ਜੇ.ਐਨ.ਯੂ. ਦੇ ਦਲਿਤ ਵਿਦਿਆਰਥੀ ਮੁਥੁਕ੍ਰਿਸ਼ਣਨ ਕ੍ਰਿਸ਼ ਵਲੋਂ ਖ਼ੁਦਕੁਸ਼ੀ

ਜੇ.ਐਨ.ਯੂ. ਦੇ ਦਲਿਤ ਵਿਦਿਆਰਥੀ ਮੁਥੁਕ੍ਰਿਸ਼ਣਨ ਕ੍ਰਿਸ਼ ਵਲੋਂ ਖ਼ੁਦਕੁਸ਼ੀ

ਇਕ ਹੋਰ ਵੇਮੁਲਾ ਦੀ ਮੌਤ
ਨਵੀਂ ਦਿੱਲੀ/ਬਿਊਰੋ ਨਿਊਜ਼ :
ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ 27 ਵਰ੍ਹਿਆਂ ਦੇ ਵਿਦਿਆਰਥੀ ਮੁਥੁਕ੍ਰਿਸ਼ਣਨ ਕ੍ਰਿਸ਼ ਨੇ ਡਿਪਰੈਸ਼ਨ ਦੇ ਚਲਦਿਆਂ ਦੱਖਣੀ ਦਿੱਲੀ ਦੇ ਮੁਨਿਰਕਾ ਇਲਾਕੇ ਵਿਚ ਖ਼ੁਦਕੁਸ਼ੀ ਕਰ ਲਈ। ਪੁਲੀਸ ਨੇ ਦੱਸਿਆ ਕਿ ਕ੍ਰਿਸ਼ ਜੇ.ਐਨ.ਯੂ. ਵਿਚ ਐਮ.ਫਿਲ ਦਾ ਵਿਦਿਆਰਥੀ ਸੀ।
ਹੋਲੀ ਮਨਾਉਣ ਲਈ ਕ੍ਰਿਸ਼ ਅਤੇ ਉਸ ਦੇ 7-8 ਦੋਸਤ ਫਲੈਟ ਵਿਚ ਇਕੱਤਰ ਹੋਏ ਸਨ। ਦੋਸਤਾਂ ਮੁਤਾਬਕ ਉਹ ਸਵੇਰ ਤੋਂ ਹੀ ਥੋੜ੍ਹਾ ਪ੍ਰੇਸ਼ਾਨ ਦਿਖ ਰਿਹਾ ਸੀ। ਦੁਪਹਿਰ ਇਕ ਵਜੇ ਸਾਰੇ ਦੋਸਤ ਕ੍ਰਿਸ਼ ਦੇ ਫਲੈਟ ਵਿਚ ਇਕੱਤਰ ਹੋਏ ਸਨ। ਉਹ ਠੀਕ ਤਰ੍ਹਾਂ ਦੱਸ ਨਹੀਂ ਸੀ ਪਾ ਰਿਹਾ। ਫਿਰ ਉਸ ਨੇ ਦੋਸਤਾਂ ਨੂੰ ਸੋਣ ਲਈ ਕਿਹਾ। ਉਸ ਮਗਰੋਂ ਉਹ ਫਲੈਟ ਦੇ ਕਮਰੇ ਵਿਚ ਚਲਾ ਗਿਆ ਤੇ ਦਰਵਾਜ਼ਾ ਅੰਦਰੋਂ ਬੰਦ ਕਰ ਲਿਆ। ਕਰੀਬ ਦੋ ਵਜੇ ਦੋਸਤਾਂ ਨੇ ਖਾਣ ਲਈ ਦਰਵਾਜ਼ਾ ਖੜਕਾਇਆ ਤਾਂ ਅੰਦਰੋਂ ਕੋਈ ਜਵਾਬ ਨਹੀਂ ਮਿਲਿਆ। ਦੋਸਤਾਂ ਨੂੰ ਲੱਗਾ ਕਿ ਉਹ ਸੌ ਰਿਹਾ ਹੈ। ਕੁਝ ਦੇਰ ਬਾਅਦ ਵੀ ਕਮਰੇ ਵਿਚੋਂ ਕੋਈ ਜਵਾਬ ਨਾ ਮਿਲਣ ‘ਤੇ ਦੋਸਤਾਂ ਨੇ ਦਰਵਾਜ਼ੇ ਨੂੰ ਜ਼ੋਰ ਨਾਲ ਖੜਕਾਉਣਾ ਸ਼ੁਰੂ ਕਰ ਦਿੱਤਾ। ਇਸੇ ਦੌਰਾਨ ਦਰਵਾਜ਼ੇ ਦੀ ਵਿਹਲ ਵਿਚੋਂ ਦੇਖਿਆ ਤਾਂ ਕ੍ਰਿਸ਼ ਪੱਖੇ ਨਾਲ ਲਟਕ ਰਿਹਾ ਸੀ। ਇਸ ਮਗਰੋਂ ਦੋਸਤਾਂ ਨੇ ਪੁਲੀਸ ਨੂੰ ਸੱਦਿਆ। ਪੁਲੀਸ ਨੇ ਦਰਵਾਜ਼ਾ ਤੋੜ ਕੇ ਲਾਸ਼ ਬਾਹਰ ਕੱਢੀ ਤੇ ਪੋਸਟਮਾਰਟਮ ਲਈ ਭੇਜ ਦਿੱਤ।
ਪੁਲੀਸ ਮੁਤਾਬਕ ਉਹ ਨਿੱਜੀ ਕਾਰਨਾਂ ਨੂੰ ਲੈ ਕੇ ਡਿਪਰੈਸ਼ਨ ਵਿਚ ਸੀ ਜਦਕਿ ਉਸ ਦੇ ਦੋਸਤਾਂ ਨੇ ਉਸ ਦਾ ਫੇਸਬੁੱਕ ਪੋਸਟ ਸਾਂਝਾ ਕੀਤਾ, ਜਿਸ ਵਿਚ ਉਸ ਨੇ ਐਮਫਿਲ ਅਤੇ ਪੀ.ਐਚ.ਡੀ. ਦਾਖਲੇ ਵਿਚ ਕਥਿਤ ਭੇਦਭਾਵ ਦਾ ਦੋਸ਼ ਲਾਇਆ ਸੀ। ਉਸ ਨੇ 10 ਮਾਰਚ ਕੀਤੇ ਫੇਸਬੁੱਕ ਪੋਸਟ ਵਿਚ ਲਿਖਿਆ ਹੈ, ‘ਐਮ.ਫਿਲ, ਪੀ.ਐਚ.ਡੀ. ਵਿਚ ਦਾਖਲੇ ਵਿਚ ਕੋਈ ਬਰਾਬਰੀ ਨਹੀਂ ਹੈ, ਮੌਖਿਕ ਪ੍ਰੀਖਿਆ ਵਿਚ ਕੋਈ ਬਰਾਬਰੀ ਨਹੀਂ ਹੈ। ਉਸ ਨੇ ਲਿਖਿਆ ਹੈ, ‘ਜਦੋਂ ਬਰਾਬਰਤਾ ਨਹੀਂ ਮਿਲਦੀ ਤਾਂ ਕੋਈ ਚੀਜ਼ ਨਹੀਂ ਮਿਲਦੀ।’ ਪੁਲੀਸ ਨੇ ਦੱਸਿਆ ਕਿ ਹੁਣ ਤਕ ਕੋਈ ਖੁਦਕੁਸ਼ੀ ਨੋਟ ਨਹੀਂ ਮਿਲਿਆ ਹੈ।

ਰਜਨੀ ਕ੍ਰਿਸ਼ ਦਾ ਉਹ ਆਖ਼ਰੀ ਪੋਸਟ…
ਦਿੱਲੀ ਪੁਲੀਸ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਦਲਿਤ ਖੋਜਾਰਥੀ ਮੁਥੁਕ੍ਰਿਸ਼ਣਨ ਜੀਵਾਨੰਦਮ ਦੀ ਸ਼ੱਕੀ ਮੌਤ ਨੂੰ ਖ਼ੁਦਕੁਸ਼ੀ ਮੰਨ ਰਹੀ ਹੈ। ਤਾਮਿਲਨਾਡੂ ਵਿਚ ਸੇਲਮ ਦੇ ਰਹਿਣ ਵਾਲੇ ਮੁਥੁਕ੍ਰਿਸ਼ਣਨ, ਰਜਨੀਕਾਂਤ ਦੀ ਐਕਟਿੰਗ ਕਰਦਾ ਸੀ ਤੇ ਦੋਸਤਾਂ ਵਿਚ ਰਜਨੀ ਕ੍ਰਿਸ਼ ਵਜੋਂ ਮਸ਼ਹੂਰ ਸੀ।
ਉਸ ਨੇ ਫੇਸਬੁੱਕ ‘ਤੇ ਪ੍ਰੋਫਾਈਲ ਵੀ ਇਸੇ ਨਾਂ ਨਾਲ ਬਣਾਈ ਸੀ। ਉਹ ਫੇਸਬੁੱਕ ‘ਤੇ ‘ਮਾਨਾ’ ਨਾਂ ਨਾਲ ਇਕ ਸੀਰੀਜ਼ ਵਿਚ ਕਹਾਣੀਆਂ ਲਿਖ ਰਿਹਾ ਸੀ। ਇਨ੍ਹਾਂ ਕਹਾਣੀਆਂ ਵਿਚ ਉਹ ਦਲਿਤ ਵਿਦਿਆਰਥੀ ਦੇ ਜੀਵਨ ਸੰਘਰਸ਼ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਇਸ ਸੀਰੀਜ਼ ਵਿਚ ਕੀਤੇ ਗਏ ਆਪਣੇ ਅੰਤਿਮ ਪੋਸਟ ਵਿਚ ਉਸ ਨੇ ਬਰਾਬਰਤਾ ਦੇ ਮੁੱਦੇ ਨੂੰ ਚੁੱਕਿਆ ਸੀ। ਉਸ ਨੇ ਲਿਖਿਆ ਸੀ, ‘ਬਰਾਬਰਤਾ ਤੋਂ ਵਾਂਝਾ ਕਰਨਾ, ਹਰ ਚੀਜ਼ ਤੋਂ ਵਾਂਝਾ ਕਰਨਾ ਹੈ।’
ਉਸ ਨੇ ਲਿਖਿਆ ਸੀ, ‘ਐਮ.ਫਿਲ/ਪੀ.ਐਚ.ਡੀ. ਦਾਖਲਿਆਂ ਵਿਚ ਕੋਈ ਬਰਾਬਰਤਾ ਨਹੀਂ ਹੈ, ਮੌਖਿਕ ਪ੍ਰੀਖਿਆ ਵਿਚ ਕੋਈ ਬਰਾਬਰਤਾ ਨਹੀਂ ਹੈ। ਸਿਰਫ਼ ਬਰਾਬਰਤਾ ਨੂੰ ਨਕਾਰਿਆ ਜਾ ਰਿਹਾ ਹੈ। ਪ੍ਰੋਫੈਸਰ ਸੁਖਦੇਵ ਥੋਰਾਟ ਦੀਆਂ ਸਿਫਾਰਸ਼ਾਂ ਨੂੰ ਨਕਾਰਿਆ ਜਾ ਰਿਹਾ ਹੈ। ਐਡਮਿਨ ਬਲਾਕ ਵਿਚ ਵਿਦਿਆਰਥੀਆਂ ਦੇ ਪ੍ਰਦਰਸ਼ਨ ਨੂੰ ਨਕਾਰਿਆ ਜਾ ਰਿਹਾ ਹੈ। ਵਾਂਝੇ ਵਰਗ ਦੀ ਸਿੱਖਿਆ ਨੂੰ ਨਕਾਰਿਆ ਜਾ ਰਿਹਾ ਹੈ।
ਹੈਦਰਾਬਾਦ ਸੈਂਟਰਲ ਯੂਨੀਵਰਸਿਟ ਵਿਚ ਰਜਨੀ ਦੇ ਜੂਨੀਅਰ ਰਹੇ ਚਰਨ ਟੀ. ਨੇ ਦੱਸਿਆ, ‘ਉਹ ਕਹਾਣੀਕਾਰ ਸੀ, ਇਤਿਹਾਸਕਾਰ ਸੀ। ਉਸ ਦੀ ਮਾਨਵੀ ਕਦਰਾਂ-ਕੀਮਤਾਂ ਵਿਚ ਰੁਚੀ ਸੀ। ਉਹ ਮਾਨਵੀ ਤਜਰਬਿਆਂ ਵਿਚੋਂ ਕਹਾਣੀਆਂ ਘੜ ਦਿੰਦਾ ਸੀ। ਉਸ ਨੇ ਆਪਣੇ ਫੇਸਬੁੱਕ ਵਾੱਲ ‘ਤੇ ਆਪਣੀ ਪਹਿਲੀ ਹਵਾਈ ਜਹਾਜ਼ ਯਾਤਰਾ ਦਾ ਅਨੁਭਵ ਲਿਖਿਆ ਹੈ, ਜੋ ਉਸ ਬਾਰੇ ਬਹੁਤ ਕੁਝ ਦਸਦਾ ਹੈ।’
ਚਰਨ ਦੱਸਦਾ ਹੈ, ‘ਪਿਛਲੀਆਂ ਗਰਮੀਆਂ ਵਿਚ ਉਸ ਨੇ ਮੈਨੂੰ ਦੱਸਿਆ ਕਿ ਕਿਵੇਂ ਉਸ ਨੇ ਮਜ਼ਦੂਰ ਵਾਂਗ ਕੰਮ ਕੀਤਾ। ਦੀਵਾਰਾਂ ‘ਤੇ ਪੇਂਟਿੰਗ ਕੀਤੀ। ਉਹ ਪੜ੍ਹਾਈ ਵਿਚ ਆਪਣੀ ਰੂਚੀ ਬਾਰੇ ਗੱਲ ਕਰਦਾ ਸੀ।’ ਚਰਨ ਅਨੁਸਾਰ, ਰਜਨੀ ਨੂੰ ਕਈ ਯਤਨਾਂ ਮਗਰੋਂ ਜੇ.ਐਨ.ਯੂ. ਵਿਚ ਦਾਖ਼ਲਾ ਮਿਲਿਆ ਸੀ। ਦਿਵਿਆ ਭਗਤ ਦੱਸਦੀ ਹੈ, ‘ਉਹ ਬੇਹੱਦ ਜਾਨਦਾਰ ਇਨਸਾਨ ਸੀ। ਉਸ ਦੀ ਮੌਤ ਦੀ ਖ਼ਬਰ ਬੜੀ ਸਦਮੇ ਵਾਲੀ ਹੈ। ਉਹ ਦਲਿਤ ਲੜਕੇ ਦੀ ਕਹਾਣੀ ਫੇਸਬੁੱਕ ‘ਤੇ ਲਿਖ ਰਿਹਾ ਸੀ। ਜਦੋਂ ਉਸ ਨੇ ਪਹਿਲੀ ਸੀਰੀਜ਼ ਲਿਖੀ ਤਾਂ ਮੈਨੂੰ ਪੜ੍ਹਨ ਲਈ ਕਿਹਾ। ਇਹ ਪੋਸਟ ਬਹੁਤ ਪ੍ਰਭਾਵਸ਼ਾਲੀ ਸੀ। ਇਸ ਵਿਚ ਦੁਖ ਅਤੇ ਖ਼ੁਸ਼ੀ ਦਾ ਸੰਤੁਲਨ ਸੀ, ਹਾਸਰਸ ਸੀ।’
ਰਜਨੀ ਨੇ ਜੇ.ਐਨ.ਯੂ. ਵਿਚ ਦਾਖਲੇ ਬਾਰੇ ਲਿਖਿਆ, ‘ਹਰ ਸਾਲ ਲੋਕ ਮੈਨੂੰ ਦੁਆਵਾਂ ਦਿੰਦੇ ਸਨ ਕਿ ਇਸ ਵਾਰ ਦਾਖ਼ਲਾ ਹੋ ਜਾਵੇਗਾ। ਮੈਂ ਕੋਸ਼ਿਸ਼ ਕਰਦਾ ਰਿਹਾ ਕਿਉਂਕਿ ਮੈਂ ਹੌਸਲਾ ਨਹੀਂ ਹਾਰਨਾ ਚਾਹੁੰਦਾ ਸੀ ਤੇ ਮੈਂ ਹਮੇਸ਼ਾ ਸੋਚਦਾ ਸੀ ਕਿ ਮਿਹਨਤ ਕਦੇ ਬੇਕਾਰ ਨਹੀਂ ਜਾਂਦੀ। ਮੈਂ ਹਰ ਸਾਲ ਨਹਿਰੂ ਦੀ ਮੂਰਤੀ ਹੇਠ ਬੈਠਾ ਰਹਿੰਦਾ ਸੀ ਤੇ ਨਹਿਰੂ ਨੂੰ ਕਹਿੰਦਾ ਸੀ ਕਿ ਨਹਿਰੂ ਜੀ ਮੇਰੇ ਪਰਿਵਾਰ ਦੇ ਸਾਰੇ ਲੋਕ ਕਾਂਗਰਸ ਨੂੰ ਵੋਟ ਦਿੰਦੇ ਹਨ, ਤੁਸੀਂ ਕਿਉਂ ਨਹੀਂ ਚਾਹੁੰਦੇ ਕਿ ਮੈਨੂੰ ਸਿੱਖਿਆ ਮਿਲੇ।’ ਉਸ ਨੇ ਲਿਖਿਆ, ‘ਮੈਂ ਸੇਲਮ ਜ਼ਿਲ੍ਹੇ ਵਿਚੋਂ ਜੇ.ਐਨ.ਯੂ. ਵਿਚ ਚੁਣਿਆ ਜਾਣ ਵਾਲਾ ਇਕੱਲਾ ਵਿਦਿਆਰਥੀ ਹਾਂ। ਇਹ ਪਲ ਮੇਰੇ ਲਈ ਇਤਿਹਾਸਕ ਹਨ। ਮੈਂ ਕਿਤਾਬ ਲਿਖਾਂਗਾ-ਫਰਾਮ ਜੰਕੇਟ ਟੂ ਜੇ.ਐਨ.ਯੂ.’