋਣ ਕਮਿਸ਼ਨ ਨੂੰ ਚਿੱਠੀ ਲਿਖ ਕੇ ਕਿਹਾ ਕਿ ਨਿਯਮਾਂ ਤੇ ਮੰਤਵ ਦੇ ਪੱਖੋਂ ਇਹ ਚੁਣੌਤੀ ਨਿਆਂਕਾਰੀ, ਪ੍ਰਤੱਖ ਤੇ ਸਪਸ਼ਟ ਹੋਣੀ ਚਾਹੀਦੀ ਹੈ। ਇਸ ਲਈ ਇਸ ਚੁਣੌਤੀ ਨੂੰ ਸਵੀਕਾਰ ਕਰਨ ਵਾਲੇ ‘ਤੇ ਲਗਾਏ 3 ਨਿਯਮਾਂ ਵਿਚ ਨਰਮੀ ਵਰਤੀ ਜਾਵੇ। ਇਹ ਤਿੰਨ ਨਿਯਮ ਪਹਿਲਾ ਕਿ ਚੁਣੌਤੀਕਾਰ ਸਿਰਫ ਕੰਟਰੋਲ ਯੂਨਿਟ ਤੇ ਬੈਲੇਟ ਪੇਪਰ ਤੱਕ ਹੀ ਪਹੁੰਚ ਕਰੇ ਦੂਜਾ ਕਿ ਚੁਣੌਤੀਕਾਰ ਕੇਵਲ ਬਟਨਾਂ ਨੂੰ ਦਬਾਅ ਹੀ ਸਕਦਾ ਹੈ ਤੇ ਤੀਸਰਾ ਮਸ਼ੀਨਾਂ ਨਾਲ ਛੇੜਛਾੜ ਕੇਵਲ ਉਦੋਂ ਪ੍ਰਦਰਸ਼ਿਤ ਹੋਵੇ ਜਦੋਂ ਮਸ਼ੀਨਾਂ ਸਟਰਾਂਗ ਰੂਮ ਵਿਚ ਹੋਣ। ਇਨ੍ਹਾਂ ਸ਼ਰਤਾਂ ਨੂੰ ਗੈਰ-ਨਿਆਂਇਕ ਕਰਾਰ ਦਿੰਦਿਆਂ ਸੂਰਜੇਵਾਲਾ ਨੇ ਕਿਹਾ ਕਿ ਸੀ.ਯੂ ਤੇ ਬੀ.ਯੂ. ਤੋਂ ਇਲਾਵਾ ਈ.ਵੀ.ਐੱਮ. ਦੇ ਮਦਰਬੋਰਡ ਵਰਗੇ ਹੋਰ ਵੀ ਕਈ ਉਪਕਰਨ ਹਨ ਜਿਨਾਂ ਨੂੰ ਛੂਹੇ ਬਿਨਾਂ ‘ਚੁਣੌਤੀ’ ਦਾ ਕੋਈ ਅਰਥ ਨਹੀਂ ਰਹਿ ਜਾਂਦਾ।